ਚੀਨ ਦੇ ਮੁਕੰਮਲ ਬਾਈਕਾਟ ਦਾ ਨਾਅਰਾ ਦੇਣ ਵਾਲੇ ਭਗਤ ਚੀਨ ਦੇ ਵਿਕਾਸ ਤੋਂ ਦੁਖੀ ਕਿਉਂ?

ਚੀਨ ਦੇ ਮੁਕੰਮਲ ਬਾਈਕਾਟ ਦਾ ਨਾਅਰਾ ਦੇਣ ਵਾਲੇ ਭਗਤ ਚੀਨ ਦੇ ਵਿਕਾਸ ਤੋਂ ਦੁਖੀ ਕਿਉਂ?
ਚੀਨ ਦੇ ਮੁਸਲਮਾਨ ਵਿਰੋਧੀ ਰਵਈਏ ਦੀ ਨਕਲ ਕਰ ਰਿਹਾ ਏ ਭਗਵਾਂਵਾਦੀ ਰਾਸ਼ਟਰਵਾਦ
ਜੋ ਮੋਦੀ ਸਰਕਾਰ ਨੇ ਕਸ਼ਮੀਰ ਦੇ ਅਧਿਕਾਰਾਂ ਨੂੰ ਖਤਮ ਕਰਕੇ ਕਸ਼ਮੀਰੀ ਆਜ਼ਾਦੀ ਨੂੰ ਖਤਮ ਕੀਤਾ, ਉਹੀ ਨੀਤੀ ਚੀਨ ਹਾਂਗਕਾਂਗ ਨਾਲ ਅਪਨਾ ਰਿਹਾ ਏ


ਅਪੂਰਵਾਨੰਦ
ਅੱਜ ਜੋ ਭਗਤ ਚੀਨ ਦੇ ਮੁਕੰਮਲ ਬਾਈਕਾਟ ਦਾ ਨਾਅਰਾ ਦੇ ਰਹੇ ਹਨ, ਉਹ ਕੱਲ੍ਹ ਤੱਕ ਅਫਸੋਸ ਪ੍ਰਗਟਾ ਰਹੇ ਸਨ ਕਿ ਅਸੀਂ ਚੀਨ ਵਾਂਗ ਵਿਕਾਸ ਦੇ ਉਸ ਸਿਖਰ 'ਤੇ ਕਿਉਂ ਨਹੀਂ ਪਹੁੰਚ ਸਕੇ। ਉਹ ਹੁਣ ਵੀ ਚੀਨ ਦੇ ਵਿਕਾਸ ਤੋਂ ਦੁਖੀ ਹਨ। ਉਹ ਮੋਦੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਹਮਵਤਨ ਲੋਕਾਂ ਨੂੰ ਧਮਕੀ ਦਿੰਦੇ ਹਨ ਕਿ ਕਾਸ਼! ਭਾਰਤ ਚੀਨ ਹੁੰਦਾ ਤਾਂ ਇਨ੍ਹਾਂ ਆਲੋਚਕਾਂ ਨੂੰ ਆਟੇ ਦੇ ਭਾਅ ਦਾ ਪਤਾ ਲੱਗ ਜਾਂਦਾ। ਇਨ੍ਹਾਂ ਲੋਕਾਂ ਦੀ ਮਾਨਸਿਕਤਾ ਵਿਚ ਚੀਨ ਨਾ ਹੋਣ ਦੀ ਹੀਣਭਾਵਨਾ ਪਿਛਲੇ ਸਾਲਾਂ ਤੋਂ ਪਲ ਰਹੀ ਹੈ। ਭਾਰਤ ਦੇ ਭਗਵੇਂ ਰਾਸ਼ਟਰਵਾਦੀਆਂ ਦੇ ਦਿਮਾਗ ਵਿਚ ਇਕ ਚੀਨ ਗਰੰਥੀ ਹੈ। ਇਹ ਦੋ ਤਰੀਕੇ ਨਾਲ ਕੰਮ ਕਰਦੀ ਹੈ। ਚੀਨ ਪ੍ਰਤੀ ਆਦਰ ਤੇ ਚੀਨ ਪ੍ਰਤੀ ਨਫ਼ਰਤ ਦੋਵੇਂ ਇਸ ਸੁਭਾਅ ਵਿੱਚ ਸ਼ਾਮਲ ਹਨ। ਨਫ਼ਰਤ ਤਾਂ ਹੁਣ ਵੀ ਚੀਨ ਪ੍ਰਤੀ ਦਿਖਾਈ ਦੇ ਰਹੀ ਹੈ। ਇਸੇ ਲਈ ਉਹ ਚੀਨ ਦੇ ਬਾਈਕਾਟ ਦੀ ਮੰਗ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਭਾਰਤ ਦਾ 'ਸਦੀਵੀ ਦੁਸ਼ਮਣ' ਤੇ ਪਾਕਿਸਤਾਨ ਦਾ ਸਰਪ੍ਰਸਤ ਰਿਹਾ ਹੈ ਤੇ ਉਹ ਸਾਡੀਆਂ ਸਰਹੱਦਾਂ ਨੂੰ ਮਾਨਤਾ ਨਹੀਂ ਦਿੰਦਾ। ਇਹੀ ਕਾਰਨ ਹੈ ਜੋ ਚੀਨ ਬਾਰੇ ਭਗਤਾਂ ਦੇ ਮਨ ਵਿਚ ਨਫ਼ਰਤ ਪੈਦਾ ਕਰਦੀ ਹੈ। ਇਸ ਦੇ ਬਾਵਜੂਦ ਅਸੀਂ ਚੀਨ ਨਾਲ ਉਸੇ ਤਰ੍ਹਾਂ ਪੇਸ਼ ਨਹੀਂ ਆ ਸਕਦੇ ਜਿਸ ਤਰ੍ਹਾਂ ਪਾਕਿਸਤਾਨ ਨਾਲ ਆਉਂਦੇ ਹਾਂ। ਇਹ ਅਹਿਸਾਸ ਸਾਡੇ ਚੀਨ ਵਿਰੋਧੀ ਰਾਸ਼ਟਰਵਾਦ ਨੂੰ ਯਥਾਰਥਵਾਦੀ ਹੋਣ ਲਈ ਮਜਬੂਰ ਕਰਦਾ ਹੈ। ਇਹ ਗੱਲ ਸੱਚ ਹੈ ਕਿ ਚੀਨ ਨਾਲ ਪਾਕਿਸਤਾਨ ਵਰਗਾ ਵਿਹਾਰ ਨਹੀਂ ਕੀਤਾ ਜਾ ਸਕਦਾ। ਇਸੇ ਵਿਚ ਸਿਆਣਪ ਹੈ।

ਪਰ ਦੋਵਾਂ ਦੇਸਾਂ ਦੇ ਸੰਦਰਭ ਵਿਚ ਭਗਤਾਂ ਦੀ ਭੜਕਾਊ ਬਿਆਨਬਾਜ਼ੀ ਕਿਸੇ ਵੀ ਤਰ੍ਹਾਂ ਬਹਾਦਰੀ ਨਹੀਂ ਕਹੀ ਜਾ ਸਕਦੀ। ਪਿਛਲੇ ਸਮੇਂ ਦੌਰਾਨ ਪਾਕਿਸਤਾਨ ਉੱਪਰ ਸਰਜੀਕਲ ਸਟ੍ਰਾਈਕ ਕੀਤਾ, ਉਹ ਮੰਨ ਲਿਆ ਗਿਆ ਕਿ ਭਾਰਤ ਨੇ ਬਹਾਦਰੀ ਦਿਖਾਈ ਹੈ। ਪੂਰੀ ਦੁਨੀਆ ਭਾਰਤ ਸਰਕਾਰ ਦੇ 'ਸਰਜੀਕਲ ਸਟ੍ਰਾਈਕ' ਦੇ ਦਾਅਵਿਆਂ 'ਤੇ ਸ਼ੱਕ ਕਰਦੀ ਰਹੀ ਪਰ ਸਰਕਾਰ ਇਸ ਦਾ ਬਿਰਤਾਂਤ ਬਿਆਨਦੀ ਰਹੀ ਤੇ ਇਸ ਨੂੰ ਸੱਚ ਦੱਸਦੀ ਰਹੀ। ਭਾਰਤ ਦਾ ਆਵਾਮ ਰਾਸ਼ਟਰਵਾਦ ਦੇ ਨਾਮ 'ਤੇ ਉਸ ਕਲਪਨਾ ਨੂੰ ਸਵੀਕਾਰ ਕਰਨ ਲਈ ਮਜਬੂਰ ਸੀ। ਜੇ ਇਹ ਨਾ ਮੰਨਿਆ ਜਾਂਦਾ ਤਾਂ ਦੇਸ ਦਾ ਗੱਦਾਰ ਐਲਾਨਣ ਦਾ ਖਤਰਾ ਸੀ। ਭਗਵੇਂਵਾਦੀ ਤਾਂ ਝੱਟ ਦੇਸ਼ਭਗਤੀ ਤੇ ਦੇਸ਼ ਵਿਰੋਧੀ ਦੇ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ।

ਪਰ ਸਰਜੀਕਲ ਸਟ੍ਰਾਈਕ ਦੇ ਸਾਰੇ ਘਟਨਾਕ੍ਰਮ ਵਿਚ ਜੋ ਰਣਨੀਤਕ ਗਲਤੀ ਹੋਈ ਉਸ ਨੂੰ ਰਾਸ਼ਟਰਵਾਦ ਨੇ ਅੱਖੋਂ ਪਰੋਖੇ ਕਰ ਦਿੱਤਾ। ਪਾਕਿਸਤਾਨ ਨੇ ਭਾਰਤ ਦੀ ਏਅਰ ਰੇਂਜ ਵਿਚ ਦਾਖਲ ਹੋ ਕੇ, ਭਾਰਤ ਦੇ ਲੜਾਕੂ ਜਹਾਜ਼ਾਂ 'ਤੇ ਹਮਲਾ ਕੀਤਾ ਅਤੇ ਇਕ ਨੂੰ ਫੁੰਡ ਦਿੱਤਾ, ਇਕ ਪਾਇਲਟ ਨੂੰ ਗ੍ਰਿਫ਼ਤਾਰ ਕਰ ਲਿਆ, ਇਹ ਤੱਥ ਰਾਸ਼ਟਰਵਾਦ ਦੁਆਰਾ ਨਹੀਂ ਮੰਨਿਆ ਗਿਆ। ਇਸ ਲਈ ਇਸ ਨੂੰ ਰਣਨੀਤਕ ਜਾਂ ਮੌਕਾਪ੍ਰਸਤ ਰਾਸ਼ਟਰਵਾਦ ਕਿਹਾ ਜਾ ਸਕਦਾ ਹੈ ਜਿਸ ਦੀ ਜੜ੍ਹ  ਦਾ ਮੁਖ ਤੱਤ ਚਤੁਰਾਈ ਅਤੇ ਕਾਇਰਤਾ ਹੈ। ਇਹ ਉਹੀ ਚਲਾਕ ਕਾਇਰਤਾ ਹੈ ਜੋ ਇਹ ਸਵੀਕਾਰ ਨਹੀਂ ਕਰ ਰਹੀ ਕਿ ਚੀਨ ਉਸ ਦੇ ਖੇਤਰ ਵਿੱਚ ਦਾਖਲ ਹੋ ਗਿਆ ਹੈ ਜਿਸ ਨੂੰ ਹੁਣ ਤੱਕ ਭਾਰਤ ਆਪਣਾ ਮੰਨਦਾ ਰਿਹਾ ਸੀ। ਇਸ ਰਾਸ਼ਟਰਵਾਦ ਦੇ ਮੁੱਖ ਬੁਲਾਰੇ ਦੇ ਮੂੰਹ ਵਿਚ ਇਸ ਸਾਰੇ ਘਟਨਾਕ੍ਰਮ ਬਾਰੇ ਚੀਨ ਸ਼ਬਦ ਨਾ ਸੁਣ ਕੇ ਵੀ ਇਸ ਦੇ ਭਗਤ ਆਪਣੇ ਆਗੂ ਤੋਂ ਨਾਰਾਜ਼ ਨਹੀਂ ਹਨ।

