ਬੇਰਹਿਮ ਵਹਿਸ਼ੀ ਤਾਕਤਾਂ,ਸ਼ਾਂਤੀ ਤੇ ਗਾਜਾ ਵਿਚ ਬੱਚਿਆਂ ਦਾ ਘਾਣ

ਬੇਰਹਿਮ ਵਹਿਸ਼ੀ ਤਾਕਤਾਂ,ਸ਼ਾਂਤੀ ਤੇ ਗਾਜਾ ਵਿਚ ਬੱਚਿਆਂ ਦਾ ਘਾਣ

ਗਾਜ਼ਾ ਵਿੱਚ ਇਜ਼ਰਾਈਲ ਦੇ ਸੁਰੱਖਿਆ ਬਲਾਂ ਦੁਆਰਾ ਬੱਚਿਆਂ ਦੇ ਮਾਰੇ ਜਾਣ ਦੀਆਂ ਹਰ ਰੋਜ਼ ਆ ਰਹੀਆਂ ਰਿਪੋਰਟਾਂ ਚੱਲ ਰਹੀ ਸਦੀ ਦਾ ਸਭ ਤੋਂ ਵੱਡਾ ਅਪਰਾਧ ਹਨ।

ਹਰ ਰੋਜ਼ 120 ਦੇ ਕਰੀਬ ਬੱਚੇ ਮਾਰੇ ਜਾ ਰਹੇ ਹਨ।ਗਾਜ਼ਾ ਵਿੱਚ ਬੱਚਿਆਂ ਦੀਆਂ ਲਾਸ਼ਾਂ ਨੂੰ ਦੇਖ ਕੇ ਦਿਲ ਕੰਬ ਜਾਂਦਾ ਹੈ। ਮਾਵਾਂ ਡੂੰਘੇ ਦਰਦ ਵਿੱਚ ਰੋਂਦੀਆਂ, ਆਸ ਟੁੱਟਣ ਤੋਂ ਦੁਖੀ ਪਿਤਾ, ਲਾਸ਼ ਕੋਲ ਗੁੰਮਸੁੰਮ ਬੈਠੇ ਭੈਣ-ਭਰਾ। ਇਜ਼ਰਾਈਲੀ ਹਮਲਾ ਅਜੇ ਵੀ ਜਾਰੀ ਹੈ, ਇਸ ਗੱਲ ਦਾ ਕੁਝ ਪਤਾ ਨਹੀਂ ਹੈ ਕਿ ਇਜ਼ਰਾਈਲੀ ਰੱਖਿਆ ਬਲਾਂ ਦਾ ਮੌਤ ਦਾ ਨਾਚ ਕਦੋਂ ਤਕ ਚਲੇਗਾ। ਗਾਜ਼ਾ ਦੇ ਲੋਕ ਜਿਸ ਭਿਆਨਕ ਹਾਲਾਤ ਵਿੱਚੋਂ ਲੰਘ ਰਹੇ ਹਨ, ਉਹ ਕਲਪਨਾ ਤੋਂ ਪਰੇ ਹੈ। ਇਸ ਨੂੰ ਜੰਗ ਕਹਿਣਾ ਗਲਤ ਹੋਵੇਗਾ। ਇਹ ਬੱਚਿਆਂ ਸਮੇਤ ਬੇਕਸੂਰ ਲੋਕਾਂ ਦੀ ਸਪਸ਼ਟ ਤੌਰ ’ਤੇ ਨਸਲਕੁਸ਼ੀ ਹੈ। ਹਮਾਸ, ਜਿਸ ਨੇ 7 ਅਕਤੂਬਰ 2023 ਨੂੰ ਵਹਿਸ਼ੀ ਕੰਮ ਕੀਤਾ, ਇਸਰਾਇਲੀ ਹਮਲੇ ਦੀ ਤਸਵੀਰ ਵਿੱਚ ਕਿਤੇ ਵੀ ਨਹੀਂ ਹੈ। ਹਸਪਤਾਲਾਂ ਦੇ ਹਥਿਆਰਾਂ ਦੇ ਅੱਡੇ ਹੋਣ ਦੀਆਂ ਗੱਲਾਂ ਝੂਠੀਆਂ ਸਾਬਤ ਹੋ ਰਹੀਆਂ ਹਨ।

