ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਬਾਦਲ ਦਲੀਆਂ ਨੂੰ ਮਿਲੀ "ਕਲੀਨ ਚਿੱਟ" ਦੀਆਂ ਖਬਰਾਂ ਦਾ ਸੱਚ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਬਾਦਲ ਦਲੀਆਂ ਨੂੰ ਮਿਲੀ

ਚੰਡੀਗੜ੍ਹ: ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੂੰ ਕਲੀਨ ਚਿੱਟ ਦੇਣ ਦੀਆਂ ਰਿਪੋਰਟਾਂ ਸਾਹਮਣੇ ਆਉਣ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੇ ਇਹਨਾਂ ਰਿਪੋਰਟਾਂ ਨੂੰ ਖਾਜਰ ਕਰਦਿਆਂ ਕਿਹਾ ਗਿਆ ਹੈ ਕਿ ਉਸ ਵੱਲੋਂ ਸਿਰਫ਼ ਇੱਕ ਦੋਸ਼ੀ ਖਿਲਾਫ਼ ਹੀ ਚਲਾਨ ਪੇਸ਼ ਕੀਤਾ ਗਿਆ ਹੈ।

ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਅਜੇ ਜਾਂਚ ਅਧੀਨ ਹੈ ਅਤੇ ਕਈ ਪਹਿਲੂਆਂ ’ਤੇ ਤਫਤੀਸ਼ ਜਾਰੀ ਹੈ। ਤਫਤੀਸ਼ ਮੁਕੰਮਲ ਹੋਣ ਤੱਕ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਕਲੀਨ ਚਿੱਟ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ 792 ਸਫਿਆਂ ਦਾ ਚਲਾਨ ਜਿਸ ਦਾ ਮੀਡੀਆ ਰਿਪੋਰਟਾਂ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ, ਉਹ ਸਿਰਫ਼ ਇੱਕ ਮੁਲਜ਼ਮ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸਿੰਘ ਸ਼ਰਮਾ ਖਿਲਾਫ਼ ਹੀ ਪੇਸ਼ ਕੀਤਾ ਗਿਆ ਹੈ। ਇਹ ਚਲਾਨ ਠੋਸ ਸਬੂਤਾਂ ’ਤੇ ਆਧਾਰਤ ਹੈ, ਜਿਸ ਵਿੱਚ ਅਜੇ ਵੀ ਕਈ ਪਹਿਲੂਆਂ ’ਤੇ ਦੋਸ਼ੀ ਖਿਲਾਫ਼ ਜਾਂਚ ਜਾਰੀ ਹੈ। ਤਫ਼ਤੀਸ਼ ਮੁਕੰਮਲ ਹੋਣ ਉਪਰੰਤ ਚਰਨਜੀਤ ਸ਼ਰਮਾ ਸਮੇਤ ਕਾਨੂੰਨ ਅਨੁਸਾਰ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਤਰਤੀਮਾ ਚਲਾਨ (ਸਪਲੀਮੈਂਟਰੀ ਚਲਾਨ) ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। 

