ਚੰਦਰ ਸ਼ੇਖਰ ਉਪਰ ਹਮਲਾ ਅੰਬੇਡਕਰਵਾਦੀ ਆਵਾਜ਼ ਨੂੰ ਬੰਦ ਕਰਨ ਦੀ ਸਾਜਿਸ਼

ਚੰਦਰ ਸ਼ੇਖਰ ਉਪਰ ਹਮਲਾ ਅੰਬੇਡਕਰਵਾਦੀ ਆਵਾਜ਼ ਨੂੰ ਬੰਦ ਕਰਨ ਦੀ ਸਾਜਿਸ਼

 ਸਿਮਰਨਜੀਤ ਸਿੰਘ ਮਾਨ ਵਲੋਂ ਨਿੰਦਾ ,ਕਿਹਾ ਕਿ ਦਲਿਤ ਤੇ ਘਟਗਿਣਤੀ ਕੌਮਾਂ ਨਿਸ਼ਾਨੇ ਤੇ

ਯੂ ਪੀ ਦੇ ਸਹਾਰਨਪੁਰ ਦੇ ਦਿਓਬੰਦ ਵਿਚ ਬੀਤੇ ਦਿਨੀਂ ਭੀਮ ਆਰਮੀ ਚੀਫ ਚੰਦਰ ਸ਼ੇਖਰ ਆਜ਼ਾਦ ’ਤੇ ਜਾਨਲੇਵਾ ਹਮਲਾ ਕੀਤਾ ਗਿਆ। ਹਰਿਆਣਾ ਨੰਬਰ ਦੀ ਗੱਡੀ ਵਿਚ ਆਏ ਹਮਲਾਵਰਾਂ ਨੇ ਚਾਰ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਇਕ ਉਨ੍ਹਾਂ ਦੇ ਢਿੱਡ ਨੂੰ ਛੂਹ ਕੇ ਨਿਕਲੀ। ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਟੁੱਟ ਗਏ।ਚੰਦਰਸ਼ੇਖਰ ਸਮਾਜ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਫਾਰਚੂਨਰ ਵਿਚ ਦਿਓਬੰਦ ਆਏ ਸਨ। ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਵਰਤਮਾਨ ਵਿੱਚ ਹਿੰਦੀ ਪੱਟੀ ਦੇ ਸਭ ਤੋਂ ਪ੍ਰਮੁੱਖ ਅੰਬੇਡਕਰਵਾਦੀ ਆਵਾਜ਼ ਹਨ। ਉਹ ਐਨਆਰਸੀ ਅਤੇ ਸੀਏਏ ਵਿਰੋਧੀ ਸੰਘਰਸ਼ਾਂ ਵਿੱਚ ਤੇ ਹੁਣੇ ਜਿਹੇ ਉਹ ਔਰਤ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਵਿਰੋਧੀ ਸੰਘਰਸ਼ ਵਿਚ ਵਿੱਚ ਸਭ ਤੋਂ ਵਧ ਸਰਗਰਮ ਸਨ। ਉਹ ਲਗਾਤਾਰ ਰਾਜਨੀਤੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁਖ ਮੰਤਰੀ ਯੋਗੀ ਨੂੰ ਸਿੱਧੇ ਤੌਰ 'ਤੇ ਚੁਣੌਤੀ ਦੇ ਰਹੇ ਸਨ। ਹਿੰਦੀ ਪੱਟੀ ਦੇ ਮੁਸਲਮਾਨ ਉਸ ਨੂੰ ਆਪਣੇ ਸਭ ਤੋਂ ਨਜ਼ਦੀਕੀ ਮਿੱਤਰ ਵਜੋਂ ਦੇਖਦੇ ਹਨ।ਜਦੋਂ ਵੀ ਹਿੰਦੀ ਪੱਟੀ ਵਿੱਚ ਕਿਤੇ ਵੀ ਦਲਿਤਾਂ, ਆਦਿਵਾਸੀਆਂ,ਵਿਰੁੱਧ ਹਿੰਸਾ, ਅੱਤਿਆਚਾਰ ਦੀ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਚੰਦਰਸ਼ੇਖਰ ਅਤੇ ਉਸਦੀ ਭੀਮ ਆਰਮੀ ਜ਼ਰੂਰ ਨਿਆਂ ਲਈ ਸਰਗਰਮ ਹੁੰਦੀ ਹੈ। ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਛੱਤੀਸਗੜ੍ਹ ਵਰਗੇ ਰਾਜਾਂ ਵਿੱਚ ਦਲਿਤਾਂ 'ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਭੀਮ ਆਰਮੀ ਸਭ ਤੋਂ ਅਹਿਮ ਆਵਾਜ਼ ਹੈ। ਉਹ ਦਲਿਤਾਂ , ਪਿਛੜਿਆਂ ,ਆਦਿਵਾਸੀਆਂ ਤੇ ਘੱਟ ਗਿਣਤੀਆਂ ਦੀ ਮਜ਼ਬੂਤ ਏਕਤਾ ਦਾ ਸਮਰਥਕ ਹਨ। ਇਸ ਏਕਾ ਨੂੰ ਅਸਲੀ ਬਹੁਜਨ ਏਕਤਾ ਵਿੱਚ ਬਦਲਣਾ ਚਾਹੁੰਦੇ ਹਾਂ।ਚੰਦਰਸ਼ੇਖਰ ਮੁਸਲਮਾਨਾਂ ਤੇ ਸਿਖਾਂ ਨੂੰ ਦਲਿਤਾਂ ਦਾ ਕੁਦਰਤੀ ਮਿੱਤਰ ਅਤੇ ਸਹਿਯੋਗੀ ਮੰਨਦੇ ਹਨ। ਐਨਆਰਸੀ ਅਤੇ ਸੀਏਏ ਵਿਰੋਧੀ ਅੰਦੋਲਨ ਵਿੱਚ, ਉਹ ਉਨ੍ਹਾਂ ਦੇ ਵੱਡੇ ਸਹਿਯੋਗੀ ਅਤੇ ਸਮਰਥਕ ਵਜੋਂ ਸਰਗਰਮ ਰਹੇ ਹਨ। ਉਹ ਹਮੇਸ਼ਾ ਮੁਸਲਮਾਨਾਂ 'ਤੇ ਹੋ ਰਹੇ ਅੱਤਿਆਚਾਰਾਂ ਅਤੇ ਹਿੰਸਾ ਦੇ ਖਿਲਾਫ ਆਵਾਜ਼ ਉਠਾਉਂਦੇ ਹਨ।

