28 ਸਾਲਾਂ ਤੋਂ ਭਾਰਤੀ ਜੇਲ੍ਹ ਵਿਚ ਨਜ਼ਰਬੰਦ ਸਿੱਖ ਸਿਆਸੀ ਕੈਦੀ ਭਾਈ ਲਾਲ ਸਿੰਘ ਦੀ ਪੱਕੀ ਰਿਹਾਈ ਹੋਈ

28 ਸਾਲਾਂ ਤੋਂ ਭਾਰਤੀ ਜੇਲ੍ਹ ਵਿਚ ਨਜ਼ਰਬੰਦ ਸਿੱਖ ਸਿਆਸੀ ਕੈਦੀ ਭਾਈ ਲਾਲ ਸਿੰਘ ਦੀ ਪੱਕੀ ਰਿਹਾਈ ਹੋਈ
ਭਾਈ ਲਾਲ ਸਿੰਘ ਅਕਾਲਗੜ੍ਹ

ਅੰਮ੍ਰਿਤਸਰ ਟਾਈਮਜ਼ ਬਿਊਰੋ

28 ਸਾਲਾਂ ਤੋਂ ਭਾਰਤੀ ਜੇਲ੍ਹ ਵਿਚ ਨਜ਼ਰਬੰਦ 61 ਸਾਲਾ ਸਿਆਸੀ ਸਿੱਖ ਕੈਦੀ ਭਾਈ ਲਾਲ ਸਿੰਘ ਅਕਾਲਗੜ੍ਹ ਦੀ ਰਿਹਾਈ ਲਈ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਭਾਈ ਲਾਲ ਸਿੰਘ ਅਕਾਲਗੜ੍ਹ ਨੂੰ ਕਾਲੇ ਕਾਨੂੰਨ ਵਜੋਂ ਜਾਣੇ ਜਾਂਦੇ ਟਾਡਾ ਅਧੀਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਿੱਖ ਜਥੇਬੰਦੀਆਂ ਬੀਤੇ ਲੰਮੇ ਸਮੇਂ ਤੋਂ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਹਨਾਂ ਸਿੱਖਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿਚ ਬੰਦ ਰੱਖਿਆ ਗਿਆ ਹੈ।

ਨਾਭਾ ਜੇਲ੍ਹ ਦੇ ਸੁਪਰਡੈਂਟ ਨੂੰ ਭਾਰਤ ਦੇ ਗ੍ਰਹਿ ਮਹਿਕਮੇ ਦੇ ਕਾਨੂੰਨੀ ਵਿਭਾਗ ਦੇ ਅੰਡਰਸੈਕਟਰੀ ਐਮ ਕੇ ਚਾਹਰ ਦਾ ਸੁਨੇਹਾ ਪਹੁੰਚਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਗੁਜਰਾਤ ਸੂਬੇ ਦੇ ਡਾਇਰੈਕਟਰ ਜਨਰਲ ਅਤੇ ਜੇਲ੍ਹਾਂ ਦੇ ਆਈਜੀ ਨੇ 3 ਮਾਰਚ, 2020 ਨੂੰ ਟਾਡਾ ਅਧੀਨ ਨਜ਼ਰਬੰਦ ਲਾਲ ਸਿੰਘ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਫਗਵਾੜਾ ਨੇੜਲੇ ਅਕਾਲਗੜ੍ਹ ਪਿੰਡ ਦੇ ਵਸਨੀਕ ਭਾਈ ਲਾਲ ਸਿੰਘ ਨੂੰ 1992 ਵਿਚ ਦਾਦਰ ਰੇਲਵੇ ਸਟੇਸ਼ਨ 'ਤੇ ਹਥਿਆਰਾਂ ਦੀ ਬਰਾਮਦੀ ਦੇ ਮਾਮਲੇ ਵਿਚ 1997 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਭਾਈ ਲਾਲ ਸਿੰਘ ਹੁਣ ਪੈਰੋਲ 'ਤੇ ਹਨ। 

ਇਸ ਸਬੰਧੀ ਜਦੋਂ ਭਾਈ ਲਾਲ ਸਿੰਘ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਅੰਮ੍ਰਿਤਸਰ ਟਾਈਮਜ਼ ਨੇ ਗੱਲ ਕੀਤੀ ਤਾਂ ਉਹਨਾਂ ਉਪਰੋਕਤ ਰਿਹਾਈ ਹੁਕਮਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਹੁਕਮ ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਕੁੱਝ ਸਿਆਸੀ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੇ ਐਲਾਨ ਅਧੀਨ ਜਾਰੀ ਹੋਏ ਹਨ। ਉਹਨਾਂ ਦੱਸਿਆ ਕਿ ਇਹ ਹੁਕਮ 3 ਮਾਰਚ, 2020 ਦੇ ਜਾਰੀ ਹੋ ਚੁੱਕੇ ਹਨ ਪਰ ਪੰਜਾਬ ਸਰਕਾਰ ਵੱਲੋਂ ਹੁਣ ਤਕ ਇਹਨਾਂ ਹੁਕਮਾਂ ਨੂੰ ਲਾਗੂ ਨਹੀਂ ਕੀਤਾ ਗਿਆ।