ਪਾਕਿ ਫ਼ੌਜੀਆਂ ਵਲੋਂ ਗੋਲੀਬਾਰੀ ਕਾਰਨ ਰਾਜੌਰੀ ਵਿੱਚ 2000 ਲੋਕ ਹੋਏ ਬੇਘਰ

ਪਾਕਿ ਫ਼ੌਜੀਆਂ ਵਲੋਂ ਗੋਲੀਬਾਰੀ ਕਾਰਨ ਰਾਜੌਰੀ ਵਿੱਚ 2000 ਲੋਕ ਹੋਏ ਬੇਘਰ
ਕੈਪਸ਼ਨ-ਜੰਮੂ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਪਾਰੋਂ ਭਾਰੀ ਗੋਲੀਬਾਰੀ ਕਾਰਨ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਸਾਮਾਨ ਬੰਨ੍ਹੀ ਬੈਠੇ ਲੋਕ। 

 

ਜੰਮੂ/ਬਿਊਰੋ ਨਿਊਜ਼ :
ਪਾਕਿਸਤਾਨੀ ਫੌਜੀਆਂ ਨੇ ਲਗਾਤਾਰ ਦੂਜੇ ਦਿਨ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨਾਲ ਲਗਦੇ ਇਲਾਕਿਆਂ ਵਿੱਚ ਭਾਰੀ ਗੋਲੀਬਾਰੀ ਕੀਤੀ। ਇਸ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਅਤੇ ਤਕਰੀਬਨ 2000 ਸਰਹੱਦੀ ਵਾਸੀਆਂ ਨੂੰ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋਣਾ ਪਿਆ। ਭਾਰਤੀ ਫੌਜ ਨੇ ਵੀ ਇਸ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਜਵਾਬ ਦਿੱਤਾ। ਪਾਕਿ ਫੌਜ ਨੇ ਨੌਸ਼ਹਿਰਾ ਇਲਾਕੇ ਵਿੱਚ ਕੰਟਰੋਲ ਰੇਖਾ ਉਤੇ ਰਿਹਾਇਸ਼ੀ ਇਲਾਕਿਆਂ ਤੇ ਫੌਜੀ ਚੌਕੀਆਂ ਉਤੇ ਮੋਰਟਾਰ ਦਾਗ਼ੇ ਸਨ, ਜਿਸ ਕਾਰਨ ਦੋ ਨਾਗਰਿਕ ਮਾਰੇ ਗਏ ਅਤੇ ਤਿੰਨ ਜ਼ਖ਼ਮੀ ਹੋਏ।
ਰੱਖਿਆ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਫੌਜ ਨੇ ਰਾਜੌਰੀ ਸੈਕਟਰ ਵਿੱਚ 82 ਐਮਐਮ ਤੇ 120 ਐਮਐਮ ਮੋਰਟਾਰ ਦਾਗੇ ਅਤੇ ਛੋਟੇ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਇਸ ਦਾ ਸਖ਼ਤੀ ਨਾਲ ਜਵਾਬ ਦਿੱਤਾ। ਰਾਜੌਰੀ ਦੇ ਡਿਪਟੀ ਕਮਿਸ਼ਨਰ ਸ਼ਾਹਿਦ ਇਕਬਾਲ ਚੌਧਰੀ ਨੇ ਕਿਹਾ ਕਿ ਰਾਜੌਰੀ ਵਿੱਚ ਚਿੰਗੁਸ ਦੇ ‘ਚਿੱਟੀਬਕਰੀ’ ਇਲਾਕੇ ਵਿੱਚ ਗੋਲੀਬੰਦੀ ਦੀ ਤਾਜ਼ਾ ਉਲੰਘਣਾ ਹੋਈ। ਉਨ੍ਹਾਂ ਕਿਹਾ ਕਿ ਗੋਲਾਬਾਰੀ ਕਾਰਨ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪੁੱਜਿਆ। ਰਾਹਤ ਕੈਂਪਾਂ ਵਿੱਚ ਲੋਕਾਂ ਦੀ ਗਿਣਤੀ ਵਧ ਕੇ 978 ਹੋ ਗਈ। ਹੁਣ ਤੱਕ ਤਿੰਨ ਪਿੰਡਾਂ ਦੇ 259 ਪਰਿਵਾਰਾਂ ਨੂੰ ਕੱਢਿਆ ਗਿਆ ਹੈ। ਨੌਸ਼ਿਹਰਾ ਸੈਕਟਰ ਦੇ 51 ਸਕੂਲ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ, ਜਦੋਂ ਕਿ ਮੰਜਕੋਟ ਅਤੇ ਡੂੰਗੀ ਜ਼ੋਨਾਂ ਵਿੱਚ 36 ਸਕੂਲਾਂ ਨੂੰ ਤਿੰਨ ਦਿਨਾਂ ਲਈ ਬੰਦ ਕੀਤਾ ਗਿਆ ਹੈ। ਇਨ੍ਹਾਂ 87 ਸਕੂਲਾਂ ਵਿੱਚ 4600 ਵਿਦਿਆਰਥੀ ਪੜ੍ਹਦੇ ਹਨ।
ਪਾਕਿਸਤਾਨੀ ਗੋਲਾਬਾਰੀ ਮਗਰੋਂ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਪੈਂਦੇ ਇਲਾਕਿਆਂ ਵਿੱਚੋਂ ਇਕ ਹਜ਼ਾਰ ਬਸ਼ਿੰਦਿਆਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਗਿਆ ਹੈ। ਕੈਂਪਾਂ ਵਿੱਚ ਰਾਸ਼ਨ, ਖਾਣਾ ਬਣਾਉਣ, ਪੀਣ ਵਾਲੇ ਪਾਣੀ, ਸਫ਼ਾਈ ਅਤੇ ਮੁੱਢਲੀ ਡਾਕਟਰੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਤੱਕ ਤਿੰਨ ਕੈਂਪ ਕਾਰਜਸ਼ੀਲ ਹਨ ਅਤੇ ਪ੍ਰਭਾਵਤ ਪਿੰਡਾਂ ਤੋਂ ਹਿਜਰਤ ਵਧਣ ਦੀ ਸੰਭਾਵਨਾ ਕਾਰਨ 28 ਹੋਰ ਕੈਂਪ ਨੋਟੀਫਾਈ ਕੀਤੇ ਗਏ ਹਨ।