ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਾਹਰ ਸਿੱਖਾਂ ਨੇ ਕੀਤਾ ਮੁਜਾਹਿਰਾ

ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਾਹਰ ਸਿੱਖਾਂ ਨੇ ਕੀਤਾ ਮੁਜਾਹਿਰਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 30 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੀ ਤਰਫੋਂ ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਸਮਾਜਿਕ ਚੇਤਨਾ ਪੈਦਾ ਕਰਨ ਲਈ ਅੱਜ "ਸੰਵਿਧਾਨ ਇਹ ਕਹਿੰਦਾ ਹੈ- ਬੰਦੀ ਸਿੰਘ ਰਿਹਾਅ ਕਰੋ" ਮੁਹਿੰਮ ਤਹਿਤ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਾਹਰ ਜਾਗਰੂਕਤਾ ਮੋਰਚਾ ਲਾਇਆ ਗਿਆ। ਇੰਨਸਾਫ ਪਸੰਦ ਲੋਕਾਂ ਨੇ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰਤਾ ਨਾਲ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਭਾਈ ਮਤੀ ਦਾਸ ਯਾਦਗਾਰ ਉਤੇ ਕੀਰਤਨੀਆਂ ਵੱਲੋਂ ਗੁਰਬਾਣੀ ਦਾ ਗਾਇਨ ਵੀ ਕੀਤਾ ਗਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਕਾਰਜਕਾਰੀ ਪ੍ਰਧਾਨ ਗੁਰਦੀਪ ਸਿੰਘ ਮਿੰਟੂ ਨੇ ਕਿਹਾ ਕਿ ਸਾਡਾ ਟੀਚਾ ਸ਼ਾਂਤਮਈ ਤਰੀਕੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਦਾ ਹੈ। ਇਸ ਲਈ ਇਸ ਲੜੀਵਾਰ ਮੋਰਚਿਆਂ ਤਹਿਤ ਅਸੀਂ ਸਰਕਾਰਾਂ ਅੱਗੇ ਬੇਨਤੀ ਕਰ ਰਹੇ ਹਾਂ‌ ਅਤੇ ਨਾਲ ਹੀ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹਾਂ। ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਬਾਰ-ਬਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਕਰਜ਼ ਦੇਸ਼ ਉਤੇ ਹੋਣ ਦੇ ਦਿੱਤੇ ਜਾਂਦੇ ਬਿਆਨਾਂ ਦਾ ਚੇਤਾ ਕਰਵਾਉਂਦੇ ਹੋਏ ਗੁਰਦੀਪ ਸਿੰਘ ਮਿੰਟੂ ਨੇ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਕੇਂਦਰ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਨ੍ਹਾਂ ਸਿਆਸੀ ਸਿੱਖ ਕੈਦੀਆਂ ਦੀ ਤੁਰੰਤ ਰਿਹਾਈ ਕਰੇਂ। ਐਡਵੋਕੇਟ ਭਾਨੂੰ ਪ੍ਰਤਾਪ ਅਤੇ ਐਡਵੋਕੇਟ ਮਹਮੂਦ ਪ੍ਰਾਚਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ 27 ਸਾਲ ਜੇਲ੍ਹ ਕੱਟਣ ਤੋਂ ਬਾਅਦ ਵੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਹੈ। ਇਸ ਲਈ ਅਸੀਂ ਭਾਈ ਹਵਾਰਾ ਨੂੰ ਆਰੋਪੀ ਦੱਸਦੇ ਹਾਂ ਦੋਸ਼ੀ ਨਹੀਂ। ਇੱਕ ਪਾਸੇ ਰਾਜੀਵ ਗਾਂਧੀ ਅਤੇ ਬਿਲਕਿਸ ਬਾਨੋ ਦੇ ਦੋਸ਼ੀ ਅਜ਼ਾਦ ਹੋ ਗਏ ਹਨ, ਪਰ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਵਿਚ ਲਗਾਤਾਰ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ। 

 

