ਕੈਨੇਡਾ ਵਿੱਚ ਸਿੱਖਾਂ ਦੀ ਕੂਟਨੀਤਕ ਜਿੱਤ; ਖਤਰਿਆਂ ਸਬੰਧੀ ਰਿਪੋਰਟ ਵਿਚੋਂ ਹਟਾਏ ਸਿੱਖ ਅਤੇ ਖਾਲਿਸਤਾਨੀ ਸ਼ਬਦ

ਕੈਨੇਡਾ ਵਿੱਚ ਸਿੱਖਾਂ ਦੀ ਕੂਟਨੀਤਕ ਜਿੱਤ; ਖਤਰਿਆਂ ਸਬੰਧੀ ਰਿਪੋਰਟ ਵਿਚੋਂ ਹਟਾਏ ਸਿੱਖ ਅਤੇ ਖਾਲਿਸਤਾਨੀ ਸ਼ਬਦ

ਟੋਰਾਂਟੋ: ਕੈਨੇਡਾ ਦੀ ਸਰਕਾਰ ਵੱਲੋਂ "ਕੈਨੇਡਾ ਨੂੰ ਅੱਤਵਾਦੀ ਖਤਰਿਆਂ ਸਬੰਧੀ ਜਨਤਕ ਰਿਪੋਰਟ 2018" ਵਿੱਚ ਤਬਦੀਲੀ ਕਰਦਿਆਂ ਪਹਿਲਾਂ ਵਰਤੇ ਗਏ ਸਿੱਖ ਅਤੇ ਖਾਲਿਸਤਾਨੀ ਸ਼ਬਦਾਂ ਨੂੰ ਹਟਾ ਦਿੱਤਾ ਗਿਆ ਹੈ। ਇਹ ਫੈਂਸਲਾ ਸਿੱਖ ਸੰਗਤਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਕੀਤਾ ਗਿਆ ਹੈ। ਇਸ ਫੈਂਸਲੇ ਤੋਂ ਇੱਕ ਦਿਨ ਪਹਿਲਾਂ ਕੈਨੇਡਾ ਦੇ ਸਿੱਖਾਂ ਨੇ ਐਲਾਨ ਕੀਤਾ ਸੀ ਕਿ ਜੇ ਇਸ ਰਿਪੋਰਟ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਵਰਤੇ ਗਏ ਇਹ ਸ਼ਬਦ ਨਹੀਂ ਹਟਾਏ ਜਾਂਦੇ ਤਾਂ ਸਰੀ ਵਿੱਚ ਹੁੰਦੀ "ਖਾਲਸਾ ਡੇਅ ਪਰੇਡ" ਵਿੱਚ ਕੈਨੇਡਾ ਦੀ ਮੋਜੂਦਾ ਸੱਤਾਧਿਰ 'ਲਿਬਰਲ ਪਾਰਟੀ' ਦੇ ਕਿਸੇ ਵੀ ਆਗੂ ਨੂੰ ਸਟੇਜ 'ਤੇ ਨਹੀਂ ਚੜ੍ਹਨ ਦਿੱਤਾ ਜਾਵੇਗਾ। 

ਹਲਾਂਕਿ ਰਿਪੋਰਟ ਵਿੱਚੋਂ ਭਾਵੇਂ ਕਿ ਸਿੱਖ ਅਤੇ ਖਾਲਿਸਤਾਨੀ ਸ਼ਬਦ ਹਟਾ ਲਏ ਗਏ ਹਨ ਪਰ ਪੰਜਾਬ ਵਿਚ ਭਾਰਤ ਦੇ ਕਬਜ਼ੇ ਖਿਲਾਫ ਅਤੇ ਸਿੱਖ ਕੌਮੀ ਘਰ ਦੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਪ੍ਰਤੀ ਸ਼ਬਦਾਂ ਦੇ ਹੇਰ ਫੇਰ ਨਾਲ ਓਹੀ ਗੱਲ ਕਹੀ ਗਈ ਹੈ। 