ਜੰਗ ਹਮੇਸ਼ਾ ਹੀ ਤਬਾਹੀ ਦਾ ਕਾਰਨ ਬਣਦੀ ਹੈ। ਇਨ੍ਹਾਂ ਸਥਿਤੀਆਂ ਵਿੱਚ ਬੱਚੇ ਬਿਨਾਂ ਕਿਸੇ ਕਸੂਰ ਦੇ ਸਭ ਤੋਂ ਵੱਧ ਪੀੜਤ ਹੁੰਦੇ ਹਨ। ਹੁਣ ਜਦੋਂ ਹਸਪਤਾਲਾਂ ਨੂੰ ‘ਸਜ਼ਾ-ਏ-ਮੌਤ’ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਮਾਂ ਦੇ ਗਰਭ ਵਿੱਚ ਭਰੂਣਾਂ ਅਤੇ ਨਵਜੰਮੇ ਬੱਚਿਆਂ ਸਮੇਤ ਮਰਨ ਵਾਲੇ ਬੱਚਿਆਂ ਦੀ ਗਿਣਤੀ ਕਈ ਗੁਣਾ ਵੱਧ ਜਾਵੇਗੀ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਮੁਖੀ ਵੋਲਕਰ ਤੁਰਕ ਦੇ ਅਨੁਸਾਰ, ਅਜਿਹੀਆਂ ਸਥਿਤੀਆਂ ਵਿੱਚ ਗਾਜ਼ਾ ਵਿੱਚ ਬਿਮਾਰੀ, ਭੁੱਖ ਦਾ ਪ੍ਰਕੋਪ ‘ਅਟੱਲ’ ਹੈ। ਜੇਨੇਵਾ ਵਿੱਚ ਸੰਯੁਕਤ ਰਾਸ਼ਟਰ ਵਿੱਚ ਬੋਲਦਿਆਂ, ਉਹਨਾਂ ਨੇ ਗਾਜ਼ਾ ਵਿੱਚ ਭੋਜਨ, ਬਾਲਣ ਅਤੇ ਮੈਡੀਕਲ ਸਪਲਾਈ ਦੀ ਬਹੁਤ ਜ਼ਿਆਦਾ ਘਾਟ ਨੂੰ ਉਜਾਗਰ ਕੀਤਾ ਅਤੇ ਪਾਣੀ, ਸੀਵਰੇਜ ਅਤੇ ਸਿਹਤ ਸੰਭਾਲ ਸੇਵਾਵਾਂ ਦੇ ਪੂਰੀ ਤਰ੍ਹਾਂ ਢਹਿ ਜਾਣ ਦੇ ਨਤੀਜਿਆਂ ਬਾਰੇ ਚਿਤਾਵਣੀ ਦਿੱਤੀ ਤੇ ਉਹਨਾਂ ਮੁਤਾਬਕ ਛੂਤ ਵਾਲੀਆਂ ਬਿਮਾਰੀਆਂ ਅਤੇ ਭੁੱਖ ਦੇ ਵੱਡੇ ਪ੍ਰਕੋਪ ਅਟੱਲ ਜਾਪਦੇ ਹਨ।

ਬੱਚਿਆਂ ਉੱਤੇ ਜੰਗ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਦੇ ਨਤੀਜੇ ਗੰਭੀਰ ਅਤੇ ਲੰਬੇ ਸਮੇਂ ਲਈ ਹੋਣਗੇ। ਸਹੀ ਭੋਜਨ ਸਪਲਾਈ ਦੀ ਅਣਹੋਂਦ ਵਿੱਚ ਕੁਪੋਸ਼ਣ ਦੇ ਕਾਰਨ ਸਰੀਰ ਵਿੱਚ ਕਮਜ਼ੋਰੀ ਆਉਣ ਦੇ ਕਾਰਨ ਲਾਗ ਦੀਆਂ ਬਿਮਾਰੀਆਂ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।

