ਪੰਜਾਬ ਦੀ ਤਬਾਹੀ ਰੋਕਣ ਲਈ ਸਾਂਝੇ ਯਤਨਾਂ ਦੀ ਲੋੜ : ਬਲਤੇਜ ਪਨੂੰ

ਪੰਜਾਬ ਦੀ ਤਬਾਹੀ ਰੋਕਣ ਲਈ ਸਾਂਝੇ ਯਤਨਾਂ ਦੀ ਲੋੜ : ਬਲਤੇਜ ਪਨੂੰ

ਪੰਜਾਬੀ ਰੇਡੀਓ ਯੂਐੱਸਏ. ਦੇ ਸੀਨੀਅਰ ਪੱਤਰਕਾਰ ਦੇ ਕੈਲੀਫੋਰਨੀਆ ਦੌਰੇ ਨੂੰ ਭਰਵਾਂ ਹੁੰਗਾਰਾ
ਸੈਨਹੋਜੇ/ਏਟੀ ਨਿਊਜ਼ :
''ਬਹਾਦਰ ਅਤੇ ਜੰਗਜੂ ਸਿੱਖ ਕੌਮ, ਜਿਸ ਨੂੰ ਦੁਸ਼ਮਣਾਂ ਦੀਆਂ ਤੋਪਾਂ, ਸਰਕਾਰੀ ਲਸ਼ਕਰ ਖ਼ਤਮ ਨਹੀਂ ਕਰ ਸਕੇ, ਨੂੰ ਹੁਣ ਆਪਣੀਆਂ ਸਰਕਾਰਾਂ’ ਹੀ ਖ਼ਤਮ ਕਰ ਕੇ ਛੱਡਣਗੀਆਂ।” ਇਹ ਵਿਚਾਰ ਉੱਘੇ ਪੱਤਰਕਾਰ ਬਲਤੇਜ ਪਨੂੰ ਨੇ ਇੱਥੇ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਐਤਵਾਰ ਨੂੰ‘ਪੰਜਾਬੀ ਪੱਤਰਕਾਰੀ ਤੇ ਪੰਜਾਬ ਦੀ ਮੌਜੂਦਾ ਸਥਿਤੀ ਸਬੰਧੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਸੱਤਾਧਾਰੀਆਂ ਅਤੇ ਸਮੱਗਲਰਾਂ ਦੀ ਮਿਲੀਭੁਗਤ ਨਾਲ ਪੰਜਾਬ ਵਿੱਚ ਵੱਡੀ ਪੱਧਰ ਉੱਤੇ ਜਾਨਲੇਵਾ ਨਸ਼ਿਆਂ ਦਾ ਧੰਦਾ ਬੇਰੋਕ ਚਲਦੇ ਰਹਿਣ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਸਲ ਵਿੱਚ ਪੰਜਾਬ ਨੂੰ ਤਬਾਹੀ ਵਲ ਧੱਕਣ 'ਚ ਸਿਆਸਤਦਾਨ ਹੀ ਮੋਹਰੀ ਹਨ। ਗੱਲ ਕਿਸੇ ਇਕੱਲੀ ਰਾਜਸੀ ਪਾਰਟੀ ਦੀ ਨਹੀਂ, ਅੰਦਰੋਂ ਸਭ ਰਲੇ ਹੋਏ ਹਨ। ਅਕਾਲੀਆਂ ਅਤੇ ਕਾਂਗਰਸੀਆਂ ਦੀ ਹਰ ਧੰਦੇ ਵਿੱਚ ਹਿੱਸੇਦਾਰੀ’ਤਾਂ ਜੱਗ ਜ਼ਾਹਿਰ ਹੈ, ਦੂਸਰੀਆਂ ਪਾਰਟੀਆਂ ਦੇ ਆਗੂ ਵੀ ਦੁੱਧ ਧੋਤੇ ਨਹੀਂ ਪਰ ਉਨ੍ਹਾਂ ਦਾ ਦਾਅ ਨਾ ਲੱਗਣ ਕਾਰਨ ਉਹ ਪੰਜਾਬ ਦੇ ਦਰਦੀ ਹੋਣ ਦਾ ਢੰਡੋਰਾ ਪਿੱਟਦੇ ਹਨ।