ਸਿਆਣੇ ਵਿਦਵਾਨ ਕਹਿੰਦੇ ਹਨ ਕਿ ਰਾਸ਼ਟਰਵਾਦ ਇਕ ਮਾੜਾ ਨਸ਼ਾ ਹੈ। ਪਰ ਕੁਝ ਲੋਕ ਇਸ ਵਿੱਚ ਇਮਾਨਦਾਰੀ ਨਾਲ ਜਕੜੇ ਜਾਂਦੇ ਹਨ, ਇਕ ਹੋਰ ਕਿਸਮ ਦੇ ਜੀਵ ਉਹ ਲੋਕ ਹਨ ਜੋ ਇਸ ਰਾਸ਼ਟਰਵਾਦ ਦੀ ਕੀਮਤ ਦਿੰਦੇ ਸਮੇਂ ਸੱਜੇ ਤੋਂ ਖੱਬੇ ਦਿਖਾਈ ਦਿੰਦੇ ਹਨ। ਇਸ ਮੌਕਾਪ੍ਰਸਤ ਅਤੇ ਕਾਇਰਤਾਪੂਰਨ ਰਾਸ਼ਟਰਵਾਦ ਦੀ ਚਰਚਾ ਦੀ ਸਾਰਥਕਤਾ ਇੰਨੀ ਜ਼ਿਆਦਾ ਹੈ ਕਿ ਇਹ ਜਾਣਿਆ ਜਾਂਦਾ ਹੈ ਕਿ ਚੀਨ ਦੇ ਮਾਮਲੇ ਵਿਚ ਇਹ ਰਾਸ਼ਟਰਵਾਦੀ ਸ਼ਕਤੀ ਦਿਖਾਵੇ ਦਾ ਖਤਰਾ ਨਹੀਂ ਲੈ ਸਕਦੀ, ਪਰ ਇਸ ਦੇ ਬਾਵਜੂਦ ਉਹ ਪ੍ਰਤੀਕਾਤਮਿਕ ਵਿਰੋਧ ਰਾਹੀਂ ਆਪਣੀ ਬਹਾਦਰੀ ਦਾ ਮੰਤਵ ਸਾਰ ਲੈਂਦੀ ਹੈ। ਇਸ ਵਿਚ ਭਗਤਾਂ ਨੂੰ ਕੋਈ ਇਤਰਾਜ਼ ਨਹੀਂ ਹੈ।

ਭਾਰਤ ਅਤੇ ਚੀਨ ਦਾ ਰਾਸ਼ਟਰਵਾਦ
ਭਾਰਤ ਦਾ ਇਹ ਰਾਸ਼ਟਰਵਾਦ ਚੀਨ ਤੋਂ ਬਹੁਤ ਕੁਝ ਸਿੱਖ ਰਿਹਾ ਹੈ। ਚੀਨ ਨੇ ਤਿੱਬਤ 'ਤੇ ਕਬਜ਼ਾ ਕਰ ਲਿਆ ਹੈ ਅਤੇ ਇਸ ਨੂੰ ਚੀਨੀ ਬਣਾਉਣ 'ਤੇ ਤੁਲਿਆ ਹੋਇਆ ਹੈ। ਹਰ ਕੋਈ ਇਸ ਨੂੰ ਜਾਣਦਾ ਹੈ.ਤਿੱਬਤ ਦੀ ਆਜ਼ਾਦੀ ਪ੍ਰਤੀ ਭਾਰਤੀ ਰਾਸ਼ਟਰਵਾਦ ਦਾ ਕੀ ਰਵੱਈਆ ਹੈ ਜਿਸ ਬਾਰੇ ਅਸੀਂ ਪਹਿਲਾਂ ਵਿਚਾਰ ਕੀਤਾ ਹੈ? ਭਾਰਤੀ ਰਾਸ਼ਟਰਵਾਦ ਦਾ ਸ਼ਾਂਤੀਵਾਦ ਪ੍ਰਤੀ ਦਲਾਈ ਲਾਮਾ ਦਾ ਕਿੰਨਾ ਸਤਿਕਾਰ ਹੈ? ਉਹ ਮਨ ਹੀ ਮਨ ਵਿਚ ਚੀਨ ਨਾਲ ਈਰਖਾ ਕਰਦਾ ਹੈ ਕਿ ਉਸਨੇ ਤਿੱਬਤ ਉੱਪਰ ਕਬਜ਼ਾ ਕਿਵੇਂ ਕਰ ਲਿਆ? ਭਾਰਤੀ ਮੀਡੀਆ ਇਸ ਬਾਰੇ ਗੱਲ ਨਹੀਂ ਕਰਦਾ ਹੈ ਕਿ ਚੀਨ ਵਿਚ ਗੈਰ-ਹਾਨ ਭਾਈਚਾਰਿਆਂ ਨਾਲ ਕਿਵੇਂ ਵਿਵਹਾਰ ਕੀਤਾ ਜਾਂਦਾ ਹੈ। ਪਰ ਇਹ ਵਤੀਰਾ ਉਹੀ ਹੈ ਜਿਵੇਂ ਭਾਰਤ ਦੇ ਭਗਵੇਂ ਰਾਸ਼ਟਰਵਾਦੀ ਰਾਸ਼ਟਰਵਾਦ ਅਧੀਨ ਭਾਰਤ ਦੀਆਂ ਘੱਟ ਗਿਣਤੀਆਂ ਨਾਲ ਪੇਸ਼ ਆਉਂਦੇ ਹਨ। ਭਗਵੇਂਵਾਦੀਆਂ ਦੀ ਦੱਬੀ ਹੋਈ ਇੱਛਾ ਹੈ ਕਿ ਭਾਰਤ ਉਹੀ ਕੰਮ ਮੁਸਲਮਾਨਾਂ ਨਾਲ ਨਹੀਂ ਕਰ ਸਕਿਆ ਜੋ ਚੀਨ ਨੇ ਵੀਗਰ ਮੁਸਲਮਾਨਾਂ ਨਾਲ ਕੀਤਾ ਸੀ। ਲੱਖਾਂ ਵਿਗਰ ਮੁਸਲਮਾਨਾਂ ਨੂੰ ਚੀਨੀ ਤਰੀਕਿਆਂ ਨਾਲ ਸਿਖਲਾਈ ਦੇਣ ਲਈ, ਉਹਨਾਂ ਨੇ ਨਜ਼ਰਬੰਦੀ ਕੈਂਪਾਂ ਵਿੱਚ ਕੈਦ ਕਰਕੇ ਰੱਖਿਆ ਗਿਆ ਤਾਂ ਜੋ ਚੀਨੀ ਸੱਭਿਅਤਾ ਸਿਖਾਈ ਜਾ ਸਕੇ। ਭਾਰਤੀ ਭਗਵੇਂ ਰਾਸ਼ਟਰਵਾਦੀਆਂ ਨੇ ਇਹੀ ਇੱਛਾ ਰੱਖੀ ਕਿ ਭਾਰਤ ਵਿਚ ਮੁਸਲਮਾਨਾਂ ਨਾਲ ਵੀ ਅਜਿਹਾ ਵਿਹਾਰ ਕੀਤਾ ਜਾਵੇ। ਭਗਵੇਂਵਾਦੀਆਂ ਵਲੋਂ ਭਾਰਤੀ ਮੁਸਲਮਾਨਾਂ ਨੂੰ ਸ਼ੁਕਰ ਮਨਾਉਣ ਲਈ  ਕਿਹਾ ਜਾ ਰਿਹਾ ਹੈ, ਕਿਉਂਕਿ ਅਜੇ ਉਨ੍ਹਾਂ ਨਾਲ ਚੀਨ ਵਰਗਾ ਵਿਹਾਰ ਨਹੀਂ ਕੀਤਾ ਗਿਆ।

ਵਿਸ਼ਵ ਵਿਚ ਅਜਿਹਾ ਨਸਲਵਾਦ ਹਰ ਥਾਂ ਦਿਖਾਈ ਦੇ ਰਿਹਾ ਹੈ। ਘੱਟ ਗਿਣਤੀਆਂ ਦੇ ਸਭਿਆਚਾਰ ਤੇ ਜ਼ੁਬਾਨ ਨੂੰ ਬਦਲਣ ਦੀਆਂ ਹਿੰਸਕ ਇੱਛਾਵਾਂ ਦੁਨੀਆਂ ਵਿੱਚ ਹਰ ਥਾਂ ਮੌਜੂਦ ਹਨ। ਭਾਰਤ ਵਿਚ ਵੀ ਅਜਿਹੀ ਪ੍ਰਵਿਰਤੀ ਆਮ ਦਿਖਾਈ ਦੇ ਰਹੀ ਹੈ। ਇਹ ਹਿੰਸਾ ਭਾਰਤ ਵਿਚ ਈਸਾਈ, ਸਿੱਖ ਅਤੇ ਮੁਸਲਿਮ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੀ ਰਹਿੰਦੀ ਹੈ। ਇਹੀ ਚੀਨ ਵਿਚ ਵਾਪਰ ਰਿਹਾ ਹੈ। 

