ਪੰਜਾਬ ਦੇ ਪਾਣੀਆਂ ਦੀ ਲੁੱਟ ਦੇ ਮਨਸੂਬੇ

ਪੰਜਾਬ ਦੇ ਪਾਣੀਆਂ ਦੀ ਲੁੱਟ ਦੇ ਮਨਸੂਬੇ

ਮਨਜੀਤ ਸਿੰਘ ਟਿਵਾਣਾ

ਭਾਰਤੀ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਹੈ ਕਿ ਪੰਜਾਬ, ਕੇਂਦਰ ਤੇ ਹਰਿਆਣਾ ਸਰਕਾਰਾਂ ਵਿਵਾਦਿਤ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਨੂੰ ਨੇਪਰੇ ਚਾੜ੍ਹਨ ਲਈ ਆਪਸ ਵਿਚ ਬੈਠ ਕੇ ਫੈਸਲਾ ਲੈ ਲੈਣ। ਐਸਵਾਈਐਲ ਨਹਿਰ ਦੀ ਉਸਾਰੀ ਪੰਜਾਬ ਦੇ ਪਾਣੀਆਂ ਨੂੰ ਮੁਫਤ ਵਿਚ ਲੁੱਟ ਕੇ ਹਰਿਆਣੇ ਨੂੰ ਦੇਣ ਦੀ ਇਕ ਚਿਰੋਕਣੀ ਚਾਲ ਦਾ ਹਿੱਸਾ ਹੈ। ਪੰਜਾਬ ਨਾਲ ਹੋ ਰਹੀ ਇਸ ਧੱਕੇਸ਼ਾਹੀ ਨੂੰ ਪੂਰੀ ਤਰ੍ਹਾਂ ਸਮਝਣ ਲਈ ਸਾਨੂੰ ਇਤਿਹਾਸ ਦੇ ਕੁਝ ਵਰਕੇ ਫਰੋਲਣ ਦੀ ਲੋੜ ਹੈ। 