ਪਰਵਾਸੀ ਪੰਜਾਬੀਆਂ ਵਲੋਂ ਅਪਣੀ ਜਨਮ ਭੂਮੀ ਲਈ ਘਾਲੀਆਂ ਜਾ ਰਹੀਆਂ ਘਾਲਣਾਵਾਂ ਦੀ ਭਰਵੀਂ ਸਰਾਹਨਾ ਕਰਦਿਆਂ ਬਲਤੇਜ ਪਨੂੰ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਤੋਂ ਆਉਣ ਵਾਲੇ ਸਿਆਸਤਦਾਨਾਂ ਨੂੰ ਡੋਨੇਸ਼ਨ ਜਾਂ ਫੰਡ ਨਾ ਦਿੱਤੇ ਜਾਣ। ਦਿਨ ਰਾਤ ਹੱਡ-ਭੰਨਵੀਂ ਮਿਹਨਤ ਨਾਲ ਕਮਾਏ ਤੁਹਾਡੇ ਪੈਸੇ ਨਿੱਜੀ ਹਿੱਤਾਂ ਲਈ ਵਰਤੇ ਜਾਂਦੇ ਹਨ।
ਪੰਜਾਬ ਦੇ ਪਾਣੀ ਖੋਹ ਕੇ ਹੋਰਨਾਂ ਸੂਬਿਆਂ ਨੂੰ ਦੇਣ ਅਤੇ ਹੁਣ ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਦੇ ਮੁੱਕ ਜਾਣ ਦਾ ਜ਼ਿਕਰ ਕਰਦਿਆਂ ਬਲਤੇਜ ਪਨੂੰ ਨੇ ਕਿਹਾ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਖ਼ਤਰੇ 'ਚ ਹੈ। ਉਨ੍ਹਾਂ ਨੇ ਪੰਜਾਬ ਨੂੰ ਹੋਰ ਤਬਾਹੀ ਵਲ ਜਾਣੋਂ ਬਚਾਉਣ ਲਈ ਪਰਵਾਸੀ ਪੰਜਾਬੀਆਂ ਨੂੰ ਆਪਸੀ ਗਿਲੇ ਸ਼ਿਕਵੇ ਲਾਂਭੇ ਰੱਖ ਕੇ ਸਾਂਝੇ ਹੰਭਲੇ ਮਾਰਨ ਦਾ ਸੱਦਾ ਦਿੱਤਾ।
ਸਿੰਘ ਸਭਾ ਮਿਲਪੀਟਸ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਸੈਮੀਨਾਰ 'ਚ ਸੰਗਤਾਂ ਦਾ ਹੁੰਗਾਰਾ ਇੰਨਾ ਭਰਵਾਂ ਸੀ ਕਿ ਸੈਮੀਨਾਰ ਹਾਲ ਖਚਾਖਚ ਭਰਿਆ ਹੋਣ ਦੇ ਨਾਲ-ਨਾਲ ਲੋਕ ਬਾਹਰ ਵੀ ਖੜ੍ਹੇ ਸਨ। ਇਸ ਮੌਕੇ ਹਾਜ਼ਰ ਸਖ਼ਸ਼ੀਅਤਾਂ ਵਿੱਚ ਉੱਘੇ ਸਿੱਖ ਆਗੂ ਭਾਈ ਜਸਵਿੰਦਰ ਸਿੰਘ ਜੰਡੀ, ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾ. ਪ੍ਰਿਤਪਾਲ ਸਿੰਘ, ਜਸਵੰਤ ਸਿੰਘ ਹੋਠੀ, ਜਸਜੀਤ ਸਿੰਘ, ਅਜਮੇਰ ਸਿੰਘ ਬਿੱਟੂ ਨਿੱਜਰ, ਪ੍ਰੋ. ਬਲਵਿੰਦਰਪਾਲ ਸਿੰਘ ਲਾਲੀ ਧਨੋਆ ਅਤੇ ਹੋਰ ਸ਼ਾਮਲ ਸਨ।
