ਬਣਾਉਟੀ ਸੰਘਰਸ਼ਾਂ ਦਾ ਸ਼ੋਰ 

ਬਣਾਉਟੀ ਸੰਘਰਸ਼ਾਂ ਦਾ ਸ਼ੋਰ 

ਖਾਲਸੇ ਦਾ ਨਿਸ਼ਾਨਾ ਸੁਤੰਤਰ ਹਸਤੀ ਦਾ ਹੈ, ਸਰਬੱਤ ਦੇ ਭਲੇ ਦਾ ਹੈ,

ਮਨ ਭਾਵੇਂ ਚੇਤਨ ਤੌਰ ਉੱਤੇ ਸ਼ਾਂਤੀ ਦੀ ਚਾਹਤ ਰੱਖਦਾ ਹੈ ਪਰ ਅਵਚੇਤਨ ਤੌਰ ਉੱਤੇ ਸਦਾ ਉਹ ਸੰਘਰਸ਼ ਦੀ ਭਾਲ ਵਿੱਚ ਰਹਿੰਦਾ ਹੈ। ਜਿਵੇਂ ਜਿਵੇਂ ਸਾਡੀ ਜ਼ਿੰਦਗੀ 'ਚੋਂ ਅਸਲ ਸੰਘਰਸ਼ ਦੇ ਤੱਤ ਖਤਮ ਹੁੰਦੇ ਜਾਂਦੇ ਹਨ, ਅਸੀਂ ਉਤਨਾ ਹੀ ਬਣਾਉਟੀ ਸੰਘਰਸ਼ ਕਰਨ ਲਈ ਉਤਾਵਲੇ ਹੁੰਦੇ ਜਾਂਦੇ ਹਾਂ। ਜਦੋਂ ਸਾਡੀ ਜ਼ਿੰਦਗੀ 'ਚ ਅਸਲ ਸੰਘਰਸ਼ ਕਰਨ ਦੀ ਪ੍ਰੇਰਨਾ ਜਾਂ ਹਿੰਮਤ ਜਾਂ ਮੌਕਾ ਨਾ ਮਿਲੇ ਤਾਂ ਮਨ ਬੇਲੋੜੇ ਜਾਂ ਬਣਾਉਟੀ ਸੰਘਰਸ਼ ਵਿੱਢ ਕੇ ਆਪਣੀ ਇਹ ਖੁਰਾਕ ਪੂਰੀ ਕਰਦਾ ਰਹਿੰਦਾ ਹੈ।ਜਿਵੇਂ ਕਿਸੇ ਵਿਦਵਾਨ ਵੱਲੋਂ ਅਟੁੱਟ ਮਿਹਨਤ ਅਤੇ ਲਗਨ ਨਾਲ ਕੀਤੇ ਕਿਸੇ ਬੌਧਕ ਵਿਸ਼ਲੇਸ਼ਣ 'ਚੋਂ ਨਿਕਲੇ ਸੰਕਲਪ ਜੋ ਮਨੋਵਿਗਿਆਨਕ ਤੱਸਲੀ ਬਖਸ਼ਦੇ ਹਨ, ਉਹ ਰੂਹਾਨੀ ਪ੍ਰਾਪਤੀ ਦਾ ਭੁਲੇਖਾ ਪਾ ਸਕਦੇ ਹਨ ਉਵੇਂ ਹੀ ਬਿਜਲ ਸੱਥ ਉੱਤੇ ਪ੍ਰਚਾਰ ਦੇ ਜ਼ੋਰ ਉੱਤੇ ਕੌਮਾਂ ਦੀ ਤਕਦੀਰ ਬਦਲਣ ਦੀ ਕਵਾਇਦ ਵੀ ਬੌਧਿਕ ਜ਼ਿਦ ਚੋਂ ਨਿਕਲਿਆ ਵਰਤਾਰਾ ਹੀ ਹੈ ਜਿਸ ਵਿੱਚ ਨਿੱਤ-ਨਵੇਂ ਸੰਘਰਸ਼ ਵਿੱਢ ਕੇ ਪੰਥ ਦੀ ਸੇਵਾ ਕਰਨ ਦਾ ਭੁਲੇਖਾ ਸਾਨੂੰ ਅੰਦਰੋਂ ਹੀ ਅੰਦਰੋਂ ਖਾਈ ਜਾ ਰਿਹਾ ਹੈ।ਇਹ ਜ਼ਮੀਨ ਉੱਤੇ ਕੁੱਝ ਨਾ ਕਰ ਪਾਉਣ ਕਾਰਨ ਸਾਡੇ ਮਨ ਵਿੱਚ ਪੈਦਾ ਹੋਏ ਖਲਾਅ ਨੂੰ ਸੋਸ਼ਲ ਮੀਡੀਆ ਦੀ ਨੁਮਾਇਸ਼ੀ ਅਤੇ ਬੜਬੋਲੀ ਜਦੋ-ਜਹਿਦ ਨਾਲ ਭਰਨ ਦਾ ਭ੍ਰਮਪੂਰਨ ਯਤਨ ਹੈ, ਜਿਸ ਵਿੱਚੋਂ ਸਾਡਾ ਮਨ ਜਿਉਣ ਜੋਗਾ ਮਨੋਵਿਗਿਆਨਕ ਸੰਤੁਲਨ ਲੱਭਦਾ ਰਹਿੰਦਾ ਹੈ। ਮਨੁੱਖ ਆਪਣੇ ਅੰਦਰ ਇਕ ਤਰ੍ਹਾਂ ਦਾ ਮਨੋਵਿਗਿਆਨਕ ਸੰਤੁਲਨ ਬਣਾ ਕੇ ਹੀ ਦੁਨੀਆ ਵਿੱਚ ਜਿਉਂ ਸਕਦਾ ਹੈ ਕਿਉਂਕਿ ਅਗਰ ਐਸਾ ਨਾ ਕਰ ਸਕੇ ਤਾਂ ਉਸਦੇ ਅੰਦਰ ਦਿਮਾਗੀ ਦਬਾਅ, ਉਦਾਸੀਨਤਾ, ਅਹਿਸਾਸ ਕਮਤਰੀ ਜਾਂ ਬੌਧਕ ਸੰਤੁਲਨ ਵਿਗੜਨ ਦੀ ਨੌਬਤ ਆ ਸਕਦੀ ਹੈ।

ਜਦੋਂ ਇਨ੍ਹਾਂ ਬਣਾਉਟੀ ਸੰਘਰਸ਼ਾਂ ਦੇ ਵਰਤਾਰੇ ਨਾਲ ਸਮਾਜ ਅਤੇ ਕੌਮਾਂ ਦਾ ਵੱਡਾ ਹਿੱਸਾ ਡੰਗਿਆ ਜਾਵੇ ਤਾਂ ਸਮੂਹਿਕ ਤੌਰ ਉੱਤੇ ਕੌਮਾਂ ਨੂੰ ਮੁਖਾਤਿਬ ਹੋਣਾ ਅਤੇ ਅੰਦਰੂਨੀ ਜਾਂ ਬਾਹਰਲੇ ਵਰਤਾਰਿਆਂ ਉੱਤੇ ਵਾਜਿਬ ਸੰਵਾਦ ਰਚਾਉਣਾ ਕਠਿਨ ਹੋ ਜਾਂਦਾ ਹੈ। ਵੈਸੇ ਤਾਂ ਕੌਮਾਂ ਨੂੰ ਭਟਕਾਉਣ ਖਾਤਿਰ ਇਸ ਤਰ੍ਹਾਂ ਦੇ ਬਣਾਉਟੀ ਸੰਘਰਸ਼ ਅਤੇ ਬੇਲੋੜੀਆਂ ਜਿੱਦਾਂ ਤੋਂ ਪੈਦਾ ਕੀਤੀ ਜਦੋ-ਜਹਿਦ ਸਦਾ ਹੀ ਸਮਾਜ ਵਿੱਚ ਪਨਪਦੇ ਰਹੇ ਹਨ ਜਿਨ੍ਹਾਂ ਵਿੱਚ ਕੌਮ ਦੀ ਸ਼ਕਤੀ ਅਤੇ ਸਮਾਂ ਖਚਿਤ ਕਰਕੇ ਹੁਕਮਰਾਨ ਧਿਰਾਂ ਫਾਇਦਾ ਚੁਕਦੀਆਂ ਰਹੀਆਂ ਹਨ ਪਰ ਸੋਸ਼ਲ ਮੀਡੀਆ ਦੇ ਸੰਸਾਰ ਪੱਧਰ ਦੇ ਵਰਤਾਰੇ ਕਰਕੇ ਸਮਾਜ ਉੱਤੇ ਪਏ ਪ੍ਰਭਾਵਾਂ ਨਾਲ ਇਸ ਤਰ੍ਹਾਂ ਦੇ ਬਣਾਉਟੀ ਸੰਘਰਸ਼ਾਂ ਨੂੰ ਜਨਮ ਦੇਣ ਵਾਲੇ ਅਤੇ ਲੜਨ ਵਾਲਿਆਂ ਦੀ ਸੰਖਿਆ ਬਹੁਤ ਵਧ ਗਈ ਹੈ। ਬੀਤੇ ਸਮੇਂ 'ਚ ਗੁਰੂ ਖਾਲਸਾ ਪੰਥ ਦੇ ਸਦੀਵੀ ਸਿਧਾਂਤਾਂ ਉੱਤੇ ਹੁੰਦੇ ਸੰਘਰਸ਼ ਨੂੰ ਛੋਟੀਆਂ ਲੜਾਈਆਂ 'ਚ ਬੰਨਣ ਦਾ ਯਤਨ ਕਰਨਾ, ਆਮ ਮਨੁੱਖਾਂ ਨੂੰ ਨਾਇਕ ਦੇ ਤੌਰ ਉੱਤੇ ਸਥਾਪਿਤ ਕਰਨਾ ਅਤੇ ਵੱਖ-ਵੱਖ ਸੰਘਰਸ਼ਾਂ ਦੇ ਉੱਘੇ ਨਾਇਕਾਂ(ਜੋ ਆਮ ਹਾਲਾਤਾਂ 'ਚ ਵੀ ਸਤਿਕਾਰਿਤ ਹੀ ਰਹਿਣਗੇ) ਨੂੰ ਇਕ ਬੇਲੋੜੀ ਜ਼ਿੱਦ 'ਚੋਂ ਸੰਤ-ਮਹਾਂਪੁਰਸ਼ਾਂ-ਸ਼ਹੀਦਾਂ ਦੇ ਤੌਰ ਉੱਤੇ ਸਥਾਪਿਤ ਕਰਨ ਦੀ ਜਦੋ-ਜਹਿਦ ਵਿੱਚ ਕੌਮ ਦੀ ਊਰਜਾ ਨੂੰ ਖਚਿਤ ਕਰਨ ਦੀ ਕਵਾਇਦ ਇਸੇ ਸੋਸ਼ਲ ਮੀਡੀਆ ਦੇ ਬੇਲਗਾਮ ਵਰਤਾਰੇ ਦੀ ਦੇਣ ਹੈ। 

