'ਸੁੱਖਾ ਜਿੰਦਾ' ਕੌਮ ਦੇ ਹੀਰੇ ਨੇ, ਜਿੰਨ੍ਹਾਂ ਨੇ ਪੰਜਾਬੀਆਂ ਦੀ ਡਿੱਗੀ ਪੱਗ ਮੁੜ ਸਿਰ 'ਤੇ ਸਜਾਈ"

'ਸੁੱਖਾ ਜਿੰਦਾ' ਕੌਮ ਦੇ ਹੀਰੇ ਨੇ, ਜਿੰਨ੍ਹਾਂ ਨੇ ਪੰਜਾਬੀਆਂ ਦੀ ਡਿੱਗੀ ਪੱਗ ਮੁੜ ਸਿਰ 'ਤੇ ਸਜਾਈ

'ਸੁੱਖਾ ਜਿੰਦਾ' ਮੇਰੇ ਲਈ ਦਿਲੋਂ ਪਿਆਰੇ ਹਨ, ਜਿੰਨ੍ਹਾਂ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੇ ਜਰਨੈਲ ਨੂੰ ਸੋਧ ਕੇ, ਪੁਰਾਤਨ ਸਿੰਘਾਂ ਦਾ ਇਤਿਹਾਸ ਦੁਹਰਾਇਆ"

ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਕਮਰੇ 'ਚ ਲੱਗੀਆਂ ਭਾਈ ਜਿੰਦਾ ਤੇ ਭਾਈ ਸੁੱਖਾ ਦੀਆਂ ਤਸਵੀਰਾਂ ਬਾਰੇ ਕਥਨ

ਇਹ ਗੱਲ ਸੰਨ 2012 ਦੀ ਪਿੰਡ ਢੁੱਡੀਕੇ ਦੀ ਹੈ। ਉਸ ਦਿਨ ਮੈਂ 'ਆਧੁਨਿਕ ਪੰਜਾਬੀ ਨਾਵਲ ਸਾਹਿਤ ਦੇ ਬਾਬਾ ਬੋਹੜ' ਬਾਪੂ ਜਸਵੰਤ ਸਿੰਘ ਕੰਵਲ ਦੇ ਗ੍ਰਹਿ ਵਿਖੇ ਨਿੱਘੀ ਮਿਲਣੀ ਦਾ ਆਨੰਦ ਮਾਣਿਆ ਸੀ। ਉਨ੍ਹਾਂ ਆਪਣੀ ਕਿਤਾਬ 'ਕੌਮੀ ਵਸੀਅਤ' ਦੀ ਇੱਕ ਕਾਪੀ ਵੀ ਮੈਨੂੰ ਦਿੱਤੀ ਸੀ। ਡਾ ਵਣਜਾਰਾ ਬੇਦੀ ਦੇ ਕਥਨ 'ਮੇਰਾ ਕਮਰਾ ਪਿੱਤਲ ਦੀ ਕੜਾਹੀ' ਵਾਂਗ ਉਦੋਂ ਆਪਣੀ ਸਾਹਿਤ ਸਿਰਜਣਾ ਵਾਲੇ ਕਮਰੇ ਵਿੱਚ ਜਾ ਕੇ ਕੰਵਲ ਸਾਹਿਬ ਨੇ ਕੁਝ ਤਸਵੀਰਾਂ ਦੀ ਸਾਂਝ ਪਾਈ।

ਬੜੀ ਦਿਲਚਸਪ ਅਤੇ ਰਮਜ਼ ਵਾਲੀ ਗੱਲ ਇਹ ਸੀ ਕਿ ਕੰਵਲ ਸਾਹਿਬ ਦੇ ਨਿੱਜੀ ਕਮਰੇ ਵਿੱਚ ਸੰਸਾਰ ਦੇ ਇਨਕਲਾਬੀ ਜੁਝਾਰੂਆਂ ਦੀਆਂ ਤਸਵੀਰਾਂ ਸਨ, ਜਿਨ੍ਹਾਂ ਵਿੱਚੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀਆਂ ਤਸਵੀਰਾਂ ਵੀ ਸਜੀਆਂ ਸਨ। ਮੈਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਇਹ ਦੋਵੇਂ ਸ਼ਹੀਦ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਆਪ ਨੇ ਆਪਣੇ ਸਾਹਿਤ ਰਚਨਾ ਵਾਲੇ ਕਮਰੇ ਵਿੱਚ ਕਿਉਂ ਸਜਾਈਆਂ ਹਨ? ਤਾਂ ਕੰਵਲ ਸਾਹਿਬ ਨੇ ਬੜੇ ਜੋਸ਼ 'ਚ ਕਿਹਾ ਕਿ ਇਹ ਦੋਹੇਂ 'ਕੌਮ ਦੇ ਹੀਰੇ' ਨੇ, ਜਿੰਨ੍ਹਾਂ ਨੇ ਪੰਜਾਬੀਆਂ ਦੀ ਡਿੱਗੀ ਪੱਗ ਮੁੜ ਸਿਰ 'ਤੇ ਸਜਾਈ ਹੈ। ਗੱਲ ਅੱਗੇ ਤੋਰਦਿਆਂ ਕੰਵਲ ਸਾਹਿਬ ਨੇ ਕਿਹਾ ਕਿ 'ਸੁੱਖਾ ਜਿੰਦਾ' ਮੇਰੇ ਲਈ ਦਿਲੋਂ ਪਿਆਰੇ ਹਨ, ਜਿੰਨ੍ਹਾਂ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੇ ਜਰਨੈਲ ਨੂੰ ਸੋਧ ਕੇ, ਪੁਰਾਤਨ ਸਿੰਘਾਂ ਦਾ ਇਤਿਹਾਸ ਦੁਹਰਾਇਆ।