ਉਨ੍ਹਾਂ ਦੀ ਪਹਿਲੀ ਵੱਡੀ ਪਛਾਣ ਸ਼ਬੀਰਪੁਰ (ਸਹਾਰਨਪੁਰ) ਘਟਨਾ (ਮਈ 2017) ਤੋਂ ਬਾਅਦ ਬਣੀ। ਆਦਿਤਿਆਨਾਥ ਦੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਠਾਕੁਰਾਂ ਦਾ ਹੰਕਾਰ ਸਿਖਰ 'ਤੇ ਪਹੁੰਚ ਗਿਆ ਸੀ। ਠਾਕੁਰਾਂ ਨੇ ਸ਼ਬੀਰ ਪਿੰਡ ਵਿੱਚ ਦਲਿਤਾਂ ਵਿਰੁੱਧ ਭਿਆਨਕ ਹਿੰਸਾ ਅਤੇ ਅੱਤਿਆਚਾਰ ਕੀਤੇ। ਭੀਮ ਆਰਮੀ ਇਸ ਹਿੰਸਾ ਅਤੇ ਅੱਤਿਆਚਾਰ ਦੇ ਵਿਰੁੱਧ ਖੜ੍ਹੀ ਹੋਈ ਅਤੇ ਠਾਕੁਰਾਂ ਨੂੰ ਸਖ਼ਤ ਚੁਣੌਤੀ ਦਿੱਤੀ। ਉਦੋਂ ਤੋਂ ਹੀ ਚੰਦਰਸ਼ੇਖਰ ਆਜ਼ਾਦ ਉੱਚ ਜਾਤੀਆਂ ਦੀਆਂ ਨਜ਼ਰਾਂ ਵਿੱਚ ਰੜਕ ਰਹੇ ਹਨ।ਚੰਦਰਸ਼ੇਖਰ ਨੂੰ ਉਹ ਲੋਕ ਵੀ ਬਰਦਾਸ਼ਤ ਨਹੀਂ ਕਰਦੇ ਜੋ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਜਾਂ ਗੱਦਾਰਾਂ ਦੀ ਲਹਿਰ ਕਹਿੰਦੇ ਸਨ, ਸੀਏਏ ਅਤੇ ਐਨਆਰਸੀ ਵਿਰੋਧੀ ਸੰਘਰਸ਼ ਨੂੰ ਟੁਕੜੇ-ਟੁਕੜੇ ਗਰੋਹਾਂ ਦਾ ਸੰਘਰਸ਼ ਮੰਨਦੇ ਹਨ ਤੇ ਹਿੰਦੂ ਰਾਸ਼ਟਰ ਦੀ ਸਿਰਜਣਾ ਦੇ ਪੈਰੋਕਾਰ ਹਨ।