ਖਾਲਸੇ ਦਾ ਨਿਸ਼ਾਨਾ ਸੁਤੰਤਰ ਹਸਤੀ ਦਾ ਹੈ, ਸਰਬੱਤ ਦੇ ਭਲੇ ਦਾ ਹੈ, ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਦਾ ਹੈ, ਗੁਰ ਖਾਲਸਾ ਪੰਥ ਦੀ ਪਾਤਸ਼ਾਹੀ ਦਾ ਹੈ। ਇਨ੍ਹਾਂ ਨਿਸ਼ਾਨਿਆਂ ਵੱਲ ਵਧਦੇ ਛੋਟੇ-ਛੋਟੇ ਕਦਮ ਹੀ ਅਸਲ ਸੰਘਰਸ਼ ਹਨ ਅਤੇ ਇਸ ਤੋਂ ਛੁੱਟ ਹੋਰ ਮੁੱਦੇ ਬਣਾਉਟੀ ਸੰਘਰਸ਼ ਹਨ ਜੋ ਸਾਡੀ ਸਮੂਹਿਕ ਚੇਤਨਾ ਆਪਣਾ ਮਨੋਵਿਗਿਆਨਕ ਸੰਤੁਲਨ ਬਣਾਈ ਰੱਖਣ ਲਈ ਅਤੇ ਆਪਣੇ ਆਪ ਨੂੰ ਗੁਰੂ ਖਾਲਸਾ ਪੰਥ ਦੇ ਵਾਰਿਸ ਹੋਣ ਦੇ ਦਾਅਵੇ ਚ ਰੱਖਣ ਲਈ, ਨਿੱਤ ਘੜਦੀ ਰਹਿੰਦੀ ਹੈ। ਸੋਸ਼ਲ ਮੀਡੀਆ ਦੇ ਬੇਲਗਾਮ ਵਰਤਾਰੇ ਵਿੱਚ ਇਨ੍ਹਾਂ ਸਾਰੇ ਨੁਕਤਿਆਂ ਦਾ ਖਿਆਲ ਰੱਖ ਕੇ 'ਅਸਲ' ਗੱਲ ਕਰਨਾ ਔਖਾ ਹੈ, ਇਸੇ ਕਰਕੇ ਇਸਦਾ ਸਾਰਾ ਫਾਇਦਾ ਉਹ ਤਬਕੇ ਜਾਂ ਧਿਰਾਂ ਚੁੱਕ ਰਹੀਆਂ ਹਨ ਜਿਹੜੀਆਂ ਬਗੈਰ ਕਿਸੇ ਜਿੰਮੇਵਾਰੀ ਦੇ ਅਤੇ ਪੰਥ ਪ੍ਰਤੀ ਕੋਈ ਵੀ ਜਵਾਬਦੇਹੀ ਰੱਖੇ ਬਿਨਾਂ ਕੁੱਝ ਵੀ ਬੋਲ ਸਕਦੀਆਂ ਹਨ, ਕੁੱਝ ਵੀ ਲਿਖ ਸਕਦੀਆਂ ਹਨ। ਇਨ੍ਹਾਂ ਦਾ ਲਿਖਿਆ-ਬੋਲਿਆ ਜ਼ਮੀਨ ਉੱਤੇ ਕੀ ਪ੍ਰਭਾਵ ਪਾਉਂਦਾ ਹੈ ਅਤੇ ਉਸ ਪ੍ਰਭਾਵ 'ਚੋਂ ਨਿਕਲੇ ਅਮਲ ਦਾ ਕਰਮ/ਪ੍ਰਤੀਕਰਮ ਕੀ ਹੋਵੇਗਾ ਅਤੇ ਉਸਦੇ ਜਵਾਬ ਵਿੱਚ ਕੀ ਕਰਨਾ ਪਏਗਾ- ਇਹ ਸਭ ਇਨ੍ਹਾਂ ਸੋਸ਼ਲ ਮੀਡੀਆ ਉੱਤੇ ਸੰਘਰਸ਼ ਵਿੱਢ ਰਹੇ ਜੂਝਾਰੂਆਂ ਨੂੰ ਨਾ ਤਾਂ ਪਤਾ ਹੈ ਅਤੇ ਨਾ ਹੀ ਉਸ ਜਿੰਮੇਵਾਰੀ ਨੂੰ ਚੁੱਕਣ ਦੀ ਇਨ੍ਹਾਂ ਦੀ ਨੀਅਤ ਹੈ। ਇਹ ਗੈਰ-ਜਿੰਮੇਵਾਰ ਸੋਸ਼ਲ ਮੀਡੀਆ ਦੇ ਜਾਂਬਾਜ਼ ਨਿੱਤ ਨਵੇਂ ਬੇਲੋੜੇ ਮੁੱਦੇ ਕੌਮ ਦੇ ਸਿਰ ਮੜ੍ਹ ਜਾਂਦੇ ਹਨ ਅਤੇ ਇਸ ਤਰ੍ਹਾਂ ਕੌਮੀ ਊਰਜਾ ਦਾ ਬਣਾਉਟੀ ਬੌਧਿਕ ਅਤੇ ਸਰੀਰਕ ਜਦੋ-ਜਹਿਦ ਵਿੱਚ ਲਗਾਤਾਰ ਰਹਿਣ ਨਾਲ ਥੱਕ-ਥੱਕ ਕੇ ਹੀ ਪਤਨ ਹੁੰਦਾ ਜਾਂਦਾ ਹੈ।

