ਦਿੱਲੀ ਵਿਚ ਫੈਸ਼ਨ ਸ਼ੋਅ ਦੇ ਨਾਂਅ ਹੇਠ ਹੋਇਆ ਸਿੱਖ ਕਕਾਰਾਂ ਨਾਲ ਖਿਲਵਾੜ

ਦਿੱਲੀ ਵਿਚ ਫੈਸ਼ਨ ਸ਼ੋਅ ਦੇ ਨਾਂਅ ਹੇਠ ਹੋਇਆ ਸਿੱਖ ਕਕਾਰਾਂ ਨਾਲ ਖਿਲਵਾੜ

ਜਾਗੋ ਪਾਰਟੀ ਵਲੋਂ ਕਾਲਜ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 28 ਮਈ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਰੋਹਿਣੀ ਸੈਕਟਰ 3 ਵਿਖੇ ਚਲ ਰਹੇ ਜਗਨਨਾਥ ਕਾਮਿਉਨਿਟੀ ਕਾਲਜ ਵਲੋਂ ਬੀਤੇ ਐਤਵਾਰ ਨੂੰ ਫੈਸ਼ਨ ਸ਼ੋਅ ਦੇ ਨਾਂਅ ਹੇਠ ਸਿੱਖ ਕਕਾਰਾਂ ਦੀ ਬੇਅਦਬੀ ਕਰਣ ਦਾ ਮਾਮਲਾ ਸਾਹਮਣੇ ਆਇਆ ਹੈ । 

ਇਸ ਮਾਮਲੇ ਵਿਚ ਵਾਇਰਲ ਹੋਈ ਵੀਡੀਓ ਵਿਚ ਕੁੜੀਆਂ ਸਿਰ ਤੇ ਪੱਗ ਅਤੇ ਉਪਰੋ ਦੀ ਸ਼੍ਰੀ ਸਾਹਿਬ ਪਾ ਕੇ ਰੈਪ ਉੱਤੇ ਕੱਪੜਿਆਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ । 

ਮਾਮਲੇ ਬਾਰੇ ਪਤਾ ਕਰਣ ਤੇ ਮਿਲੀ ਜਾਣਕਾਰੀ ਮੁਤਾਬਿਕ ਕਰਨਾਲ ਰਹਿੰਦੇ ਅਮਨਪ੍ਰੀਤ ਸਿੰਘ ਨੇ ਇਸ ਬਾਰੇ ਡਰੈੱਸ ਤਿਆਰ ਕੀਤੀ ਸੀ ਜਦਕਿ ਉਸਦਾ ਆਪਣਾ ਪਰਿਵਾਰ ਅੰਮ੍ਰਿਤਧਾਰੀ ਦਸਿਆ ਜਾ ਰਿਹਾ ਹੈ ।

ਕਾਲਜ ਵਿਚ ਮਾਮਲੇ ਬਾਰੇ ਪੁੱਛਣ ਤੇ ਕਿ ਉਨ੍ਹਾਂ ਇਸ ਪ੍ਰੋਗਰਾਮ ਦੀ ਇਜਾਜਤ ਕਿਉਂ ਦਿੱਤੀ ਤਾਂ ਉਨ੍ਹਾਂ ਦਸਿਆ ਕਿ ਪਹਿਲਾਂ ਇਹ ਪ੍ਰੋਗਰਾਮ 2020 ਵਿਚ ਹੋਣਾ ਸੀ ਪਰ ਲੌਕ ਡਾਊਨ ਲਗਣ ਕਰਕੇ ਹੁਣ ਬੀਤੇ ਐਤਵਾਰ ਨੂੰ ਹੋਇਆ ਹੈ, ਉਨ੍ਹਾਂ ਕੋਲੋਂ ਲਿਖਤੀ ਮੁਆਫੀ ਮੰਗਣ ਲਈ ਕਹਿਣ ਤੇ ਉਨ੍ਹਾਂ ਕਿਹਾ ਕਿ ਕਾਲਜ ਦੇ ਚੇਅਰਮੈਨ ਗੁਪਤਾ ਵਿਦੇਸ਼ ਗਏ ਹੋਏ ਹਨ ਉਨ੍ਹਾਂ ਨਾਲ ਰਾਬਤਾ ਨਹੀਂ ਹੋ ਪਾ ਰਿਹਾ ਹੈ ।

ਜਾਗੋ ਪਾਰਟੀ ਦੇ ਬੁਲਾਰੇ ਪਰਮਿੰਦਰ ਸਿੰਘ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਕਾਲਜ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਣ ਦੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਵਲੋਂ ਜਾਣਬੁਝ ਕੇ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਗਿਆ ਹੈ ਇਸ ਲਈ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕਰਣੀ ਜਰੂਰੀ ਹੈ ਜਿਸ ਨਾਲ ਹੋਰ ਕੋਈ ਵੀ ਸਿੱਖ ਕਕਾਰਾਂ ਨਾਲ ਬੇਅਦਬੀ ਨਾ ਕਰ ਸਕੇ ।