"ਵਾਰਿਸ ਪੰਜਾਬ ਦੇ" ਜਥੇਬੰਦੀ ਤੋਂ ਵਡੀਆਂ ਆਸਾਂ 

ਦੀਪ ਸਿੱਧੂ ਦੀਆਂ ਗੱਲਾਂ ਨੂੰ ਕੌਮ ਦੇ ਧੁਰ ਅੰਦਰ ਵਸਾਉਣ ਲਈ

ਬੀਤੇ ਦਿਨੀਂ ਉਸ ਦਾ ਜਨਮ ਦਿਨ ਹੈ।ਉਨ੍ਹਾਂ ਤਮਾਮ ਵੀਰਾਂ ਭੈਣਾਂ ਨੂੰ ਮੁਬਾਰਕਾਂ ਜੋ ਦੀਪ ਸਿੱਧੂ ਦੀ ਯਾਦ ਨੂੰ ਤਾਜ਼ਾ ਰੱਖਣਾ ਚਾਹੁੰਦੇ ਹਨ,ਜੋ ਉਸ ਦੇ ਜਜ਼ਬਿਆਂ,ਰੀਝਾਂ ਤੇ ਵਲਵਲਿਆਂ ਨੂੰ ਅਮਲ ਵਿਚ ਉਤਾਰਨ ਅਤੇ ਮੌਜੂਦਾ ਹਾਲਤਾਂ ਦੀ ਰੌਸ਼ਨੀ ਵਿਚ ਇਕ ਅਜਿਹੀ ਸੇਧ,ਅਜਿਹੀ ਦਿਸ਼ਾ ਦੇਣ ਲਈ ਦਿਨ ਰਾਤ ਸੋਚਦੇ ਰਹਿੰਦੇ ਹਨ,ਜਿਸ ਦਾ ਮਕਸਦ, ਜਿਸ ਦਾ ਨਿਸ਼ਾਨਾ ਸਮੁੱਚੀ ਸਿੱਖ ਕੌਮ ਨੂੰ ਆਪਣੇ ਕਲਾਵੇ ਵਿੱਚ ਲੈਣਾਹੈ।ਇਹ ਕੰਮ ਤੇ ਫਰਜ਼ "ਵਾਰਿਸ ਪੰਜਾਬ ਦੇ"ਜਥੇਬੰਦੀ ਨੇ ਹੀ ਨਿਭਾਉਣਾ ਹੈ।ਪਰ ਇਸ ਜਥੇਬੰਦੀ ਦੀ ਰਫ਼ਤਾਰ ਤੇ ਤੋਰ ਵਿੱਚ ਗੰਭੀਰਤਾ,ਜੋਸ਼ ਤੇ ਹੋਸ਼ ਸਹਿਜੇ ਸਹਿਜੇ ਮੱਧਮ ਪੈਂਦਾ ਜਾ ਰਿਹਾ ਹੈ।ਦੀਪ ਸਿੱਧੂ ਦੀਆਂ ਗੱਲਾਂ ਨੂੰ ਕੌਮ ਦੇ ਧੁਰ ਅੰਦਰ ਵਸਾਉਣ ਲਈ ਜੋ ਉਤਸ਼ਾਹ ਅਤੇ ਚਾਅ ਮੈਂ ਫਤਿਹਗਡ਼੍ਹ ਸਾਹਿਬ ਦੇ ਸਮਾਗਮ ਵਿਚ ਵੇਖਿਆ,ਉਸੇ ਜੋਸ਼ ਦੀਆਂ ਵੱਖ ਵੱਖ ਪਰਤਾਂ ਨੂੰ ਪਛਾਣਨ ਦੀ ਲੋੜ ਸੀ ਤਾਂ ਜੋ ਜਥੇਬੰਦੀ ਦੇ ਜਥੇਬੰਦਕ ਢਾਂਚੇ ਵਿੱਚ ਉਨ੍ਹਾਂ ਪਰਤਾਂ ਨੂੰ ਥਾਂ ਮਿਲਦੀ ਤੇ ਇਨ੍ਹਾਂ ਪਰਤਾਂ ਨਾਲ ਜੁੜੇ ਨੌਜਵਾਨ ਸਰਗਰਮ ਹੁੰਦੇ।ਪਰ ਵੇਖਣ ਵਿੱਚ ਕੁਝ ਵੀ ਸਾਹਮਣੇ ਅਜੇ ਨਹੀਂ ਆਇਆ।