ਚੰਦਰ ਸ਼ੇਖਰ ਆਜ਼ਾਦ 'ਤੇ ਕਾਤਲਾਨਾ ਹਮਲਾ ਅੰਬੇਡਕਰਵਾਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਸੀ। ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਕੀਤੇ ਜਾ ਸਕਦੇ ਹਨ।ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਦੀਪ ਸਿਧੂ , ਹਰਦੀਪ ਸਿੰਘ ਨਿੱਝਰ ਤੇ ਅਵਤਾਰ ਸਿੰਘ ਖੰਡਾ ਉਪਰ ਮਨੂਵਾਦੀ ਗੈਂਗਾਂ ਰਾਹੀਂ ਕਤਲ ਕਰਵਾਉਣਾ ਤੇ ਹੁਣ ਦਲਿਤ ਆਗੂ ਚੰਦਰ ਸ਼ੇਖਰ ਉਪਰ ਕਾਤਲਾਨਾ ਹਮਲਾ ਦਲਿਤਾਂ ਤੇ ਘੱਟਗਿਣਤੀਆਂ ਦੀ ਅਵਾਜ਼ ਨੂੰ ਕੁਚਲਣ ਦੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਬੇਸੱਕ ਅਕਾਲ ਪੁਰਖ ਦੀ ਕਿਰਪਾ ਸਦਕਾ ਚੰਦਰਸ਼ੇਖਰ ਸਰੀਰਕ ਤੌਰ ਤੇ ਬਚ ਗਏ ਹਨ ਪਰ ਹਮਲਾਵਰਾਂ ਦਾ ਮਕਸਦ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਵਾਲਾ ਸੀ ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਜਿਥੇ ਨਿੰਦਾ ਕਰਦਾ ਹੈ, ਉਥੇ ਸਹਾਰਨਪੁਰ ਦੇ ਪ੍ਰਸਾਸਨ ਅਤੇ ਯੂਪੀ ਦੀ ਯੋਗੀ ਸਰਕਾਰ ਤੋਂ ਗੰਭੀਰਤਾ ਭਰੀ ਮੰਗ ਕਰਦਾ ਹੈ ਕਿ ਇਸ ਹੋਈ ਘਟਨਾ ਦੀ ਕਿਸੇ ਨਿਰਪੱਖ ਏਜੰਸੀ ਤੋਂ ਤਹਿ ਤੱਕ ਜਾਂਚ ਕਰਵਾਈ ਜਾਵੇ ਅਤੇ ਜੋ ਵੀ ਅਜਿਹੇ ਮਨੁੱਖਤਾ ਵਿਰੋਧੀ ਅਮਲ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਣ ਦਾ ਪ੍ਰਬੰਧ ਕੀਤਾ ਜਾਵੇ ।”

ਇਸ ਤੋਂ ਪਹਿਲਾਂ ਗੌਰੀ ਲੰਕੇਸ਼ ਦਾ ਕਤਲ ਵੀ ਹਿੰਦੂ ਰਾਸ਼ਟਰਵਾਦੀ ਗੈਂਗਾਂ ਨੇ ਕੀਤਾ ਸੀ। ਪਰ ਕਾਤਲ ਨਹੀਂ ਲਭੇ।ਯਾਦ ਰਹੇ ਕਿ ਐਡਵੋਕੇਟ ਚੰਦਰਸ਼ੇਖਰ ਨੇ ਸਤੀਸ਼ ਕੁਮਾਰ ਤੇ ਵਿਨੈ ਰਤਨ ਸਿੰਘ ਨਾਲ ਮਿਲ ਕੇ 2014 ਵਿਚ ਭੀਮ ਆਰਮੀ ਦੀ ਸਥਾਪਨਾ ਕੀਤੀ ਸੀ। ਇਹ ਜਥੇਬੰਦੀ ਸਿੱਖਿਆ ਦੇ ਮਾਧਿਅਮ ਨਾਲ ਦਲਿਤ ਹਿੰਦੂਆਂ ਦੀ ਮੁਕਤੀ ਲਈ ਕੰਮ ਕਰਦੀ ਹੈ ਤੇ ਪੱਛਮੀ ਯੂਪੀ ਵਿਚ ਦਲਿਤਾਂ ਲਈ ਮੁਫਤ ਸਕੂਲ ਚਲਾਉਦੀ ਹੈ।