ਬਾਬੇ ਤੋਂ ਜਥੇਦਾਰ ਬਣੇ ਦਾਦੂਵਾਲ ਹੁਣ ਪ੍ਰਧਾਨ ਬਣੇ; ਜਥੇਦਾਰੀ ਤੋਂ ਅਸਤੀਫਾ ਦਿੱਤਾ

ਬਾਬੇ ਤੋਂ ਜਥੇਦਾਰ ਬਣੇ ਦਾਦੂਵਾਲ ਹੁਣ ਪ੍ਰਧਾਨ ਬਣੇ; ਜਥੇਦਾਰੀ ਤੋਂ ਅਸਤੀਫਾ ਦਿੱਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਥਕ ਸਫਾਂ ਵਿਚ ਲਗਾਤਾਰ ਸਰਗਰਮ ਰਹਿੰਦੇ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚ ਕੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੂੰ 2015 ਵਿਚ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ 'ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ। ਬੀਤੇ ਦਿਨੀਂ ਉਹਨਾਂ ਨੂੰ ਹਰਿਆਣਾ ਵਿਚ ਬਣੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਜਿਸ ਦੇ ਚਲਦਿਆਂ ਉਹਨਾਂ ਨੇ ਹੁਣ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਹੈ। 

ਬਲਜੀਤ ਸਿੰਘ ਦਾਦੂਵਾਲ ਨੇ ਆਪਣਾ ਅਸਤੀਫਾ ਤਖ਼ਤ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਰੱਖਦਿਆਂ ਕਿਹਾ ਕਿ ਸਰਬੱਤ ਖਾਲਸਾ ਉਹਨਾਂ ਦੀ ਥਾਂ ਕਿਸੇ ਹੋਰ ਨੂੰ ਇਸ ਸੇਵਾ ਲਈ ਨਿਯੁਕਤ ਕਰ ਲਵੇ। 

ਜ਼ਿਕਰਯੋਗ ਹੈ ਕਿ ਬਰਗਾੜੀ ਮੋਰਚੇ ਦੌਰਾਨ ਹੀ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਦਰਮਿਆਨ ਆਪਸੀ ਵਿਰੋਧ ਸਾਹਮਣੇ ਆ ਗਏ ਸਨ। ਭਾਈ ਧਿਆਨ ਸਿੰਘ ਮੰਡ ਨੂੰ ਸਰਬੱਤ ਖਾਲਸਾ ਵਿਚ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਸੀ। 

ਪੰਥਕ ਸਫਾਂ ਵਿਚ ਪ੍ਰਚਾਰਕ ਬਤੌਰ ਸੇਵਾਵਾਂ ਨਿਭਾਉਂਦੇ ਬਲਜੀਤ ਸਿੰਘ ਦਾਦੂਵਾਲ ਨੂੰ ਪਹਿਲਾਂ ਲੋਕ ਬਤੌਰ ਬਾਬਾ ਜੀ ਜਾਣਦੇ ਸਨ, ਪਰ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਇਕੱਠ ਵਿਚ ਜਥੇਦਾਰ ਵਜੋਂ ਨਿਯੁਕਤ ਹੋਣ ਤੋਂ ਚੰਦ ਮਿੰਟ ਪਹਿਲਾਂ ਬੜੇ ਨਾਟਕੀ ਅੰਦਾਜ਼ ਵਿਚ ਦਾਦੂਵਾਲ ਨੇ ਸਟੇਜ ਤੋਂ ਐਲਾਨ ਕੀਤਾ ਸੀ ਕਿ ਉਹਨਾਂ ਦੇ ਨਾਂ ਨਾਲ ਅੱਜ ਤੋਂ ਬਾਅਦ ਬਾਬਾ ਸ਼ਬਦ ਨਾ ਲਾਇਆ ਜਾਵੇ। ਉਸ ਤੋਂ ਬਾਅਦ ਜਥੇਦਾਰ ਬਣੇ ਬਲਜੀਤ ਸਿੰਘ ਦਾਦੂਵਾਲ ਹੁਣ ਪ੍ਰਧਾਨ ਵਜੋਂ ਜਾਣੇ ਜਾਣਗੇ। 


ਅਸਤੀਫੇ ਦੀ ਤਸਵੀਰ