ਇਨ੍ਹੀਂ ਦਿਨ੍ਹੀਂ ਕਨੇਡਾ ਆਏ ਹੋਏ ਬਲਤੇਜ ਪਨੂੰ, ਜਿਹੜੇ ਪੰਜਾਬੀ ਰੇਡੀਓ ਯੂਐੱਸਏ. ਦੀ ਪੱਤਰਕਾਰ ਟੀਮ ਦੇ ਸੀਨੀਅਰ ਮੈਂਬਰ ਹਨ, ਨੇ ਕੈਲੀਫੋਰਨੀਆ ਦੇ ਆਪਣੇ ਸੰਖੇਪ ਜਿਹੇ ਦੌਰੇ ਦੌਰਾਨ ਸੈਕਰਾਮੈਂਟੋ ਅਤੇ ਫਰਿਜ਼ਨੋ ਵਿਖੇ ਵੀ ਦੋ ਦਿਨ ਵੱਖ ਵੱਖ ਸੈਮੀਨਾਰਾਂ ਨੂੰ ਸੰਬੋਧਨ ਕੀਤਾ। 
ਪੰਜਾਬ ਅਤੇ ਪੰਜਾਬੀਅਤ ਨੂੰ ਦਰਪੇਸ਼ ਗੰਭੀਰ ਖਤਰਿਆਂ ਬਾਰੇ ਫਿਕਰਮੰਦ ਅਤੇ ਚੇਤੰਨ ਪੰਜਾਬੀ ਸਭਨੀਂ ਥਾਈਂ ਪਨੂੰ ਦੇ ਵਿਚਾਰ ਸੁਨਣ ਲਈ ਆਪਣੇ ਜ਼ਰੂਰੀ ਕੰਮ ਕਾਜ ਛੱਡ ਕੇ ਵੱਡੀ ਗਿਣਤੀ ਵਿੱਚ ਪੁੱਜੇ।
ਇਨ੍ਹਾਂ ਸਾਰੇ ਪ੍ਰੋਗਰਾਮਾਂ ਨੂੰ ਉਲੀਕਣ ਅਤੇ ਸਫ਼ਲ ਬਣਾਉਣ ਲਈ ਪੰਜਾਬੀ ਰੇਡੀਓ ਯੂਐੱਸਏ. ਅਤੇ ਪੰਜਾਬੀ ਕਲਚਰਲ ਸੈਂਟਰ ਯੂਐੱਸਏ. ਫਰਿਜ਼ਨੋ ਦੀ ਸਮੁੱਚੀ ਟੀਮ ਨੇ ਸਰਗਰਮ ਭੂਮਿਕਾ ਨਿਭਾਈ।

ਸੈਕਰਾਮੈਂਟੋ/ਏਟੀ ਨਿਊਜ਼ : ਮਿਰਾਜ਼ ਬੈਂਕੁਇਟ ਹਾਲ ਸੈਕਰਾਮੈਂਟੋ ਵਿਖੇ ਸ਼ੁਕਰਵਾਰ 12 ਜੁਲਾਈ ਨੂੰ ਸ਼ਾਮੀਂ 5:00 ਵਜੇ ਬਲਤੇਜ ਪਨੂੰ ਨਾਲ ਮਿਲਣੀ ਦੌਰਾਨ ਪਿਛਲੀ ਬਾਦਲ ਸਰਕਾਰ ਵਲੋਂ ਪਾਏ ਝੂਠੇ ਕੇਸ ਦੌਰਾਨ ਉਨ੍ਹਾਂ ਉੱਤੇ ਕੀਤੀਆਂ ਪੁਲੀਸ ਜ਼ਿਆਦਤੀਆਂ ਬਾਰੇ ਦੱਸਿਆ ਗਿਆ। ਵਰਨਣਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦੀਆਂ ਪੰਜਾਬ ਅਤੇ ਲੋਕ ਵਿਰੋਧੀਆਂ ਕਾਰਵਾਈਆਂ ਵਿਰੁਧ ਆਵਾਜ਼ ਬੁਲੰਦ ਕਰਨ ਬਦਲੇ ਬਲਤੇਜ ਪਨੂੰ ਨੂੰ ਬਲਾਤਕਾਰ ਦਾ ਝੂਠਾ ਕੇਸ ਪਾ ਕੇ ਲੰਮਾ ਸਮਾਂ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਕੇਸ ਵਿਚੋਂ ਬਾਇੱਜ਼ਤ ਬਰੀ ਹੋਣ ਬਾਅਦ ਉੱਤਰੀ ਅਮਰੀਕਾ ਆਏ ਬਲਤੇਜ ਪਨੂੰ ਨੇ ਕਿਹਾ ਕਿ ਲੋਕਾਂ ਦੇ ਪਿਆਰ ਅਤੇ ਹਮਾਇਤ ਸਦਕਾ ਬੇਹੱਦ ਔਖੇ ਸਮਿਆਂ 'ਚੋਂ ਬਚ ਕੇ ਨਿਕਲੇ ਹਨ। ਲੋਕਾਂ ਦੇ ਪਿਆਰ ਨੇ ਉਨ੍ਹਾਂ ਦਾ ਹੌਂਸਲਾ ਬੁਲੰਦ ਕੀਤਾ ਹੈ।
ਮਿਰਾਜ਼ ਬੈਂਕੁਇਟ ਹਾਲ ਦੇ ਰਾਜਾ ਸਿੰਘ ਖੱਖ ਅਤੇ ਪਰਮਪ੍ਰੀਤ ਸਿੰਘ ਡੱਡੀ ਵਲੋਂ ਕਰਵਾਏ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਪੋਰਟਸ ਕਲੱਬ ਦੇ ਮੋਹਰੀ ਸੁੱਖੀ ਸੇਖੋਂ ਅਤੇ ਰਾਜਾ ਮਨਟੀਕਾ ਨੇ ਭਰਵਾਂ ਸਹਿਯੋਗ ਦਿੱਤਾ।

ਪੱਤਰਕਾਰੀ ਦੀਆਂ ਲੋਕ ਪੱਖੀ ਸ਼ਾਨਦਾਰ ਰਵਾਇਤਾਂ 
ਉੱਤੇ ਲਗਾਤਾਰ ਪਹਿਰਾ ਦਿੱਤੇ ਜਾਣ ਦੀ ਲੋੜ : ਪਨੂੰ

ਫਰਿਜ਼ਨੋ/ਏਟੀ ਨਿਊਜ਼ : ਸੀਨੀਅਰ ਪੱਤਰਕਾਰ ਬਲਤੇਜ ਪਨੂੰ ਨੇ ਦੇਸ਼ ਵਿਦੇਸ਼ ਵਿਚਲੇ ਪੰਜਾਬੀ ਪੱਤਰਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਪੰਜਾਬ ਦੀ ਧਰਤੀ ਤੇ ਲੋਕਾਂ ਦਾ ਭਵਿੱਖ ਬੜੇ ਬੇਈਮਾਨ ਸਿਆਸਤਦਾਨਾਂ ਦੇ ਹੱਥਾਂ 'ਚ ਹੋਣ ਕਾਰਨ ਹੁਣ ਸਭਨਾਂ ਨੂੰ ਫੈਸਲਾਕੁਨ ਰੋਲ ਅਦਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਉੱਤੇ ਡਰੱਗ ਮਾਫ਼ੀਆ ਅਤੇ ਬੇਈਮਾਨ ਸਿਆਸਤਦਾਨਾਂ ਨੇ ਆਪਣਾ ਸ਼ਿਕੰਜਾ ਇਸ ਤਰ੍ਹਾਂ ਕਸਿਆ ਹੋਇਆ ਹੈ ਕਿ ਅਫ਼ਸਰਸ਼ਾਹੀ ਅਤੇ ਪੁਲੀਸ ਉਨ੍ਹਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ।