ਪੰਜਾਬ ਹਮੇਸ਼ਾ ਤੋਂ ਖੇਤੀ ਪ੍ਰਧਾਨ ਸੂਬਾ ਰਿਹਾ ਹੈ। ਕੁਦਰਤ ਨੇ ਇਥੋਂ ਦੀ ਮਿੱਟੀ, ਪੌਣ-ਪਾਣੀ ਤੇ ਰਈਅਤ ਨੂੰ ਖੇਤੀ ਅਨੁਕੂਲ ਬਰਕਤਾਂ ਨਾਲ ਨਿਵਾਜਿਆ ਹੈ। ਇਥੇ ਵਗਦੇ ਪੰਜ ਦਰਿਆਵਾਂ ਦੇ ਨਾਮ ਉਤੇ ਹੀ ਇਸ ਧਰਤੀ ਦਾ ਨਾਮਕਰਨ ਪੰਜਾਬ (ਪੰਜ-ਆਬ) ਹੋਇਆ। ''ਦੇਸ-ਪੰਜਾਬ” ਸਦੀਆਂ ਤੋਂ ਇਕ ਵੱਖਰਾ ਆਜ਼ਾਦ ਹਸਤੀ ਵਾਲਾ ਖਿੱਤਾ ਰਿਹਾ ਹੈ। ਇਤਿਹਾਸ ਵਿਚ ਅਨੇਕਾਂ ਘਟਨਾਵਾਂ ਤੇ ਵੇਰਵੇ ਪੰਜਾਬ ਦੇ ਹਿੰਦੋਸਤਾਨ ਨਾਲੋਂ ਇਕ ਵੱਖਰਾ ਆਜ਼ਾਦ ਦੇਸ਼ ਹੋਣ ਦੀ ਸ਼ਾਹਦੀ ਭਰਦੇ ਹਨ। ਪੰਦਰਵੀਂ ਸਦੀ 'ਚ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਬਾਅਦ ਇਸ ਖਿੱਤੇ ਵਿਚ ਸਿੱਖ ਧਰਮ ਦੇ ਰੂਪ ਵਿਚ ਇਕ ਇਤਿਹਾਸਕ ਤੇ ਅਲੌਕਿਕ ਇਨਕਲਾਬ ਦੀ ਸ਼ੁਰੂਆਤ ਹੋਈ। ਸਿੱਖਾਂ ਨੇ ਇਸ ਧਰਤੀ ਨੂੰ ਨਾ-ਸਿਰਫ ਤਨੋਂ-ਮਨੋਂ ਅਪਣਾਇਆ, ਸਗੋਂ ਉਹਨਾਂ ਨੇ ਇਸ ਸਰਜ਼ਮੀਂ ਦੀ ਆਜ਼ਾਦੀ ਤੇ ਅਣਖ-ਆਬਰੂ ਲਈ ਕੁਰਬਾਨੀਆਂ ਦੀ ਝੜੀ ਲਗਾ ਦਿੱਤੀ। ਆਪਣੀ ਜਾਂਬਾਜ਼ੀ, ਸ਼ਹਾਦਤਾਂ ਤੇ ਸਿੱਖ ਗੁਰੂਆਂ ਵੱਲੋਂ ਬਖਸ਼ੀ ''ਪਾਤਸ਼ਾਹੀ” ਦੀ ਬਦੌਲਤ ਸਿੱਖ ਅੱਜ ਤਕ ਇਸ ਧਰਤੀ ਦੇ ਸੱਚੇ ਵਾਰਿਸ ਬਣੇ ਆ ਰਹੇ ਹਨ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਸੰਨ ੧੯੪੭ 'ਚ ਹੋਈ ਭਾਰਤ-ਪਾਕਿ ਵੰਡ ਦਰਅਸਲ ਦੇਸ-ਪੰਜਾਬ ਦੀ ਵੰਡ ਸੀ। ਹਿੰਦੋਸਤਾਨ ਨੇ ਸੰਨ ੧੯੪੭ ਤੋਂ ਬਾਅਦ ਤੋਂ ਹੀ ਪੰਜਾਬ ਨੂੰ ਆਪਣੀ ਇਕ ਬਸਤੀ ਵੱਜੋਂ ਲਿਆ ਹੈ। ਪਹਿਲਾਂ ਪੰਜਾਬੀ ਬੋਲੀ ਦੇ ਨਾਂ ਉਤੇ ਪੂਰੇ ਦੇਸ਼ ਤੋਂ ਉਲਟ ਪੰਜਾਬੀ ਸੂਬੇ ਦੀ ਕਾਇਮੀ ਤੋਂ ਨਾਂਹ ਕਰਨੀ, ਫਿਰ ਲੰਮੇ ਸੰਘਰਸ਼ ਤੋਂ ਬਾਅਦ ਬਣਾਏ ਗਏ ਪੰਜਾਬ ਰਾਜ ਨੂੰ ਹਰ ਹੀਲੇ-ਵਸੀਲੇ ਛੋਟੇ ਤੋਂ ਛੋਟਾ ਕਰਨਾ, ਰਾਜਧਾਨੀ ਚੰਡੀਗੜ੍ਹ ਖੋਹ ਲੈਣੀ, ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਤੋਂ ਬਾਹਰ ਕਰਨਾ, ਪੰਜਾਬ ਦੇ ਪਾਣੀਆਂ ਨੂੰ ਅੰਤਰਰਾਸ਼ਟਰੀ ਰਾਇਪੇਰੀਅਨ ਕਾਨੂੰਨ ਦੀ ਉਲੰਘਣਾ ਕਰ ਕੇ ਧੱਕੇ ਨਾਲ ਖੋਹ ਕੇ ਲੈ ਜਾਣਾ, ਪੰਜਾਬ ਦੇ ਗਵਾਂਢੀ ਰਾਜ ਨੂੰ ਇੰਡਸਟਰੀਅਲ ਰਿਆਇਤਾਂ ਦੇ ਕੇ ਪੰਜਾਬ ਦੇ ਉਦਯੋਗ ਨੂੰ ਤਬਾਹ ਕਰਨਾ ਅਤੇ ਪੰਜਾਬ ਦੇ ਹੱਕਾਂ ਲਈ ਲੜਨ-ਮਰਨ ਵਾਲੀ ਸਿੱਖ ਕੌਮ ਦੀ ਸੋਚੀ-ਸਮਝੀ ਰਣਨੀਤੀ ਨਾਲ ਨਸਲਕੁਸ਼ੀ ਕਰਨੀ ਆਦਿ ਹਿੰਦੋਸਤਾਨੀ ਹਕੂਮਤ ਦੀ ਇਸ ਬਸਤੀਵਾਦੀ ਨੀਤੀ ਦੀਆਂ ਮੂੰਹ ਬੋਲਦੀਆਂ ਉਦਾਹਰਣਾਂ ਹਨ। ਪੰਜਾਬ ਦੇ ਇਤਿਹਾਸ ਦੀ ਇਹ ਸੰਖੇਪ ਜਾਣਕਾਰੀ ਪੰਜਾਬ ਦੇ ਪਾਣੀਆਂ ਦੀ ਮੌਜੂਦਾ ਲੁੱਟ ਦੀ ਖੇਡ ਨੂੰ ਸਹੀ ਰੂਪ ਵਿਚ ਸਮਝਣ ਲਈ ਜ਼ਰੂਰੀ ਹੈ।

