ਜੁਝਾਰੂ ਸਤਿੰਦਰਜੀਤ ਸਿੰਘ ਮਿੰਟੂ ਨੂੰ ਉਮਰ ਕੈਦ

ਜੁਝਾਰੂ ਸਤਿੰਦਰਜੀਤ ਸਿੰਘ ਮਿੰਟੂ ਨੂੰ ਉਮਰ ਕੈਦ
ਸਤਿੰਦਰਜੀਤ ਸਿੰਘ ਮਿੰਟੂ

 

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ- ਜਲੰਧਰ-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲਾ ਦੀ ਅਦਾਲਤ ਨੇ ਸਾਲ 1987 ਦੇ ਕਰੀਬ 35 ਸਾਲ ਪੁਰਾਣੇ ਮਾਮਲੇ 'ਵਿਚ ਸਾਬਕਾ ਵਿਧਾਇਕ ਤੇ ਮੌਜੂਦਾ ਸਮੇਂ ਦੇ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਦੇ ਭਰਾ ਸੁਰਿੰਦਰ ਸਿੰਘ ਮੱਕੜ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਵਿਚ ਜੁਝਾਰੂ ਸਤਿੰਦਰਜੀਤ ਸਿੰਘ  ਮਿੰਟੂ  ਅਲੀ ਮੁਹੱਲਾ ਜਲੰਧਰ ਹਾਲ ਵਾਸੀ ਗੁਰੂ ਅਰਜਨ ਦੇਵ ਨਗਰ ਲੁਧਿਆਣਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 2 ਲੱਖ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ, ਜਦਕਿ ਜੁਰਮਾਨਾ ਨਾ ਦੇਣ 'ਤੇ 2 ਸਾਲ ਹੋਰ ਸਜ਼ਾ ਦਾ ਹੁਕਮ ਦਿੱਤਾ ਹੈ ।ਮਿੰਟੂ ਖ਼ਿਲਾਫ਼ 22 ਜਨਵਰੀ 1987 ਨੂੰ ਥਾਣਾ 6 ਵਿਖੇ ਕਤਲ ਦੀ ਧਾਰਾ 302, ਅਸਲ੍ਹਾ ਐਕਟ ਦੀ ਧਾਰਾ 25,54,59 ਅਤੇ ਟਾਡਾ ਐਕਟ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ ।ਸਤਿੰਦਰਜੀਤ ਸਿੰਘ ਮਿੰਟੂ ਨੇ ਆਪਣੇ ਤਿੰਨ ਸਾਥੀਆਂ ਸਮੇਤ ਸੁਰਿੰਦਰ ਸਿੰਘ ਮੱਕੜ ਦੀ ਪੁਲਿਸ ਟਾਊਟ ਕਹਿਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ । ਸੁਰਿੰਦਰ ਸਿੰਘ ਮੱਕੜ ਦੀ ਹੱਤਿਆ ਦੇ ਮਾਮਲੇ 'ਵਿਚ ਨਾਮਜ਼ਦ ਹੋਰ ਜੁਝਾਰੂਆਂ ਹਰਦੀਪ ਸਿੰਘ ਵਿੱਕੀ, ਹਰਵਿੰਦਰ ਸਿੰਘ ਤੇ ਪਲਵਿੰਦਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ |

ਇਹ ਸੀ ਮਾਮਲਾ

ਇਸ ਸੰਬੰਧੀ ਵਕੀਲ ਮਨਦੀਪ ਸਿੰਘ ਸਚਦੇਵਾ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਮਾਡਲ ਟਾਊਨ ਨਾਲ ਲਗਦੇ ਗੁਰੂ ਤੇਗ਼ ਬਹਾਦਰ ਨਗਰ ਵਿਖੇ ਸਥਿਤ ਸੁਰਿੰਦਰ ਸਿੰਘ ਦੀ ਕੋਠੀ ਦੀ ਘੰਟੀ ਵੱਜੀ ਤੇ ਨੌਕਰਾਣੀ ਸਵਰਨ ਕੌਰ ਨੇ ਜਿਸ ਤਰ੍ਹਾਂ ਹੀ ਕੋਠੀ ਦਾ ਗੇਟ ਖੋਲਿਆ ਤਾਂ ਜੁਝਾਰੂ ਸਤਿੰਦਰਜੀਤ ਸਿੰਘ  ਮਿੰਟੂ, ਹਰਦੀਪ ਸਿੰਘ ਵਿੱਕੀ, ਹਰਵਿੰਦਰ ਸਿੰਘ ਤੇ ਪਲਵਿੰਦਰ ਸਿੰਘ ਘਰ ਅੰਦਰ ਆ ਗਏ । ਇਨ੍ਹਾਂ ਸਾਰਿਆਂ ਕੋਲ ਹਥਿਆਰ ਸਨ ਤੇ ਘਰ ਦੇ ਅੰਦਰ ਆਉਂਦੇ ਹੀ ਇਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ | ਇਸ ਦੌਰਾਨ ਨੌਕਰਾਣੀ ਬਚ ਗਈ, ਪਰ ਗੋਲੀਆਂ ਸੁਰਿੰਦਰ ਸਿੰਘ ਮੱਕੜ ਦੇ ਜਾ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਵੇਖਦੇ ਹੋਏ ਉਸ ਨੂੰ ਸੀ.ਐਮ.ਸੀ. ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ, ਪਰ ਉੱਥੇ ਉਸ ਦੀ ਮੌਤ ਹੋ ਗਈ | ਉਸ ਵੇਲੇ ਰਾਮ ਸਿਮਰਨ ਸਿੰਘ ਮੱਕੜ, ਜੋ ਕਿ ਸੁਰਿੰਦਰ ਸਿੰਘ ਮੱਕੜ ਦਾ ਲੜਕਾ ਹੈ, ਸਿਰਫ਼ ਪੰਜ ਸਾਲ ਦਾ ਸੀ ।