ਇਹ ਸਿੱਖਾਂ ਦਾ ਗੌਰਵਮਈ ਇਤਿਹਾਸ ਹੈ ਕਿ ਜਨਰਲ ਵੈਦਿਆ ਨੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਕੇ ਇਤਿਹਾਸਿਕ ਗਲਤੀ ਕੀਤੀ, ਉਸਦੇ ਬਦਲੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ 10 ਅਗਸਤ 1986 ਨੂੰ ਜਨਰਲ ਵੈਦਿਆ ਨੂੰ ਪੂਨੇ ਵਿੱਚ ਸੋਧਿਆ। ਕੰਵਲ ਸਾਹਿਬ ਨੇ ਜੋ ਸ਼ਬਦ ਉਦੋਂ ਕਹੇ, ਅੱਜ ਵੀ ਮੇਰੇ ਮਨ ਵਿੱਚ ਗੂੰਜ ਰਹੇ ਹਨ ਕਿ ਅਸਲ 'ਚ ਕੰਵਲ ਸਾਹਿਬ ਪੰਜਾਬੀ ਸਾਹਿਤ ਦੇ ਸਿਰਮੌਰ ਲਿਖਾਰੀ ਹੀ ਨਹੀਂ ਸਨ, ਬਲਕਿ ਸਿੱਖ ਕੌਮ ਦੇ ਅਨਮੋਲ ਹੀਰੇ ਵੀ ਸਨ। ਜਿਹੜੇ ਭੁੱਲੜ ਉਨ੍ਹਾਂ ਨੂੰ ਹੀਰ -ਬੰਨੇ ਤੇ 'ਸ਼ਾਹ ਰਾਂਝਾ' ਦੀ ਤੱਕੜੀ 'ਚ ਤੋਲਣ 'ਤੇ ਤੁਲੇ ਹੋਏ ਹਨ, ਓਹ ਬੌਧਿਕ ਕੰਗਾਲੀ ਦਾ ਸਬੂਤ ਦੇ ਰਹੇ ਹਨ।

ਬਾਪੂ ਜਸਵੰਤ ਸਿੰਘ ਕੰਵਲ ਵਲੋਂ 'ਸੁੱਖੇ-ਜਿੰਦੇ' ਵਾਲੀ ਤਸਵੀਰ ਕਮਰੇ 'ਚ ਸਜਾਉਣ ਦੀ ਗੱਲ ਸ਼ਾਇਦ 'ਭਗਵੀਂ ਕਾਮਰੇਡ ਲੇਖਕ ਸ਼੍ਰੇਣੀ' ਨੂੰ ਹਜ਼ਮ ਨਾ ਹੋ ਹੋਵੇ, ਪਰ ਇਹ ਸੱਚਾਈ ਹੈ ਕਿ ਕੰਵਲ ਸਾਹਿਬ ਲੋਕਾਂ ਲਈ ਲੜਨ ਵਾਲੇ ਬਹਾਦਰਾਂ ਦੇ ਸਚੇ ਆਸ਼ਕ ਸਨ, ਨਾ ਕਿ ਹੀਰ -ਬੰਨੇ ਤੇ 'ਸ਼ਾਹ ਰਾਂਝਾ' ਵਰਗੀਆਂ ਕੱਚ ਘਰੜ ਅਤੇ ਸਿਧਾਂਤਹੀਣ ਉਪਮਾਵਾਂ ਦੇ ਮੁਹਤਾਜ ਲਿਖਾਰੀ। ਇੱਥੇ ਇਹ ਦੱਸਣਾ ਵੀ ਬਣਦਾ ਹੈ ਕਿ ਉਹ ਤਸਵੀਰ ਬਾਅਦ ਦੇ ਵਿੱਚ ਜਸਵੰਤ ਸਿੰਘ ਕੰਵਲ ਦੀ ਕਮਰੇ 'ਚੋਂ ਗਾਇਬ ਵੀ ਹੋਈ। ਮੇਰੀ ਹੱਡ ਬੀਤੀ ਹੈ ਕਿ ਕੰਵਲ ਸਾਹਿਬ ਦੇ ਦੇਹਾਂਤ ਤੋਂ ਕੁਝ ਕੁ ਦਿਨ ਪਹਿਲਾਂ ਜਨਵਰੀ 2020 ਨੂੰ ਮੈਂ ਪੰਜਾਬ ਗਿਆ ਸੀ। ਇਸ ਦੌਰਾਨ ਮੈਂ ਢੁੱਡੀਕੇ ਵਿਖੇ ਕੰਵਲ ਸਾਹਿਬ ਦੇ ਘਰ ਗਿਆ, ਪਰ ਇਹ ਤਸਵੀਰ ਉਹਨਾਂ ਦੇ ਕਮਰੇ ਵਿੱਚ ਨਜ਼ਰ ਨਹੀਂ ਆਈ। ਪਤਾ ਲੱਗਿਆ ਸਾਡੀ ਵਿਰਾਸਤ ਨੂੰ ਸੁੱਖਾ ਜਿੰਦਾ ਦੀ ਥਾਂ, ਹੀਰ ਬੰਨ੍ਹੇ ਦੇ ਬਿਰਤਾਂਤ ਨਾਲ ਬੰਨ੍ਹਣ ਵਾਲੇ ਅਖੌਤੀ ਅਗਾਂਹਵਧੂ ਨੇ ਇਹ ਤਸਵੀਰ ਉਰੇ-ਪਰੇ ਕਰ ਦਿੱਤੀ।

