ਜਲਾਵਤਨੀ ਭਾਈ ਲਖਵੀਰ ਸਿੰਘ ਰੋਡੇ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਅਕਾਲ ਚਲਾਣਾ

ਜਲਾਵਤਨੀ ਭਾਈ ਲਖਵੀਰ ਸਿੰਘ ਰੋਡੇ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਅਕਾਲ ਚਲਾਣਾ

ਬੰਦੀ ਸਿੰਘ, ਜਲਾਵਤਨੀ ਅਤੇ ਸੰਘਰਸ਼ੀ ਸਿੰਘਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 5 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਭਾਈ ਲਖਵੀਰ ਸਿੰਘ ਜੀ ਰੋਡੇ ਜੋ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਅਤੇ ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜੱਥੇਦਾਰ ਅਕਾਲ ਤਖਤ ਸਾਹਿਬ ਦੇ ਭਰਾਤਾ ਸਨ, ਉਨ੍ਹਾਂ ਦੇ ਅਕਾਲ ਚਲਾਣੇ ਦੀ ਦੁਖਦਾਇਕ ਖ਼ਬਰ ਮਿਲੀ ਹੈ । ਖਾਲਿਸਤਾਨ ਦੇ ਸਿਪਾਹ ਸਲਾਰ ਦੇ ਅਕਾਲ ਚਲਾਣੇ ਦੀ ਇਸ ਅਫਸੇਸਜਨਕ ਖ਼ਬਰ ਨਾਲ ਸਿੱਖ ਪੰਥ ਵਿੱਚ ਸ਼ੋਕ ਦੀ ਲਹਿਰ ਹੈ । 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਨੇ ਕੌਮ ਲਈ ਸ਼ਹਾਦਤਾਂ ਪ੍ਰਾਪਤ ਕੀਤੀਆਂ । ਭਾਈ ਲਖਵੀਰ ਸਿੰਘ ਜੀ ਰੋਡੇ ਦੇ ਪਿਤਾ ਜਗੀਰ ਸਿੰਘ ਜੀ ਅਤੇ ਭਰਾ ਸਵਰਨ ਸਿੰਘ ਜੀ ਜੂਨ 84 ਦੇ ਘੱਲੂਘਾਰੇ ਦੌਰਾਨ ਭਾਰਤੀ ਫ਼ੌਜਾਂ ਨਾਲ ਜੂਝਦੇ ਹੋਏ ਸ਼ਹਾਦਤਾਂ ਪ੍ਰਾਪਤ ਕਰ ਗਏ ਸਨ। ਭਾਈ ਲਖਵੀਰ ਸਿੰਘ ਜੀ ਰੋਡੇ ਜੋ ਕਿ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਕਨਵੀਨਰ ਰਹੇ ਅਤੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਜੱਦੋ ਜਹਿਦ ਕਰਦੇ ਰਹੇ । ਆਪਣਾ ਘਰਬਾਰ ਕਾਰੋਬਾਰ ਸਭ ਕੁਝ ਛੱਡ ਕੇ ਪਹਿਲਾ ਇੰਗਲੈਂਡ ਆਏ ਤੇ ਫਿਰ ਕੈਨੇਡਾ ਚਲੇ ਗਏ ।ਪਰ ਕੈਨੇਡਾ ਸਰਕਾਰ ਵੱਲੋਂ ਵੀ ਭਾਈ ਲਖਵੀਰ ਸਿੰਘ ਜੀ ਰੋਡੇ ਨੂੰ ਰਹਿਣ ਦੀ ਇਜਾਜ਼ਤ ਨਹੀ ਦਿੱਤੀ । ਬਹੁਤ ਲੰਬਾ ਸਮਾਂ ਜਲਾਵਤਨੀ ਕੱਟੀ ਪਰ ਕਿਸੇ ਸਰਕਾਰ ਨਾਲ ਕੋਈ ਸਮਝੌਤਾ ਨਹੀ ਕੀਤਾ ਅਤੇ ਲੰਬਾ ਸਮਾਂ ਪੰਥਕ ਸੇਵਾਵਾਂ ਕਰਦੇ ਰਹੇ ਪਰ ਕੋਈ ਵੀ ਸਰਕਾਰੀ ਲਾਲਚ ਜਾਂ ਡਰਾਵਾ ਨਹੀ ਮੰਨਿਆ ਅਤੇ ਡਟ ਕੇ ਸੇਵਾ ਕਰਦਿਆਂ ਜਾਗਦੀ ਜ਼ਮੀਰ ਦਾ ਸਬੂਤ ਦਿੰਦੇ ਹੋਏ ਆਖ਼ਰੀ ਸਾਹ ਤੱਕ ਖਾਲਿਸਤਾਨ ਨੂੰ ਸਮਰਪਿਤ ਰਹੇ । ਮਰਦਾਂ ਵਾਂਗ ਆਪਣੇ ਅਕੀਦੇ ਤੋਂ ਕਦੇ ਪਿੱਛੇ ਨਹੀਂ ਹਟੇ ਤੇ ਆਖ਼ਰੀ ਸਾਹ ਤੱਕ ਪੰਥ ਨੂੰ ਸਮਰਪਿਤ ਹੋ ਕੇ ਸੇਵਾਵਾਂ ਨਿਭਾਉਂਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹਿੰਦ ਸਰਕਾਰ ਨੇ ਉਨ੍ਹਾਂ ਦੀ ਪੰਜਾਬ ਵਿਖੇ ਜਾਇਦਾਦ ਨੂੰ ਜਬਤ ਕੀਤਾ ਸੀ ਤੇ ਉਨ੍ਹਾਂ ਦੇ ਜਲਾਵਤਨੀ ਸਮੇਂ ਪਾਕਿਸਤਾਨ ਵਿਚ ਉਨ੍ਹਾਂ ਤੇ ਕਈ ਜਾਨ ਲੇਵਾ ਹਮਲੇ ਵੀਂ ਹੋਏ ਸਨ ।

