ਕੇਂਦਰ ਅਤੇ ਭਗਵੰਤ ਮਾਨ ਵਲੋਂ ਸ਼ਹਾਦਤਾਂ ਦੇ ਅਰਥ ਨੂੰ ਬਦਲਣ ਦੀ ਕੋਸ਼ਿਸ਼ ਕਰਨਾ ਦੁਖਦਾਇਕ: ਸਰਨਾ

ਕੇਂਦਰ ਅਤੇ ਭਗਵੰਤ ਮਾਨ ਵਲੋਂ ਸ਼ਹਾਦਤਾਂ ਦੇ ਅਰਥ ਨੂੰ ਬਦਲਣ ਦੀ ਕੋਸ਼ਿਸ਼ ਕਰਨਾ ਦੁਖਦਾਇਕ: ਸਰਨਾ

ਸਿੱਖ ਅਸੂਲਾਂ ਦੇ ਉਲਟ ਚੱਲਣ ਵਾਲੇ ਪੰਜਾਬ ਦੇ ਮੁੱਖਮੰਤਰੀ ਨੂੰ ਜ਼ਿੱਦ ਪਵੇਗੀ ਬਹੁਤ ਮਹਿੰਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 23 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਪਰਮਜੀਤ ਸਿੰਘ ਸਰਨਾ  ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਖ਼ਾਲਸਾ ਪੰਥ ਵਿੱਚ ਮਾਤਮ ਦੀ ਕੋਈ ਥਾਂ ਨਹੀਂ । ਛੋਟੇ ਸਾਹਿਬਜ਼ਾਦੇ ਸਾਡੇ ਬਾਬੇ ਹਨ । ਉਹਨਾਂ ਦਾ ਸ਼ਹੀਦੀ ਦਿਹਾੜਾ ਸਿੱਖ ਸਦਾ ਹੀ ਨਗਾਰਿਆਂ ਤੇ ਚੜਦੀ ਕਲਾ ਦੇ ਜੈਕਾਰਿਆਂ ਨਾਲ ਮਨਾਉਂਦੇ ਆਏ ਹਨ ਤੇ ਮਨਾਉੰਦੇ ਰਹਿਣਗੇ । ਇਕ ਪਾਸੇ ਕੇੰਦਰ ਸਰਕਾਰ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਕਹਿ ਕੇ ਛੁਟਿਆ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਮਾਤਮੀ ਬਿਗਲਾਂ ਦਾ ਐਲਾਨ ਕਰ ਸਿੱਖ ਮਨਾਂ ‘ਚੋਂ ਇਸ ਲਾਸਾਨੀ ਸ਼ਹਾਦਤ ਅਰਥ ਬਦਲਣਾ ਚਾਹੁੰਦੀ ਹੈ । ਗੁਰੂ ਸਾਹਿਬ ਨੇ ਖਾਲਸੇ ਨੂੰ ਮਾਤਮੀ ਪ੍ਰਗਟਾਵੇ ਤੋਂ ਵਰਜਿਆ ਹੈ । ਸ਼ਹੀਦੀ ਸਾਡੇ ਲਈ ਕੋਈ ਮਾਤਮ ਨਹੀਂ ਆਦਰਸ਼ ਜੀਵਨ ਦੀ ਸਿਖਰ ਹੈ । ਪੰਜਾਬ ਦਾ ਮੁੱਖ ਮੰਤਰੀ ਮਾੜੀ ਮੋਟੀ ਸਮਝ ਕਿਸੇ ਸਿਆਣੇ ਸੱਜਣ ਪਾਸੋਂ ਲੈ ਲਵੇ । ਹਰ ਵਾਰ ਸਿੱਖ ਅਸੂਲਾਂ ਦੇ ਉਲਟ ਚੱਲਣ ਦੀ ਜ਼ਿੱਦ ਇਸਨੂੰ ਬਹੁਤ ਮਹਿੰਗੀ ਪਵੇਗੀ । ਸਿੱਖ ਕੌਮ ਦੀਆਂ ਭਾਵਨਾਵਾਂ ਤੇ ਰਵਾਇਤਾਂ ਦਾ ਖਿਆਲ ਕਰਦਿਆਂ ਭਗਵੰਤ ਮਾਨ ਨੂੰ ਇਹ ਮਾਤਮੀ ਧੁੰਨਾਂ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਸਿੱਖ ਕੌਮ ਕਦੇ ਵੀ ਐਸੇ ਦੁਨਿਆਵੀ ਤੇ ਹੋਛੇ ਕੰਮਾਂ ਨੂੰ ਪ੍ਰਵਾਨ ਨਹੀਂ ਕਰਦੀ ਕਿਉਕੇ ਸਾਡੇ ਧਰਮ ਵਿੱਚ ਇਹ ਲਾਸਾਨੀ ਸ਼ਹਾਦਤਾਂ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਡੱਟਣ ਦਾ ਸੰਦੇਸ਼ ਦੇਂਦੀਆਂ ਹਨ ।