ਕੈਲੀਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ 'ਤੇ ਕਾਬੂ ਪਾਉਣਾ ਹੋਇਆ ਮੁਸ਼ਕਿਲ

ਕੈਲੀਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ 'ਤੇ ਕਾਬੂ ਪਾਉਣਾ ਹੋਇਆ ਮੁਸ਼ਕਿਲ
ਕੈਪਸ਼ਨ: ਕੈਲੀਫੋਰਨੀਆ ਦੇ ਮੋਸਕੂਇਟੋ ਦੇ ਫੌਰਿਸਟ ਹਿੱਲ ਖੇਤਰ ਵਿਚ ਲੱਗੀ ਅੱਗ ਦਾ ਦ੍ਰਿਸ਼

ਮੋਸਕੂਇਟੋ ਵਿਚ ਅਨੇਕਾਂ ਘਰ ਤੇ ਇਮਾਰਤਾਂ  ਹੋਈਆਂ ਸੜਕੇ ਸਵਾਹ, ਹਜਾਰਾਂ ਲੋਕ ਹੋਏ ਘਰੋਂ ਬੇਘਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 14 ਸਤੰਬਰ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ ਵੱਖ ਵੱਖ ਥਾਵਾਂ 'ਤੇ ਲੱਗੀ ਅੱਗ ਉਪਰ ਕਾਬੂ ਪਾਉਣ ਦੇ ਯਤਨ ਜਾਰੀ ਹਨ ਪਰੰਤੂ ਸਮੱਸਿਆ ਇਹ ਹੈ ਕਿ  ਅੱਗ ਨਵੇਂ ਖੇਤਰਾਂ ਵਿਚ  ਲੱਗ ਰਹੀ ਹੈ। ਰਾਜ ਦੇ ਮੋਸਕੂਇਟੋ  ਖੇਤਰ ਵਿਚ ਲੱਗੀ ਤਾਜਾ ਅੱਗ ਨੇ ਭਿਆਨਕ ਰੂਪ ਅਪਣਾ ਲਿਆ ਹੈ ਤੇ ਅੱਗ ਬੁਝਾਊ ਅਮਲਾ ਅੱਗ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪੱਬਾਂ ਭਾਰ ਹੋਇਆ ਪਿਆ ਹੈ। ਅੱਗ ਸੀਏਰਾ ਨੇਵਾਡਾ ਦੀਆਂ ਪਹਾੜੀਆਂ ਵਿਚ ਸੁੱਕੇ ਜੰਗਲ ਵਿਚ ਫੈਲ ਗਈ ਹੈ। ਹੁਣ ਤੱਕ 46 ਇਮਾਰਤਾਂ ਸੜਕੇ ਸਵਾਹ ਹੋ ਗਈਆਂ ਹਨ। ਐਲ ਡੋਰਾਡੋ ਤੇ ਪਲੇਸਰ ਕਾਊਂਟੀਆਂ ਦੇ ਜੰਗਲ ਵਿਚ ਅੱਗ ਸਿਖਰ 'ਤੇ ਪੁੱਜੀ ਤਪਸ਼ ਦੌਰਾਨ 6 ਸਤੰਬਰ ਨੂੰ ਲੱਗੀ ਸੀ। ਤਕਰੀਬਨ 50000 ਏਕੜ ਜੰਗਲ ਨੂੰ  ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਕੈਲੀਫੋਰਨੀਆ ਦੇ ਅੱਗ ਬੁਝਾਊ ਵਿਭਾਗ ਅਨੁਸਾਰ ਅਜੇ ਤੱਕ 18% ਅੱਗ ਉਪਰ ਹੀ ਕਾਬੂ ਪਾਇਆ ਗਿਆ ਹੈ। ਦੋ ਦਰਜਨ ਘਰ ਤੇ 21 ਹੋਰ ਇਮਾਰਤਾਂ ਅੱਗ ਦੀ ਭੇਟ ਚੜ ਚੁੱਕੀਆਂ ਹਨ। 5800 ਹੋਰ ਇਮਾਰਤਾਂ ਨੂੰ ਖਤਰਾ ਪੈਦਾ ਹੋ ਗਿਆ ਹੈ ਉਸ ਕਿਸੇ ਵੇਲੇ ਵੀ ਅੱਗ ਦੀ ਲਪੇਟ ਵਿਚ ਆ ਸਕਦੀਆਂ ਹਨ। 11000 ਤੋਂ ਵਧ ਲੋਕ ਆਪਣੇ ਘਰ ਛੱਡ ਕੇ ਜਾ ਚੁੱਕੇ ਹਨ।  ਮੋਸਕੂਇਟੋ ਦੀ ਅੱਗ ਕਾਰਨ ਉੱਤਰੀ ਕੈਲੀਫੋਰਨੀਆ ਵਿਚ ਸਿਹਤ ਦੇ ਪੱਖ ਤੋਂ ਹਾਲਾਤ ਨਿਘਰ ਗਏ ਹਨ। ਧੂੰਏਂ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ ਆ ਰਹੀ ਹੈ ਮਿਸ਼ੀਗਨ ਬਲੱਫ ਰੋਡ ਦੇ ਨਾਲ ਅੱਗ ਨੇ ਭਾਰੀ ਨੁਕਸਾਨ ਪਹੁੰਚਾਇਆ  ਹੈ। ਕਾਰਾਂ ਤੇ ਇਮਾਰਤਾਂ ਨੂੰ ਆਪਣੀ ਲਪੇਟ ਵਿਚ ਲਿਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ  ਉੱਤਰ ਪੂਰਬੀ ਖੇਤਰ ਵਿਚ ਅੱਗ ਉਪਰ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ ਤੇ ਅੱਗ ਅੱਗੇ ਫੈਲ ਰਹੀ ਹੈ। ਪੱਛਮੀ ਰਾਜਾਂ ਵਿਚ ਜੰਗਲ ਨੂੰ ਲੱਗੀ ਅੱਗ ਨੇ ਅਸਮਾਨ ਉਪਰ ਧੂੰਏਂ ਦੀ ਚਾਦਰ ਵਿਛਾ ਦਿੱਤੀ ਹੈ। ਕੈਲੀਫੋਰਨੀਆ, ਵਾਸ਼ਿੰਗਟਨ, ਓਰਗੇਨ ਤੇ ਇਦਾਹੋ ਵਿਚ ਹਵਾ ਵਿਚਲੀ ਗੁਣਵਤਾ ਬਾਰੇ ਚਿਤਾਵਨੀ ਦਿੱਤੀ ਗਈ ਹੈ। ਮੋਸਕਿਊਟੋ ਅੱਗ ਕਾਰਨ  ਨੇਵਾਡਾ ਵਿਚ ਫੈਲੇ ਧੂੰਏਂ ਨੇ ਲੋਕਾਂ ਲਈ ਮੁਸੀਬਤਾਂ ਖੜੀਆਂ ਕਰ ਦਿੱਤੀਆਂ ਹਨ।