ਬ੍ਰਿਟੇਨ ਸਰਕਾਰ ਵਲੋਂ ਖਾਲਿਸਤਾਨੀ ਸਮਰਥਕਾਂ ਦੇ 300 ਖਾਤੇ ਸੀਜ਼, 100 ਕਰੋੜ ਰੁਪਏ ਵੀ ਜ਼ਬਤ 

ਬ੍ਰਿਟੇਨ ਸਰਕਾਰ ਵਲੋਂ ਖਾਲਿਸਤਾਨੀ ਸਮਰਥਕਾਂ ਦੇ 300 ਖਾਤੇ ਸੀਜ਼, 100 ਕਰੋੜ ਰੁਪਏ ਵੀ ਜ਼ਬਤ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ: ਬ੍ਰਿਟੇਨ ਦੀ ਰਿਸ਼ੀ ਸੁਨਕ ਸਰਕਾਰ ਨੇ ਭਾਰਤ ਵਿਰੋਧੀ ਖਾਲਿਸਤਾਨ ਸਮਰਥਕਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਖਾਲਿਸਤਾਨੀ ਫੰਡਿੰਗ ਨੈੱਟਵਰਕ ਦੀ ਕਮਰ ਤੋੜਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਖਾਲਿਸਤਾਨ ਸਮਰਥਕਾਂ ਦੇ 300 ਤੋਂ ਵੱਧ ਬੈਂਕ ਖਾਤੇ ਸੀਜ਼ ਕਰਕੇ ਕਰੀਬ 100 ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ ਹੈ।ਟਾਸਕ ਫੋਰਸ ਨੇ ਇਨ੍ਹਾਂ ਸਾਰੇ ਬੈਂਕ ਖਾਤਿਆਂ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਕੀਤੇ ਗਏ ਸ਼ੱਕੀ ਲੈਣ-ਦੇਣ ਦਾ ਪਤਾ ਲਗਾਇਆ ਸੀ। ਸੂਤਰਾਂ ਅਨੁਸਾਰ ਖਾਲਿਸਤਾਨ ਪੱਖੀ ਸਿੱਖਸ ਫਾਰ ਜਸਟਿਸ  ਦੇ ਖਾਤੇ ਵਿੱਚ 20 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ।ਸਿੱਖਸ ਫਾਰ ਜਸਟਿਸ   ਨੇ ਇਹ ਰਕਮ ਸਕਾਟਲੈਂਡ ਵਿੱਚ ਖਾਲਿਸਤਾਨ ਦੇ ਸਮਰਥਨ ਵਿੱਚ ਰੈਫਰੈਂਡਮ ਲਈ ਜਮ੍ਹਾ ਕਰਵਾਈ ਸੀ।

ਅਮਰੀਕਾ ਵਿਚ ਖਾਲਿਸਤਾਨ ਸਮਰਥਕਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਟਾਸਕ ਫੋਰਸ ਨੇ ਜਾਂਚ ਏਜੰਸੀ ਐਫਬੀਆਈ ਨਾਲ ਵੀ ਸੰਪਰਕ ਕੀਤਾ ਹੈ।

ਟਾਸਕ ਫੋਰਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਵਿਚ ਪਾਬੰਦੀਸ਼ੁਦਾ ਸੰਗਠਨਾਂ ਦੇ ਅਮਰੀਕਾ ਸਥਿਤ ਨੇਤਾਵਾਂ ਦੀ ਫੰਡਿੰਗ ਨੂੰ ਰੋਕਣ ਲਈ ਇਕ ਟੀਮ ਅਗਲੇ ਮਹੀਨੇ ਅਮਰੀਕਾ ਜਾਵੇਗੀ। ਜੇਕਰ ਬੈਂਕ ਖਾਤਿਆਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਤਾਂ ਹਵਾਲਾ ਰਾਹੀਂ ਫੰਡਿੰਗ ਹੋਣ ਦਾ ਖਦਸ਼ਾ ਹੈ।ਸੂਤਰਾਂ ਮੁਤਾਬਕ ਪਿਛਲੇ ਸਾਲ ਬਣੀ ਬ੍ਰਿਟਿਸ਼ ਟਾਸਕ ਫੋਰਸ ਦੀ ਵਾਚ ਲਿਸਟ ਵਿਚ ਪੰਜ ਹਜ਼ਾਰ ਤੋਂ ਵੱਧ ਬੈਂਕ ਖਾਤੇ ਹਨ। ਟਾਸਕ ਫੋਰਸ ਨੇ ਇਨ੍ਹਾਂ ਖਾਤਿਆਂ ਨੂੰ ਦੋ ਕਿਸਮਾਂ ਵਿਚ ਵੰਡਿਆ ਹੈ।ਪਹਿਲਾ, ਉਹ ਖਾਤੇ ਜੋ ਸਿੱਧੇ ਐਲਾਨੇ ਖਾਲਿਸਤਾਨੀ ਆਗੂਆਂ ਦੇ ਹਨ ਅਤੇ ਦੂਜੇ, ਉਹ ਖਾਤੇ ਜੋ ਖਾਲਿਸਤਾਨ ਸਮਰਥਕਾਂ ਦੇ ਹਨ। ਜੇਕਰ ਬੈਂਕ ਖਾਤੇ ਤੋਂ ਇੱਕ ਵਾਰ ਵਿੱਚ 50 ਹਜ਼ਾਰ ਰੁਪਏ ਤੋਂ ਵੱਧ ਦਾ ਲੈਣ-ਦੇਣ ਹੁੰਦਾ ਹੈ, ਤਾਂ ਵੇਰਵੇ ਕੱਢ ਲਏ ਜਾਂਦੇ ਹਨ।