ਚਪੜਚਿੜੀ ਦੇ ਜੰਗ-ਏ-ਮੈਦਾਨ ਦਾ ਦ੍ਰਿਸ਼: ਖ਼ਾਲਸਾਈ ਦਲ 'ਤੇ ਮੁਗਲੀਆ ਦਲ ਦੀਆਂ ਤੋਪਾਂ ਨੇ ਬਾਛੜ ਕੀਤੀ (ਕਿ:1)

ਚਪੜਚਿੜੀ ਦੇ ਜੰਗ-ਏ-ਮੈਦਾਨ ਦਾ ਦ੍ਰਿਸ਼: ਖ਼ਾਲਸਾਈ ਦਲ 'ਤੇ ਮੁਗਲੀਆ ਦਲ ਦੀਆਂ ਤੋਪਾਂ ਨੇ ਬਾਛੜ ਕੀਤੀ (ਕਿ:1)

ਕੋਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦਰਮਿਆਨ ਵਿਸ਼ਵ ਦੇ ਵੱਖ-ਵੱਖ ਖਿੱਤਿਆਂ 'ਚ ਬੈਠਾ ਸਿੱਖ ਭਾਈਚਾਰਾ ਆਪਣੇ ਘਰਾਂ ਵਿਚ ਹੀ ਇਤਿਹਾਸਕ ਦਿਹਾੜਿਆਂ ਨੂੰ ਯਾਦ ਕਰ ਰਿਹਾ ਹੈ। ਸਨ 1710 ਦੇ ਮਈ ਮਹੀਨੇ ਵਿਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਥਾਪੇ ਗਏ ਬਾਬਾ ਬੰਦਾ ਸਿੰਘ ਬਹਾਦਰ ਦੀ ਜਥੇਦਾਰੀ ਹੇਠ ਖਾਲਸਾ ਫੌਜ ਨੇ ਮੁਗਲ ਸਲਤਨਤ ਦੇ ਪੰਜਾਬ ਵਿਚਲੇ ਕੇਂਦਰੀ ਸੂਬੇ ਸਰਹਿੰਦ ਨੂੰ ਫਤਹਿ ਕੀਤਾ ਸੀ। ਸਰਹਿੰਦ ਫਤਹਿ ਦੀ ਇਤਿਹਾਸਕ ਦਾਸਤਾਨ ਸਬੰਧੀ ਅਸੀਂ ਨਾਵਲਕਾਰ ਨਰਿੰਦਰਪਾਲ ਸਿੰਘ ਵੱਲੋਂ ਨਾਵਲ 'ਖੰਨਿਓਂ ਤਿੱਖੀ' ਵਿਚ ਲਿਖੇ ਇਸ ਇਤਿਹਾਸਕ ਘਟਨਾ ਦੇ ਵਿਰਤਾਂਤ ਵਾਲੇ ਹਿੱਸੇ ਨੂੰ 'ਅੰਮ੍ਰਿਤਸਰ ਟਾਈਮਜ਼' ਦੇ ਪਾਠਕਾਂ ਨਾਲ ਲੜੀਵਾਰ ਸਾਂਝਾ ਕਰ ਰਹੇ ਹਾਂ। ਪਹਿਲੀ ਕਿਸ਼ਤ ਤੁਹਾਡੀ ਸੇਵਾ ਵਿਚ ਹਾਜ਼ਰ ਹੈ।


 

ਉਹਦੇ ਕੋਲ ਲਗਭਗ ਚਾਰ ਕੁ ਦਰਜਨ ਤੋਪਾਂ ਸਨ। ਪਿਛਲੇ ਮਹੀਨਿਆਂ ਤੋਂ ਕਾਰੀਗਰ ਤੋਪਾਂ ਦੀ ਮੁਰੰਮਤ ਕਰਦੇ ਰਹੇ ਸਨ। ਭੈੜੇ ਤੇ ਨਾਕਿਸ ਪੁਰਜ਼ੇ ਬਦਲੇ ਗਏ ਸਨ। ਹਰ ਤੋਪ ਦੀ ਪੂਰੀ ਸਫਾਈ ਕੀਤੀ ਗਈ ਸੀ ਤੇ ਸਭ ਨੂੰ ਵਾਰੋ-ਵਾਰ ਇਕ ਦਿਨ ਪਤਿਆਇਆ ਵੀ ਗਿਆ ਸੀ। ਉਹਦੇ ਕੋਲ ਦੋ ਕੁ ਸੌ ਹਾਥੀ ਸੀ। ਇਹਨਾਂ ਹਾਥੀਆਂ ਨੂੰ ਵੀ ਪਿਛਲੇ ਦੋ ਮਹੀਨਿਆਂ ਤੋਂ ਖ਼ਾਸ ਸਿਖਿਆ ਜਾਂਦੀ ਰਹੀ ਸੀ। ਇਹਨਾਂ ਦੀ ਖ਼ੁਰਾਕ ਦਾ ਪ੍ਰਬੰਧ ਵੀ ਬੜੇ ਉਚੇਚੇ ਨਾਲ ਕੀਤਾ ਗਿਆ ਸੀ, ਨਵੇਂ ਮਹਾਵਤਾਂ ਨੂੰ ਤਰਬੀਅਤ ਦਿੱਤੀ ਗਈ ਸੀ। ਵਰ੍ਹਿਆਂ ਪਿਛੋਂ ਇਹਨਾਂ ਹਾਥੀਆਂ ਦੀ ਵੀ ਸੁਣੀ ਗਈ ਸੀ।ਉਹਦੇ ਕੋਲ ਹੁਣ ਦਸ ਬਾਰਾਂ ਹਜ਼ਾਰ ਘੋੜੇ ਵੀ ਜੁੜ ਗਏ ਸਨ। ਉਹਦੇ ਗੁਮਾਸ਼ਤਿਆਂ ਨੇ ਸਾਰੇ ਇਲਾਕੇ ਵਿੱਚ ਫਿਰ ਕੇ ਇਹ ਘੋੜੇ ਇਕੱਠੇ ਕੀਤੇ ਸਨ। ਉਹਦੇ ਕੋਲ ਅਣਗਿਣਤ ਜ਼ੰਬੂਰਕਾਂ ਸਨ ਤੇ ਬੰਦੂਕਾਂ ਤੇ ਤੋਪਾਂ ਵਾਸਤੇ ਬੇਇਨਤਹਾਂ ਗੋਲੀਆਂ ਤੇ ਬਾਰੂਦ ਤਿਆਰ ਹੋ ਚੁੱਕਾ ਸੀ।