ਇਹ ਇਕ ਹਕੀਕਤ ਹੈ ਕਿ ਬਹੁਤ ਸਾਰੇ ਲੋਕ ਦੀਪ ਸਿੱਧੂ ਦੀ ਸ਼ਖ਼ਸੀਅਤ ਨਾਲ ਜੁੜੇ ਹੋਏ ਸਨ।ਉਸ ਦੀ ਸ਼ਖ਼ਸੀਅਤ ਹੀ ਏਨੀ ਦਿਲਕਸ਼,ਬਹੁਰੰਗੀ,ਮੋਹ ਭਿੱਜੀ  ਸੀ ਕਿ ਵਿਰੋਧ ਵਿੱਚ ਖੜ੍ਹੇ ਵਿਅਕਤੀ ਦਾ ਵਿਰੋਧ ਵੀ ਜੇਕਰ ਖ਼ਤਮ ਨਹੀਂ ਸੀ ਹੁੰਦਾ ਤਾਂ ਮੱਠਾ ਜ਼ਰੂਰ ਪੈ ਜਾਂਦਾ ਸੀ। ਅਸਲ ਵਿਚ ਦੀਪ ਸਿੱਧੂ ਕਈ ਪਰਤਾਂ ਵਿੱਚ ਜਿਊਂਦਾ-ਜਾਗਦਾ ਸੀ ਅਤੇ ਇਹ ਜਗਦਾ ਅਹਿਸਾਸ ਉਨ੍ਹਾਂ ਸਭ ਲੋਕਾਂ ਵਿੱਚ ਭਰ ਦਿੰਦਾ ਸੀ ਜੋ ਉਸ ਦੇ ਨੇੜੇ ਆਉਂਦੇ ਸਨ।ਹੁਣ ਜਥੇਬੰਦੀ ਨੇ  ਇਹ ਵੇਖਣਾ ਹੈ ਕਿ ਉਨ੍ਹਾਂ ਸਭਨਾਂ ਨੂੰ ਜਥੇਬੰਦੀ ਨੇ ਆਪਣੀ ਗਲਵੱਕੜੀ ਵਿੱਚ ਕਿਵੇਂ ਲੈਣਾ ਹੈ।ਕਿਸੇ ਨਾਲ ਬਹੁਤ ਨੇੜੇ ਦੀ ਸਾਂਝ ਪੈ ਸਕਦੀ ਹੈ ਅਤੇ ਕਿਸੇ ਨਾਲ ਦੂਰ ਰਹਿ ਕੇ ਨੇੜਤਾ ਪਾਉਣ ਦਾ ਹੁਨਰ ਸਿੱਖਣਾ ਪੈਣਾ ਹੈ। ਇਸ ਮਨੋਰਥ ਲਈ ਦੀਪ ਸਿੱਧੂ ਦੀਆਂ ਉਨ੍ਹਾਂ ਵੀਡੀਓਜ਼ ਨੂੰ ਬਾਰ ਬਾਰ ਵੇਖਣਾ ਚਾਹੀਦਾ ਹੈ,ਜਿਸ ਵਿੱਚ ਉਸ ਦੀ ਸ਼ਖ਼ਸੀਅਤ ਦੇ ਭਿੰਨ ਭਿੰਨ ਪਹਿਲੂ ਨਿਖਰ ਕੇ ਸਾਹਮਣੇ ਆਉਂਦੇ ਹਨ।ਇਹ ਜ਼ਿੰਮੇਵਾਰੀ ਤੇ ਬੋਝ ਜੱਥੇਬੰਦੀ ਦੇ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਉੱਤੇ ਸਭ ਤੋਂ ਵੱਧ ਹੈ ਅਤੇ ਉਸੇ ਨੂੰ ਸਭ ਨਿੱਕੇ ਮੋਟੇ ਗਿਲੇ ਸ਼ਿਕਵਿਆਂ ਮੱਤਭੇਦਾਂ ਤੇ ਵਿਰੋਧਾਂ ਨੂੰ ਆਪਣੀ ਝੋਲੀ ਵਿੱਚ ਖੁਸ਼ੀ ਖੁਸ਼ੀ ਪਵਾਉਣਾ ਹੀ ਪੈਣਾ ਹੈ।