ਜਿੰਨ੍ਹਾਂ ਨੇ ਸਿਰਫ ਬੇਲੋੜੀ ਜਦੋ-ਜਹਿਦ ਚੋਂ ਮਨੋਵਿਗਿਆਨਕ ਤਸੱਲੀ ਹਾਸਿਲ ਕਰਨੀ ਹੈ ,ਉਹ ਹਰ ਗੱਲ ਜਨਤਕ ਕਰਨ ਅਤੇ ਹਰ ਤੋਹਮਤ ਲਗਾਉਣ ਲਈ ਆਜ਼ਾਦ ਹਨ। ਪੰਥ ਦੇ ਸੁਹਿਰਦ ਸੇਵਕ ਇਸ ਗੱਲ ਨੂੰ ਸਮਝਦੇ ਵੀ ਹਨ ਅਤੇ ਇਸ ਗੱਲ ਉੱਤੇ ਖੜ੍ਹੇ ਵੀ ਰਹਿੰਦੇ ਹਨ। ਉਨ੍ਹਾਂ ਦੀ ਖਾਮੋਸ਼ੀ ਕਮਜ਼ੋਰੀ ਦਾ ਨਹੀਂ ਬਲਕਿ ਪੰਥ ਪ੍ਰਤੀ ਉਨ੍ਹਾਂ ਦੀ ਜਿੰਮੇਵਾਰੀ ਦਾ ਪ੍ਰਤੀਕ ਹੁੰਦੀ ਹੈ। ਅਸਲ ਸੰਘਰਸ਼ਾਂ ਵਿੱਚ ਲੜਨ ਵਾਲਿਆਂ ਨੂੰ ਕੌਮਾਂ ਬਣਾਉਟੀ ਸੰਘਰਸ਼ਾਂ ਤੋਂ ਬਚਾਉਣ ਖਾਤਿਰ ਬੜਾ ਕੁਝ ਜਰਨਾ ਪੈਂਦਾ ਹੈ। ਇਸ ਲਈ ਆਮ ਤੌਰ ਉੱਤੇ ਸ਼ੋਰਗੁਲ ਵਿੱਚ ਆਪਣੀ ਬੀਨ ਵਜਾਉਣਾ ਸੁਹਿਰਦ ਸੇਵਕਾਂ ਦਾ ਕਿਰਦਾਰ ਨਹੀਂ ਪਰ ਕਦੇ ਕਦੇ ਸ਼ੋਰ ਨੂੰ ਠੱਲ੍ਹਣ ਲਈ ਉਸਤੋਂ ਵੀ ਉੱਚਾ ਖੜਾਕ ਜ਼ਰੂਰੀ ਹੋ ਜਾਂਦਾ ਹੈ। ਸਹੀ ਸਮੇਂ ਉੱਤੇ ਫੈਸਲਾ ਲੈਣਾ ਗੁਰੂ ਖਾਲਸਾ ਪੰਥ ਦਾ ਇਖਤਿਆਰ ਵੀ ਹੈ ਅਤੇ ਜਿੰਮੇਵਾਰੀ ਵੀ।

ਫਿਲਹਾਲ ਇਸ ਗੱਲ ਦਾ ਧਿਆਨ ਸਾਰਿਆਂ ਨੂੰ ਹੀ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਆਪਣੇ ਤੌਰ ਉੱਤੇ ਉਠ ਕੇ ਕੌਮ ਦੇ ਸਿਰ ਨਿੱਤ ਨਵੇਂ ਬਣਾਉਟੀ ਸੰਘਰਸ਼ ਨਾ ਥੋਪ ਸਕੇ ਅਤੇ ਅਸੀਂ ਆਮ ਸਮਾਜ ਵਿੱਚ ਰਹਿਣ ਵਾਲੇ ਸਿੱਖ ਅਸਲ ਸੰਘਰਸ਼ ਤੋਂ ਭਟਕ ਕੇ ਹਾਕਮ ਧਿਰਾਂ ਵੱਲੋਂ ਉਭਾਰੇ ਜਾ ਰਹੇ ਇਨ੍ਹਾਂ ਸੋਸ਼ਲ ਮੀਡੀਆ ਦੀਆਂ ਬਹਿਸਾਂ ਤੋਂ ਬਚੀਏ। ਇਨ੍ਹਾਂ ਦੇ ਅਧਾਰ ਉੱਤੇ ਸਿਰਜੇ ਬਣਾਉਟੀ ਸੰਘਰਸ਼ਾਂ ਵਿੱਚ ਆਪਣੀ ਊਰਜਾ ਨੂੰ ਵਿਅਰਥ ਕਰਨਾ ਸਾਡੇ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਅਤੇ ਹਰ ਗੱਲ ਦਾ ਜਨਤਕ ਤੌਰ ਉੱਤੇ ਖਿਲਾਰਾ ਪਾ ਕੇ ਜਾਂ ਸਪਸ਼ਟੀਕਰਨ ਦੇਣ ਦੇ ਸਵਾਦ ਤੋਂ ਬਚ ਕੇ ਹੀ ਸਾਡਾ ਅਸਲ ਸੰਘਰਸ਼ ਵੱਲ ਅਗਰਸਰ ਹੋਣ ਦਾ ਰਾਹ ਨਿਕਲਦਾ ਹੈ।

 

ਮਲਕੀਤ ਸਿੰਘ 

ਸੰਪਾਦਕ,