ਸਰਹਿੰਦ ਵਿਚ ਐਨਾ ਉਦਮ ਤੇ ਪੁਰਸ਼ਾਰਥ ਕਦੀ ਵੇਖਣ ਵਿਚ ਨਹੀਂ ਸੀ ਆਇਆ। ਮਿਸਤਰੀਆਂ ਤੇ ਲੁਹਾਰਾ ਨੇ ਤਾਂ ਜੰਗੀ ਸਾਮਾਨ ਤਿਆਰ ਕਰਨਾ ਹੀ ਸੀ ਠਠਿਹਾਰ, ਸੁਨਿਆਰੇ, ਜੜੀਏ, ਤਰਖਾਣ ਵੀ ਸਾਰੇ ਇਸੇ ਕੰਮ ਲਾ ਦਿੱਤੇ ਗਏ।ਹੋਰ ਵੀ ਜਿਨ੍ਹਾਂ ਜਿਨ੍ਹਾਂ ਨੂੰ ਗੋਲਾ ਬਾਰੂਦ ਜਾਂ ਹਥਿਆਰਾਂ ਦੀ ਸੋਝੀ ਸੀ, ਚੁਣ ਚੁਣ ਕੇ ਇਕ ਮੀਰ ਮੁਨੱਜ਼ਮ ਕੋਲ ਭੇਜੇ ਗਏ। ਇਹ ਮੀਰ ਮੁਨੱਜ਼ਮ ਗੋਲਾ ਬਾਰੂਦ ਤੇ ਰਸਦ ਪਾਣੀ ਲਈ ਸਰਪਰਸਤ ਨਿਯੁਕਤ ਕੀਤਾ ਗਿਆ ਸੀ। ਜੰਗੀ ਸਾਮਾਨ ਤੋਂ ਉਪਰੰਤ ਮੀਰ ਮੁਨੱਜ਼ਮ ਦੇ ਬੰਦੇ ਸਾਰੇ ਸੂਬੇ ਵਿਚ ਘੁੰਮ ਕੇ ਰਸਦ ਇਕੱਠੀ ਕਰ ਰਹੇ ਸਨ। ਕਿਸੇ ਕੋਲੋਂ ਜੌਂ ਖੋਹ, ਕਿਸੇ ਕੋਲੋਂ ਕਣਕ ਮੰਗ, ਕਿਸੇ ਦਾ ਘਾਹ ਲੁੱਟ, ਕਿਸੇ ਦੇ ਛੋਲੇ ਭੋਰੇ ਪਾ, ਇਹਨਾਂ ਬੰਦਿਆਂ ਨੇ ਸੂਬੇ ਵਿਚ ਤਰਥੱਲੀ ਮਚਾ ਦਿੱਤੀ। ਕਿਸੇ ਨੂੰ ਬਦਲੇ ਵਿਚ ਨਾ ਪੈਸਾ, ਨਾ ਹੀ ਕੋਈ ਹੋਰ ਇਵਜ਼ਾਨਾ। ਲੋਕ ਭੁੱਖੇ ਮਰਨ ਲੱਗੇ। ਉਹਨਾਂ ਦੀ ਸਾਲ-ਸਾਲ ਦੋ-ਦੋ ਸਾਲ ਦੀ ਕਮਾਈ ਪਲੋ-ਪਲੀ ਖੁੱਸ ਗਈ।

ਕੋਈ ਬਿੜ੍ਹਕ ਨਾ ਸਕਦਾ। ਜਿਸ ਜਿਸ ਵੀ ਰੋਕ ਕੀਤਾ ਉਹ ਮਾਰ ਦਿਤਾ ਗਿਆ। ਹਿੰਦੂ ਲੋਕ ਗਾਲ੍ਹਾਂ ਕੱਢਦੇ ਕਮੀਨੇ ਵਜ਼ੀਰੇ ਨੂੰ, ਤੇ ਮੁਸਲਮਾਨ ਬੰਦੇ ਦਾ ਨਾਂ ਲੈ ਕੇ ਥੁਕਾਂ ਸੁਟਦੇ। ਏਧਰ ਇਹ ਸਾਮਾਨ ਤੇ ਰਸਦ ਇਕੱਠੀ ਹੋ ਰਹੀ ਸੀ ਤੇ ਓਧਰ ਪੰਜਾਬ ਦੀਆਂ ਚੌਹਾਂ ਨੁੱਕਰਾਂ ਤੋਂ ਗ਼ਾਜ਼ੀ ਜੁੜ ਰਹੇ ਸਨ। ਵਜ਼ੀਰ ਖ਼ਾਨ ਦੇ ਏਲਚੀ ਹਰ ਥਾਂ ਗਏ ਤੇ ਉਹਨਾਂ ਇਸਲਾਮ ਦੇ ਨਾਂ ਉੱਤੇ ਸਭ ਮੁਸਲਮਾਨਾਂ ਅੱਗੇ ਅਪੀਲ ਕੀਤੀ ਤੇ ਕਿਹਾ ਕਿ ਹਿੰਦੁਸਤਾਨ ਵਿਚ ਇਸਲਾਮ ਨੂੰ ਬਚਾਉਣ ਵਾਸਤੇ ਇਹ ਸਭ ਤੋਂ ਜ਼ਰੂਰੀ ਲੜਾਈ ਹੈ। ਉਹਨਾਂ ਨੇ ਬੰਦੇ ਬਹਾਦਰ ਦੀਆਂ ਕਾਰਸਤਾਨੀਆਂ ਤੇ ਉਹਦੇ ਮਚਾਏ ਜ਼ੁਲਮਾਂ ਦੀ ਦੁਹਾਈ ਦੇ ਕੇ ਮੁਸਲਮਾਨ ਜਨਤਾ ਨੂੰ ਠਕਸਾਇਆ ਤੇ ਆਖਿਆ ਕਿ ਜੇ ਬੰਦਾ ਸਰਹਿੰਦ ਮੱਲ ਬੈਠਾ ਤਾਂ ਜਲਦੀ ਹੀ ਸਭ ਦੇਸ਼ ਵਿੱਚ ਸਿਖਾਂ ਦੀ ਹਕੂਮਤ ਸਥਾਪਿਤ ਹੋ ਜਾਏਗੀ ਤੇ ਤੁਸਾਂ ਵਿਚੋਂ ਕੋਈ ਜਿਊਂਦਾ ਨਹੀਂ ਰਹੇਗਾ।

ਇਹ ਦੁਹਾਈ ਸੁਣ ਕੇ ਕਈ ਮੁਸਲਮਾਨ ਵੀਣੀਆਂ ਉਪਰ ਗਾਨੇ ਬੰਨ ਕੇ ਉਠ ਟੁਰੇ। ਹਿਸਾਰ ਤੋਂ ਆਦਮੀ ਆਏ, ਜਲੰਧਰ ਤੋਂ ਆਦਮੀ ਆਏ, ਲਾਹੌਰ ਤੋਂ ਵੀ ਗ਼ਾਜ਼ੀ ਪੁਜੇ ਤੇ ਏਥੋਂ ਤਕ ਕਿ ਐਮਨਾਬਾਦ ਤੇ ਗੁਜਰਾਤ ਤੋਂ ਵੀ ਕੁਝ ਲੜਾਕੇ ਸਰਹਿੰਦ ਦੇ ਬਚਾਅ ਲਈ ਆਏ। ਇਹਨਾਂ ਗ਼ਾਜ਼ੀਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਘੱਟ ਨਹੀਂ ਸੀ। ਪੰਜ ਹਜ਼ਾਰ ਤੋਂ ਵੱਧ ਗ਼ਾਜ਼ੀ ਤੇ ਪੰਦਰ੍ਹਾਂ ਹਜ਼ਾਰ ਤੋਂ ਵੱਧ ਤਨਖ਼ਾਹ ਦਾਰ ਫੌਜਾਂ ਦੇਖ ਬੁਢੇ ਵਜ਼ੀਰ ਖਾਨ ਨੂੰ ਹੰਕਾਰ ਚੜ੍ਹ ਗਿਆ। ਇਕ ਵਕਤ ਉਹ ਮਦਦ ਮਦਦ ਕੂਕਦਾ ਰਿਹਾ ਸੀ। ਪਰ ਹੁਣ ਜਦੋਂ ਚਾਲੀ ਪੰਜਾਹ ਤੋਪਾਂ, ਦੌ ਸੋ ਹਾਥੀ, ਦਸ ਬਾਰਾਂ ਹਜ਼ਾਰ ਘੌੜੇ ਤੇ ਵੀਹ ਹਜ਼ਾਰ ਤੋਂ ਵੀ ਉੱਤੇ ਸੈਨਾਂ ਜੁੜ ਗਈ ਤਾਂ ਵਜ਼ੀਰ ਖ਼ਾਨ ਹੰਕਾਰਿਆ ਗਿਆ। ਉਹਦੇ ਮਨ ਵਿਚ ਫੁਰਨਾ ਫੁਰਿਆ ਕਿ ਇਸ ਫੌਜ ਨਾਲ ਤਾਂ ਉਹ ਦਿੱਲੀ ਉੱਤੇ ਹਮਲਾ ਕਰ ਕੇ ਵੀ ਸਫਲ ਹੋਵੇਗਾ ਤੇ ਉਸਨੇ ਮਹਿਸੂਸ ਕੀਤਾ ਕਿ ਬਹਾਦਰ ਸ਼ਾਹ ਵਰਗੇ ਡਰੂ ਦੀ ਥਾਂ ਤੇ ਉਹ ਚੰਗੇਰਾ ਸ਼ਹਿਨਸ਼ਾਹ ਬਣੇਗਾ। ਉਹਨੇ ਆਪਣੀਆਂ ਮੁੱਛਾਂ ਨੂੰ ਤਾਅ ਦਿੱਤਾ, ਆਪਣੀ ਅਧ-ਕਤਰੀ ਦਾੜ੍ਹੀ ਨੂੰ ਖੁਰਕਿਆ ਤੇ ਉਹਨੂੰ ਲੱਗਾ ਜਿਵੇਂ ਉਹ ਦਿੱਲੀ ਦਾ ਬਾਦਸ਼ਾਹ ਹੋਵੇ। ਉਹ ਕੁਝ ਪਲਾਂ ਲਈ ਬੰਦੇ ਨੂੰ ਭੁਲ ਗਿਆ। ਇਹ ਪਹਿਲੀ ਵਾਰ ਸੀ ਕਿ ਸਮਾਣੇ ਦੀ ਹਾਰ ਪਿਛੋਂ ਉਹ ਕੁਝ ਪਲਾਂ ਲਈ ਬੰਦੇ ਨੂੰ ਭੁਲ ਸਕਿਆ ਸੀ। ਪਰ ਜਲਦੀ ਹੀ ਉਹ ਇਸ ਸੁਪਨੇ ਵਿਚੋਂ ਜਾਗਿਆ। ਬੰਦਾ ਸਾਹਮਣੇ ਦਿਸਿਆ ਤੇ ਉਸ ਕਿਹਾ: 'ਮਰਦੂਦ ਬੰਦਾ'।