19 ਨਵੰਬਰ 2020 ਨੂੰ ਵਿਸ਼ਵ ਪ੍ਰਸਿੱਧ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਮੁਥੰਨਾ ਸਮਰਾ, ਸਾਰਾ ਹਮੂਦਾ, ਪੈਨੋਸ ਵੋਸਟਾਨਿਸ, ਬਾਸੇਲ ਅਲ-ਖੋਦਰੀ ਅਤੇ ਨਾਦਰ ਅਲ-ਡੇਵਿਕ ਨੇ ਦੱਸਿਆ ਕਿ “ਲੰਬੇ ਸਮੇਂ ਤਕ ਜੰਗ ਦੀ ਸਥਿਤੀ ਵਿੱਚ ਰਹਿਣ ਨਾਲ ਬੱਚਿਆਂ ਵਿੱਚ “ਜ਼ਹਿਰੀਲਾ ਤਣਾਅ” ਪੈਦਾ ਹੁੰਦਾ ਹੈ। ਇਸ ਨਾਲ ਚਿੰਤਾ, ਇਕੱਲਾਪਣ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ ਜੋ ਪਰਿਵਾਰ ਦੇ ਸਹਿਯੋਗ ਦੀ ਅਣਹੋਂਦ ਅਤੇ ਮਾਪਿਆਂ ਅਤੇ ਦੋਸਤਾਂ ਤੋਂ ਵੱਖ ਹੋਣ ਕਾਰਨ ਵਧ ਜਾਂਦੀ ਹੈ। ਸਕੂਲ ਜਾਣ ਵਿੱਚ ਉਨ੍ਹਾਂ ਦੀ ਅਸਮਰੱਥਾ ਚਿੰਤਾ ਵਿੱਚ ਵਾਧਾ ਕਰਦੀ ਹੈ। ਅਗਲੇ ਦਿਨ ਉਹ ਬਚਣਗੇ ਜਾਂ ਨਹੀਂ, ਇਸ ਬਾਰੇ ਅਨਿਸ਼ਚਿਤਤਾ ਹਮੇਸ਼ਾ ਬੱਚਿਆਂ ਦੇ ਦਿਮਾਗ ਨੂੰ ਪਰੇਸ਼ਾਨ ਕਰਦੀ ਹੈ। ਉਹ ਕਿਸੇ ਵੀ ਅਣਜਾਣ ਆਵਾਜ਼ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੇ ਹਨ। ਇੰਝ ਇੰਡੀਅਨ ਡਾਕਟਰ ਫਾਰ ਪੀਸ ਡਿਵਲਪਮੈਂਟ ਦੇ ਡਾਕਟਰਾਂ ਦੀ ਟੀਮ ਦੁਆਰਾ ਦੇਖਿਆ ਗਿਆ, ਜਿਸ ਨੇ ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਦੀਆਂ ਸਿਹਤ ਜ਼ਰੂਰਤਾਂ ਦਾ ਮੁਲਾਂਕਣ ਕਰਨ ਲਈ ਭਾਰਤ ਦੇ ਉੱਤਰ ਪੂਰਬੀ ਰਾਜ ਮਨੀਪੁਰ ਵਿੱਚ ਹਿੰਸਾ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਸੀ। ਚਿੰਤਾ ਦੀ ਇਹ ਨਿਰੰਤਰ ਸਥਿਤੀ ਬਿਸਤਰੇ ਵਿੱਚ ਪਿਸ਼ਾਬ ਕਰਨ, ਸੌਣ ਵਿੱਚ ਮੁਸ਼ਕਲ, ਡਰਾਉਣੇ ਸੁਪਨੇ, ਅਤੇ ਆਪਣੇ ਅਜ਼ੀਜ਼ਾਂ ਨਾਲ ਤਣਾਅਪੂਰਨ ਸਬੰਧਾਂ ਦਾ ਕਾਰਨ ਬਣ ਸਕਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਲੰਬੇ ਸਮੇਂ ਤਕ ਰਹਿਣ ਨਾਲ ਉਹ ਆਪਣੇ ਨਜ਼ਦੀਕੀਆਂ ਅਤੇ ਪਿਆਰਿਆਂ ਤੋਂ ਵੀ ਮੂੰਹ ਮੋੜਨ ਅਤੇ ਹਮਲਾਵਰ ਵਿਵਹਾਰ ਵਿਕਸਿਤ ਕਰਦੇ ਹਨ। ਉਹਨਾਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ’ਤੇ ਬਦਲਾ ਲੈਣ ਦੀ ਭਾਵਨਾ ਵਿਕਸਿਤ ਹੁੰਦੀ ਹੈ। ਉਹ ਆਪਣੇ ਦੋਸਤਾਂ ਨਾਲ ਲੜਨਾ ਅਤੇ ਰੌਲਾ ਪਾਉਣਾ ਸ਼ੁਰੂ ਕਰ ਸਕਦੇ ਹਨ ਜਾਂ ਦੂਜੇ ਬੱਚਿਆਂ ਨਾਲ ਧੱਕੇਸ਼ਾਹੀ ਕਰ ਸਕਦੇ ਹਨ। ਡਰ ਦੇ ਨਤੀਜੇ ਵਜੋਂ ਬਹੁਤ ਸਾਰੇ ਬੱਚੇ ਸਾਫ ਨਹੀਂ ਬੋਲ ਸਕਦੇ ਤੇ ਅੜਕਣ ਲੱਗ ਪੈਂਦੇ ਹਨ। ਕਈਆਂ ਨੂੰ ਅੰਸ਼ਕ ਐਮਨੀਸ਼ੀਆ (ਭੁੱਲਣ) ਦਾ ਅਨੁਭਵ ਵੀ ਹੋ ਸਕਦਾ ਹੈ। ਉਨ੍ਹਾਂ ਵਿੱਚੋਂ ਕੁਝ ਨਸ਼ੇ ਦਾ ਸਹਾਰਾ ਲੈ ਸਕਦੇ ਹਨ। ਇੱਥੋਂ ਤਕ ਕਿ ਆਤਮਘਾਤੀ ਵਿਵਹਾਰ ਵੀ ਦੇਖਿਆ ਗਿਆ ਹੈ।