ਇਸ ਦੁੱਖ ਦੀ ਘੜੀ ਵਿਚ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਕੁਲਵਿੰਦਰ ਸਿੰਘ ਖਾਨਪੁਰੀ, ਜਲਾਵਤਨੀ ਸਿੰਘ ਭਾਈ ਗਜਿੰਦਰ ਸਿੰਘ ਦਲ ਖਾਲਸਾ, ਭਾਈ ਪਰਮਜੀਤ ਸਿੰਘ ਪੰਮਾ, ਭਾਈ ਜੀਤਾ ਸਿੰਘ, ਭਾਈ ਰਘਬੀਰ ਸਿੰਘ ਵਾਲਸਾਲ, ਭਾਈ ਕਪਤਾਨ ਸਿੰਘ, ਭਾਈ ਕਰਮਜੀਤ ਸਿੰਘ ਹੌਲੈਂਡ, ਭਾਈ ਮਨਜੀਤ ਸਿੰਘ ਸਮਰਾ, ਭਾਈ ਸਰਬਜੀਤ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਸੁਰਿੰਦਰ ਸਿੰਘ ਠੀਕਰੀਵਾਲ, ਸਿੱਖ ਫੈਡਰੇਸ਼ਨ ਯੂਕੇ ਵਲੋਂ ਭਾਈ ਅਮਰੀਕ ਸਿੰਘ ਗਿੱਲ, ਭਾਈ ਜਤਿੰਦਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਨਰਿੰਦਰਜੀਤ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਗੁਰਜੀਤ ਸਿੰਘ ਸਮਰਾ, ਭਾਈ ਦੁਬਿੰਦਰਜੀਤ ਸਿੰਘ, ਜਰਮਨ ਤੋਂ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਲਖਵਿੰਦਰ ਸਿੰਘ ਮਲੀ, ਭਾਈ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਬਬਰ, ਭਾਈ ਅਵਤਾਰ ਸਿੰਘ ਬਬਰ, ਭਾਈ ਹੀਰਾ ਸਿੰਘ ਮਤੇਵਾਲ, ਭਾਈ ਸੁਖਦੇਵ ਸਿੰਘ ਹੇਰਾਂ, ਭਾਈ ਰਘਵੀਰ ਸਿੰਘ ਕੁਹਾੜ, ਭਾਈ ਕਸ਼ਮੀਰ ਸਿੰਘ, ਭਾਈ ਪ੍ਰਸ਼ੋਤਮ ਸਿੰਘ, ਭਾਈ ਗੁਰਦਿਆਲ ਸਿੰਘ ਢਕਾਨਸੂ, ਭਾਈ ਪ੍ਰਤਾਪ ਸਿੰਘ ਅਤੇ ਸਵੀਟਜ਼ਰਲੈਂਡ ਤੋਂ ਭਾਈ ਪ੍ਰਿਤਪਾਲ ਸਿੰਘ, ਭਾਈ ਪ੍ਰਗਟ ਸਿੰਘ ਰੇਬੇਰੋ ਕਾਂਡ, ਭਾਈ ਚਰਨਜੀਤ ਸਿੰਘ ਸੁਜੋਂ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਸਿੰਘਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸ਼ੋਕ ਸੁਨੇਹੇ ਭੇਜਦੇ ਹੋਏ ਕਿਹਾ ਕਿ ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਭਾਈ ਸਾਹਿਬ ਜੀ ਦੇ ਸਮੂਹ ਪ੍ਰੀਵਾਰ ਅਤੇ ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿੱਛੜੀ ਹੋਈ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਉਨ੍ਹਾਂ ਨੇ ਭਾਈ ਲਖਵੀਰ ਸਿੰਘ ਜੀ ਰੋਡੇ ਦੀਆਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਕੇਸਰੀ ਪ੍ਰਣਾਮ ਕਰਦੇ ਹੋਏ ਭਾਈ ਲਖਵੀਰ ਸਿੰਘ ਜੀ ਰੋਡੇ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ।