ਭਗਤ ਪੂਰਨ ਸਿੰਘ ਨੂੰ ਯਾਦ ਕਰਦਿਆਂ...

ਭਗਤ ਪੂਰਨ ਸਿੰਘ ਨੂੰ ਯਾਦ ਕਰਦਿਆਂ...

ਦੇਸ਼ ਦੀ ਵੰਡ ਸਮੇਂ ਭਗਤ ਪੂਰਨ ਸਿੰਘ ਜੀ ਸ਼ਰਨਾਰਥੀਆਂ ਦੇ ਨਾਲ ਅੰਮ੍ਰਿਤਸਰ ਆ ਗਏ

ਭਗਤ ਪੂਰਨ ਸਿੰਘ, ਜਿੰਨ੍ਹਾ ਦਾ ਬਚਪਨ ਦਾ ਨਾਮ ਰਾਮਜੀ ਦਾਸ ਸੀ, ਦਾ ਜਨਮ 4 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ (ਰੋਹਣੋ) ਨੇੜੇ ਖੰਨਾ ਵਿੱਚ ਮਾਤਾ ਮਹਿਤਾਬ ਕੌਰ ਅਤੇ ਪਿਤਾ ਛਿੱਬੂ ਮੱਲ ਦੇ ਘਰ ਹੋਇਆ। ਛਿੱਬੂ ਮੱਲ ਸ਼ਾਹੂਕਾਰਾ ਕਰਦੇ ਸਨ ਅਤੇ ਮਾਤਾ ਮਹਿਤਾਬ ਕੌਰ ਜੀ ਧਾਰਮਿਕ ਬਿਰਤੀ ਦੇ ਸਨ। ਜਦੋਂ ਰਾਮ ਜੀ ਦਾਸ ਦਸਵੀਂ ਜਮਾਤ ਵਿੱਚ ਸਨ ਤਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਬਾਅਦ ਵਿੱਚ ਉਹਨਾਂ ਨੂੰ ਲਾਹੌਰ ਵਿਖੇ ਇੱਕ ਸਥਾਨਕ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉੱਥੇ ਉਨ੍ਹਾਂ ਦੇ ਮਾਤਾ ਜੀ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਣ ਦਾ ਕੰਮ ਕਰਦੇ ਸਨ। ਉਹਨਾਂ ਨੂੰ ਆਪਣੇ ਸਕੂਲੀ ਕਿਤਾਬਾਂ ਵਿੱਚ ਦਿਲਚਸਪੀ ਨਹੀਂ ਸੀ, ਉਹ ਇੰਙ ਮਹਿਸੂਸ ਕਰਦੇ ਸਨ ਕਿ ਰੋਜ਼ਾਨਾ ਦੇ ਜੀਵਨ ਵਿੱਚ ਇਹਨਾਂ ਕਿਤਾਬਾਂ ਦੀ ਕੋਈ ਖਾਸ ਮਹੱਤਤਾ ਨਹੀਂ ਹੈ। 