ਕੈਨੇਡੀਅਨ ਰਿਪੋਰਟ ਵਿੱਚ ਪੰਜਾਬ ਦੇ ਅਜ਼ਾਦੀ ਸੰਘਰਸ਼ ਸਬੰਧੀ ਦਰਜ ਪਹਿਰਾ

ਰਿਪੋਰਟ ਵਿੱਚ ਸਿੱਖ ਸੰਘਰਸ਼ ਸਬੰਧੀ ਦਿੱਤੇ ਪਹਿਰੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਰਹਿੰਦੇ ਕੁੱਝ ਲੋਕ ਭਾਰਤ ਵਿੱਚ ਅਜ਼ਾਦ ਦੇਸ਼ ਬਣਾਉਣ ਲਈ ਹਿੰਸਕ ਵਸੀਲਿਆਂ ਦੀ ਮਦਦ ਕਰ ਰਹੇ ਹਨ। ਇਸ ਪਹਿਰੇ ਵਿੱਚ ਮੰਨਿਆ ਗਿਆ ਹੈ ਕਿ ਇਸ ਵਿਚਾਰਧਾਰਾ ਲਈ ਹਿੰਸਕ ਕਾਰਵਾਈਆਂ ਵਿੱਚ ਘਾਟ ਆਈ ਹੈ ਪਰ ਇਸ ਦਾ ਵਿਚਾਰਧਾਰਕ ਸਮਰਥਨ ਮੋਜੂਦ ਹੈ। ਇਸ ਪਹਿਰੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਕ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਥੇਬੰਦੀਆਂ ਦਾ ਜ਼ਿਕਰ ਕੀਤਾ ਗਿਆ ਹੈ। 


ਭਾਈ ਮੋਨਿੰਦਰ ਸਿੰਘ

ਸਰੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਨੌਜਵਾਨ ਸਿੱਖ ਆਗੂ ਭਾਈ ਮੋਨਿੰਦਰ ਸਿੰਘ ਨੇ ਸਰਕਾਰ ਦੇ ਇਸ ਫੈਂਸਲੇ ਬਾਰੇ ਕਿਹਾ ਕਿ ਸਿੱਖਾਂ ਦੇ ਵਿਰੋਧ ਦਾ ਅਸਰ ਕਬੂਲਦਿਆਂ ਸਰਕਾਰ ਨੇ ਇਹ ਤਬਦੀਲੀ ਕੀਤੀ ਹੈ ਪਰ ਇਸ ਰਿਪੋਰਟ ਵਿੱਚ ਮੁਸਲਮਾਨ ਧਰਮ ਦੇ ਸ਼ੀਆ ਅਤੇ ਸੁੰਨੀ ਭਾਈਚਾਰਿਆਂ ਨੂੰ ਚਿੰਨਤ ਕਰਦੇ ਸ਼ਬਦਾਂ ਨੂੰ ਨਹੀਂ ਹਟਾਇਆ ਗਿਆ। ਉਹਨਾਂ ਕਿਹਾ ਕਿ ਸਿੱਖ ਚਾਹੁੰਦੇ ਹਨ ਕਿ ਇਸ ਤਰ੍ਹਾਂ ਕਿਸੇ ਵੀ ਧਰਮ ਜਾ ਭਾਈਚਾਰੇ ਨੂੰ ਇਸ ਰਿਪੋਰਟ ਵਿੱਚ ਚਿੰਨਤ ਕਰਨਾ ਗਲਤ ਹੈ ਤੇ ਸਿੱਖਾਂ ਨੂੰ ਸ਼ੀਆ ਤੇ ਸੁੰਨੀ ਭਾਈਚਾਰਿਆਂ ਨਾਲ ਇਸ ਮਾਮਲੇ ਵਿਚ ਖੜੇ ਰਹਿਣਾ ਚਾਹੀਦਾ ਹੈ। 

ਭਾਈ ਮੋਨਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕਿ ਇਸ ਰਿਪੋਰਟ ਵਿੱਚ ਕੁੱਝ ਤਬਦੀਲੀਆਂ ਕੀਤੀਆਂ ਗਈਆਂ ਹਨ ਇਹ ਵੱਡੀ ਜਿੱਤ ਹੈ ਪਰ ਇਹ ਪੂਰੀ ਤਰ੍ਹਾਂ ਨਾਲ ਤਸੱਲੀ ਕਰਾਉਣ ਵਾਲਾ ਨਹੀਂ ਹੈ। 

ਲਿਬਰਲ ਪਾਰਟੀ ਦੇ ਆਗੂਆਂ ਨੂੰ ਹੁਣ ਖਾਲਸਾ ਡੇਅ ਪਰੇਡ ਮੌਕੇ ਸਟੇਜ ਤੋਂ ਬੋਲਣ ਦੀ ਇਜਾਜ਼ਤ ਦੇਣ ਸਬੰਧੀ ਉਹਨਾਂ ਕਿਹਾ ਕਿ ਇਹ ਫੈਂਸਲਾ ਸੰਗਤ ਨਾਲ ਵਿਚਾਰ ਕਰਕੇ ਕੀਤਾ ਜਾਵੇਗਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