ਇਸ ਬਾਰੇ ਗੱਲ ਕਰਨ ਦੀ ਜ਼ਰੂਰਤ ਹੈ ਕਿ ਇਸ ਅੰਦਰੂਨੀ ਵਿਸਥਾਰਵਾਦ ਦੇ ਬਗੈਰ ਚੀਨ ਉਹ ਨਹੀਂ ਕਰ ਸਕਦਾ ਜੋ ਉਹ ਆਪਣੇ ਗੁਆਂਢੀਆਂ ਦੇ ਨਾਲ ਕਰ ਰਿਹਾ ਹੈ। ਕਿਸੇ ਵੀ ਪਾਰਟੀ ਜਾਂ ਵਿਅਕਤੀਗਤ ਤਾਨਾਸ਼ਾਹੀ ਦਾ ਕੰਮ ਤਾਂ ਹੀ ਹੋ ਸਕਦਾ ਹੈ ਜੇ ਉਹ ਬਹੁਗਿਣਤੀ ਭਾਈਚਾਰੇ ਨੂੰ ਇਹ ਯਕੀਨ ਦਿਵਾਏ ਕਿ ਉਹ ਇਸ ਲਈ ਕੰਮ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਪ੍ਰਭੂਸੱਤਾ ਦੀ ਰਾਖੀ ਹੋ ਸਕੇ। ਚੀਨ ਦੀ ਕਮਿਊਨਿਸਟ ਪਾਰਟੀ ਨੇ ਆਪਣੇ ਆਪ ਨੂੰ ਹਾਨ ਦੇ ਹਿੱਤਾਂ ਦਾ ਪ੍ਰਤੀਨਿਧ ਬਣਾਇਆ ਹੋਇਆ ਹੈ। ਜਿਵੇਂ ਸੋਵੀਅਤ ਯੂਨੀਅਨ ਵਿਚ ਰਸ਼ੀਅਨਾਈਜ਼ੇਸ਼ਨ ਸਟਾਲਿਨ ਦੀ ਨੀਤੀ ਦਾ ਜ਼ਰੂਰੀ ਹਿੱਸਾ ਸੀ। ਵਿਸਥਾਰਵਾਦ ਤੋਂ ਬਿਨਾਂ ਰਾਸ਼ਟਰਵਾਦ ਦਾ ਜੀਵਤ ਰਹਿਣਾ ਸੰਭਵ ਨਹੀਂ ਹੈ। ਚੀਨ ਭਾਰਤ, ਭੂਟਾਨ, ਪਾਕਿਸਤਾਨ, ਨੇਪਾਲ ਆਦਿ ਦੀਆਂ ਸਰਹੱਦਾਂ ਨੂੰ ਅਰਥਹੀਣ ਬਣਾ ਦੇਣਾ ਚਾਹੁੰਦਾ ਹੈ। ਇਸ ਰਵੱਈਏ ਦਾ ਮੁਕਾਬਲਾ ਉਸ ਮਨ ਦੁਆਰਾ ਨਹੀਂ ਕੀਤਾ ਜਾ ਸਕਦਾ ਜੋ ਗ੍ਰੇਟਰ ਭਾਰਤ ਦੀ ਕਲਪਨਾ ਵਿੱਚ ਵਿਸ਼ਵਾਸ ਰੱਖਦਾ ਹੈ।