1923 ਵਿੱਚ ਲੁਧਿਆਣੇ ਤੋਂ ਦਸਵੀਂ ਦੀ ਪ੍ਰੀਖਿਆ ਦੇ ਕੇ ਵਾਪਸ ਪਰਤਣ ਸਮੇਂ ਉਹ ਮੱਥਾ ਟੇਕਣ ਲਈ ਇੱਕ ਮੰਦਰ ਵਿੱਚ ਰੁਕ ਗਏ। ਉੱਥੇ ਉਹਨਾਂ ਨੇ ਵੱਖ-ਵੱਖ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਨੂੰ ਧੋਤਾ ਅਤੇ ਉਨ੍ਹਾਂ ਨੂੰ ਆਪਣੇ ਸਹੀ ਸਥਾਨਾਂ 'ਤੇ ਵਾਪਸ ਰੱਖ ਦਿੱਤਾ। ਇਹ ਸਭ ਵੇਖ ਕੇ ਮੰਦਰ ਦਾ ਪੁਜਾਰੀ ਬਹੁਤ ਪ੍ਰਭਾਵਿਤ ਹੋਇਆ। ਇਸ ਦੌਰਾਨ, ਦੁਪਹਿਰ ਦੇ ਸਮੇਂ ਜਦੋਂ ਮੰਦਰ ਦਾ ਪੁਜਾਰੀ ਅਤੇ ਉੱਥੇ ਮੌਜੂਦ ਕੁਝ ਹੋਰ ਵਿਅਕਤੀ ਲੰਗਰ ਛਕਣ ਲੱਗੇ ਤਾਂ ਰਾਮਜੀ ਵੀ ਉਹਨਾਂ ਨਾਲ ਬੈਠ ਗਏ ਪਰ ਪੁਜਾਰੀ ਨੇ ਉਨ੍ਹਾਂ ਨੂੰ ਲੰਗਰ ਛਕਾਉਣ ਤੋਂ ਮਨ੍ਹਾਂ ਕਰ ਦਿੱਤਾ। ਅਗਲੀ ਵਾਰ ਉਹ ਇੱਕ ਗੁਰਦੁਆਰੇ ਵਿੱਚ ਰੁਕੇ ਅਤੇ ਗੁਰਦੁਆਰੇ ਦੇ ਭਾਈ ਜੀ ਨੇ ਉਸਨੂੰ ਬਿਨ੍ਹਾਂ ਕਿਸੇ ਵੀ ਮੰਗ ਤੋਂ ਨਾ ਸਿਰਫ ਲੰਗਰ ਛਕਾਇਆ ਸਗੋਂ ਇਕ ਮੰਜੀ ਅਤੇ ਇਕ ਗਲਾਸ ਦੁੱਧ ਵੀ ਦਿੱਤਾ। ਦੱਸਿਆ ਜਾਂਦਾ ਹੈ ਕਿ ਇਸ ਘਟਨਾ ਦਾ ਉਨ੍ਹਾਂ 'ਤੇ ਬਹੁਤ ਅਸਰ ਹੋਇਆ। ਲਾਹੌਰ ਵਿਚ ਉਹ ਅਕਸਰ ਗੁਰਦੁਆਰਾ ਡੇਹਰਾ ਸਾਹਿਬ ਜਾਂਦੇ ਹੁੰਦੇ ਸਨ ਅਤੇ ਵੱਧ ਤੋਂ ਵੱਧ ਸੇਵਾ ਕਰਦੇ। ਸੇਵਾ ਸਿਮਰਨ ਸਦਕਾ ਗੁਰੂ ਪਾਤਿਸਾਹ ਨੇ ਮਿਹਰ ਕਰ ਕੇ ਉਨ੍ਹਾਂ ਨੂੰ ਖੰਡੇ ਬਾਟੇ ਦੀ ਪਹੁਲ ਬਖਸ਼ਿਸ਼ ਕੀਤੀ ਅਤੇ ਉਹ ਰਾਮਜੀ ਦਾਸ ਤੋਂ ਪੂਰਨ ਸਿੰਘ ਬਣ ਗਏ।