ਭਗੌੜਾ ਹੋ ਗਿਆ ਸੀ ਮਿੰਟੂ

ਵਕੀਲ ਮਨਦੀਪ ਸਿੰਘ ਸਚਦੇਵਾ ਨੇ ਇਹ ਵੀ ਦੱਸਿਆ ਕਿ ਸਤਿੰਦਰਜੀਤ ਸਿੰਘ ਮਿੰਟੂ ਨੂੰ ਵਾਰਦਾਤ ਤੋਂ 18 ਸਾਲ ਬਾਅਦ ਕਾਬੂ ਕੀਤਾ ਗਿਆ ਤੇ ਉਹ ਕਰੀਬ 18 ਸਾਲ ਭਗੌੜਾ ਹੀ ਰਿਹਾ ।22 ਜੂਨ, 2005 'ਵਿਚ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ ਤੇ ਇਸ ਵੇਲੇ ਉਸ ਦੀ ਉਮਰ 57 ਸਾਲ ਹੈ । ਵਕੀਲ ਸਚਦੇਵਾ ਨੇ ਦੱਸਿਆ ਕਿ ਗਿ੍ਫ਼ਤਾਰੀ ਦੌਰਾਨ ਮਿੰਟੂ ਨੇ ਖੁਦ ਮੰਨਿਆ ਸੀ ਕਿ ਉਹ ਖ਼ਾਲਿਸਤਾਨ ਕਮਾਂਡੋ ਫੋਰਸ ਦਾ ਖਾੜਕੂ ਹੈ ਤੇ ਬੱਬਰ ਖ਼ਾਲਸਾ ਨਾਲ ਵੀ ਉਸ ਦੇ ਸੰਬੰਧ ਹਨ । ਪੁਲਿਸ ਨੇ ਜਾਂਚ ਪੂਰੀ ਕਰਕੇ ਅਦਾਲਤ 'ਵਿਚ ਚਲਾਨ ਪੇਸ਼ ਕੀਤਾ, ਪਰ ਕੁਝ ਸਾਲ ਜੇਲ੍ਹ 'ਵਿਚ ਰਹਿਣ ਤੋਂ ਬਾਅਦ ਸਤਿੰਦਰਜੀਤ ਸਿੰਘ ਮਿੰਟੂ ਨੂੰ ਜ਼ਮਾਨਤ ਮਿਲ ਗਈ ਤੇ ਬਾਅਦ 'ਵਿਚ ਉਹ ਇਸ ਕੇਸ 'ਵਿਚ ਅਦਾਲਤ 'ਵਿਚ ਪੇਸ਼ ਨਹੀਂ ਹੋਇਆ ਤੇ 2009 'ਵਿਚ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।ਇਸ ਤੋਂ ਬਾਅਦ ਪੁਲਿਸ ਨੇ ਸਾਲ 2013 'ਵਿਚ ਮਿੰਟੂ ਨੂੰ ਹੈਰੋਇਨ ਦੇ ਕੇਸ 'ਵਿਚ ਕਾਬੂ ਕਰ ਲਿਆ ਤੇ ਇਸ ਤੋਂ ਬਾਅਦ ਇਸ ਕੇਸ ਦੀ ਵੀ ਕਾਰਵਾਈ ਸ਼ੁਰੂ ਹੋ ਗਈ ਤੇ ਇਸੇ ਮਾਮਲੇ 'ਵਿਚ  ਅਦਾਲਤ ਵਲੋਂ ਮਿੰਟੂ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਗਿਆ ।

ਕਿਹੜੀ ਧਾਰਾ 'ਚ ਹੋਈ ਕਿੰਨੀ ਸਜ਼ਾ

ਵਕੀਲ ਮਨਦੀਪ ਸਿੰਘ ਸਚਦੇਵਾ ਨੇ ਦੱਸਿਆ ਕਿ ਸਤਿੰਦਰਜੀਤ ਸਿੰਘ ਮਿੰਟੂ ਨੂੰ ਅਦਾਲਤ ਵਲੋਂ ਕਤਲ ਦੀ ਧਾਰਾ 302 'ਵਿਚ ਉਮਰ ਕੈਦ, 1 ਲੱਖ ਰੁਪਏ ਜੁਰਮਾਨਾ ਤੇ ਜੁਰਮਾਨਾ ਨਾ ਦੇਣ 'ਤੇ 2 ਸਾਲ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ । ਇਸੇ ਤਰ੍ਹਾਂ ਅਸਲ੍ਹਾ ਐਕਟ ਦੇ ਮਾਮਲੇ 'ਵਿਚ ਮਿੰਟੂ ਨੂੰ 5 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਗਿਆ, ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 3 ਮਹੀਨੇ ਹੋਰ ਸਜ਼ਾ ਭੁਗਤਣੀ ਪਵੇਗੀ ।ਅਦਾਲਤ ਨੇ ਦੋਸ਼ੀ ਨੂੰ (3 ਟਾਡਾ ਐਕਟ) 'ਚ ਉਮਰ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ । ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 2 ਸਾਲ ਹੋਰ ਸਜ਼ਾ ਭੁਗਤਣੀ ਪਵੇਗੀ।