ਗੁਰਮਤਿ ਕੈਂਪਾਂ ਦੇ ਸਫਲ ਆਯੋਜਨ ਮਗਰੋਂ ਹੁਣ ਹਫਤਾਵਾਰੀ ਗੁਰਮਤਿ ਕਲਾਸਾਂ ਦਾ ਹੋਏਗਾ ਆਯੋਜਨ: ਦਿੱਲੀ ਗੁਰਦੁਆਰਾ ਕਮੇਟੀ

ਗੁਰਮਤਿ ਕੈਂਪਾਂ ਦੇ ਸਫਲ ਆਯੋਜਨ ਮਗਰੋਂ ਹੁਣ ਹਫਤਾਵਾਰੀ ਗੁਰਮਤਿ ਕਲਾਸਾਂ ਦਾ ਹੋਏਗਾ ਆਯੋਜਨ: ਦਿੱਲੀ ਗੁਰਦੁਆਰਾ ਕਮੇਟੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 25 ਜੂਨ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਰਮੀ ਦੀਆਂ ਛੁੱਟੀਆਂ ਵਿਚ ਗੁਰਮਤਿ ਕੈਂਪਾਂ ਦੇ ਸਫਲ ਆਯੋਜਨ ਤੋਂ ਬਾਅਦ ਹੁਣ ਸਿੰਘ ਸਭਾਵਾਂ ਤੇ ਹੋਰ ਗੁਰਦੁਆਰਾ ਸਾਹਿਬਾਨ ਵਿਚ ਹਫਤਾਵਾਰੀ ਗੁਰਮਤਿ ਕਲਾਸਾਂ ਦਾ ਆਯੋਜਨ ਕੀਤਾ ਜਾਵੇਗਾ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।

ਅੱਜ ਗੁਰਮਤਿ ਕੈਂਪਾਂ ਦੀ ਲੜੀ ਦੇ ਫਾਈਨਲ ਕੈਂਪ ਦੇ ਦੂਜੇ ਤੇ ਆਖਰੀ ਦਿਨ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਹੀ ਵਿਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਗੁਰਮਤਿ ਕੈਂਪਾਂ ਨੂੰ ਇਸ ਵਾਰ ਭਰਵਾਂ ਹੁੰਗਾਰਾ ਮਿਲਿਆ ਹੈ। ਉਹਨਾਂ ਕਿਹਾ ਕਿ ਹੁਣ ਅਸੀਂ ਅਗਲੇ ਪੜਾਅ ਵਿਚ ਸਿੰਘ ਸਭਾਵਾਂ ਤੇ ਆਪਣੇ ਵਾਲੰਟੀਅਰਜ਼ ਤੇ ਸਮੁੱਚੀ ਟੀਮ ਨਾਲ ਰਣਨੀਤੀ ਬਣਾ ਕੇ ਹਫਤਾਵਾਰੀ ਗੁਰਮਤਿ ਕਲਾਸਾਂ ਦਾ ਪ੍ਰਬੰਧ ਕਰਾਂਗੇ ਤਾਂ ਜੋ ਵੱਧ ਤੋਂ ਵੱਧ ਬੱਚੇ ਗੁਰਬਾਣੀ ਅਤੇ ਗੁਰਸਿੱਖੀ ਜੀਵਨ ਨਾਲ ਜੁੜ ਸਕਣ। ਉਹਨਾਂ ਇਹ ਵੀ ਦੱਸਿਆ ਕਿ ਕ੍ਰਿਸ਼ਨਾ ਨਗਰ ਗੁਰਦੁਆਰਾ ਸਾਹਿਬ ਅਤੇ ਸ਼ਿਵ ਨਗਰ ਸਿੰਘ ਸਭਾ ਨੇ ਹਰ ਸ਼ਨੀਵਾਰ ਨੂੰ ਇਹ ਗੁਰਮਤਿ ਕਲਾਸਾਂ ਲਾਉਣ ਦਾ ਫੈਸਲਾ ਕੀਤਾ ਹੈ।

ਉਹਨਾਂ ਨੇ ਅੱਜ ਦੇ ਕੈਂਪ ਵਿਚ ਬੱਚਿਆਂ ਵੱਲੋਂ ਮੂਲ ਮੰਤਰ ਦੇ ਅਰਥ ਕਰਨ, ਸ਼ਬਦ ਦੀਆਂ ਵਿਆਖਿਆਵਾਂ ਕਰਨ ਅਤੇ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰਨ ’ਤੇ ਸਮੁੱਚੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗੁਰਮਤਿ ਦੇ ਇਸ ਕੀਰਤਨ ਤੋਂ ਅਸੀਂ ਕਈ ਸਾਲਾਂ ਤੋਂ ਵੰਚਿਤ ਸੀ। ਉਹਨਾਂ ਕਿਹਾ ਕਿ ਅੱਜ ਸਾਡੀ ਪਨੀਰੀ ਖਾਸ ਤੌਰ ’ਤੇ ਦਿੱਲੀ ਦੀ ਉਹ ਸੰਗਤ ਜਿਹੜੀ ਆਪਣੇ ਰੁਝੇਵਿਆਂ ਕਾਰਨ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਤੋਂ ਰਹਿ ਜਾਂਦੀ ਹੈ। ਇਸੇ ਕਾਰਨ ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰਮਤਿ ਕੈਂਪਾਂ ਦਾ ਆਯੋਜਨ ਕੀਤਾ ਹੈ।

ਉਹਨਾਂ ਫਿਰ ਸੰਗਤਾਂ ਨੂੰ ਤੇ ਖਾਸ ਤੌਰ ’ਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਵਿਚ ਮਾਂ ਬੋਲੀ ਪੰਜਾਬੀ ਬੋਲੀ ਜਾਵੇ ਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪੰਜਾਬੀ ਬੋਲਣ ਲਈ ਪ੍ਰੇਰਿਆ ਜਾਵੇ।

