ਸਾਊਥਾਲ ਗੁਰਦੁਆਰਾ ਸਾਹਿਬ ਦੇ ਬਾਹਰੋਂ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦਾ ਪੋਸਟਰ ਲੁਹਾਣਾ ਅਤੇ ਸੱਚ ਛੁਪਾਣਾ ਅਤਿ ਨਿੰਦਕ ਘਟਨਾ

ਸਾਊਥਾਲ ਗੁਰਦੁਆਰਾ ਸਾਹਿਬ ਦੇ ਬਾਹਰੋਂ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦਾ ਪੋਸਟਰ ਲੁਹਾਣਾ ਅਤੇ ਸੱਚ ਛੁਪਾਣਾ ਅਤਿ ਨਿੰਦਕ ਘਟਨਾ

 ਭਾਈ ਖੰਡੇ ਦੇ ਮਾਤਾ ਬੀਬੀ ਚਰਨਜੀਤ ਕੌਰ ਵਲੋਂ ਇਸ ਮਾਮਲੇ ਦੀ ਨਿੰਦਾ ਅਤੇ ਸੀਸੀਟੀਵੀ ਦੀ ਫੁਟੇਜ ਜਾਰੀ ਕਰਣ ਦੀ ਮੰਗ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 16 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-ਬੀਤੇ ਕੁਝ ਦਿਨ ਪਹਿਲਾਂ ਸਾਊਥਾਲ ਗੁਰਦਵਾਰਾ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਕਾਲੇ ਗਏ ਨਗਰ ਕੀਰਤਨ ਵਾਲੇ ਦਿਹਾੜੇ ਗੁਰਦਵਾਰਾ ਸਾਹਿਬ ਦੇ ਬਾਹਰ ਗੁਰਦੁਆਰਾ ਪ੍ਰਬੰਧਕਾਂ ਦੀ ਇਜਾਜਤ ਨਾਲ ਗੁਰਦੁਆਰਾ ਪਾਰਕ ਐਵਨਿਊ ਵਿਖੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦਾ ਉਨਾਂ ਦੇ ਸਾਥੀਆਂ ਵੱਲੋਂ ਇਕ ਵਡ ਆਕਾਰੀ ਬੈਨਰ ਲਗਾਇਆ ਗਿਆ ਸੀ। ਨਗਰ ਕੀਰਤਨ ਵਿਚ ਕੁਝ ਦਰਦਮੰਦ ਸਿੱਖ ਅਤੇ ਭਾਈ ਖੰਡੇ ਦੇ ਸਾਥੀਆਂ ਨੂੰ ਭਾਈ ਅਨੂਪ ਸਿੰਘ ਰਾਹੀਂ ਪਤਾ ਲਗਦਾ ਹੈ ਕਿ ਸ਼ਹੀਦ ਭਾਈ ਅਵਤਾਰ ਸਿੰਘ ਦਾ ਬੈਨਰ ਕਮੇਟੀ ਵੱਲੋਂ ਬਿਨਾਂ ਕਿਸੇ ਨੂੰ ਦੱਸੇ ਚੁੱਪ ਚਪੀਤੇ ਲੁਹਾ ਕੇ ਹੇਠਾਂ ਸੁੱਟ ਦਿੱਤਾ ਗਿਆ ਹੈ ਤਾਂ ਉੱਥੇ ਖੜੇ ਨੌਜਵਾਨ ਅਤੇ ਦਰਦਮੰਦ ਸਿੱਖ ਕਮੇਟੀ ਨਾਲ ਗੱਲ ਕਰਨ ਵਾਸਤੇ ਪੁੱਜ ਗਏ ਜਦੋਂ ਦਫਤਰ ਵਿੱਚ ਜਾ ਕੇ ਪਤਾ ਲਗਾਇਆ ਉਥੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਸ਼ਹੀਦ ਭਾਈ ਅਵਤਾਰ ਸਿੰਘ ਖੰਡੇ ਦਾ ਬੈਨਰ ਭਾਈ ਹਰਮੀਤ ਸਿੰਘ ਗਿੱਲ, ਗੁਰਦਵਾਰਾ ਸਾਹਿਬ ਦੇ ਜਨਰਲ ਸਕੱਤਰ ਦੇ ਕਹਿਣ ਤੇ ਲਾਹਿਆ ਗਿਆ ਹੈ । ਹਰਮੀਤ ਸਿੰਘ ਗਿੱਲ ਕੋਲੋਂ ਪੁੱਛਗਿੱਛ ਕਰਣ ਤੇ ਓਹ ਮੁਕਰ ਗਏ ਜਦਕਿ ਕਮੇਟੀ ਦੀ ਇਜਾਜਤ ਤੋਂ ਬਿਨਾਂ ਗੁਰਦੁਆਰਾ ਸਾਹਿਬ ਦੇ ਉਪਰ ਜਾਣ ਦੇ ਰਾਹ ਤੇ ਲਗਿਆ ਤਾਲਾ ਖੋਲ੍ਹਿਆ ਨਹੀਂ ਜਾ ਸਕਦਾ ਹੈ। ਸਾਊਥ ਹਾਲ ਦੀ ਸੰਗਤ ਵਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਸੀਸੀਟੀਵੀ ਦੀ ਫੁਟੇਜ ਜਾਰੀ ਕੀਤੀ ਜਾਏ ਪਰ ਅੱਜ ਤੱਕ ਕਮੇਟੀ ਨੇ ਸੀਸੀਟੀਵੀ ਦੀ ਫੁਟੇਜ ਸੰਗਤ ਸਾਹਮਣੇ ਨਹੀਂ ਰੱਖੀ ।  ਯੂਕੇ ਦੀ ਇਕ ਸਿੱਖ ਜਥੇਬੰਦੀ ਵਲੋਂ ਇਸ ਮਾਮਲੇ ਵਿਚ ਸੱਚ ਨੂੰ ਛੁਪਾਂਦਾ ਹੋਇਆ ਬਿਆਨ ਜਾਰੀ ਕਰਕੇ ਸੰਗਤ ਨੂੰ ਭੰਬਲ ਭੂਸੇ ਵਿਚ ਪਾਉਣ ਦੀ ਵੀ ਪੰਥਕ ਸਿੱਖ ਨੇਤਾਵਾਂ ਅਤੇ ਦਰਦਮੰਦ ਸਿੱਖ ਸੰਗਤਾਂ ਵਲੋਂ ਸਖ਼ਤ ਨਿੰਦਾ ਕੀਤੀ ਗਈ ਹੈ ਅਤੇ ਕਮੇਟੀ ਨੂੰ ਜਲਦ ਤੋਂ ਜਲਦ ਸੀਸੀਟੀਵੀ ਦੀ ਫੁਟੇਜ ਜਾਰੀ ਕਰਣ ਲਈ ਕਿਹਾ ਗਿਆ ਹੈ ਜਿਸ ਨਾਲ ਸੰਗਤ ਨੂੰ ਪਤਾ ਲੱਗ ਸਕੇ ਕਿ ਸਿੱਖ ਪੰਥ ਲਈ ਜਾਨਾਂ ਵਾਰਣ ਵਾਲੇ ਸ਼ਹੀਦ ਸਿੰਘਾਂ ਦੀਆਂ ਬੇਅਦਬੀਆਂ ਕਰਣ ਵਾਲੇ ਕੌਣ ਲੋਕ ਹਨ । ਜਿਕਰਯੋਗ ਹੈ ਕਿ ਇਸੇ ਕਮੇਟੀ ਵਲੋਂ ਸੰਤ ਭਿੰਡਰਾਵਾਲਿਆਂ ਦੀਆਂ ਫੋਟੋਆਂ ਗੁਰਦੁਆਰਾ ਸਾਹਿਬ ਵਿੱਚੋਂ ਉਤਾਰੀਆਂ ਗਈਆਂ ਸਨ ਤੇ ਕਮੇਟੀ ਪ੍ਰਧਾਨ ਆਰਐਸਐਸ ਵਲੋਂ ਕੀਤੇ ਗਏ ਪ੍ਰੋਗਰਾਮ ਵਿਚ ਹਾਜ਼ਿਰੀ ਭਰਦਾ ਨਜਰੀ ਪਿਆ ਸੀ । ਭਾਈ ਖੰਡੇ ਦੇ ਮਾਤਾ ਬੀਬੀ ਚਰਨਜੀਤ ਕੌਰ ਵਲੋਂ ਵੀ ਇਸ ਮਾਮਲੇ ਦੀ ਨਿੰਦਾ ਕਰਦਿਆਂ ਤਹਕੀਕਾਤ ਲਈ ਸੀਸੀਟੀਵੀ ਦੀ ਫੁਟੇਜ ਜਾਰੀ ਕਰਣ ਦੀ ਮੰਗ ਕੀਤੀ ਗਈ ਹੈ ।