ਰਿਹਾਈ ਮੋਰਚੇ ਦੇ ਕਨਵੀਨਰ ਅਤੇ ਸਾਬਕਾ ਵਿਧਾਇਕ ਅਵਤਾਰ ਸਿੰਘ ਕਾਲਕਾ ਨੇ ਦਾਅਵਾ ਕੀਤਾ ਕਿ ਸਰਕਾਰਾਂ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਸ ਕਰਕੇ ਡਰਦੀਆਂ ਹਨ, ਕਿ ਕਿਤੇ ਇਹ ਸਿੰਘ ਬਾਹਰ ਆ ਗਏ ਤਾਂ ਪੰਜਾਬ ਵਿਚ ਭ੍ਰਿਸ਼ਟਾਚਾਰ, ਬਦਮਾਸ਼ੀ ਅਤੇ ਨਸ਼ਿਆਂ ਵਾਲੀ ਇਨ੍ਹਾਂ ਦੀ ਸਿਆਸਤ ਖਤਮ ਹੋ ਜਾਵੇਗੀ ਤੇ ਇਨ੍ਹਾਂ ਵਕਾਰ ਗੁਆ ਚੁੱਕਿਆ ਸਿਆਸੀ ਪਾਰਟੀਆਂ ਦੀ ਸਿਆਸਤ ਦਾ ਵੀ ਭੋਗ ਪੈ ਜਾਵੇਗਾ। ਸਮੂਹ ਬੁਲਾਰਿਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਹੇ ਸੈਂਕੜਿਆਂ ਦੀ ਤਾਦਾਦ ਵਿਚ ਮੌਜੂਦ ਲੋਕਾਂ ਨੂੰ ਸਮਾਜਿਕ ਅਤੇ ਦਲਿਤ ਕਾਰਕੁੰਨ ਡਾਕਟਰ ਰਿਤੂ ਸਿੰਘ ਨੇ ਲਲਕਾਰਦਿਆਂ ਹੋਇਆ ਕਿਹਾ ਕਿ ਜੋਂ ਬਿਲਕਿਸ ਬਾਨੋ ਦੇ ਨਾਲ ਹੋਇਆ ਹੈ, ਜੇਕਰ ਉਹ ਤੁਹਾਡੀ ਧੀ-ਭੈਣ ਨਾਲ ਹੁੰਦਾ ਤਾਂ ਵੀ ਤੁਸੀਂ ਚੁੱਪ ਰਹਿੰਦੇ ? ਤੁਹਾਨੂੰ ਗੁਲਾਮੀ ਸ਼ਹਿਣ ਦੀ ਆਦਤ ਪਾਈ ਜਾ ਰਹੀ ਹੈ, ਜੇਕਰ ਤੁਸੀਂ ਹੁਣ ਵੀ ਚੁੱਪ ਰਹੇਂ ਤਾਂ ਸੰਵਿਧਾਨ ਅਤੇ ਕਾਨੂੰਨ ਨਾਲ ਭਵਿੱਖ ਵਿਚ ਹੋਣ ਵਾਲੀ ਬੇਰੁਖੀ ਦੇ ਤੁਸੀਂ ਸਾਰੇ ਦੋਸ਼ੀ ਹੋਵੋਗੇ। ਸੰਵਿਧਾਨ ਧਰਮ ਦੇ ਆਧਾਰ ਉਤੇ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਪਰ ਬੰਦੀ ਸਿੰਘਾਂ ਦੇ ਮਾਮਲੇ ਵਿਚ ਸਰਕਾਰ ਸੰਵਿਧਾਨ ਦੀ ਮਰਜ਼ੀ ਅਨੁਸਾਰ ਵਿਆਖਿਆ ਕਰ ਰਹੀਂ ਹੈ। ਰਿਹਾਈ ਮੋਰਚੇ ਦੇ ਬੁਲਾਰੇ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ 'ਰਾਜਸੀ ਬੰਦੀ' ਬਣਾਏ ਜਾਣ ਤੋਂ ਬਾਅਦ ਸ਼ਹੀਦ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਪਵਿੱਤਰ ਸ਼ਹੀਦੀ ਅਸਥਾਨ, ਭਾਈ ਮਤੀਦਾਸ ਚੌਂਕ, ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਾਹਰ ਮੋਰਚਾ ਲਗਾਉਣ ਦਾ ਖਾਸ ਮਕਸਦ ਹੈ। ਇੱਕ ਤਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ ਜਾ ਸਕੇ ਅਤੇ ਦੂਜ਼ਾ ਸਰਕਾਰ ਤੱਕ ਇਹ ਸੁਨੇਹਾ ਜਾਵੇ ਕਿ ਗੁਰੂ ਕਾਲ ਤੋਂ ਹੀ ਸਿੱਖਾਂ ਦਾ ਹਕੂਮਤਾਂ ਦੇ ਨਾਲ ਟਕਰਾਅ ਰਹਿਣ ਕਰਕੇ ਸਾਡੇ ਵਿਚ ਸਿਆਸੀ ਬੰਦੀ ਬਨਣ ਦੀ ਪ੍ਰੰਪਰਾ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਰਿਹਾਈ ਮੋਰਚਾ ਆਗੂਆਂ ਦੇ ਨਾਲ ਹੀ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ। ਅੱਜ ਦੇ ਪ੍ਰੋਗਰਾਮ ਦੇ ਆਯੋਜਕ ਅਤੇ ਭਾਈ ਮਤੀ ਦਾਸ ਸੇਵਕ ਜਥੇ ਦੇ ਗੁਰਬਚਨ ਸਿੰਘ ਅਰੋੜਾ ਨੇ ਆਏ ਹੋਏ ਸਮੂਹ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਹੋਇਆ ਸ੍ਰੀ ਸਾਹਿਬ ਭੇਂਟ ਕੀਤੀਆਂ।