ਉਹ ਦਿਆਲ ਸਿੰਘ ਲਾਇਬ੍ਰੇਰੀ ਵਿਚ ਕਈ-ਕਈ ਘੰਟੇ ਕਿਤਾਬਾਂ ਪੜ੍ਹਦੇ ਰਹਿੰਦੇ। ਭਾਵੇਂ ਉਨ੍ਹਾਂ ਨੇ ਆਪਣੀ ਬੁਨਿਆਦੀ ਪੜ੍ਹਾਈ ਪੂਰੀ ਨਹੀਂ ਕੀਤੀ ਸੀ ਪਰ ਉਹ ਇੱਕ ਲੇਖਕ, ਇੱਕ (ਸਵੈ) ਪ੍ਰਕਾਸ਼ਕ, ਵਾਤਾਵਰਣ ਪ੍ਰੇਮੀ ਅਤੇ ਇੱਕ ਸਮਾਜ ਸੇਵਕ ਬਣ ਗਏ ਸਨ। ਉਹ 1934 ਵਿੱਚ ਗੁਰੂ ਅਰਜਨ ਦੇਵ ਜੀ ਦੀ ਯਾਦਗਾਰ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿੱਚ ਗਏ। ਇਕ ਰਾਤ ਕੋਈ ਚਾਰ ਸਾਲ ਦੇ ਅਪੰਗ ਬੱਚੇ ਨੂੰ ਗੁਰਦੁਆਰਾ ਸਾਹਿਬ ਦੀਆਂ ਪੌੜੀਆਂ 'ਤੇ ਛੱਡ ਗਿਆ। ਬੱਚੇ ਦੀ ਤੰਦਰੁਸਤੀ ਲਈ ਅਰਦਾਸ ਕਰਨ ਤੋਂ ਬਾਅਦ, ਗੁਰਦੁਆਰੇ ਦੇ ਮੁੱਖ ਗ੍ਰੰਥੀ, ਜੱਥੇਦਾਰ ਅੱਛਰ ਸਿੰਘ ਨੇ ਉਸ ਬੱਚੇ ਨੂੰ ਭਗਤ ਜੀ ਦੇ ਹਵਾਲੇ ਕਰ ਦਿੱਤਾ, ਜਿੰਨ੍ਹਾਂ ਨੇ ਉਸ ਲੜਕੇ ਦਾ ਨਾਮ ਪਿਆਰਾ ਸਿੰਘ ਰੱਖਿਆ। ਬੱਚੇ ਨੂੰ ਕੋੜ੍ਹੀਆਂ ਦੇ ਕਿਸੇ ਕੇਂਦਰ ਵਿਚ ਸੌਂਪਣ ਦੀ ਬਜਾਏ, ਭਗਤ ਜੀ ਨੇ ਉਸ ਦੀ ਦੇਖਭਾਲ ਅਤੇ ਉਸ ਨੂੰ ਪਾਲਣ ਦਾ ਫੈਸਲਾ ਕੀਤਾ। ‘ਪਿੰਗਲਵਾੜਾ’ ਸੰਸਥਾ ਦੀ ਨੀਂਹ ਵੀ ਸ਼ਾਇਦ ਓਦੋਂ ਹੀ ਰੱਖੀ ਗਈ ਜਦੋਂ ਭਗਤ ਜੀ ਨੇ ਪਿਆਰਾ ਸਿੰਘ ਨੂੰ ਆਪਣੀ ਦੇਖ-ਰੇਖ ਵਿੱਚ ਲਿਆਂਦਾ। ਦੇਸ਼ ਦੀ ਵੰਡ ਸਮੇਂ ਭਗਤ ਪੂਰਨ ਸਿੰਘ ਜੀ ਸ਼ਰਨਾਰਥੀਆਂ ਦੇ ਨਾਲ ਅੰਮ੍ਰਿਤਸਰ ਆ ਗਏ। ਵੱਡੀ ਗਿਣਤੀ ਵਿੱਚ ਸ਼ਰਨਾਰਥੀ ਗੰਭੀਰ ਰੂਪ ਵਿਚ ਜ਼ਖ਼ਮੀ ਸਨ ਅਤੇ ਆਪਣੇ ਆਪ ਦੀ ਦੇਖਭਾਲ ਕਰਨ ਤੋਂ ਅਸਮਰਥ ਸਨ। ਉਨ੍ਹਾਂ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਅਤੇ ਉਨ੍ਹਾਂ ਨੇ ਖਾਲਸਾ ਕਾਲਜ ਦੇ ਸਾਹਮਣੇ ਤੰਬੂ ਗੱਡ ਕੇ ਅਪਾਹਜਾਂ ਅਤੇ ਬੇ-ਸਹਾਰਾ ਲੋਕਾਂ ਨੂੰ ਸੰਭਾਲਿਆ। ਭਗਤ ਜੀ ਅਪਾਹਜਾਂ ਦੀ ਸੇਵਾ-ਸੰਭਾਲ ਕਰਦੇ, ਕੱਪੜੇ ਧੋਂਦੇ ਅਤੇ ਉਨਾਂ ਲਈ ਪ੍ਰਸ਼ਾਦੇ ਮੰਗ ਕੇ ਲਿਆਉਂਦੇ ਤੇ ਸਭ ਨੂੰ ਵਰਤਾਉਂਦੇ। 1947 ਤੋਂ ਲੈ ਕੇ 1958 ਤੱਕ ਭਗਤ ਪੂਰਨ ਸਿੰਘ ਨੂੰ ਰਹਿਣ ਲਈ ਕੋਈ ਸਥਾਈ ਨਿਵਾਸ ਨਹੀਂ ਮਿਲਿਆ ਸੀ। ਉਹ ਲੋੜਵੰਦਾਂ ਦੀ ਮਦਦ ਕਰਨ ਲਈ ਦਾਨ ਮੰਗਦੇ ਹੋਏ ਗਲੀਆਂ ਵਿਚ ਭਟਕਦੇ ਰਹਿੰਦੇ ਸਨ। ਸੰਨ 1958 ਨੂੰ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। 

ਭਗਤ ਜੀ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਮੁਹਾਰਤ ਰੱਖਣ ਵਾਲੇ ਸਨ। ਵਾਤਾਵਰਨ, ਪ੍ਰਦੂਸ਼ਣ, ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਆਦਿ ਮੁੱਦਿਆਂ ਦੀ ਸ਼ੁਰੂਆਤ ਭਗਤ ਪੂਰਨ ਸਿੰਘ ਨੇ ਕੀਤੀ। ਉਹ ਸਵੇਰੇ ਦਰਬਾਰ ਸਾਹਿਬ ਵਿੱਚ ਪਿਆਰਾ ਸਿੰਘ ਨੂੰ ਰੇਹੜੀ ਵਿੱਚ ਪਾ ਕੇ ਆਪਣੇ ਨਾਲ ਲੈ ਕੇ ਆਉਂਦੇ ਅਤੇ ਸਾਰਾ ਦਿਨ ਸੰਗਤ ਨੂੰ ਕਈ ਅਹਿਮ ਸਮੱਸਿਆਵਾਂ ਬਾਰੇ ਇਸ਼ਤਿਹਾਰ ਅਤੇ ਕਿਤਾਬਚੇ ਵੰਡਦੇ ਅਤੇ ਵਿਚਾਰਾਂ ਕਰਦੇ। ਰਾਤ ਨੂੰ ਪਿਆਰਾ ਸਿੰਘ ਨਾਲ ਵਾਪਿਸ ਪਿੰਗਲਵਾੜੇ ਚਲੇ ਜਾਂਦੇ। ਭਗਤ ਪੂਰਨ ਸਿੰਘ ਦੇ 23 ਦੇ ਕਰੀਬ ਪੁਸਤਕਾਂ ਤੇ ਕਿਤਾਬਚੇ ਪ੍ਰਕਾਸ਼ਿਤ ਹੋਏ ਹਨ ਜਿਨ੍ਹਾਂ ਵਿੱਚ ਸਾਹਿਤ ਦੇ ਵੱਖ-ਵੱਖ ਰੂਪ ਮੌਜੂਦ ਹਨ। ਭਗਤ ਪੂਰਨ ਸਿੰਘ ਨੇ 6 ਮਾਰਚ 1957 ਨੂੰ ਪੂਰਨ ਪ੍ਰਿੰਟਿੰਗ ਪ੍ਰੈਸ ਦੀ ਸਥਾਪਨਾ ਕੀਤੀ। ਇੱਥੋਂ ਪ੍ਰਕਾਸ਼ਤ ਸਾਰਾ ਸਾਹਿਤ ਭੇਟਾ ਰਹਿਤ ਪਾਠਕਾਂ ਵਿੱਚ ਵੰਡਿਆਂ ਜਾਂਦਾ ਅਤੇ ਅੱਜ ਵੀ ਇਹ ਪਿਰਤ ਪਿੰਗਲਵਾੜਾ ਸੰਸਥਾ ਵਲੋਂ ਨਿਰੰਤਰ ਜਾਰੀ ਹੈ। ਭਗਤ ਪੂਰਨ ਸਿੰਘ ਦਾ ਆਦਰਸ਼ ਸੀ ਕਿ ਹਰੇਕ ਬੰਦਾ ਹੱਥੀਂ ਕੰਮ ਕਰੇ, ਘਰੇਲੂ ਦਸਤਕਾਰੀਆਂ ਅਪਣਾਏ, ਦਰਖ਼ਤ ਲਾਏ ਅਤੇ ਅਪਾਹਜ ਲੋੜਵੰਦਾਂ ਦੀ ਸਹਾਇਤਾ ਕਰੇ। ਉਨ੍ਹਾਂ ਨੂੰ ਅਨੇਕਾਂ ਸੰਸਥਾਵਾਂ ਅਤੇ ਇੰਡੀਆ ਦੀ ਸਰਕਾਰ ਵੱਲੋਂ ਮਾਨ-ਸਨਮਾਨ ਪ੍ਰਾਪਤ ਹੋਇਆ। 