ਮਹਾਰਾਜੇ ਦੀ ਬੇਇਜ਼ਤੀ ਮਗਰੋਂ ਮਹਾਰਾਣੀ ਨਾਲ ਦਿੱਲੀ ਅੱਗੇ ਫਰਿਆਦੀ ਹੋਣਗੇ ਕਾਂਗਰਸੀ

ਮਹਾਰਾਜੇ ਦੀ ਬੇਇਜ਼ਤੀ ਮਗਰੋਂ ਮਹਾਰਾਣੀ ਨਾਲ ਦਿੱਲੀ ਅੱਗੇ ਫਰਿਆਦੀ ਹੋਣਗੇ ਕਾਂਗਰਸੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹਨਾਂ ਨੂੰ ਕਾਂਗਰਸੀ ਮਹਾਰਾਜੇ ਕਰਕੇ ਬੁਲਾਉਂਦੇ ਹਨ, ਉਹਨਾਂ ਨੂੰ ਭਾਰਤ ਸਰਕਾਰ ਹੱਥੋਂ ਦਿੱਲੀ ਵਿਚ ਵੱਡੀ ਨਮੋਸ਼ੀ ਝੱਲਣੀ ਪਈ। ਜਿੱਥੇ ਪਹਿਲਾਂ ਰਾਸ਼ਟਰਪਤੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਸਮਾਂ ਦੇਣ ਤੋਂ ਨਾਹ ਕਰ ਦਿੱਤੀ ਉੱਥੇ ਬਾਅਦ ਵਿਚ ਰਾਜਘਾਟ 'ਤੇ ਕੈਪਟਨ ਨੂੰ ਧਰਨਾ ਵੀ ਨਹੀਂ ਲਾਉਣ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਕਾਂਗਰਸ ਦੇ ਪੰਜਾਬ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੂੰ ਨਾਲ ਲੈ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਸੰਸਦ ਮੈਂਬਰ ਕਿਸਾਨੀ ਬਿੱਲਾਂ ਸਬੰਧੀ ਜਦੋਂ ਭਾਰਤ ਦੇ ਰੇਲ ਮੰਤਰੀ ਨੂੰ ਮਿਲਣ ਗਏ ਸੀ ਤਾਂ ਉਹਨਾਂ ਵੱਲੋਂ ਕੀਤੀ ਬੇਇਜ਼ਤੀ ਨੂੰ ਮੰਨਦਿਆਂ ਕਾਂਗਰਸ ਦੇ ਕਈ ਸੰਸਦ ਮੈਂਬਰ ਬੈਠਕ ਦਾ ਬਾਈਕਾਟ ਕਰ ਗਏ ਸੀ। ਵੀਰਵਾਰ ਦੀ ਇਸ ਬੈਠਕ ਤੋਂ ਬਾਅਦ ਇਹਨਾਂ ਕਾਂਗਰਸੀ ਸੰਸਦ ਮੈਂਬਰਾਂ ਨੇ ਸ਼ੁਕਰਵਾਰ ਨੂੰ ਰੇਲ ਮੰਤਰੀ ਨਾਲ ਦੁਬਾਰਾ ਬੈਠਕ ਕੀਤੀ ਸੀ। 