ਵਜ਼ੀਰ ਖ਼ਾਨ ਨੇ ਆਪਣੀ ਫੌਜ ਨੂੰ ਚਾਰ ਹਿੱਸਿਆਂ ਵਿਚ ਵੰਡਿਆ। ਸੱਜੇ ਹੱਥ ਸ਼ੇਰ ਮੁਹੰਮਦ ਖ਼ਾਨ ਸੀ; ਵਾਲੀਏ ਮਲੇਰ ਕੋਟਲਾ, ਇਕ ਵੱਡਾ ਘੋੜ ਸਵਾਰ। ਰੋਪੜ ਦੀ ਹਾਰ ਲਈ ਵਜ਼ੀਰ ਖ਼ਾਨ ਨੇ ਉਹਨੂੰ ਮੁਆਫ ਕਰ ਦਿਤਾ ਸੀ। ਜੇ ਮੁਆਫ ਨਾ ਕਰਦਾ ਤਾਂ ਹੋਰ ਕਰਦਾ ਵੀ ਕੀ; ਮਲੇਰ ਕੋਟਲਾ ਦੇ ਪਠਾਣਾਂ ਤੋˆ ਬਗੈਰ ਉਹ ਕਿਸੇ ਥਾਂ ਜੋਗਾ ਨਾ ਰਹਿੰਦਾ। ਇਸ ਬਾਹੀ ਵਲ ਸਭ ਤੋਂ ਵੱਧ ਫੌਜ ਸੀ ਤੇ ਵਜ਼ੀਰ ਖ਼ਾਨ ਦੀ ਚਾਲ ਸੀ ਕਿ ਉਹ ਸੱਜੇ ਹੱਥੋਂ ਹੀ ਬੰਦੇ ਦੀ ਸੈਨਾ ਨੂੰ ਲਪੇਟ ਵਿਚ ਲਏਗਾ। ਖੱਬੇ ਹੱਥ ਪੰਜ ਹਜ਼ਾਰ ਗ਼ਾਜ਼ੀ ਸਨ। ਇਹਨਾਂ ਦਾ ਸਰਦਾਰ, ਬੇਗ਼ ਖ਼ਾਨ ਥਾਪਿਆ ਗਿਆ ਸੀ। ਬੇਗ਼ ਖ਼ਾਨ ਕਦੀ ਸਮਾਣੇ ਦਾ ਹਾਕਮ ਰਹਿ ਚੁੱਕਾ ਸੀ ਤੇ ਅੱਜ ਕਲ੍ਹ ਵਜ਼ੀਰ ਖ਼ਾਨ ਦੀ ਪੱਕੀ ਫੌਜ ਦਾ ਸੈਨਾਪਤੀ ਸੀ। ਇਹਨਾਂ ਗ਼ਾਜ਼ੀਆਂ ਦਾ ਕੰਮ ਸੀ, ਬੰਦੇ ਦੀ ਭੱਜੀ ਜਾਂਦੀ ਫੌਜ ਨੂੰ ਰੋਕਣਾ ਤੇ ਵਧ ਤੋਂ ਵਧ ਆਦਮੀ ਮਾਰਨੇ। ਵਿਚਕਾਰ ਆਪ ਵਜ਼ੀਰ ਖ਼ਾਨ ਸੀ। ਆਪਣੀ ਪੱਕੀ ਫੌਜ ਦੀ ਕਮਾਨ ਉਸ ਆਪਣੇ ਹੱਥ ਵਿਚ ਲੈ ਲਈ ਸੀ ਤੇ ਇਸ ਫੌਜ ਨਾਲ ਉਹ ਇਕ ਤਾਂ ਆਪਣਾ ਨਿੱਜੀ ਬਚਾਅ ਕਰਨਾ ਲੋੜਦਾ ਸੀ ਤੇ ਦੂਜੇ ਸਮੇˆ ਅਨੁਸਾਰ ਕਿਸੇ ਵੀ ਬਾਹੀ ਦੀ ਮਦਦ ਕੀਤੀ ਜਾ ਸਕਦੀ ਸੀ। ਸਭ ਤੋˆ ਸਾਹਮਣੇ ਤੋਪਾਂ ਸਨ ਤੇ ਉਹਨਾਂ ਦੇ ਪਿਛੇ ਹਾਥੀ- ਭਾਵ ਕਿ ਘੋੜ ਸਵਾਰ ਤੇ ਪਿਆਦਾ ਫੌਜ ਤੋਪਾਂ ਤੇ ਹਾਥੀਆਂ ਦੀ ਓਟ ਵਿਚ ਖੜੀ ਸੀ।