ਬੁਲਾਰੇ ਨੇ ਕਿਹਾ ਕਿ ਅਸਲ ਵਿੱਚ ਜਾਂਚ ਅਜੇ ਜਾਰੀ ਹੈ ਅਤੇ ਕਿਸੇ ਨੂੰ ਵੀ ਕਲੀਨ ਚਿੱਟ ਦੇਣ ਦੀ ਅਜੇ ਕੋਈ ਸੰਭਾਵਨਾ ਨਹੀਂ ਬਣਦੀ। ਅਧੂਰੀ ਜਾਂਚ ਦੇ ਆਧਾਰ ਉੱਤੇ ਚਲਾਨ ਵਜੋਂ ਪੇਸ਼ ਕੀਤੇ ਗਏ ਇੱਕ ਦਸਤਾਵੇਜ਼ ਨੂੰ ਉਨ੍ਹਾਂ ਵਿਅਕਤੀਆਂ ਨੂੰ ਕਲੀਨ ਚਿੱਟ ਦੇਣ ਦੇ ਸਬੂਤ ਵਜੋਂ ਨਹੀਂ ਲਿਆ ਜਾ ਸਕਦਾ ਜਿਨ੍ਹਾਂ ਦਾ ਚਲਾਨ ਵਿੱਚ ਜ਼ਿਕਰ ਨਹੀਂ ਕੀਤਾ ਗਿਆ। ਮੀਡੀਆ ਰਿਪੋਰਟ ਨੇ ਖ਼ੁਦ ਹੀ ਇਸ ਗੱਲ ਦਾ ਪ੍ਰਗਟਾਵਾ ਕਰ ਦਿੱਤਾ ਹੈ ਕਿ ਸਿਟ ਵੱਲੋਂ ਐੱਫ.ਆਈ.ਆਰ. ਵਿੱਚ ਦਰਜ ਅਜੇ ਐੱਸ.ਪੀ. ਬਿਕਰਮਜੀਤ ਸਿੰਘ, ਪ੍ਰਦੀਪ ਕੁਮਾਰ ਅਤੇ ਅਮਰਜੀਤ ਸਿੰਘ ਤਿੰਨ ਵਿਅਕਤੀਆਂ ਖਿਲਾਫ਼ ਚਲਾਨ ਪੇਸ਼ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਹੁਣ ਤੱਕ ਪੇਸ਼ ਕੀਤਾ ਗਿਆ ਚਲਾਨ ਅਧੂਰੀ ਜਾਂਚ ’ਤੇ ਆਧਾਰਤ ਹੈ। ਇਸ ਕੇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਬਾਦਲ ਦਲ ਚਾਰਜਸ਼ੀਟ ਨੂੰ ਕਲੀਨ ਚਿੱਟ ਵਜੋਂ ਪੇਸ਼ ਕਰ ਰਿਹਾ ਹੈ
ਇਲਾਕੇ ਵਿੱਚ ਬੇਅਦਬੀਆਂ ਤੇ ਪੁਲੀਸ ਗੋਲੀ ਦੇ ਕੇਸਾਂ ਕਾਰਨ ਰਾਜਸੀ ਧਰਾਤਲ ਉੱਤੇ ਕਾਂਗਰਸ ਵੱਲੋਂ ਹਾਸ਼ੀਏ ਉੱਤੇ ਧੱਕੇ ਬਾਦਲ ਦਲ ਦੇ ਆਗੂਆਂ ਨੇ ਚਰਨਜੀਤ ਸ਼ਰਮਾ ਵਿਰੁੱਧ 24 ਅਪਰੈਲ ਨੂੰ ਦਾਇਰ ਕੀਤੀ ਚਾਰਜਸ਼ੀਟ ਨੂੰ ਆਪਣੇ ਹੱਕ ਵਿੱਚ ਭੁਨਾਉਣ ਦੇ ਯਤਨ ਤੇਜ ਕਰ ਦਿੱਤੇ ਹਨ। ਬਾਦਲ ਦਲ ਦੇ ਆਗੂ ਪਾਰਟੀ ਦੀਆਂ ਰੈਲੀਆਂ ਵਿੱਚ ਚਾਰਜਸ਼ੀਟ ਦੀਆਂ ਕਾਪੀਆਂ ਨੂੰ ਲਹਿਰਾ ਕੇ, ਵੰਡ ਕੇ ਦਾਅਵਾ ਕਰਦੇ ਹਨ ਕਿ ਇਸ ਵਿੱਚ ਉਨ੍ਹਾਂ ਦੇ ਨਾਵਾਂ ਦਾ ਕਿਤੇ ਜ਼ਿਕਰ ਮਾਤਰ ਵੀ ਨਹੀਂ ਹੈ ਜਦੋਂ ਕਿ ਇਹ ਸਿਟ ਵੀ ਕਾਂਗਰਸ ਸਰਕਾਰ ਦੀ ਅਗਵਾਈ ਹੇਠ ਹੀ ਬਣੀ ਹੋਈ ਹੈ। ਇਸ ਤਰ੍ਹਾਂ ਉਹ ਖ਼ੁਦ ਨੂੰ ਆਪ ਹੀ ‘ਕਲੀਨਚਿੱਟ’ ਦੇਣ ਤੱਕ ਜਾ ਰਹੇ ਹਨ। 

ਹੁਣ ਇਸ ਤਰ੍ਹਾਂ ਕਾਂਗਰਸ ਅਤੇ ਬਾਦਲ ਦਲ ‘ਪੰਥਕ’ ਮਾਨਸਿਕਤਾ ਦਾ ਲਾਹਾ ਲੈਣ ਲਈ ਯਤਨਸ਼ੀਲ ਹਨ। ਇਸ ਸਥਿਤੀ ਦੇ ਚੱਲਦਿਆਂ ਹੀ ਸਿਟ ਨੂੰ ਇਹ ਬਿਆਨ ਜਾਰੀ ਕਰਨਾ ਪਿਆ ਹੈ ਕਿ ਜਦੋਂ ਤੱਕ ਕੇਸ ਦੀ ਜਾਂਚ ਚੱਲ ਰਹੀ ਹੈ,ਉਦੋਂ ਤੱਕ ਕਿਸੇ ਨੂੰ ਵੀ ਕਲੀਨ ਚਿੱਟ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