ਅਮਿਤ ਸ਼ਾਹ ਨਾਲ ਹੋਣ ਵਾਲੀ ਬੈਠਕ ਲਈ ਜੋ ਕਾਂਗਰਸ ਨੇ ਖਾਕਾ ਤਿਆਰ ਕੀਤਾ ਹੈ ਉਹ ਪੰਜਾਬ ਦੀ ਅਵਾਜ਼ ਚੁੱਕਣ ਤੋਂ ਵੱਧ ਪੰਜਾਬੀਆਂ ਨੂੰ ਬਦਨਾਮ ਕਰਨ ਵਾਲਾ ਜਾਪ ਰਿਹਾ ਹੈ। ਅਖਬਾਰਾਂ ਵਿਚ ਛਪੀਆਂ ਖਬਰਾਂ ਮੁਤਾਬਕ ਅਮਿਤ ਸ਼ਾਹ ਨਾਲ ਬੈਠਕ ਤੋਂ ਇਕ ਦਿਨ ਪਹਿਲਾਂ ਪਰਨੀਤ ਕੌਰ ਦੀ ਦਿੱਲੀ ਵਿਚਲੀ ਰਿਹਾਇਸ਼ ’ਤੇ ਅੱਠ ਕਾਂਗਰਸੀ ਸੰਸਦ ਮੈਂਬਰਾਂ ਨੇ ਮੀਟਿੰਗ ਕੀਤੀ ਜਿਸ ਵਿਚ ਏਜੰਡੇ ਬਾਰੇ ਚਰਚਾ ਹੋਈ। ਅਖਬਾਰੀ ਖਬਰਾਂ ਮੁਤਾਬਕ ਬੈਠਕ ਵਿਚ ਕਾਂਗਰਸੀ ਸੰਸਦ ਮੈਂਬਰ ਅਮਿਤ ਸ਼ਾਹ ਨੂੰ ਭਾਰਤ ਦੀ ਸੁਰੱਖਿਆ ਦਾ ਵਾਸਤਾ ਪਾਉਣਗੇ। ਕਾਂਗਰਸੀ ਸੰਸਦ ਮੈਂਬਰ ਨੇ ਅਮਿਤ ਸ਼ਾਹ ਨੂੰ ਇਹ ਕਹਿਣ ਦੀ ਤਿਆਰੀ ਕੀਤੀ ਹੈ ਕਿ ਕਿਸਾਨ ਵਿਰੋਧੀ ਕਾਨੂੰਨਾਂ ਕਾਰਨ ਪੰਜਾਬ ਦੇ ਪੇਂਡੂ ਖੇਤਰ ਵਿਚ ਭਾਰਤ ਖਿਲਾਫ ਵਿਰੋਧ ਦੀਆਂ ਭਾਵਨਾਵਾਂ ਜ਼ੋਰ ਫੜ੍ਹ ਰਹੀਆਂ ਹਨ। ਇਸ ਲਈ ਕਾਂਗਰਸੀ ਸਾਂਸਦਾਂ ਨੇ ਲੋਕਾਂ ਵਿਚ ਉੱਭਰ ਰਹੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਦੇ ਅਕਸ ਦਾ ਹਵਾਲਾ ਦੇਣ ਦਾ ਫੈਂਸਲਾ ਕੀਤਾ ਹੈ। 

ਪੰਜਾਬੀ ਟ੍ਰਿਬਿਊਨ ਦੀ ਖਬਰ ਮੁਤਾਬਕ ਇਸ ਬੈਠਕ ਵਿਚ ਦੱਸਿਆ ਜਾਵੇਗਾ ਕਿ ਕਿਸਾਨ ਅੰਦੋਲਨ ਵਿਚ ਲੋਕਾਂ ਨੂੰ ਗੀਤਾਂ ਆਦਿ ਜ਼ਰੀਏ ਸੰਘਰਸ਼ ਵਿਚ ਕੁੱਦਣ ਲਈ ਪ੍ਰੇਰਿਆ ਜਾ ਰਿਹਾ ਹੈ ਅਤੇ ਇਸ ਨੂੰ ਭਿੰਡਰਾਂਵਾਲੇ ਨਾਲ ਲਿੰਕ ਕੀਤਾ ਜਾ ਰਿਹਾ ਹੈ। ਸੰਸਦ ਮੈਂਬਰ ਮੁਲਾਕਾਤ ਦੌਰਾਨ ਇਹ ਗੱਲ ਰੱਖਣਗੇ ਕਿ ਮੁਲਕ ਵਿਰੋਧੀ ਤਾਕਤਾਂ ਇਸ ਮੌਕੇ ਨੂੰ ਵਰਤ ਸਕਦੀਆਂ ਹਨ ਜਿਸ ਦੇ ਹੱਲ ਲਈ ਸਾਂਝੇ ਤੌਰ ’ਤੇ ਫੌਰੀ ਕਦਮ ਉਠਾਏ ਜਾਣ ਦੀ ਲੋੜ ਹੈ। ਪੁਲੀਸ ਅਤੇ ਆਰਪੀਐੱਫ ਵੱਲੋਂ ਰੇਲਵੇ ਸਟੇਸ਼ਨਾਂ ਦੀ ਸਾਂਝੀ ਜਾਂਚ ਤੋਂ ਜਾਣੂ ਕਰਾਇਆ ਜਾਵੇਗਾ। ਸੰਸਦ ਮੈਂਬਰ ਇਹ ਭਰਮ ਦੂਰ ਕਰਨ ਦੀ ਵੀ ਕੋਸ਼ਿਸ਼ ਕਰਨਗੇ ਕਿ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਨਾਲ ਕਿਸਾਨਾਂ ਧਿਰਾਂ ਨੂੰ ਨਹੀਂ ਉਕਸਾ ਰਹੀ ਹੈ। 

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਸਮੇਤ ਪਰਿਵਾਰ ਦੇ ਕਈ ਜੀਆਂ ਖਿਲਾਫ ਈਡੀ ਦੀ ਜਾਂਚ ਖੋਲ੍ਹ ਦਿੱਤੀ ਹੈ।