ਤੋਪਾਂ ਦੇ ਕੋਲ ਗੋਲਿਆਂ ਦੇ ਢੇਰ ਲਾ ਦਿਤੇ ਗਏੇ। ਹਰ ਸਿਪਾਹੀ ਨੂੰ ਜਿੰਨੀਆਂ ਵਧ ਤੋਂ ਵਧ ਉਹ ਗੋਲੀਆਂ ਚੁਕ ਸਕਦਾ, ਦੇ ਦਿੱਤੀਆਂ ਗਈਆਂ। ਹਾਥੀਆਂ ਨੂੰ ਪਿਲਾਣ ਵਾਸਤੇ ਸ਼ਰਾਬ ਦਾ ਪ੍ਰਬੰਧ ਕੀਤਾ ਗਿਆ। ਜਦੋਂ ਤਿਆਰੀ ਮੁਕੰਮਲ ਹੋ ਗਈ ਤਾਂ ਹਰ ਪੰਜ ਸੌ ਆਦਮੀਆਂ ਦੇ ਕਮਾਨ-ਅਫ਼ਸਰ ਤਕ ਦੇ ਔਹਦੇਦਾਰ ਵਜ਼ੀਰ ਖ਼ਾਨ ਦੇ ਖੈਮੇ ਕੋਲ ਆ ਜੁੜੇ, ਤੇ ਵਜ਼ੀਰ ਖ਼ਾਨ ਨੇ ਕਿਹਾ:
ਗ਼ਾਜ਼ੀਓ ਤੇ ਇਸਲਾਮ ਦੇ ਚਮਕਦੇ ਹੀਰਿਓ। 'ਇਹ ਜੰਗ ਪਾਣੀਪਤ ਦੀ ਜੰਗ ਨਾਲੋਂ ਵੀ ਢੇਰ ਮਹੱਤਵ ਵਾਲੀ ਹੈ। ਏਥੇ ਇਸਲਾਮ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਜੇ ਕਾਫਰਾਂ ਨੇ ਸਰਹਿੰਦ ਜਿੱਤ ਲਈ ਤਾਂ ਮੁਗਲੀਹਾ ਸਲਤਨੱਤ ਮੁਕ ਗਈ ਸਮਝੋ। ਮਰਦੂਦ ਬੰਦੇ ਨੂੰ ਏਥੇ ਠਲ੍ਹ ਨਾ ਪਈ ਤਾਂ ਉਹਨੂੰ ਕਿਤੇ ਕੋਈ ਠਲ੍ਹ ਨਹੀਂ ਪਾ ਸਕੇਗਾ।

'ਇਸ ਤਰ੍ਹਾਂ ਲੜੋ ਕਿ ਅੱਗੇ ਕਦੀ ਨਾ ਲੜੇ ਹੋਵੋ। ਮੈˆ ਆਪਣੀ ਜ਼ਿੰਦਗੀ ਵਿਚ ਕਦੀ ਨਹੀਂ ਹਾਰਿਆ। ਇਹਨਾਂ ਧੌਲਿਆਂ ਨਾਲ ਹੁਣ ਮੇਰੀ ਮਿੱਟੀ ਪਲੀਤ ਨਾ ਕਰਵਾਣੀ। ਬੰਦੇ ਮਰਦੂਦ ਤੇ ਬਾਜ ਸਿੰਘ ਦੀਆਂ ਲੋਥਾਂ ਜਿਹੜਾ ਮੇਰੇ ਸਾਹਮਣੇ ਲਿਆਵੇਗਾ, ਮੂੰਹ ਮੰਗਿਆ ਇਨਾਮ ਪਾਏਗਾ।'

ਚਪੜਚਿੜੀ, ਜੋ ਸਰਹਿੰਦ ਤੋਂ ਅੱਠ ਦੱਸ ਮੀਲ ਦੀ ਵਿੱਥ ਤੇ ਸੀ, ਵਜ਼ੀਰ ਖ਼ਾਨ ਦੀ ਸੈਨਾ ਨੇ ਮੋਰਚੇ ਗੱਡ ਲਏ ਤੇ ਸਿੱਖਾਂ ਦੀ ਉਡੀਕ ਕਰਨ ਲੱਗੇ। 

ਬੰਦਾ ਸਿੰਘ ਨੇ ਵਜ਼ੀਰ ਖ਼ਾਨ ਨੂੰ ਮੋਰਚੇ ਗੱਡਣ ਦਿਤੇ, ਉਹਨਾਂ ਨੂੰ ਪੂਰੀਆਂ ਤਿਆਰੀਆਂ ਕਰਨ ਦਿਤੀਆਂ ਤੇ ਆਪ ਉਹਨਾਂ ਸਭ ਤਿਆਰੀਆਂ ਦੀਆਂ ਖ਼ਬਰਾਂ ਸੁਣਦਾ ਰਿਹਾ। ਜਦੋਂ ਉਹਦੇ ਸੂਹੀਆਂ ਨੇ ਵਜ਼ੀਰ ਖ਼ਾਨ ਦੀ ਉਪਰੋਕਤ ਤਕਰੀਰ ਦਾ ਸਾਰੰਸ਼ ਬੰਦੇ ਨੂੰ ਦਸਿਆ ਤਾਂ ਉਹ ਮੁਸਕਰਾਇਆ ਤੇ ਉਸ ਆਖਿਆ:
'ਮੈˆ ਖ਼ੁਸ਼ ਹਾਂ ਕਿ ਵਜ਼ੀਰ ਖ਼ਾਨ ਤੇ ਮੁਸਲਮਾਨ ਹਾਕਮਾਂ ਦੇ ਦਿਲ ਵਿਚ ਕੋਈ ਹਸਰਤ ਨਹੀਂ ਰਹਿ ਗਈ।'

ਬੰਦਾ ਸਿੰਘ ਨੇ ਆਪਣੀ ਸੈਨਾ ਨੂੰ ਚਾਰ ਹਿੱਸਿਆਂ ਵਿਚ ਵੰਡਿਆ।

ਸੱਜੇ ਹੱਥ ਗ਼ਾਜ਼ੀਆਂ ਦੇ ਸਾਹਮਣੇ ਸਨ ਮਝੈਲ ਤੇ ਦੁਆਬੀਏ ਸਿੰਘ। ਜੱਥੇਦਾਰ ਭਾਈ ਬਾਜ ਸਿੰਘ ਸੀ ਤੇ ਉਹਦੇ ਥੱਲੇ ਸਨ ਭਾਈ ਬਿਨੋਦ ਸਿੰਘ ਤਿਹਨ, ਭਾਈ ਰਾਮ ਸਿੰਘ ਤੇ ਸਰਦਾਰ ਰਤਨ ਸਿੰਘ ਚਾਹਿਲ।