ਲੰਬੇ ਸਮੇਂ ਵਿੱਚ, ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਅਤੇ ਸਿੱਖਿਆ ਦੇ ਮੌਕੇ ਗੁਆਉਣ ਕਾਰਨ, ਉਨ੍ਹਾਂ ਦੇ ਪੂਰੇ ਜੀਵਨ ਦੀ ਚਾਲ ਬਦਲ ਜਾਂਦੀ ਹੈ। ਲੜਕੀਆਂ ਨੂੰ ਜਿਣਸੀ ਸ਼ੋਸ਼ਣ ਅਤੇ ਪਰਿਵਾਰ ਅਤੇ ਸਮਾਜ ਦੁਆਰਾ ਨਕਾਰੇ ਜਾਣ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਬਾਰੂਦੀ ਸੁਰੰਗਾਂ ਅਤੇ ਹੋਰ ਕਿਸਮਾਂ ਦੀਆਂ ਸੱਟਾਂ ਕਾਰਨ ਬਹੁਤ ਸਾਰੇ ਬੱਚੇ ਫੱਟੜ ਹੋ ਜਾਂਦੇ ਹਨ। ਬੱਚੇ ਨੈਤਿਕ ਕਦਰਾਂ-ਕੀਮਤਾਂ ਗੁਆ ਸਕਦੇ ਹਨ ਕਿਉਂਕਿ ਉਨ੍ਹਾਂ ਲਈ ਜਿਊਂਦਾ ਰਹਿਣਾ ਬੁਨਿਆਦੀ ਲੋੜ ਹੈ ਜਿਸ ਲਈ ਉਹ ਜੀਉਣ ਲਈ ਅਪਰਾਧ ਦਾ ਸਹਾਰਾ ਵੀ ਲੈ ਸਕਦੇ ਹਨ। ਜੰਗ ਦੌਰਾਨ ਬੱਚੇ ਆਪਣਾ ਸਮਾਜਿਕ ਵਿਹਾਰ ਅਤੇ ਸੱਭਿਆਚਾਰ ਗੁਆ ਸਕਦੇ ਹਨ।

