"ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ"

ਗੁਰਬਾਣੀ ਅਨੁਸਾਰ ਮੌਤ ਅਟੱਲ ਹੈ। ਇਸ ਤੋਂ ਰਹਿਤ ਸਿਰਫ ਅਕਾਲ ਹੈ। ਬਾਕੀ ਕੁੱਲ ਕਾਇਨਾਤ ਕਾਲ ਦੇ ਅਧੀਨ ਹੈ। ਗੁਰੂ ਸਾਹਿਬਾਨ ਨੇ ਮਨੁੱਖ ਨੂੰ ਦੱਸਿਆ ਕਿ ਜਿਹੜੀ ਗੱਲ ਹੀ ਅਟੱਲ ਹੈ ਉਸ ਬਾਰੇ ਫਿਕਰ ਕਰਨ ਨਾਲੋਂ ਮਿਲੇ ਸਾਹਾਂ ਦੇ ਖਜ਼ਾਨੇ ਨੂੰ ਚੰਗੇ ਕਰਮਾਂ ਵਿਚ ਲਾ ਤੇ ਸਾਹਾਂ ਦੀ ਸੌਗਾਤ ਦੇਣ ਵਾਲੇ ਅਕਾਲ ਨੂੰ ਸਿਮਰਦਿਆਂ ਉਸ ਦਾ ਸ਼ੁਕਰਾਨਾ ਕਰ। ਅੱਜ ਜਦੋਂ ਸਾਰੀ ਦੁਨੀਆ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਡਰ ਹੇਠ ਘੜੀਆਂ ਬਤੀਤ ਕਰ ਰਹੀ ਹੈ ਤੇ ਵਿਗਿਆਨ ਹਾਰ ਮੰਨੀ ਕਿਸੇ ਖੂੰਝੇ ਬੈਠੀ ਹੈ ਤਾਂ ਅਕਾਲ ਦੇ ਸਿਮਰਨ ਤੋਂ ਟੁੱਟੀਆਂ ਮਨੁੱਖੀ ਰੂਹਾਂ ਕਾਲ ਦੇ ਡਰੋਂ ਸਹਿਮ ਵਿਚ ਜੀਅ ਰਹੀਆਂ ਹਨ। ਕੋਰੋਨਾਵਾਇਰਸ ਬਾਰੇ ਹੁਣ ਤੱਕ ਦੇ ਅੰਕੜਿਆਂ ਤੋਂ ਸਾਫ ਹੋਇਆ ਹੈ ਕਿ ਇਸ ਦਾ ਸਭ ਤੋਂ ਖਤਰਨਾਕ ਪੱਖ ਇਹ ਹੈ ਕਿ ਇਹ ਸਪਰਸ਼ ਨਾਲ ਇਕ ਜੀਅ ਤੋਂ ਦੂਜੇ ਜੀਅ ਵਿਚ ਸਫਰ ਕਰ ਰਿਹਾ ਹੈ ਪਰ ਦੂਜੇ ਪਾਸੇ ਇਹ ਵੀ ਪੱਕਾ ਹੋ ਚੁੱਕਿਆ ਹੈ ਕਿ ਇਸ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਹੋਰ ਮਹਾਂਮਾਰੀਆਂ ਨਾਲੋਂ ਬਹੁਤ ਘੱਟ ਹੈ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਕੁੱਲ ਦੁਨੀਆ ਵਿਚ ਕੋਰੋਨਾਵਾਇਰਸ ਦੇ 127,000 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਹਨਾਂ ਵਿਚੋਂ 68,000 ਪੀੜਤ ਲੋਕ ਇਸ ਵਾਇਰਸ ਨੂੰ ਹਰਾ ਕੇ ਸਿਹਤਯਾਬ ਹੋ ਗਏ ਹਨ। ਇਹ ਵਾਇਰਸ ਜ਼ਿਆਦਾ ਤਰ 60 ਤੋਂ ਵੱਧ ਉਮਰ ਦੇ ਮਰੀਜ਼ਾਂ ਲਈ ਮੌਤ ਦਾ ਕਾਰਨ ਬਣ ਰਿਹਾ ਹੈ। ਇਸ ਵਾਇਰਸ ਦਾ ਮੁੱਖ ਹਮਲਾ ਮਨੁੱਖ ਦੇ ਫੇਫੜਿਆਂ 'ਤੇ ਹੁੰਦਾ ਹੈ ਜੋ ਸ਼ਰੀਰ ਦੇ ਬਾਕੀ ਅੰਗਾਂ ਨੂੰ ਆਕਸੀਜ਼ਨ ਦੇਣ ਦਾ ਕੰਮ ਕਰਦੇ ਹਨ। ਫੇਫੜਿਆਂ ਵਿਚ ਖਰਾਬੀ ਆਉਣ ਨਾਲ ਸ਼ਰੀਰ ਦੇ ਬਾਕੀ ਅੰਗਾਂ 'ਤੇ ਵੀ ਅਸਰ ਹੁੰਦਾ ਹੈ ਜੋ ਮੌਤ ਦਾ ਕਾਰਨ ਬਣ ਸਕਦਾ ਹੈ। ਜਵਾਨ ਸ਼ਰੀਰ ਵਿਚ ਬਿਮਾਰੀਆਂ ਨਾਲ ਲੜ੍ਹਨ ਦੀ ਵੱਧ ਤਾਕਤ ਹੋਣ ਕਾਰਨ ਉਹ ਇਸ ਵਾਇਰਸ ਤੋਂ ਛੇਤੀ ਰਿਕਵਰ ਕਰ ਜਾਂਦੇ ਹਨ। ਬਿਨ੍ਹਾਂ ਕਿਸੇ ਦਵਾਈ ਦੀ ਹੁੰਦਿਆਂ ਇਸ ਬਿਮਾਰੀ ਦਾ ਇਲਾਜ ਸਿਰਫ ਇਸ ਸ਼ਰੀਰ ਵਿਚ ਹੀ ਹੈ। ਦੂਜਾ ਤੁਸੀਂ ਸਾਫ ਸਫਾਈ ਦਾ ਧਿਆਨ ਰੱਖ ਕੇ ਅਤੇ ਲੋਕਾਂ ਨਾਲ ਸੰਪਰਕ ਘਟਾ ਕੇ ਇਸ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹੋ। ਇਸ ਲਈ ਬਹੁਤ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ, ਸਿਰਫ ਸਾਫ ਸਫਾਈ ਅਤੇ ਕੁੱਝ ਸਾਵਧਾਨੀਆਂ ਵਰਤੋ ਅਤੇ ਅਕਾਲ ਦਾ ਨਾਂ ਸਿਮਰਦਿਆਂ ਉਸਦੀ ਸਭ ਤੋਂ ਵਿਸ਼ਾਲ ਤਾਕਤ ਨੂੰ ਸਤਿਕਾਰ ਭੇਂਟ ਕਰਦਿਆਂ ਕਾਲ ਦੇ ਡਰ ਤੋਂ ਮੁਕਤ ਹੋਵੋ। 

ਫਰੀਦਾ ਦਰੀਆਵੈ ਕੰਨੈੑ ਬਗੁਲਾ ਬੈਠਾ ਕੇਲ ਕਰੇ।। ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ।।
ਬਾਜ ਪਏ ਤਿਸੁ ਰਬੁ ਦੇ ਕੇਲਾਂ ਵਿਸਰੀਆਂ।। ਜੋ ਮਨਿ ਚਿਤਿ ਨ ਚੇਤੇ ਸਨ ਸੇ ਗਾਲੀ ਰਬ ਕੀਆਂ।।

(ਭਗਤ ਫਰੀਦ ਜੀ, ਗੁਰੂ ਗ੍ਰੰਥ ਸਾਹਿਬ- ਅੰਗ ੧੩੮੩)

ਸੁਖਵਿੰਦਰ ਸਿੰਘ