ਖੱਬੇ ਹੱਥ ਤੇ ਮਲੇਰਕੋਟਲੀਆਂ ਦੇ ਸਨਮੁਖ ਡਟੇ ਸਨ ਮਲਵਈ ਦੂਲੇ। ਜੱਥੇਦਾਰ ਭਾਈ ਫਤਹ ਸਿੰਘ ਸੀ ਤੇ ਉਹਦੇ ਥੱਲੇ ਸਨ ਭਾਈ ਕਰਮ ਸਿੰਘ, ਸਰਦਾਰ ਆਲੀ ਸਿੰਘ, ਸਰਦਾਰ ਤਫ਼ਤਾ ਸਿੰਘ ਤੇ ਸਰਦਾਰ ਨਿਗਾਹਾ ਸਿੰਘ।

ਵਿਚਕਾਰ ਬਾਬਾ ਕਾਹਨ ਸਿੰਘ ਤੇ ਸਰਦਾਰ ਮੀਰੀ ਸਿੰਘ ਸਨ। ਥੱਲੇ ਕੁਝ ਹਜ਼ਾਰ ਸਿਪਾਹੀ। ਇਹ ਸਿਪਾਹੀ ਪੰਜਾਬ ਦੀਆਂ ਭਿੰਨ ਭਿੰਨ ਕੂੰਟਾਂ ਵਿਚੋˆ ਆਏ ਸਨ ਸਾਫ ਖੁਲ੍ਹੇ ਸ਼ਬਦਾਂ ਵਿਚ ਇਹ ਸਨ ਧਾੜਵੀ। ਇਹਨਾਂ ਦਾ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕੱਚਾ ਸੀ। ਤੇ ਇਹਨਾਂ ਦਾ ਸਿਖ ਧਰਮ ਵਿਚ ਵਿਸ਼ਵਾਸ਼ ਲੁੱਟ ਮਾਰ ਤਕ ਹੀ ਸੀਮਤ। ਇਹਨਾਂ ਲੋਕਾਂ ਦੀ ਰੋਜ਼ੀ ਦਾ ਵਸੀਲਾ ਚੋਰੀਆਂ ਤੇ ਡਾਕੇ ਸਨ। ਇਹ ਕੰਮ ਤੋਂ ਕਤਰਾਂਦੇ ਤੇ ਜੰਗਲਾਂ ਵਿਚ ਰਹਿੰਦੇ। ਇਹ ਬੰਦੇ ਨਾਲ ਆ ਮਿਲੇ ਸਨ ਕਿਉਂਕਿ ਇਹਨਾਂ ਨੂੰ ਲੁੱਟ ਦੀ ਸੰਭਾਵਨਾ ਸੀ। ਸਮਾਣਾ ਵਿਚ ਇਹਨਾਂ ਨੇ ਬਹੁਤ ਲੋਟੀ ਮਾਰੀ ਸੀ। ਬੰਦਾ ਸਿੰਘ ਨੇ ਇਹਨਾਂ ਨੂੰ ਰੱਖੀ ਰਖਿਆ ਸੀ, ਕਿਉਂਕਿ ਉਹਨੂੰ ਅਜੇ ਆਪ ਹਰ ਮਨ ਪਿਆਰਾ ਹੋਣ ਦੀ ਲੋੜ ਸੀ ਤੇ ਉਹਨੂੰ ਅਜੇ ਆਪਣੇ ਥੱਲੇ ਕਿਸੇ ਗਿਣਤੀ ਵਿਚ ਗਿਣੀ ਜਾਣ ਵਾਲੀ ਸੈਨਾ ਦੀ ਲੋੜ ਸੀ। ਸੂਬੇਦਾਰ ਸਰਹਿੰਦ ਦੀਆਂ ਤਿਆਰੀਆਂ ਸੁਣ ਸੁਣ ਕੇ ਇਹ ਧਾੜਵੀ ਪਹਿਲੇ ਹੀ ਡਗਮਗਾ ਰਹੇ ਸਨ ਪਰ ਕਈਆਂ ਦਾ ਬੰਦੇ ਦੀ ਜਿੱਤ ਵਿਚ ਵਿਸ਼ਵਾਸ਼ ਅਟੱਲ ਸੀ। ਬੰਦੇ ਨੇ ਇਹਨਾਂ ਨੂੰ ਜਾਣ ਕੇ ਮਾਲਵੀਆਂ ਤੇ ਮਝੈਲਾਂ ਦੇ ਵਿਚਕਾਰ ਰਖਿਆ ਤਾਂ ਜੋ ਦੌੜਨਾ ਸੌਖਾ ਨਾ ਹੋਵੇ।

ਚੌਥਾ ਹਿੱਸਾ ਬੰਦਾ ਬਹਾਦਰ ਦੀ ਆਪਣੀ ਕਮਾਨ ਥੱਲੇ ਸੀ। ਇਹ ਜੱਥਾ ਮਲਵਈਆਂ, ਮਝੈਲਾਂ ਤੇ ਦੁਆਬੀਆਂ ਦੇ ਚੌਣਵੇਂ ਸਵਾਰਾਂ ਦਾ ਇਕੱਠ ਸੀ ਤੇ ਇਹਨਾਂ ਗਿਣਵੇਂ ਮਿਣਵੇਂ ਸਵਾਰਾਂ ਨਾਲ ਬੰਦਾ ਬਹਾਦਰ ਜਿੱਤ ਦੀ ਕੁੰਜੀ ਆਪਣੇ ਹੱਥ ਵਿਚ ਰਖਣਾ ਚਾਹੁੰਦਾ ਸੀ।