ਇਸਰਾਈਲ ਵੱਲੋਂ ਗਾਜ਼ਾ ’ਤੇ ਕੀਤੇ ਜਾ ਰਹੇ ਹਮਲੇ ਵਿੱਚ ਉਪਰੋਕਤ ਸਭ ਕੁਝ ਲਗਾਤਾਰ ਦੇਖਿਆ ਜਾ ਰਿਹਾ ਹੈ।

ਸਥਿਤੀ ਦੀ ਵਿਡੰਬਨਾ ਇਹ ਹੈ ਕਿ ਜਦੋਂ ਕਿ ਨਾਗਰਿਕ ਦਰਦ ਮਹਿਸੂਸ ਕਰ ਰਹੇ ਹਨ ਅਤੇ ਪ੍ਰਤੀਕਿਰਿਆ ਕਰ ਰਹੇ ਹਨ ਪਰ ਜ਼ਿਆਦਾਤਰ ਸਰਕਾਰਾਂ ਇਜ਼ਰਾਈਲੀ ਹਮਲੇ ਦੀ ਧਿਰ ਬਣ ਗਈਆਂ ਹਨ ਜਾਂ ਸਿਰਫ ਗੱਲੀਂਬਾਤੀਂ ਸਾਰ ਰਹੀਆਂ ਹਨ। ਯੂਰਪੀਅਨ ਨੇਤਾਵਾਂ ਨੇ ਜੋ ਕੁਝ ਹਮਾਸ ਨੇ ਕੀਤਾ, ਉਸ ਨੂੰ ਜੰਗੀ ਅਪਰਾਧ ਦਾ ਲੇਬਲ ਦੇਣ ਲਈ ਆਵਾਜ਼ ਉਠਾਈ ਹੈ, ਪਰ ਉਹ ਇਜ਼ਰਾਈਲ ਦੁਆਰਾ ਕੀਤੀ ਗਈ ਗੈਰ-ਅਨੁਪਾਤਕ ਹਿੰਸਾ ਉੱਤੇ ਚੁੱਪ ਹਨ। ਅਲ ਜਜ਼ੀਰਾ ਦੇ ਪੇਸ਼ਕਾਰ, ਓਸਮਾਨ ਅਯਫਰਾਹ ਨੇ ਯੂਰਪੀਅਨ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੇਪ ਬੋਰੇਲ ਨੂੰ ਇਜ਼ਰਾਈਲ ਅਤੇ ਹਮਾਸ ਦੀਆਂ ਕਾਰਵਾਈਆਂ ਨੂੰ ਯੁੱਧ ਅਪਰਾਧ ਵਜੋਂ ਦਰਸਾਉਣ ’ਤੇ ਯੂਰਪੀਅਨ ਯੂਨੀਅਨ ਦੀ ਸਥਿਤੀ ਬਾਰੇ ਸਵਾਲ ਕੀਤਾ। ‘ਮੈਂ ਕੋਈ ਵਕੀਲ ਨਹੀਂ ਹਾਂ’, ਸ੍ਰੀ ਬੋਰੇਲ ਨੇ ਜਵਾਬ ਦਿੱਤਾ। ਜਦੋਂ ਇਹ ਪੁੱਛਿਆ ਗਿਆ ਕਿ ਕੀ ਯੂਰਪੀਅਨ ਯੂਨੀਅਨ 7 ਅਕਤੂਬਰ ਤੋਂ ਇਜ਼ਰਾਈਲ ਦੀਆਂ ਕਾਰਵਾਈਆਂ ਨੂੰ ਯੁੱਧ ਅਪਰਾਧਾਂ ਵਜੋਂ ਦਰਸਾਏਗੀ, ਅਤੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਇਸ ਮਾਮਲੇ ਦੀ ਜਾਂਚ ਕਰੇਗੀ? ਉਨ੍ਹਾਂ ਕਿਹਾ ਕਿ ਯੂਰਪੀ ਸੰਘ 7 ਅਕਤੂਬਰ ਨੂੰ ਹਮਾਸ ਦੇ ਹਮਲੇ ਨੂੰ ਜੰਗੀ ਅਪਰਾਧ ਮੰਨਦਾ ਹੈ ਕਿਉਂਕਿ ਇਹ ‘ਬਿਨਾਂ ਕਿਸੇ ਕਾਰਨ ਆਮ ਨਾਗਰਿਕਾਂ ਦੀ ਸਪਸ਼ਟ ਹੱਤਿਆ ਸੀ।’ ਜਿੱਥੇ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਪਹੁੰਚ ਅਤੇ ਜੰਗਬੰਦੀ ਲਈ ਉਨ੍ਹਾਂ ਦਾ ਦਲੇਰ ਸਟੈਂਡ ਸ਼ਲਾਘਾਯੋਗ ਹੈ, ਉੱਥੇ ਯੂ.ਐੱਨ. ਹਮਲਾਵਰਤਾ ਨੂੰ ਕਾਬੂ ਕਰਨ ਵਿੱਚ ਅਸਫਲ ਰਿਹਾ ਹੈ।