1981 ਈ. ਵਿੱਚ ‘ਪਦਮਸ੍ਰੀ’ ਐਵਾਰਡ (ਜੋ ਤੀਜੇ ਘੱਲੂਘਾਰੇ (ਜੂਨ 1984) ਦੇ ਰੋਸ ਵਜੋਂ ਵਾਪਸ ਕਰ ਦਿੱਤਾ ਸੀ), 1990 ਈ. ਵਿੱਚ ਹਾਰਮਨੀ ਐਵਾਰਡ, 1991 ਈ. ਵਿੱਚ ਰੋਗ ਰਤਨ ਐਵਾਰਡ ਅਤੇ 1991 ਵਿੱਚ ਭਾਈ ਘਨ੍ਹੱਈਆ ਐਵਾਰਡ ਮਿਲੇ। ਭਗਤ ਪੂਰਨ ਸਿੰਘ ਨੇ ਆਪਣਾ ਅਖ਼ੀਰਲਾ ਸਮਾਂ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਅੱਗੇ ਬੈਠ ਕੇ ਸੰਗਤ ਨੂੰ ਮਨੁੱਖਤਾ ਦੀ ਸੇਵਾ, ਪਰਉਪਕਾਰ ਅਤੇ ਵਾਤਾਵਰਨ ਸੰਭਾਲ ਲਈ ਪ੍ਰੇਰਦਿਆਂ ਬਤੀਤ ਕੀਤਾ। ਅਖੀਰ ਭਗਤ ਪੂਰਨ ਸਿੰਘ ਜੀ 5 ਅਗਸਤ, 1992 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ। ਇਹ ਸਖਸ਼ੀਅਤਾਂ ਜੋ ਆਪਣੇ ਨਾਮ ਨੂੰ ਆਪਣੇ ਅਮਲਾਂ ਨਾਲ ਹੋਰ ਉੱਚਾ ਅਤੇ ਸੁੱਚਾ ਕਰ ਗਈਆਂ ਅਤੇ ਆਪਣੇ ਨਾਮ ਦੇ ਅਰਥਾਂ ਨੂੰ ਆਪਣੇ ਅਮਲਾਂ ਨਾਲ ਪ੍ਰਭਾਸ਼ਿਤ ਕਰ ਗਈਆਂ, ਸਦਾ ਇਹਨਾਂ ਹਵਾਵਾਂ ਵਿੱਚ ਵੱਸਦੀਆਂ ਰਹਿਣਗੀਆਂ ਅਤੇ ਸਦਾ ਜਿਓਂਦੀਆਂ ਰਹਿਣਗੀਆਂ। ਗੁਰੂ ਪਾਤਿਸਾਹ ਮਿਹਰ ਕਰਨ ਅਸੀਂ ਆਪਣੀਆਂ ਅਜਿਹੀਆਂ ਇਤਿਹਾਸਿਕ ਸਖਸ਼ੀਅਤਾਂ ਤੋਂ ਪ੍ਰੇਰਨਾ ਲੈ ਸਕੀਏ ਅਤੇ ਇਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਅਮਲਾਂ ਵਿੱਚ ਸੁਧਾਰ ਕਰ ਸਕੀਏ। 


 

ਧੰਨਵਾਦ ,

ਮਲਕੀਤ ਸਿੰਘ 

ਸੰਪਾਦਕ, ਅੰਮ੍ਰਿਤਸਰ ਟਾਈਮਜ਼