ਸ਼ੋਸ਼ਲ ਮੀਡੀਆ ਉਪਰ ਸਿਖਾਂ ਦਾ ਪ੍ਰਤੀਕਰਮ
ਸ਼ੋਸ਼ਲ ਮੀਡੀਆ ਉਪਰ ਸਿਖਾਂ ਦਾ ਮੰਨਣਾ ਹੈ ਕਿ ਬਾਦਲਕਿਆਂ ਦੇ ਹਥਾਂ ਵਿਚ ਨਾ ਦਰਬਾਰ ਸਾਹਿਬ ਸੁਰਖਿਅਤ ਹੈ ਨਾ ਅਕਾਲ ਤਖਤ ਸਾਹਿਬ।ਪੂਰਾ ਖਾਲਸਾ ਪੰਥ ਇਹਨਾਂ ਦੀਆਂ ਸਿਧਾਂਤਹੀਣ ਕਾਰਵਾਈਆਂ ਕਰਕੇ ਬਾਦਲਕਿਆਂ ਤੋਂ ਦੂਰ ਹੋ ਚੁਕਾ ਹੈ।ਅਜੇ ਤਕ ਬਾਦਲਕਿਆਂ ਨੇ ਗੁਰੂ ਪੰਥ ਕੋਲੋਂ ਭੁਲਾਂ ਬਖਸ਼ਾਉਣ ਦਾ ਯਤਨ ਨਹੀਂ ਕੀਤਾ।
ਬਾਦਲਕਿਆਂ ਦੀ ਹਉਮੈਂ ਕਾਰਣ ਪੰਥ ਵਿਰੋਧੀਆਂ ਨੂੰ ਸਿਖ ਸੰਸਥਾਵਾਂ ਤੇ ਸਿਧਾਂਤਾਂ ਨਾਲ ਖਿਲਵਾੜ੍ਹ ਕਰਨ ਦਾ ਮੌਕਾ ਮਿਲ ਰਿਹਾ ਹੈ।ਹੁਣੇ ਜਿਹੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੰਦੀ ਛੋੜ ਦਿਵਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਨਮਾਨਿਤ ਕਰਨ ਦਾ ਵਿਸ਼ੇਸ਼ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ 'ਤੇ ਉਲੀਕਿਆ ਗਿਆ,ਇਸ ਦਰਮਿਆਨ ਇਹਨਾਂ ਦੋਸ਼ੀ ਨਿਹੰਗਾਂ ਵਿਰੁਧ ਕਾਰਵਾਈ ਕੀ ਹੋਣੀ ਹੈ ,ਉਨ੍ਹਾਂ ਨੂੰ ਭਾਂਡੇ ਮਾਂਝਨ ਦੀ ਸੇਵਾ ਦੇ ਦਿਤੀ ਜਾਵੇਗੀ, ਕੰਮ ਮੁਕ ਜਾਵੇਗਾ।
ਇਤਿਹਾਸਕਾਰ ਦਵਿੰਦਰ ਸਿੰਘ ਦਾ ਮੰਨਣਾ ਹੈ ਕਿ ਇਹ ਤਾਂ ਸਗੋਂ ਚੰਗਾ ਐਲਾਨ ਹੋਇਆ ਕਿ ਨਿਹੰਗ ਸਿੰਘਾਂ ਨੇ ਗੁਰਮਤਾ ਸੋਧ ਦਿੱਤਾ ਕਿ ਬੁੱਢਾ ਦਲ ਦਾ ਜਥੇਦਾਰ , ਤਖ਼ਤ ਸਾਹਿਬ ਦਾ ਸੇਵਾਦਾਰ ਹੋਵੇਗਾ। ਬੁੱਢਾ ਦਲ ਕਿਸੇ ਕਾਨੂੰਨ ਅਧੀਨ ਨਹੀ ਹੈ। ਨੁਕਸ ਹੋਣਗੇ ਤਾਂ ਦੂਰ ਵੀ ਕੀਤੇ ਜਾ ਸਕਣਗੇ ਪਰੰਤੂ ਸਿੱਖ ਗੁਰਦੁਆਰਾ ਐਕਟ ਥੱਲੇ ਕਿਸੇ ਸੁਧਾਰ ਦੀ ਗੁੰਜਾਇਸ਼ ਹੀ ਨਹੀ।ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧ ਸੰਭਾਲ਼ੇ, ਉਸਦਾ ਤਖ਼ਤ ਸਾਹਿਬ ਦੇ ਦਸਤੂਰ ਨਾਲ ਕੋਈ ਸੰਬੰਧ ਨਹੀਂ ਜੁੜਦਾ।
