ਭਾਜਪਾ ਆਗੂ ਦੇ ਦਰਾਂ ਵਿਚ ਗੋਹਾ ਸੁੱਟਣਾ ਇਰਾਦਾ ਕਤਲ ਨਹੀਂ ਬਣਦਾ: ਕੈਪਟਨ ਅਮਰਿੰਦਰ ਸਿੰਘ

ਭਾਜਪਾ ਆਗੂ ਦੇ ਦਰਾਂ ਵਿਚ ਗੋਹਾ ਸੁੱਟਣਾ ਇਰਾਦਾ ਕਤਲ ਨਹੀਂ ਬਣਦਾ: ਕੈਪਟਨ ਅਮਰਿੰਦਰ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਖੇਤੀ ਬਚਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਖਿਲਾਫ ਮਾੜੀ ਸ਼ਬਦਾਵਲੀ ਬੋਲਣ ਵਾਲੇ ਭਾਜਪਾ ਆਗੂ ਤਿਕਸ਼ਣ ਸੂਦ ਦੇ ਘਰ ਅੱਗੇ ਗੋਹੇ ਦੀ ਟਰਾਲੀ ਢੇਰੀ ਕਰਨ ਵਾਲੇ ਨੌਜਵਾਨਾਂ ਖਿਲਾਫ ਦਰਜ ਮਾਮਲੇ ਵਿਚੋਂ ਇਰਾਦਾ ਕਤਲ ਦੀ ਧਾਰਾ 307 ਰੱਦ ਕਰਨ ਦੇ ਹੁਕਮ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕਰ ਦਿੱਤੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਇਹ ਧਾਰਾ ਜੋੜਨ ਵਾਲੇ ਐਸਐਚਓ ਦੇ ਤਬਾਦਲੇ ਦੇ ਵੀ ਹੁਕਮ ਜਾਰੀ ਕੀਤੇ ਹਨ। ਇਸ ਮਾਮਲੇ ਦੀ ਜਾਂਚ ਸਬੰਧੀ ਪੁਲਸ ਨੇ ਐਸਆਈਟੀ ਬਣਾ ਦਿੱਤੀ ਹੈ। 

ਕੈਪਟਨ ਨੇ ਕਿਹਾ ਕਿ ਇਸ ਘਟਨਾ ਵਿਚ ਕਤਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੀ ਇਸ ਲਈ ਇਹ ਧਾਰਾ ਜੋੜਨੀ ਸਹੀ ਨਹੀਂ ਸੀ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਤਿਕਸ਼ਣ ਸੂਦ ਨੇ ਬਿਆਨ ਦਿੱਤਾ ਸੀ ਕਿ ਸੰਘਰਸ਼ 'ਚ ਸ਼ਾਮਿਲ ਹੋਣ ਲਈ ਜਾਣ ਵਾਲੇ ਕਿਸਾਨ ਦਿੱਲੀ ਸਰਹੱਦਾਂ ਵਿਖੇ ਪਿਕਨਿਕ ਮਨਾ ਰਹੇ ਹਨ। ਇਸ ਦੇ ਜਵਾਬ ਵਜੋਂ ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਜਥੇਬੰਦੀਆਂ ਦੇ ਨੌਜਵਾਨਾਂ ਨੇ ਸੂਦ ਦੇ ਦਰਵਾਜੇ ਵਿਚ ਗੋਹੇ ਦੀ ਟਰਾਲੀ ਢੇਰੀ ਕਰਕੇ ਉਸ ਖਿਲਾਫ ਨਾਅਰੇਬਾਜ਼ੀ ਕੀਤੀ ਸੀ। 

ਪੁਲਿਸ ਵੱਲੋਂ ਨੌਜਵਾਨਾਂ ਖਿਲਾਫ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਅਧੀਨ ਮਾਮਲਾ ਦਰਜ ਕਰਨ ਖਿਲਾਫ ਇਲਾਕੇ ਦੇ ਲੋਕਾਂ ਦਾ ਵੱਡਾ ਇਕੱਠ ਹੋਇਆ ਅਤੇ ਡੀਸੀ ਦਫਤਰ ਨੂੰ ਘੇਰਾ ਪਾਇਆ ਗਿਆ। ਇਕੱਠ ਵਿਚ ਪਹੁੰਚ ਕੇ ਐਸਐਸਪੀ ਨੇ ਐਲਾਨ ਕੀਤਾ ਸੀ ਕਿ ਨੌਜਵਾਨਾਂ ਖਿਲਾਫ ਦਰਜ ਮਾਮਲੇ ਰੱਦ ਕੀਤੇ ਜਾਣਗੇ। 

ਗਾਇਕ ਸ੍ਰੀ ਬਰਾੜ 'ਤੇ ਦਰਜ ਮਾਮਲੇ ਨੂੰ ਜਾਇਜ਼ ਦੱਸਿਆ
ਬੀਤੇ ਦਿਨੀਂ ਕਿਸਾਨੀ ਸੰਘਰਸ਼ ਬਾਰੇ ਗੀਤ "ਕਿਸਾਨ ਐਂਥਮ" ਲਿਖਣ ਵਾਲੇ ਗੀਤਕਾਰ, ਗਾਇਕ ਸ੍ਰੀ ਬਰਾੜ 'ਤੇ ਪੰਜਾਬ ਪੁਲਸ ਵੱਲੋਂ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਅਧੀਨ ਦਰਜ ਕੀਤੇ ਮਾਮਲੇ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਜਾਇਜ਼ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਗਾਇਕ ਵੱਲੋਂ ਪਿਛਲੇ ਸਮੇਂ ਗਾਏ ਗੀਤੇ ਸਬੰਧੀ ਦਰਜ ਕੀਤਾ ਗਿਆ ਹੈ ਅਤੇ ਨਾਲ ਹੀ ਕਿਸਾਨੀ ਸੰਘਰਸ਼ ਸਬੰਧੀ ਗਾਏ ਗੀਤ ਲਈ ਉਸਦੀ ਸਿਫਤ ਕੀਤੀ। 

ਦੱਸ ਦਈਏ ਕਿ ਪੰਜਾਬ ਪੁਲਸ ਵੱਲੋਂ ਸ੍ਰੀ ਬਰਾੜ 'ਤੇ ਦਰਜ ਕੀਤੇ ਮਾਮਲੇ ਨੂੰ ਕਿਸਾਨੀ ਸੰਘਰਸ਼ ਲਈ ਕੰਮ ਕਰ ਰਹੇ ਕਲਾਕਾਰਾਂ ਨੂੰ ਡਰਾਵਾ ਦੇਣ ਦੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਸ੍ਰੀ ਬਰਾੜ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।