ਵਹਿਸ਼ੀ ਤਾਕਤਾਂ ਬੱਚਿਆਂ ਉੱਤੇ ਕੋਈ ਰਹਿਮ ਨਹੀਂ ਕਰਦੀਆਂ। ਇਹ ਮਨੁੱਖੀ ਵਿਵਹਾਰ ਵਿੱਚ ਗੰਭੀਰ ਵਿਗਾੜ ਨੂੰ ਦਰਸਾਉਂਦੀ ਹੈ। ਇਹ ਉਦੋਂ ਦੇਖਿਆ ਗਿਆ ਸੀ ਜਦੋਂ ਨਾਜ਼ੀਆਂ ਨੇ ਯਹੂਦੀ ਬੱਚਿਆਂ ਨੂੰ ਮਾਰਿਆ ਸੀ। ਜਦੋਂ ਨਾਜ਼ੀ ਲੱਖਾਂ ਦੀ ਗਿਣਤੀ ਵਿੱਚ ਯਹੂਦੀਆਂ ਨੂੰ ਮਾਰ ਰਹੇ ਸਨ, ਤਾਂ ਦੁਨੀਆ ਨੇ ਲੰਬੇ ਸਮੇਂ ਲਈ ਇਹ ਕਹਿ ਕੇ ਅਣਡਿੱਠ ਕੀਤਾ ਕਿ ਉਨ੍ਹਾਂ ਨੂੰ ਨਜ਼ਰਬੰਦੀ ਕੈਂਪਾਂ ਦਾ ਕੋਈ ਗਿਆਨ ਨਹੀਂ ਸੀ। ਪੱਛਮੀ ਦੇਸ਼ਾਂ ਨੇ ਸੋਵੀਅਤ ਫੌਜ ਦੁਆਰਾ ਖੋਜੇ ਜਾਣ ਤੋਂ ਬਾਅਦ ਵੀ ਨਜ਼ਰਬੰਦੀ ਕੈਂਪਾਂ ਦੀ ਹੋਂਦ ਉੱਤੇ ਵਿਸ਼ਵਾਸ ਨਹੀਂ ਕੀਤਾ। ਪਰ ਹੁਣ ਇਹ ਬਹਾਨਾ ਨਹੀਂ ਚਲਦਾ। ਤਕਨੀਕੀ ਕਾਢਾਂ ਦੇ ਕਾਰਨ ਅੱਜ ਸਭ ਕੁਝ ਸਪਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ।

ਵਕਤ ਸਦਾ ਇਹੋ ਜਿਹਾ ਨਹੀਂ ਰਹਿਣਾ। ਅੱਤ ਦੇ ਤਸੀਹੇ ਢਾਹ ਕੇ ਤੇ ਤਬਾਹੀ ਲਿਆ ਕੇ ਹਿਟਲਰ ਅਖੀਰ ਮਰ ਮੁੱਕ ਗਿਆ। ਜ਼ਾਲਮਾਂ ਨੂੰ ਕਦੇ ਵੀ ਯਾਦ ਨਹੀਂ ਕੀਤਾ ਜਾਂਦਾ। ਛੋਟੇ ਛੋਟੇ ਬੱਚਿਆਂ ਦੀ ਆਵਾਜ਼ ਵਿਅਰਥ ਨਹੀਂ ਜਾਏਗੀ।

 

ਡਾ. ਅਰੁਣ ਮਿਤਰਾ