ਪੰਜਾਬ ਦਾ ਪਾਣੀ ਇਸ ਦੀ ਸਾਹ ਰਗ ਹੈ। ਇਸ ਸਾਹ ਰਗ 'ਤੇ ਲਗਾਤਾਰ ਹਮਲੇ ਦੇਸ-ਪੰਜਾਬ ਨੂੰ ਜੜ੍ਹ ਤੋਂ ਹੀ ਨੇਸਤਾਨਾਬੂਦ ਕਰਨ ਦੀ ਰਣਨੀਤੀ ਦਾ ਹੀ ਹਿੱਸਾ ਹਨ। ਹਿੰਦੋਸਤਾਨ ਦੇ ਕੇਂਦਰ ਵਿਚ ਭਾਵੇਂ ਭਾਜਪਾ ਦੀ ਸਰਕਾਰ ਹੋਵੇ, ਭਾਵੇਂ ਕਾਂਗਰਸ ਜਾਂ ਕਿਸੇ ਹੋਰ ਦੂਜੇ-ਤੀਜੇ ਫਰੰਟ ਦੀ, ਪੰਜਾਬ ਪ੍ਰਤੀ ਕੇਂਦਰੀ ਸਰਕਾਰਾਂ ਦਾ ਰਵੱਈਆ ਉਪਰੋਕਤ ਇਤਿਹਾਸਕ ਸਚਾਈ ਵਿਚੋਂ ਹੀ ਘੜਿਆ ਜਾਂਦਾ ਆ ਰਿਹਾ ਹੈ। ਪੰਜਾਬ ਦੇ ਪਾਣੀਆਂ ਦੀ ਮੁੜ ਲੁੱਟ ਕਰਨ ਲਈ ਹੋ ਰਹੇ ਤਾਜ਼ਾ ਹਮਲੇ ਵੀ ਇਸੇ ਕੜੀ ਦਾ ਹੀ ਹਿੱਸਾ ਹਨ। 

ਸੁਪਰੀਮ ਕੋਰਟ ਦੇ ਤਾਜ਼ਾ ਹੁਕਮਾਂ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਕਹਿੰਦਾ ਹੈ ਕਿ ਪਾਕਿਸਤਾਨ ਨੂੰ ਜਾਂਦਾ ਪਾਣੀ ਰੋਕ ਕੇ, ਉਸ ਨੂੰ ਹਰਿਆਣੇ ਤੇ ਪੰਜਾਬ ਨੂੰ ਦਿੱਤਾ ਜਾਵੇਗਾ। ਪੰਜਾਬ ਦੁਹਾਈ ਦੇ ਰਿਹਾ ਹੈ ਕਿ ਉਸ ਪਾਸ ਪਾਣੀ ਦੀ ਇੱਕ ਵੀ ਬੂੰਦ ਵਾਧੂ ਨਹੀਂ, ਸਤਲੁਜ ਤੇ ਬਿਆਸ ਦਰਿਆਵਾਂ ਦਾ ਓਹੀ ਵਾਧੂ ਪਾਣੀ ਪਾਕਿਸਤਾਨ ਨੂੰ ਜਾਣਾ ਹੈ, ਜਿਹੜਾ ਪੰਜਾਬ ਦੀ ਵਰਤੋਂ 'ਚੋਂ ਬਚੇਗਾ। ਇਸ ਤਰ੍ਹਾਂ ਪਾਕਿਸਤਾਨ ਨੂੰ ਜਾਂਦੇ ਪਾਣੀ ਨੂੰ ਰੋਕਣ ਦੇ ਬਹਾਨੇ, ਪੰਜਾਬ ਦੇ ਪਾਣੀ 'ਤੇ ਡਾਕਾ ਮਾਰਨ ਦੀ ਡੂੰਘੀ ਸਾਜਿਸ਼ ਘੜੀ ਗਈ ਹੈ। ਇਹ ਰਮਜ਼ ਸਮਝਣ ਵਾਲੀ ਹੈ ਕਿ ਹਰਿਆਣੇ ਵੱਲੋਂ ਇਕ ਪਾਸੇ ਸਤਲੁਜ-ਯਮਨਾ ਲਿੰਕ ਨਹਿਰ ਦੀ ਉਸਾਰੀ ਦਾ ਰੌਲਾ ਪਾਇਆ ਜਾ ਰਿਹਾ ਹੈ, ਦੂਜੇ ਪਾਸੇ ਗਡਕਰੀ ਪਾਕਿਸਤਾਨ ਨੂੰ ਜਾਂਦੇ ਪਾਣੀ ਨੂੰ ਰੋਕਣ ਦੇ ਬਹਾਨੇ ਹਰਿਆਣੇ ਨੂੰ ਪਾਣੀ ਦੇਣ ਦਾ ਐਲਾਨ ਕਰਦਾ ਹੈ।

ਪੰਜ-ਆਬ ਨੂੰ ਵੰਡ ਨੇ ਪਹਿਲਾਂ ਹੀ 'ਢਾਈ-ਆਬ' ਬਣਾ ਦਿੱਤਾ ਹੈ, ਉਸ ਨੂੰ ਹੁਣ ਰੇਗਿਸਤਾਨ ਬਣਾਉਣ ਦੀ ਸਾਜਿਸ਼ ਹੋ ਰਹੀ ਹੈ। ਪੰਜਾਬ ਅਤੇ ਹਰਿਆਣਾ ਵਿਚਾਲੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਪਾਣੀ ਦੇ ਬਟਵਾਰੇ ਦਾ ਕੇਸ ਬਣਾ ਦਿੱਤਾ ਹੋਇਆ ਹੈ, ਜਦਕਿ ਪਾਣੀ ਉਤੇ ਸਿਰਫ ਤੇ ਸਿਰਫ ਪੰਜਾਬ ਦਾ ਹੱਕ ਹੈ। ਇਸ ਦੀ ਹਰਿਆਣੇ ਜਾਂ ਕਿਸੇ ਹੋਰ ਰਾਜ ਨਾਲ ਵੰਡ ਦੀ ਕੋਈ ਵਜ੍ਹਾ ਹੀ ਨਹੀਂ ਹੈ। ਇਸ ਲਈ ਜੇ ਸਤਲੁਜ-ਯਮੁਨਾ ਨਹਿਰ ਦੇ ਜ਼ਰੀਏ ਹਰਿਆਣੇ ਨੂੰ ਪਾਣੀ ਦੇਣਾ ਵੀ ਹੋਵੇ ਤਾਂ ਇਹ ਇਕ ਖੈਰਾਤ ਤਾਂ ਹੋ ਸਕਦੀ ਹੈ ਪਰ ਹਰਿਆਣੇ ਦਾ ਹੱਕ ਕਦੇ ਵੀ ਨਹੀਂ ਹੋ ਸਕਦਾ, ਜਿਹਾ ਕਿ ਪਰਚਾਰਿਆ ਜਾ ਰਿਹਾ ਹੈ। ਇਹ ਪੰਜਾਬ ਦੀ ਮਰਜ਼ੀ ਹੈ ਕਿ ਉਸ ਨੇ ਹਰਿਆਣੇ ਨੂੰ ਪਾਣੀ ਦੇਣਾ ਹੈ ਜਾਂ ਨਹੀਂ। ਰਾਇਪੇਰੀਅਨ ਸਿਧਾਂਤ ਅਨੁਸਾਰ ਪੰਜਾਬ ਦੇ ਪਾਣੀਆਂ 'ਤੇ ਪਹਿਲਾ ਹੱਕ ਪੰਜਾਬ ਦਾ ਹੈ।