ਆਪਣੇ ਜੇਲ੍ਹ ਸਫ਼ਰ ਦੌਰਾਨ ਤਤਕਾਲੀ ਬਾਦਲ ਸਰਕਾਰ ਦੇ ਮੋਹਰੀਆਂ ਵਲੋਂ ਉਨ੍ਹਾਂ ਦੀ ਆਵਾਜ਼ ਬੰਦ ਕਰਾਉਣ ਲਈ ਜਾਨੋਂ ਖ਼ਤਮ ਕਰਾਉਣ ਦੇ ਯਤਨਾਂ ਅਤੇ ਸਾਜ਼ਿਸ਼ਾਂ ਦਾ ਜ਼ਿਕਰ ਕਰਦਿਆਂ ਬਲਤੇਜ ਪਨੂੰ ਨੇ ਕਿਹਾ ਕਿ ਇਸ ਵਿਚ ਬਾਦਲ ਦਲੀਆਂ ਦਾ ਸਿੱਧਾ ਹੱਥ ਸੀ ਪਰ ਕਨੇਡਾ, ਅਮਰੀਕਾ ਵਿਚਲੇ ਡਰੱਗ ਮਾਦੇ, ਹੱਥਠੋਕੇ ਤੇ ਵਿਕਾਊ ਪੱਤਰਕਾਰਾਂ ਵਿਰੁੱਧ ਲੜਾਈ 'ਚ ਲੋਕਾਂ ਦੇ ਪਿਆਰ ਸਦਕਾ ਉਹ ਅੱਜ ਇਥੇ ਬੋਲ ਸਕਣ ਦੇ ਯੋਗ ਹੋਏ ਹਨ। 
ਬਲਤੇਜ ਪਨੂੰ ਪੰਜਾਬੀ ਕਲਚਰਲ ਸੈਂਟਰ ਯੂਐੱਸਏ. ਫਰਿਜ਼ਨੋ ਵਿਖੇ 13 ਜੁਲਾਈ 2019 ਸ਼ਨਿਚਰਵਾਰ ਨੂੰ ਸਿੱਖ ਇਤਿਹਾਸ ਅਤੇ ਪੰਜਾਬੀ ਸਭਿਆਚਾਰ ਦੇ ਚਿਤੇਰੇ ਉੱਘੇ ਚਿੱਤਰਕਾਰ ਜਰਨੈਲ ਸਿੰਘ ਦੀਆਂ ਕਲਾ ਕਿਰਤਾਂ ਦੀ ਪੰਜ ਰੋਜ਼ਾ ਨੁਮਾਇਸ਼ ਦੇ ਉਟਘਾਟਨ ਮੌਕੇ ਬੋਲ ਰਹੇ ਸਨ।
ਪੰਜਾਬੀ ਕਲਚਰਲ ਸੈਂਟਰ ਯੂਐੱਸਏ. ਫਰਿਜ਼ਨੋ ਦੇ ਕੋਆਰਡੀਨੇਟਰ ਦਲਜੀਤ ਸਿੰਘ ਸਰਾਂ ਨੇ ਜਰਨੈਲ ਸਿੰਘ ਆਰਟਿਸਟ, ਬਲਤੇਜ ਸਿੰਘ ਪਨੂੰ ਅਤੇ ਹੋਰਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਬਲਤੇਜ ਪਨੂੰ ਦੀ ਲੜਾਈ ਸਭਨਾਂ ਦੀ ਸਾਂਝੀ ਲੜਾਈ ਹੈ। ਇਸ ਨੂੰ ਜਾਰੀ ਰੱਖਣਾ ਹੀ ਜਿਉਂਦੀ ਪੱਤਰਕਾਰੀ ਦੀ ਮਿਸਾਲ ਹੈ। 
ਜਰਨੈਲ ਸਿੰਘ ਚਿੱਤਰਕਾਰ, ਜਿਹੜੇ ਖ਼ੁਦ ਸਰੀ ਪ੍ਰੈਸ ਕਲੱਬ ਦੇ ਬਾਨੀ ਪ੍ਰਧਾਨ ਰਹੇ ਹਨ, ਨੇ ਬਲਤੇਜ ਪਨੂੰ ਵਲੋਂ ਵਿਖਾਏ ਹੌਸਲੇ ਦੀ ਦਾਦ ਦਿੰਦਿਆਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਨਾ ਅਤੇ ਸਥਿਰਤਾ 'ਚ ਮਜ਼ਬੂਤ ਪੱਤਰਕਾਰਤਾ ਦਾ ਵੱਡਾ ਰੋਲ ਹੁੰਦਾ ਹੈ।