ਬੁਧੀਜੀਵੀ ਹਰਜਿੰਦਰ ਸਿੰਘ ਨੇ ਇਤਿਹਾਸਕਾਰ ਦਵਿੰਦਰ ਸਿੰਘ ਦਾ ਵਿਰੋਧ ਕਰਦਿਆਂ ਕਿਹਾ ਕਿ ਮੁਲਕ ਦੇ ਕਨੂੰਨ ਤੋਂ ਬਾਹਰੀ ਕੋਈ ਵੀ ਪ੍ਰਬੰਧ ਨਹੀਂ ਹੋ ਸਕਦਾ। ਚਾਹੇ ਕਿਸੇ ਨੂੰ ਪਸੰਦ ਹੋਵੇ ਤੇ ਚਾਹੇ ਨਾ। ਹਰ ਪੂਰੀ ਜਾਂ ਅੱਧੀ ਜਨਤਕ ਸੰਸਥਾ ਨੂੰ ਰਜਿਸਟਰ ਕਰਵਾਉਣਾ ਹੁੰਦਾ ਤੇ ਨੇਮਾਂ / ਤਰੀਕਿਆਂ ਮੁਤਾਬਕ ਚੱਲਣਾ ਹੁੰਦਾ। ਹਿੰਦੂ, ਮੁਸਲਮਾਨ, ਬੋਧੀ ਰਾਧਾਸੁਆਮੀ, ਜੈਨੀ ਸਾਰੇ ਸਥਾਨ/ ਅਦਾਰੇ ਕਾਨੂੰਨ ਮੁਤਾਬਕ ਹੀ ਚੱਲਦੇ ਨੇ। ਹਾਂ ਕਨੂੰਨ ਬਦਲਿਆ ਜਾ ਸਕਦਾ ਜਾਂ ਇਸ ਵਿਚ ਸੋਧਾਂ ਕੀਤੀਆਂ ਸਕਦੀਆਂ ਨੇ। ਪੰਜਾਬ ਆਪਣਾ ਨਵਾਂ ਗੁਰਦੁਆਰਾ ਐਕਟ ਬਣਾ ਲਵੇ। ਬਿਨਾਂ ਕਨੂੰਨ ਦੇ ਮੁੜ ਮਹੰਤ ਹੀ ਬਨਣਗੇ ਤੇ ਅਫਰਾਤਫਰੀ ਵਧੇਗੀ।
ਇਤਿਹਾਸਕਾਰ ਦਵਿੰਦਰ ਸਿੰਘ ਨੇ ਜੁਆਬ ਦਿੰਦਿਆਂ ਕਿਹਾ ਕਿ ਹੁਣ ਕਾਨੂੰਨੀ ਮਹੰਤ ਨੇ ।ਪੰਥ ਮੁਗਲ ਦੇ ਦਸਤੂਰ ਅਧੀਨ ਨਹੀ ਸੀ ਥਾਪਿਆ । 1925 ਤੋਂ ਪਹਿਲੋਂ ਦੇਹੁਰੇ ਕਾਨੂੰਨ ਦੀ ਅਧੀਨਗੀ ਵਿਚ ਨਹੀ ਸੀ।ਉਸ ਵੇਲੇ ਦੇ ਮਹੰਤਾਂ ਨਾਲੋ ਅੱਜ ਦੇ ਕਾਨੂੰਨੀ ਪ੍ਰਬੰਧਕ ਮਹੰਤ ਜ਼ਿਆਦਾ ਭਰਸ਼ਟ ਅਤੇ ਜ਼ਿਆਦਾ ਗਿਣਤੀ ਵਿੱਚ ਹਨ।
ਕਾਨੂੰਨ ਸਥਾਨਕ ਅਤੇ ਕਾਲ ਸੀਮਾਬੱਧ ਹੁੰਦਾ ਹੈ। ਜਿਹੜਾ ਪੰਥ ਇਸ ਦੇ ਆਸਰੇ ਚੱਲਿਆ ਉਹ ਡੁੱਬ ਗਿਆ।
ਸਿਖ ਸੰਗਤ ਦਾ ਮੰਨਣਾ ਹੈ ਕਿ ਜਿਹਨਾਂ ਚਿਰ ਤਕ ਜਥੇਦਾਰ ਚੁਣਨ ਤੇ ਲਾਹੁਣ ਦੀ ਵਿਧੀ ਪੰਥਕ ਸਿਧਾਂਤ ਤੇ ਪੰਥਕ ਸਹਿਮਤੀ ਬਿਨਾਂ ਨਹੀਂ ਬਣਾਈ ਜਾਂਦੀ ਤੇ ਪੰਥਕ ਪਰੰਪਰਾ ਅਨੁਸਾਰ ਵਿਸਾਖੀ ,ਦਿਵਾਲੀ ਉਪਰ ਸਰਬਤ ਖਾਲਸਾ ਦੇ ਢੰਗ ਦੇ ਸਮਾਗਮ ਕਰਕੇ ਪੰਥਕ ਚੁਣੌਤੀਆਂ ,ਪੰਥਕ ਏਕਤਾ ਦੇ ਹਲ ਨਹੀਂ ਲਭੇ ਜਾਂਦੇ ਨਾ ਅਕਾਲੀ ਦਲ ਮਜਬੂਤ ਹੋਵੇਗਾ ਨਾ ਸ੍ਰੋਮਣੀ ਕਮੇਟੀ ਨਾ ਅਕਾਲ ਤਖਤ।