ਚੰਗਾਲੀਵਾਲਾ ਕਤਲ ਮਾਮਲਾ: ਸਰਕਾਰ ਵੱਲੋਂ ਮੰਗਾਂ ਮੰਨਣ ਮਗਰੋਂ ਧਰਨਾ ਖਤਮ, ਅੱਜ ਹੋਵੇਗਾ ਜਗਮੇਲ ਦਾ ਅੰਤਿਮ ਸੰਸਕਾਰ

ਚੰਗਾਲੀਵਾਲਾ ਕਤਲ ਮਾਮਲਾ: ਸਰਕਾਰ ਵੱਲੋਂ ਮੰਗਾਂ ਮੰਨਣ ਮਗਰੋਂ ਧਰਨਾ ਖਤਮ, ਅੱਜ ਹੋਵੇਗਾ ਜਗਮੇਲ ਦਾ ਅੰਤਿਮ ਸੰਸਕਾਰ

ਚੰਡੀਗੜ੍ਹ: ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ਵਿੱਚ ਬੁਰੀ ਤਰ੍ਹਾਂ ਤਸ਼ੱਦਦ ਕਰਕੇ ਕਤਲ ਕੀਤੇ ਗਏ ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਬੀਤੀ ਸ਼ਾਮ ਸਰਕਾਰ ਵੱਲੋਂ ਮੰਗਾਂ ਮੰਨਣ ਮਗਰੋਂ ਧਰਨਾ ਚੁੱਕ ਲਿਆ ਹੈ। ਪੀਜੀਆਈ ਵਿੱਚ ਮੋਜੂਦ ਜਗਮੇਲ ਦੇ ਪਰਿਵਾਰਕ ਮੈਂਬਰਾਂ ਨਾਲ ਸਰਕਾਰ ਦੇ ਨੁਮਾਂਇੰਦਿਆਂ ਦੀ ਗੱਲਬਾਤ ਹੋਈ ਜਿਸ ਵਿੱਚ ਸਰਕਾਰ ਨੇ ਮੰਨਿਆ ਕਿ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ, ਮਕਾਨ ਦੀ ਮੁਰੰਮਤ ਲਈ ਸਵਾ ਲੱਖ ਰੁਪਏ ਅਤੇ ਬੱਚਿਆਂ ਦੀ ਪੜ੍ਹਾਈ ਅਤੇ ਭੋਗ ਦਾ ਸਾਰਾ ਖਰਚ ਪੰਜਾਬ ਸਰਕਾਰ ਚੁੱਕੇਗੀ। 

ਸਰਕਾਰ ਵੱਲੋਂ ਕੀਤੇ ਗਏ ਇਹਨਾਂ ਵਾਅਦਿਆਂ ਦੇ ਦਸਤਾਵੇਜ 'ਤੇ ਸਰਕਾਰ ਵੱਲੋਂ ਤਿੰਨ ਕੈਬਨਿਟ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਵਿਜੇਇੰਦਰ ਸਿੰਗਲਾ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸੰਦੀਪ ਸਿੰਘ ਸੰਧੂ ਅਤੇ ਪੀੜਤ ਪਰਿਵਾਰ ਵੱਲੋਂ ਮਰਹੂਮ ਦੀ ਪਤਨੀ ਮਨਜਿੰਦਰ ਕੌਰ ਨੇ ਦਸਤਖਤ ਕੀਤੇ। 

ਇਸ ਫੈਂਸਲੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਪੁਲਿਸ ਸੱਤ ਦਿਨਾਂ ਚਲਾਨ ਪੇਸ਼ ਕਰੇਗੀ ਅਤੇ ਤਿੰਨ ਮਹੀਨਿਆਂ ਦੇ ਅੰਦਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੁਲਿਸ ਵਿਭਾਗ ਵੱਲੋਂ ਲਾਪ੍ਰਵਾਹੀ ਦਿਖਾਉਣ ਦੇ ਮਾਮਲੇ ਦੀ ਜਾਂਚ ਏਡੀਜੀਪੀ ਪੱਧਰ ਦੇ ਅਫਸਰ ਤੋਂ ਕਰਵਾਈ ਜਾਵੇਗੀ।

ਮੁਆਵਜ਼ੇ ਦੇ 20 ਲੱਖ ਰੁਪਏ ਵਿੱਚੋਂ ਪੋਸਟਮਾਰਟਮ ਵਾਲੇ ਦਿਨ 1 ਲੱਖ ਰੁਪਏ ਅਤੇ ਭੋਗ ਵਾਲੇ ਦਿਨ 14 ਲੱਖ ਰੁਪਏ ਦਿੱਤੇ ਜਾਣਗੇ। ਪੀੜਤ ਪਰਿਵਾਰ ਲਈ ਰਾਸ਼ਨ ਦਾ ਪ੍ਰਬੰਧ ਸਰਕਾਰ ਕਰੇਗੀ। ਨੌਂਵੀ ਅਤੇ ਛੇਵੀਂ ਜਮਾਤ ਵਿੱਚ ਪੜ੍ਹਦੇ ਬੱਚਿਆਂ ਦਾ ਗ੍ਰੈਜੁਏਸ਼ਨ ਤਕ ਦਾ ਸਾਰਾ ਖਰਚਾ ਸਰਕਾਰ ਦਵੇਗੀ ਅਤੇ ਪੀੜਤ ਦੀ ਪਤਨੀ ਮਨਜੀਤ ਕੌਰ ਜੋ ਪੰਜਵੀਂ ਪਾਸ ਹੈ, ਨੂੰ ਨਿਯਮਾਂ ਵਿਚ ਛੋਟ ਦੇ ਕੇ ਘਰ ਦੇ ਨੇੜੇ ਗਰੁੱਪ ਡੀ ਵਿਚ ਨੌਕਰੀ ਦਿੱਤੀ ਜਾਵੇਗੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।