ਉਹਨਾਂ ਇਹ ਵੀ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਿਰਫ ਦਿੱਲੀ ਹੀ ਨਹੀਂ ਬਲਕਿ ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿਚ ਵੀ ਗੁਰਮਤਿ ਕੈਂਪ ਲਗਾਏ ਗਏ ਹਨ। ਰਾਜਸਥਾਨ ਦੇ 80 ਪਿੰਡਾਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਭੇਜੇ ਪ੍ਰਚਾਰਕ ਇਹ ਕੈਂਪ ਲਗਾ ਰਹੇ ਹਨ ਅਤੇ 30 ਜੂਨ ਨੂੰ ਆਗਰਾ ਦੇ ਗੁਰਦੁਆਰਾ ਗੁਰੂ ਕੇ ਤਾਲ ਵਿਚ ਇਸੇ ਤਰੀਕੇ ਦਾ ਹੀ ਫਾਈਨਲ ਕੈਂਪ ਲੱਗੇਗਾ ਜਿਥੇ ਬੱਚੇ ਹਾਸਲ ਕੀਤੀ ਗੁਰਮਤਿ ਵਿਦਿਆ ਸਭ ਦੇ ਸਾਹਮਣੇ ਰੱਖਣਗੇ।

ਉਹਨਾਂ ਕਿਹਾ ਕਿ ਅਸੀਂ ਵਾਰ-ਵਾਰ ਇਹ ਆਖਦੇ ਰਹੇ ਹਾਂ ਕਿ ਸਾਨੂੰ ਆਪਣੀ ਪਨੀਰੀ ਦੀਆਂ ਸਿੱਖੀ ਪ੍ਰਤੀ ਜੜ੍ਹਾਂ ਮਜ਼ਬੂਤ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਅੱਜ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਜਿਹੜੀ ਪਨੀਰੀ ਨੂੰ ਮਜ਼ਬੂਤ ਕਰਨ ਦੀ ਅਸੀਂ ਗੱਲ ਕਰਦੇ ਸੀ, ਉਹ ਇਹੀ ਪਨੀਰੀ ਹੈ ਜੋ ਇਸ ਦੀਵਾਨ ਹਾਲ ਵਿਚ ਬੈਠੀ ਹੈ। ਉਹਨਾਂ ਕਿਹਾ ਕਿ ਸੰਸਥਾਵਾਂ ਨੂੰ ਪਹਿਲਕਦਮੀ ਕਰਨ ਦੀ ਜ਼ਰੂਰਤ ਹੁੰਦੀ ਹੈ। ਸੰਸਥਾਵਾਂ ਜੋ ਪਹਿਲਕਦਮੀਆਂ ਕਰਨਗੀਆਂ, ਸੰਗਤਾਂ ਹਮੇਸ਼ਾ ਉਸ ਪ੍ਰਤੀ ਹੁੰਗਾਰਾ ਭਰਦੀਆਂ ਹਨ।

 ਉਹਨਾਂ ਦੱਸਿਆ ਕਿ ਇਹ ਕੈਂਪਾਂ ਦੇ ਸਫਲ ਆਯੋਜਨ ਦਾ ਉਦਮ ਧਰਮ ਪ੍ਰਚਾਰ ਕਮੇਟੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਪੂਰੀ ਯੋਜਨਾਬੰਦੀ ਨਾਲ ਕੀਤਾ। ਉਹਨਾਂ ਦੱਸਿਆ ਕਿ ਕੈਂਪਾਂ ਵਾਸਤੇ ਕਿਤਾਬਾਂ ਤਿਆਰ ਕਰਵਾਈਆਂ ਜਿਹਨਾਂ ਰਾਹੀਂ ਬੱਚਿਆਂ ਨੂੰ ਗੁਰਸਿੱਖੀ ਜੀਵਨ ਤੋਂ ਜਾਣੂ ਕਰਵਾਇਆ ਗਿਆ।

ਉਹਨਾਂ ਕਿਹਾ ਕਿ ਇਹਨਾਂ ਬੱਚਿਆਂ ਨੇ ਜੋ ਗੁਰਸਿੱਖੀ ਜੀਵਨ ਬਾਰੇ ਜਾਚ ਇਹਨਾਂ ਕੈਂਪਾਂ ਵਿਚ ਸਿੱਖ ਲਈ ਹੈ, ਉਹ ਇਹ ਸਾਰੀ ਉਮਰ ਨਹੀਂ ਭੁੱਲ ਸਕਣਗੇ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਵਜ਼ੀਰ ਖਾਨ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਸੀ। ਉਹਨਾਂ ਕਿਹਾ ਕਿ ਉਹ ਬਹਾਦਰ ਸੂਰਮੇ ਸਨ ਜੋ ਅੱਜ ਦੇ ਦਿਨ ਸ਼ਹੀਦ ਕੀਤੇ ਗਏ ਸਨ।

ਉਹਨਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਹਿੰਦ ਦੀ ਉਸ ਧਰਤੀ ਦੇ ਦਰਸ਼ਨ ਜ਼ਰੂਰ ਕਰਵਾਉਣ ਜਿਥੇ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਸੀ ਜਿਸ ਸਦਕਾ ਹੀ ਸਿੱਖ ਰਾਜ ਕਾਇਮ ਹੋਇਆ। ਅੱਜ ਸੰਸਾਰ ਭਰ ਵਿਚ ਕੇਸਰੀ ਨਿਸ਼ਾਨ ਇਹਨਾਂ ਸ਼ਹਾਦਤਾਂ ਦੀ ਬਦੌਲਤ ਹੀ ਝੂਲਦੇ ਹਨ।