ਬਾਦਲ ਪਰਿਵਾਰ ਆਪਣੀ ਨਿਜੀ ਲੋੜਾਂ ਅਨੁਸਾਰ ਪੰਥਕ ਸੰਸਥਾਵਾਂ ਨੂੰ ਵਰਤਣਾ ਬੰਦ ਕਰੇ। ਵਿਸ਼ਵ ਪੱਧਰ ਉਪਰ ਸਿਖ ਜਗਤ ਦੀ ਸਹਿਮਤੀ ਨਾਲ ਅਕਾਲ ਤਖਤ ਦੀ ਪੁਰਾਤਨ ਪਰੰਪਰਾ ਤੇ ਗੁਰੂ ਸਿਧਾਂਤ ਨੂੰ ਬਹਾਲ ਕਰਨ ਦੀ ਲੋੜ ਹੈ।ਇਸ ਸਬੰਧ ਵਿਚ ਜਥੇਦਾਰ ਸਿਖ ਬੁਧੀਜੀਵੀਆਂ ਪੰਥਕ ਸੰਸਥਾਵਾਂ ਦੀਆਂ ਮੀਟਿੰਗਾਂ ਬੁਲਾਕੇ ਅਜਿਹੇ ਸੰਕਟ ਉਪਰ ਕਾਬੂ ਪਾਉਣ ਤੇ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਵਿਸ਼ਵ ਪਧਰ ਉਪਰ ਪ੍ਰਗਟਾਉਣ ਦਾ ਉਦਮ ਕਰਨ।ਅਕਾਲ ਤਖ਼ਤ ਸਿੱਖ ਕੌਮ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ।ਸਮੁੱਚੀ ਸਿੱਖ ਕੌਮ ਆਪਣੀ ਅਗਵਾਈ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲ ਦੇਖਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਜਥੇਦਾਰ ਬਿਨਾਂ ਕਿਸੇ ਪੱਖ਼ਪਾਤ ਦੇ ਨਿਰੋਲ ਪੰਥਕ ਰਵਾਇਤਾਂ, ਗੁਰੂ ਗ੍ਰੰਥ ਸਾਹਿਬ ਦੀ ਫ਼ਿਲਾਸਫੀ ਅਤੇ ਗੁਰ-ਮਰਿਆਦਾ ਦੀ ਰੌਸ਼ਨੀ ਵਿੱਚ ਗੁਰੂ ਗਰੰਥ ਤੇ ਗੁਰੂ ਪੰਥ ਨੂੰ ਸਰਵਉਚ ਮੰਨਦਿਆਂ ਹੀ ਆਪਣੇ ਫ਼ੈਸਲੇ ਕਰਨ। ਇਹ ਘਟਨਾ ਆਮ ਨਹੀਂ ਹੈ।ਇਸ ਪਿਛੇ ਪੰਥ ਵਿਰੋਧੀਆਂ ਦੀ ਵਡੀ ਸਾਜਿਸ਼ ਹੈ।ਅਕਾਲ ਤਖਤ ਦੇ ਸਿਧਾਂਤ ਤੇ ਸੰਕਲਪ ਨੂੰ ਚੈਲਿੰਜ ਨਹੀਂ ਕੀਤਾ ਜਾ ਸਕਦਾ।ਮੌਜੂਦਾ ਸਥਿਤੀ ਵਿੱਚੋਂ ਨਿੱਕਲਣ ਲਈ ਸਿੱਖਾਂ ਨੂੰ ਆਪਣੇ ਅੰਦਰ ਨਿੱਗਰ ਬੌਧਿਕ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ ਅਤੇ ਜ਼ਮੀਨੀ ਪੱਧਰ ਦੀ ਨਵੀਂ ਸਿਖ ਜ੍ਰਾਗਿ੍ਤੀ ਲਹਿਰ ਚਲਾਉਣ ਦੀ ਲੋੜ ਹੈ।
Comments (0)