 ਮੇਰਾ ਖਿਆਲ ਹੈ ਕਿ ਦੀਪ ਸਿੱਧੂ ਵੀ ਇਸੇ ਨੀਤੀ ਤੇ ਚੱਲ ਕੇ ਪੰਜਾਬ ਦੇ ਅਸਮਾਨ ਤੇ ਧਰੂ ਤਾਰੇ ਵਾਂਗ ਚਮਕਿਆ ਸੀ"ਵਾਰਿਸ ਪੰਜਾਬ ਦੇ" ਜਥੇਬੰਦੀ ਨੂੰ ਅੱਜ ਉਸ ਦੇ ਜਨਮ ਦਿਨ ਤੇ ਇੱਕ ਬਹੁਤ ਵੱਡਾ ਸੱਚ ਮੈਂ ਦੱਸਣ ਜਾ ਰਿਹਾ ਹਾਂ ਜਿਸ ਨੂੰ ਜਥੇਬੰਦੀ ਜਿੰਨੀ ਛੇਤੀ ਮਹਿਸੂਸ ਕਰੇ ਓਨੀ ਛੇਤੀ ਜਥੇਬੰਦੀ ਲਈ ਵੀ ਚੰਗਾ ਹੈ ਅਤੇ ਕੌਮ ਲਈ ਵੀ।ਉਹ ਸੱਚ ਇਹ ਹੈ ਕਿ ਖ਼ਾਲਸਾ ਪੰਥ ਅੱਜ ਬੁਰੀ ਤਰ੍ਹਾਂ ਖਿੰਡਿਆ ਪਿਆ ਹੈ। ਹਰ ਜਥੇਬੰਦੀ ਦਾ ਰਾਹ ਵੱਖਰਾ ਵੱਖਰਾ ਹੈ ਪਰ ਹਰ ਜਥੇਬੰਦੀ ਰਸਮੀ ਤੌਰ ਤੇ ਏਕਤਾ ਦੀ ਗੱਲ ਵੀ ਕਰਦੀ ਹੈ ਪਰ ਅਸਲ ਵਿੱਚ ਅਨੇਕਤਾ ਦੀ ਪਿਛਲਗ ਹੈ।ਕੋਈ ਸਾਂਝਾ  ਧੁਰਾ ਨਹੀਂ,ਕੁਝ ਸਾਂਝਾ ਮੰਚ ਨਹੀਂ,ਇਹੋ ਜਿਹੀ ਕੋਈ ਸ਼ਖ਼ਸੀਅਤ ਨਹੀਂ ਜੋ ਸਾਰੇ ਪੰਥ ਨੂੰ ਇਕੱਠਿਆਂ ਰੱਖ ਸਕੇ।

ਪਰ ਫਤਹਿਗੜ੍ਹ ਸਾਹਿਬ ਦੇ ਹੈਰਾਨਕੁੰਨ ਤੇ ਵਿਸਮਾਦੀ-ਇਕੱਠ ਦੇ ਅਚੇਤ ਤੇ ਸੁਚੇਤ ਮਨ ਨੇ ਏਕਤਾ ਲਈ "ਵਾਰਸ ਪੰਜਾਬ ਦੇ" ਜਥੇਬੰਦੀ ਨੂੰ ਚੁਣਿਆ।ਪਰ ਕੀ ਉਨ੍ਹਾਂ ਨੇ  ਇਸ ਇਕੱਠ ਦੇ ਅਣਸੁਣੇ ਐਲਾਨ ਨੂੰ ਸੁਣਿਆ ਹੈ?ਕੀ ਇਸ ਜਥੇਬੰਦੀ ਦੇ ਰਹਿਬਰਾਂ ਨੇ ਇਸ ਸਮੁੰਦਰੀ-ਇਕੱਠ ਦੇ ਦਰਦ ਨੂੰ ਮਹਿਸੂਸ ਕੀਤਾ?ਕੀ ਤੁਹਾਡੇ ਕੰਨਾਂ ਨੇ ਨਹੀਂ ਸੁਣਿਆ ਕਿ ਇਹ ਇਕੱਠ ਤੁਹਾਨੂੰ ਹੀ ਲੱਭਦਾ ਫਿਰਦਾ ਹੈ?

ਦੀਪ ਦਾ ਜਨਮ ਦਿਨ ਤੁਹਾਨੂੰ ਆਵਾਜ਼ ਦੇ ਰਿਹਾ ਹੈ ਕਿ ਵਕਤ ਦੀ ਆਵਾਜ਼ ਨੂੰ ਪਛਾਣੋ,ਆਜ਼ਾਦ ਹੋ ਕੇ ਤੁਰੋ,ਆਜ਼ਾਦਾਨਾ ਫੈਸਲੇ ਕਰੋ,ਉਨ੍ਹਾਂ ਸਭਨਾਂ ਨੂੰ ਨਾਲ ਲੈ ਕੇ ਤੁਰੋ ਜੋ ਦੀਪ ਦੇ ਨੇੜੇ ਸਨ ਅਤੇ ਉਨ੍ਹਾਂ ਨੂੰ ਵੀ ਜੋ ਦੂਰ ਰਹਿ ਕੇ ਨੇੜੇ ਸਨ।ਆਪਣੀ ਅੰਦਰਲੀ ਤਾਕਤ ਨੂੰ ਪਛਾਣੋ।ਇਸ ਧਾਰਮਿਕ ਅਤੇ ਰਾਜਨੀਤਿਕ ਖਿਲਾਅ ਨੂੰ ਭਰਨ ਲਈ ਇਤਿਹਾਸ ਤੁਹਾਡੀ ਉਡੀਕ ਕਰ ਰਿਹਾ ਹੈ। ਵਕਤ ਤੀਰ ਵਾਂਗ ਉਡ ਰਿਹਾ ਹੈ। ਅਸੀਂ ਉਸ ਤੋਂ ਅੱਗੇ ਲੰਘਣਾ ਹੈ।

                   

  ਕਰਮਜੀਤ ਸਿੰਘ ਚੰਡੀਗੜ੍ਹ