ਗ੍ਰੇਟਰ ਇੰਡੀਆ ਇਕ ਪਿਆਸ ਹੈ। ਭਾਰਤ ਨੂੰ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਭੂਟਾਨ, ਮਲੇਸ਼ੀਆ, ਜਾਵਾ, ਸੁਮਾਤਰਾ, ਅਫਗਾਨਿਸਤਾਨ, ਇੰਡੋਨੇਸ਼ੀਆ, ਕੰਬੋਡੀਆ, ਆਦਿ ਤਕ ਫੈਲਣ ਦੀ ਇੱਛਾ  ਹੈ। ਇਸ ਵਿਸ਼ਾਲ ਭਾਰਤ ਦਾ ਨਕਸ਼ਾ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਹਰ ਮੈਂਬਰ ਦੇ ਦਿਲ ਵਿੱਚ ਉੱਕਰਿਆ ਹੋਇਆ ਹੈ। ਜਿੰਨਾ ਚਿਰ ਤੱਕ ਇਹ ਨਕਸ਼ਾ ਉਕਰਿਆ ਰਹੇਗਾ, ਓਨਾ ਚਿਰ ਇਹ ਭਗਵੇਂਵਾਦੀ ਭਗਤ ਦੂਜੇ ਦੇਸ਼ਾਂ ਨੂੰ ਭਾਰਤ ਦਾ ਮਨਭਾਉਂਦਾ ਹਿੱਸਾ ਮੰਨਦੇ ਰਹਿਣਗੇ। ਉਨ੍ਹਾਂ ਦੇ ਦਿਮਾਗ ਵਿਚ ਵਿਸ਼ਾਲ ਭਾਰਤੀ ਸਾਮਰਾਜ ਦਾ ਸੁਪਨਾ ਚਲਦਾ ਰਹੇਗਾ। ਇਹੀ ਸੁਪਨਾ ਉਹਨਾਂ ਨੂੰ ਅਸੰਤੁਸ਼ਟ ਕਰਦਾ ਹੈ ਤੇ ਭਵਿੱਖ ਵਿੱਚ ਸ਼ਕਤੀਸ਼ਾਲੀ ਹੋਣ ਲਈ ਪ੍ਰੇਰਿਤ ਕਰਦਾ ਹੈ ਤਾਂ ਜੋ ਇਹ ਸੁਪਨਾ ਸਾਕਾਰ ਕੀਤਾ ਜਾ ਸਕੇ। ਇੱਕ ਸੰਯੁਕਤ ਭਾਰਤ ਦੀ ਲਾਲਸਾ ਅੱਜ ਘਟੀਆ ਵਿਚਾਰ ਨੂੰ ਜਨਮ ਦਿੰਦੀ ਹੈ ਜੋ ਹਿੰਸਕ ਰਾਸ਼ਟਰਵਾਦ ਦਾ ਕਾਰਨ ਬਣਦੀ ਹੈ। ਜਦੋਂ ਇਹ ਹਮਲਾਵਰ ਨਹੀਂ ਹੋ ਸਕਦਾ ਤਾਂ ਇਹ ਅੰਦਰ ਕਲੋਨੀਆਂ ਦੀ ਭਾਲ ਕਰਦਾ ਹੈ ਤੇ ਘੱਟ ਗਿਣਤੀਆਂ ਨੂੰ ਦਬਾ ਕੇ ਆਪਣੀ ਇੱਛਾ ਦੀ ਪੂਰਤੀ ਕਰਦਾ ਹੈ।

ਪਿਛਲੇ ਕੁਝ ਸਾਲਾਂ ਤੋਂ ਭਾਰਤੀ ਯੂਨੀਵਰਸਿਟੀਆਂ ਨੂੰ ਕੰਟਰੋਲ ਕਰਨ ਲਈ ਮੁਹਿੰਮ ਚਲਾਈ ਹੈ, ਉਸ 'ਤੇ ਚੀਨੀ ਪ੍ਰਭਾਵ ਵੀ ਹੈ। ਭਾਰਤੀ ਸਿੱਖਿਆ ਦਾ ਉਦੇਸ਼ ਸਿਰਫ਼ ਨਿਪੁੰਨ ਹੁਨਰਮੰਦ ਉਤਪਾਦਕ ਇਕਾਈਆਂ ਦਾ ਨਿਰਮਾਣ  ਹੈ, ਨਾ ਕਿ ਸੁਤੰਤਰ ਵਿਅਕਤੀ ਤੇ ਮਨੁੱਖੀ ਆਜ਼ਾਦੀ। ਇਹੀ ਕਾਰਨ ਹੈ ਕਿ ਭਾਰਤੀ ਮਨੁੱਖ ਦੇ ਗਲ ਵਿਚ ਗੁਲਾਮੀ ਪੈ ਗਈ ਹੈ। ਇਸ ਤੋਂ ਆਜ਼ਾਦ ਤਾਂ ਹੀ ਹੋਇਆ ਜਾ ਸਕਦਾ ਹੈ ਜੇ ਸਾਡੇ ਗਿਆਨ ਸਿਲੇਬਸ ਮਨੁੱਖੀ ਅਜ਼ਾਦੀ ਨਾਲ ਜੁੜੇ ਹੋਣਗੇ। ਚੀਨ ਵਿਚ ਸੁਤੰਤਰ ਮਨ ਦੀ ਜਗ੍ਹਾ  ਜੇਲ੍ਹ ਹੈ। ਇਥੋਂ ਤਕ ਕਿ ਭਾਰਤ ਵਿਚ ਵੀ ਭਗਵੇਂਵਾਦੀ ਸੁਤੰਤਰ ਸੋਚ ਵਾਲੇ ਲੋਕਾਂ ਨੂੰ ਨਫ਼ਰਤ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ। ਉਨ੍ਹਾਂ ਦੀ ਸੋਚ ਇਹ ਹੈ ਕਿ ਜੇ ਉਨ੍ਹਾਂ ਨੂੰ ਮਾਰਿਆ ਨਹੀਂ ਜਾ ਸਕਦਾ ਤਾਂ ਉਨ੍ਹਾਂ ਨੂੰ ਜੇਲ੍ਹ ਵਿਚ ਰੱਖਿਆ ਜਾ ਸਕਦਾ ਹੈ। 

ਚੀਨ ਨੇ ਹਾਂਗ ਕਾਂਗ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿਚ ਲੈਣ ਲਈ ਕੁਝ ਦਿਨ ਪਹਿਲਾਂ ਜੋ ਕਾਨੂੰਨ ਬਣਾਇਆ ਸੀ, ਉਹ ਸਾਨੂੰ ਪਿਛਲੇ ਸਾਲ 5 ਅਗਸਤ ਦੀ ਯਾਦ ਦਿਵਾਉਂਦਾ ਹੈ। ਉਸ ਦਿਨ ਭਾਰਤ ਦੀ ਸੰਸਦ ਨੇ ਵੀ ਕਸ਼ਮੀਰ ਨੂੰ ਆਪਣੇ ਨਾਲ ਮਿਲਾਉਣ ਲਈ ਕਾਨੂੰਨੀ ਕਦਮ ਚੁੱਕਿਆ ਸੀ। ਇਸਦਾ ਅਰਥ ਸੀ ਕਸ਼ਮੀਰੀਆਂ ਦੀ ਆਜ਼ਾਦੀ ਦਾ ਮੁਕੰਮਲ ਵਿਨਾਸ਼। ਭਾਰਤ ਦੇ ਬਹੁਗਿਣਤੀ ਭਾਈਚਾਰੇ ਨੂੰ ਨਵੇਂ ਪ੍ਰਦੇਸ਼ ਨੂੰ ਜਿੱਤਣ ਦਾ ਅਨੰਦ ਦਿੱਤਾ ਗਿਆ। ਚੀਨ ਹਾਂਗ ਕਾਂਗ ਦੇ ਨਾਲ ਬਿਲਕੁਲ ਇਹੀ ਕਰ ਰਿਹਾ ਹੈ। ਸੋ ਰਾਸ਼ਟਰਵਾਦ ਦਾ ਸੁਆਲ ਹਮੇਸ਼ਾ ਹੀ ਮਨੁੱਖੀ ਆਜ਼ਾਦੀ ਦੇ ਵਿਰੁਧ ਹੁੰਦਾ ਹੈ।

ਅਪੂਰਵਾਨੰਦ