ਖ਼ਾਲਸੇ ਕੋਲ ਸਿਰਫ ਛੇ ਤੋਪਾਂ ਸਨ। ਇਹਨਾਂ ਵਿਚੋਂ ਦੋ ਤਾਂ ਮੁਸਤਫਾਬਾਦ ਦੀ ਲੜਾਈ ਵਿਚ ਹੱਥ ਲਗੀਆਂ ਸਨ ਤੇ ਬਾਕੀ ਦੀਆਂ ਚਾਰ, ਹੋਰਨਾਂ ਇੱਕੀਆਂ ਦੁੱਕੀਆਂ ਲੜਾਈਆਂ ਤੇ ਮੁੱਠ ਭੇੜਾਂ ਵਿਚ ਜਿੱਤੀਆਂ ਗਈਆਂ ਸਨ। ਇਹਨਾਂ ਤੋਪਾਂ ਦੇ ਚਲਵਈਏ ਬੁੰਧੇਲਖੰਡੀ ਜਵਾਨ ਸਨ, ਜਿਨ੍ਹਾਂ ਵਿਚੋਂ ਕੁਝ ਪਹਿਲੇ ਸੂਬੇ ਸਰਹਿੰਦ ਤੇ ਕੁਝ ਮੁਗਲੀਹਾ ਸ਼ਾਹੀ ਸੈਨਾ ਵਿਚ ਨੌਕਰੀ ਕਰ ਚੁੱਕੇ ਸਨ। ਬੰਦਾ ਇਹਨਾਂ ਬੁੰਧੇਲਖੰਡੀ ਜਵਾਨਾਂ ਦਾ ਖਾਸ ਖਿਆਲ ਰਖਦਾ ਸੀ। ਹਰ ਸਵੇਰ ਆਪ ਉਹਨਾਂ ਨੂੰ ਕਵਾਇਦਾਂ ਕਰਦਿਆਂ ਤੇ ਹੋਰਨਾਂ ਨੂੰ ਕਵਾਇਦ ਸਿਖਾਂਦਿਆਂ ਵੇਖਿਆ ਕਰਦਾ।

ਇਹ ਚੰਦ ਬੁੰਧੇਲਖੰਡੀ ਜੁਆਨ ਤੇ ਇਹ ਛੇ ਤੋਪਾਂ ਖ਼ਾਲਸਾ ਰਾਜ ਦੇ ਮਹਾਨ ਤੋਪਖ਼ਾਨੇ ਦਾ ਅਦਿ ਸਨ, ਜਿਸ ਤੋਪਖ਼ਾਨੇ ਨੇ ਕਿ ਸਮਾਂ ਪਾ ਕੇ ਅੰਗ੍ਰੇਜ਼ੀ ਤੋਪਖ਼ਾਨੇ ਦਾ ਮੂੰਹ ਭੁਆਇਆ। 
ਬੰਦਾ ਬਹਾਦਰ ਨੇ ਆਪਦੀ ਪਾਰਦਰਸ਼ਤਾ ਨਾਲ ਸੋਚ ਲਿਆ ਸੀ ਕਿ ਆਉਂਦੇ ਵਰ੍ਹਿਆਂ ਤੇ ਜੁਗਾਂ ਵਿਚ ਤੋਪਖ਼ਾਨੇ ਦੀ ਮਹੱਤਤਾ ਵਧਦੀ ਜਾਏਗੀ ਤੇ ਜੇ ਖ਼ਾਲਸੇ ਨੇ ਰਾਜ ਦੀਆਂ ਨੀਂਹਾਂ ਪੱਕੀਆਂ ਰੱਖਣੀਆਂ ਹਨ ਤਾਂ ਉਹਨਾਂ ਨੂੰ ਆਪਣੇ ਤੋਪਖ਼ਾਨੇ ਵਲ ਖ਼ਾਸ ਧਿਆਨ ਦੇਣਾ ਪਏਗਾ। ਜਿਹੜੇ ਲੜਾਕੇ ਉਹਨਾਂ ਬੁੰਧੇਲਖੰਡੀਆਂ ਕੋਲੋਂ ਤੋਪਾਂ ਦੀ ਸਿਖਲਾਈ ਲੈਣ ਵਾਸਤੇ ਚੁਣੇ ਗਏ ਉਹ ਸਾਰੇ ਦੇ ਸਾਰੇ ਸਿੱਖ ਜੋਧਿਆਂ ਦੇ ਸਿਰਤਾਜ ਸਨ ਤੇ ਇਹਨਾਂ ਵਿਚ ਸ਼ਾਹਬਾਜ਼ ਸਿੰਘ ਮਾਹਿਲ ਵੀ ਸ਼ਾਮਿਲ ਸੀ।

ਬੰਦਾ ਬਹਾਦਰ ਕੋਲ ਘੋੜ-ਚੜ੍ਹਾ ਕੋਈ ਸੱਤ ਕੁ ਹਜ਼ਾਰ ਹੋਵੇਗਾ ਤੇ ਫੌਜ ਦੀ ਕੁਲ ਗਿਣਤੀ ਵੀਹ ਹਜ਼ਾਰ ਤੋਂ ਕਾਫੀ ਥੱਲੇ। 21 ਮਈ, 1710 ਦੀ ਸ਼ਾਮ ਬੰਦਾ ਸਿੰਘ ਬਹਾਦਰ ਦੀ ਫੌਜ ਵੀ ਚਪੜਚਿੜੀ ਦੇ ਮੈਦਾਨ ਵਿਚ ਪਹੁੰਚ ਗਈ। ਵਜ਼ੀਰ ਖ਼ਾਨ ਦੇ ਮੋਰਚਿਆਂ ਦੇ ਲਾਗੇ ਹੀ ਬਿਰਛਾਂ ਦੇ ਕੁਝ ਨਿਕੇ ਨਿਕੇ ਝੁੰਡ ਸਨ ਤੇ ਮੁਗਲਈ ਸੈਨਾ ਦੇ ਮਧ ਦੇ ਝੁੰਡ ਖ਼ਾਲੀ ਛੱਡ ਦਿਤੇ। ਉਹਦੇ ਮਨ ਵਿਚ ਸ਼ਾਇਦ ਪਾਣੀ ਦੀ ਨੇੜਤਾ ਵਧੇਰੇ ਭਾਵ ਰਖਦੀ ਸੀ, ਕਿਉਂਕਿ ਜਿਥੇ ਹੁਣ ਉਹਦੇ ਮੋਰਚੇ ਸਨ, ਓਥੇ ਪਾਣੀ ਦਾ ਇਕ ਤਲਾਅ ਸੀ। ਖ਼ਾਲਸਈ ਦਲ ਨੇ ਇਹਨਾਂ ਝੁੰਡਾਂ ਵਿਚ ਆ ਉਤਾਰਾ ਕੀਤਾ ਤੇ ਬੰਦੇ ਨੇ ਆਪਣਾ ਸਦਰ ਟਿੱਬੇ ਉੱਤੇ ਆ ਬਣਾਇਆ।