ਇਸ ਮੌਕੇ ਉਘੀਆਂ ਸਖ਼ਸ਼ੀਅਤਾਂ 'ਚ ਡਾ. ਗੁਰੂਮੇਲ ਸਿੱਧੂ, ਹਰਜਿੰਦਰ ਕੰਗ, ਸੰਤੋਖ ਮਿਨਹਾਸ, ਡਾ. ਅਰਜਨ ਸਿੰਘ ਜੋਸਨ, ਰੇਡੀਓ ਹੋਸਟ ਗੁਰਦੀਪ ਸ਼ੇਰਗਿੱਲ, ਸੀਨੀਅਰ ਪੱਤਰਕਾਰ ਨੀਟਾ ਮਾਛੀਕੇ, ਕੁਲਵੰਤ ਉੱਭੀ ਧਾਲੀਆਂ, ਤਾਰਾ ਸਿੰਘ, ਰੇਡੀਓ ਹੋਸਟ ਜੋਤ ਰਣਜੀਤ, ਇੰਦਰਜੀਤ ਸਿੰਘ, ਹਰਵਿੰਦਰ ਸਿੰਘ ਧਾਲੀਵਾਲ ਅਤੇ ਹੋਰ ਸ਼ਾਮਲ ਸਨ। 
ਕਾਂਗਰਸਮੈਨ ਜਿੰਮ ਕੌਸਟਾ ਵਲੋਂ ਭੇਜਿਆ ਮਾਣ ਪੱਤਰ ਗੁਰਦੀਪ ਸ਼ੇਰਗਿੱਲ, ਹਰਜੋਤ ਸਿੰਘ ਖਾਲਸਾ, ਜਰਨੈਲ ਸਿੰਘ ਆਰਟਿਸਟ ਅਤੇ ਹੋਰਨਾਂ ਵਲੋਂ ਬਲਤੇਜ ਪਨੂੰ ਨੂੰ ਸੌਂਪਿਆ ਗਿਆ।
ਸਭ ਥਾਈਂ ਸਟੇਜ ਸੰਚਾਲਨ ਪੰਜਾਬੀ ਰੇਡੀਓ ਯੂਐੱਸਏ. ਦੇ ਰਾਜਕਰਨਬੀਰ ਸਿੰਘ ਨੇ ਕੀਤਾ।


ਜਰਨੈਲ ਸਿੰਘ ਦੀਆਂ ਕਲਾ-ਕਿਰਤਾਂ ਦੀ ਨੁਮਾਇਸ਼ 21 ਜੁਲਾਈ ਨੂੰ
ਫਰੀਮੌਂਟ/ਏਟੀ ਨਿਊਜ਼ : 
ਸਿੱਖ ਇਤਿਹਾਸ ਅਤੇ ਪੰਜਾਬੀ ਸਭਿਆਚਾਰ ਦੇ ਚਿਤੇਰੇ ਉੱਘੇ ਚਿੱਤਰਕਾਰ ਜਰਨੈਲ ਸਿੰਘ ਦੀਆਂ ਕਲਾ ਕਿਰਤਾਂ ਦੀ ਇੱਕ ਰੋਜ਼ਾ ਨੁਮਾਇਸ਼ 21 ਜੁਲਾਈ 2019, ਐਤਵਾਰ ਨੂੰ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਲਗਾਈ ਜਾਵੇਗੀ। ਹੋਰ ਜਾਣਕਾਰੀ ਲਈ ਪ੍ਰੋ. ਬਲਵਿੰਦਰ ਸਿੰਘ ਲਾਲੀ ਧਨੋਆ ਨਾਲ ਫੋਨ ਨੰਬਰ (510) 224-7380 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।