ਇੱਥੇ ਜ਼ਿਕਰਯੋਗ ਹੈ ਕਿ ਭਾਈ ਜਿੰਦਾ ਤੇ ਭਾਈ ਸੁੱਖਾ ਦੀਆਂ ਅਹਿਮ ਦਸਤਾਵੇਜ਼ੀ ਚਿੱਠੀਆਂ ਨੂੰ ਜਦੋਂ 'ਸਿੱਖ ਰੀਵਿਊ' ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਡਾ ਕੇਹਰ ਸਿੰਘ ਵੱਲੋਂ ਪ੍ਰਕਾਸ਼ਤ ਕੀਤਾ ਗਿਆ, ਤਾਂ ਉਸ ਸਮੇਂ ਨਾਵਲਕਾਰ ਜਸਵੰਤ ਸਿੰਘ ਕੰਵਲ ਨੇ ਇਹਨਾਂ 'ਤੇ ਵਿਸ਼ੇਸ਼ ਟਿੱਪਣੀਆਂ ਕੀਤੀਆਂ ਸਨ, ਜੋ ਕਿ ਇਤਿਹਾਸਕ ਮਹੱਤਵ ਰੱਖਦੀਆਂ ਹਨ। ਇਨ੍ਹਾਂ ਚਿੱਠੀਆਂ ਦਾ ਅੰਗਰੇਜ਼ੀ ਅਨੁਵਾਦ ਉੱਘੇ ਚਿੰਤਕ ਡਾ ਗੁਰਭਗਤ ਸਿੰਘ ਵੱਲੋਂ ਕੀਤਾ ਗਿਆ ਸੀ। ਜੂਨ 1984 ਦਰਬਾਰ ਸਾਹਿਬ ਤੇ ਭਾਰਤੀ ਫ਼ੌਜ ਵੱਲੋਂ ਕੀਤੇ ਹਮਲੇ ਮਗਰੋਂ ਭਾਈ ਜਿੰਦਾ ਤੇ ਭਾਈ ਸੁੱਖਾ ਨੇ ਭਾਰਤੀ ਫੌਜ ਦੇ ਸਾਬਕਾ ਜਰਨੈਲ ਅਰੁਣ ਵੈਦਿਆ ਨੂੰ 10 ਅਗਸਤ 1986 ਨੂੰ ਪੂਨੇ ਚ ਸੋਧਿਆ ਸੀ। ਜਿਸ ਸਬੰਧੀ ਆਪ ਨੂੰ 21 ਅਕਤੂਬਰ 1989 ਨੂੰ ਫਾਂਸੀ ਸੁਣਾਈ ਗਈ ਅਤੇ 9 ਅਕਤੂਬਰ 1992 ਨੂੰ ਪੂਨਾ ਜੇਲ੍ਹ 'ਚ ਫਾਂਸੀ ਦਿੱਤੀ ਗਈ। ਦੋਹਾਂ ਸੂਰਮਿਆਂ ਨੇ ਖਿੜੇ ਮੱਥੇ ਫਾਂਸੀ ਦੇ ਰੱਸੇ ਚੁੰਮੇ ਤੇ ਸ਼ਹੀਦੀਆਂ ਪਾਈਆਂ ਅਤੇ ਖ਼ਾਲਸੇ ਦੀ ਚੜ੍ਹਦੀ ਕਲਾ ਸੰਬੰਧੀ ਸ਼ਾਹ ਮੁਹੰਮਦ ਦੇ ਇਹ ਸ਼ਬਦ ਮੁੜ ਯਾਦ ਕਰਵਾ ਦਿੱਤੇ;

"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ,

ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ।

ਬੀਕਾਨੇਰ, ਲਖਨਊ, ਅਜਮੇਰ, ਜੈਪੁਰ,

ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ।

ਚੱਲੀ ਸਭ ਪੰਜਾਬ ਦੀ ਬਾਦਸ਼ਾਹੀ,

ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ।

ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ,

ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।"

 

ਡਾ. ਗੁਰਵਿੰਦਰ ਸਿੰਘ