ਜੇ ਬੰਦਾ ਬਹਾਦਰ ਚਾਹੁੰਦਾ ਤਾਂ ਵਜ਼ੀਰ ਖ਼ਾਨ ਨੂੰ ਚਪੜਚਿੜੀ ਹੀ ਬੈਠਾ ਛੱਡ ਆਪ ਵਲਾ ਮਾਰ ਕੇ ਸਰਹਿੰਦ ਉੱਤੇ ਜਾ ਪੈਂਦਾ, ਪਰ ਉਸਦੀ ਮਨਸ਼ਾ ਸਿਰਫ ਸਰਹਿੰਦ ਨੂੰ ਹੀ ਫਤਹ ਕਰਨ ਦੀ ਨਹੀਂ ਸੀ, ਉਹ ਵਜ਼ੀਰ ਖ਼ਾਨ ਨੂੰ ਵੀ ਫਤਹ ਕਰਨਾ ਚਾਹੁੰਦਾ ਸੀ। ਉਹ ਦੁਨੀਆਂ ਨੂੰ ਵਿਖਾਣਾ ਚਾਹੁੰਦਾ ਸੀ ਕਿ ਖ਼ਾਲਸਾ ਦਲ ਕੀ ਕੀ ਕੁਝ ਕਰ ਸਕਦਾ ਹੈ।

ਹੁਣ ਦੋਵੇˆ ਦਲ ਆਮੋ ਸਾਹਮਣੇ ਸਨ। ਖ਼ਾਲਸੇ ਨੂੰ ਆਉˆਦਿਆਂ ਵੇਖ ਕੇ ਮੁਗਲਈ ਸੈਨਾ ਵਿਚ 'ਅਲਾਹ-ਹੂ-ਅਕਬਰ, ਨਾਅਰਾ-ਏ-ਤਕਬੀਰ' ਦੇ ਨਾਅਰੇ ਉੱਚੇ ਹੋਏ ਤੇ ਏਧਰੋਂ ਖ਼ਾਲਸੇ ਨੇ ਵੀ 'ਸਤਿ ਸ੍ਰੀ ਅਕਾਲ' ਦੇ ਜੈਕਾਰੇ ਛੱਡੇ।

ਖ਼ਾਲਸਈ ਦਲ ਨੂੰ ਵਖਰੇ ਝੁੰਡਾਂ ਵਿਚ ਜੁੜਦਿਆਂ ਵੇਖ ਕੇ ਮੁਗਲ ਤੋਪਚਈਆਂ ਨੇ ਸਮਝਿਆ ਕਿ ਖ਼ਾਲਸੇ ਨੂੰ ਧਰ ਲੈਣ ਦਾ ਇਸ ਤੋˆ ਚੰਗਾ ਮੌਕਾ ਹੋਰ ਕੋਈ ਨਹੀਂ ਹੋਵੇਗਾ। ਉਹਨਾਂ ਤੱਤੇ ਤਾਅ ਝੁੰਡਾਂ ਉੱਤੇ ਗੋਲੇ ਵਰਸਾਣੇ ਸ਼ੁਰੂ ਕਰ ਦਿਤੇ। ਗੋਲੇ ਜੰਜੀਰੀ ਸਨ। ਉਹ ਦਰਖਤਾਂ ਵਿਚ ਅੜ ਅੜ ਜਾਂਦੇ ਰਹੇ। ਸਿਖ ਸੈਨਾ ਦੇ ਥੋੜੇ ਆਦਮੀ ਹੀ ਮਰੇ ਤੇ ਥੋੜੇ ਜਿਹੇ ਜ਼ਖਮੀ ਹੋਏ ਪਰ ਵਜ਼ੀਰੀ ਤੋਪਾਂ ਦਾ ਅੱਧੇ ਤੋਂ ਵਧ ਬਰੂਦ ਮੁੱਕ ਗਿਆ। ਲੜਾਈ ਸ਼ੁਰੂ ਹੋਣ ਤੋਂ ਪਹਿਲੇ ਹੀ ਵਜ਼ੀਰ ਖਾਨ ਤੋਪਖਾਨੇ ਦੀ ਮੁਠ ਭੇੜ ਵਿਚ ਹਾਰ ਗਿਆ। ਹੁਣ ਖਾਲਸੇ ਦੀਆਂ ਛੇ ਤੋਪਾਂ ਉਹਦੀਆਂ ਪੰਜਾਹਾਂ ਦੇ ਸਨਮੁਖ ਅੜ ਸਕਣ ਦੇ ਯੋਗ ਸਨ।

ਚਲਦਾ.......(ਬਾਕੀ ਅਗਲੀ ਕਿਸ਼ਤ ਵਿਚ)

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।