ਹੁਣ ਜਦੋਂ ਪੰਜਾਬ ਵਿਚ ਪਹਿਲਾਂ ਹੀ ਪਾਣੀ ਦੀ ਘਾਟ ਪੈਦਾ ਹੋ ਰਹੀ ਹੈ ਤਾਂ ਹਰਿਆਣੇ ਨੂੰ ਹੋਰ ਪਾਣੀ ਦੇਣ ਦਾ ਕੀ ਤਰਕ ਰਹਿ ਗਿਆ ਹੈ। ਅੱਜ ਐਸਵਾਈਐਲ ਰਾਹੀਂ ਬੇਸ਼ੱਕ ਪਾਣੀ ਹਰਿਆਣੇ ਨੂੰ ਨਹੀਂ ਜਾ ਰਿਹਾ ਹੈ ਪਰ ਪੰਜਾਬ ਦਾ ਪਾਣੀ ਰਾਜਸਥਾਨ ਫੀਡਰ ਰਾਹੀਂ ਲਗਾਤਾਰ ਲੁੱਟਿਆ ਜਾ ਰਿਹਾ ਹੈ। ਪੰਜਾਬ ਦੇ ਦਰਿਆਵਾਂ ਦਾ ਅੱਧ ਤੋਂ ਵੱਧ ਪਾਣੀ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਪਹਿਲਾਂ ਹੀ ਮੁਫ਼ਤ ਵਿਚ ਜਾ ਰਿਹਾ ਹੈ। 

ਇਹ ਬਹੁਤ ਗੰਭੀਰ ਮਾਮਲਾ ਹੈ ਜੋ ਪੰਜਾਬ ਦੇ ਭਵਿੱਖ ਤੇ ਹੋਂਦ ਨਾਲ ਜੁੜਿਆ ਹੋਇਆ ਹੈ। ਪੰਜਾਬ ਨੂੰ ਬਚਾਉਣ ਲਈ ਇਸ ਸਮੇਂ ਵੀ ਸਿੱਖਾਂ ਨੂੰ ਹੀ ਅੱਗੇ ਆਉਣਾ ਪਵੇਗਾ। ਪੰਜਾਬ ਨੂੰ ਤਬਾਹ ਕਰਨ ਦੀ ਘੜੀ ਗਈ ਸਾਜ਼ਿਸ ਦਾ ਪਰਤ-ਦਰ-ਪਰਤ ਸੱਚ ਪੰਜਾਬ ਦੇ ਆਮ ਲੋਕਾਂ ਅਤੇ ਵਿਸ਼ਵ ਭਾਈਚਾਰੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ। ਬੀਤੇ ਵਿਚ ਪੰਜਾਬ ਦੇ ਪਾਣੀਆਂ ਦੀ ਇਸ ਲੁੱਟ ਨੂੰ ਰੋਕਣ ਲਈ ਪੰਜਾਬ ਦੇ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ। ਹੁਣ ਮੁੜ ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜੇ ਅਜਿਹਾ ਹੋ ਗਿਆ ਤਾਂ ਪੰਜਾਬ ਨੂੰ ਰੇਗ਼ਿਸਤਾਨ ਬਣਨ ਤੋਂ ਕੋਈ ਤਾਕਤ ਬਚਾ ਨਹੀਂ ਸਕੇਗੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