ਸੀਬੀਆਈ ਦੀ ਪਟੀਸ਼ਨ ਰੱਦ; ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਸਿੱਟ ਹਵਾਲੇ

ਸੀਬੀਆਈ ਦੀ ਪਟੀਸ਼ਨ ਰੱਦ; ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਸਿੱਟ ਹਵਾਲੇ

ਨਵੀਂ ਦਿੱਲੀ: ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਸਿੱਖ ਸੰਗਤਾਂ 'ਤੇ ਪੁਲਸ ਵੱਲੋਂ ਚਲਾਈ ਗੋਲੀ ਦੇ ਮਾਮਲਿਆਂ ਦੀ ਜਾਂਚ ਸਬੰਧੀ ਸੁਪਰੀਮ ਕੋਰਟ ਨੇ ਫੈਂਸਲਾ ਸੁਣਾਉਂਦਿਆਂ ਸੀਬੀਆਈ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਸੀਬੀਆਈ ਨੇ ਪੰਜਾਬ ਸਰਕਾਰ ਵੱਲੋਂ ਇਹਨਾਂ ਮਾਮਲਿਆਂ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਦੇ ਫੈਂਸਲੇ ਨੂੰ ਚੁਣੌਤੀ ਦਿੱਤੀ ਸੀ। 

ਸੁਪਰੀਮ ਕੋਰਟ ਨੇ ਮਾਮਲਿਆਂ ਦੀ ਜਾਂਚ ਲਮਕਾਉਣ ਦੇ ਅਧਾਰ 'ਤੇ ਸੀਬੀਆਈ ਦੀ ਪਟੀਸ਼ਨ ਖਾਰਜ ਕੀਤੀ ਹੈ। 

ਸੀਬੀਆਈ ਦੀ ਪਟੀਸ਼ਨ ਖਾਰਜ ਹੋਣ ਮਗਰੋਂ ਹੁਣ ਇਹਨਾਂ ਮਾਮਲਿਆਂ ਦੀ ਜਾਂਚ ਪੰਜਾਬ ਪੁਲਸ ਦੀ ਐਸਆਈਟੀ ਕਰੇਗੀ। ਇਸ ਐਸਆਈਟੀ ਦੀ ਕਮਾਨ ਜਾਂਚ ਬਿਊਰੋ ਦੇ ਨਿਰਦੇਸ਼ਕ ਪ੍ਰਬੋਧ ਕੁਮਾਰ ਅਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਹੱਥ ਹੋਵੇਗੀ। 

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਇਹਨਾਂ ਘਟਨਾਵਾਂ ਦਾ ਇਨਸਾਫ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਏ ਸਨ ਤੇ ਪਿਛਲੇ ਸਮੇਂ ਦੌਰਾਨ ਸੀਬੀਆਈ ਅਤੇ ਪੰਜਾਬ ਸਰਕਾਰ ਦੀ ਇਹ ਆਪਸੀ ਕਾਨੂੰਨੀ ਲੜਾਈ ਦੇ ਬਹਾਨੇ ਕੈਪਟਨ ਸਰਕਾਰ ਖੁਦ ਨੂੰ ਇਹਨਾਂ ਮਾਮਲਿਆਂ ਤੋਂ ਕਿਸੇ ਹੱਦ ਤਕ ਸੁਰਖਰੂ ਕਰ ਲੈਂਦੀ ਸੀ। ਪਰ ਹੁਣ ਕਿੰਨੀ ਛੇਤੀ ਇਹਨਾਂ ਮਾਮਲਿਆਂ ਦਾ ਇਨਸਾਫ ਮਿਲਦਾ ਹੈ ਇਹ ਪੰਜਾਬ ਦੀ ਸਿਆਸਤ 'ਤੇ ਵੱਡਾ ਪ੍ਰਭਾਵ ਪਾ ਸਕਦਾ ਹੈ।