ਸਿੱਖ ਪੰਥ ਦੇ ਵਿਰੋਧ ਮਗਰੋਂ ਡਾ. ਵਿਜੇ ਸਤਬੀਰ ਸਿੰਘ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਦਾ ਪ੍ਰਬੰਧਕ ਕੀਤਾ ਗਿਆ ਨਿਯੁਕਤ

ਸਿੱਖ ਪੰਥ ਦੇ ਵਿਰੋਧ ਮਗਰੋਂ ਡਾ. ਵਿਜੇ ਸਤਬੀਰ ਸਿੰਘ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਦਾ ਪ੍ਰਬੰਧਕ ਕੀਤਾ ਗਿਆ ਨਿਯੁਕਤ
ਡਾ. ਵਿਜੇ ਸਤਬੀਰ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 11 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਸਿੱਖ ਕੌਮ ਨੂੰ ਵੱਡੀ ਰਾਹਤ ਦਿੰਦਿਆਂ ਮਹਾਰਾਸ਼ਟਰ ਸਰਕਾਰ ਨੇ ਅੱਜ ਭਾਜਪਾ ਦੇ ਸਿੱਖ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਸਿੱਖ ਵਫਦ ਵੱਲੋਂ ਉਪ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕਰਨ ਮਗਰੋਂ ਸਾਬਕਾ ਆਈ ਏ ਐਸ ਡਾ. ਵਿਜੇ ਸਤਬੀਰ ਸਿੰਘ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਦਾ ਪ੍ਰਬੰਧਕ ਲਾਉਣ ਦਾ ਐਲਾਨ ਕੀਤਾ।

ਵਫਦ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਵੀ ਸ਼ਾਮਲ ਸਨ। 

ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਕ ਗੈਰ ਸਿੱਖ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਪ੍ਰਬੰਧਕ ਨਿਯੁਕਤ ਕਰਨ ’ਤੇ ਸਿੱਖ ਕੌਮ ਬਹੁਤ ਪ੍ਰੇਸ਼ਾਨ ਸੀ ਪਰ ਜਦੋਂ ਅਸੀਂ ਉਪ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ ਤਾਂ ਦੱਸਿਆ ਗਿਆ ਕਿ ਰੂਟੀਨ ਮਾਮਲਿਆਂ ਤਹਿਤ ਸਥਾਨਕ ਡਿਪਟੀ ਕਮਿਸ਼ਨਰ ਨੂੰ ਪ੍ਰਬੰਧਕ ਲਗਾਇਆ ਗਿਆ ਹੈ। 

ਉਹਨਾਂ ਕਿਹਾ ਕਿ ਜਦੋਂ ਅਸੀਂ ਉਪ ਮੁੱਖ ਮੰਤਰੀ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਤਾਂ ਸ੍ਰੀ ਫੜਨਵੀਸ ਨੇ ਤੁਰੰਤ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ ਏ ਐਸ ਨੂੰ ਸਿੱਖ ਕੌਮ ਦੇ ਵਿਚਾਰ ਤੇ ਭਾਵਨਾਵਾਂ ਅਨੁਸਾਰ ਨਵਾਂ ਪ੍ਰਬੰਧਕ ਲਗਾਉਣ ਦੇ ਹੁਕਮ ਜਾਰੀ ਕੀਤੇ। 

ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ ਪੀ ਨੱਢਾ ਵੱਲੋਂ ਮਾਮਲੇ ਵਿਚ ਡਟਵੀਂ ਮਦਦ ਕਰਨ ’ਤੇ ਉਹਨਾਂ ਦਾ ਧੰਨਵਾਦ ਕੀਤਾ ਜਿਸਦੀ ਬਦੌਲਤ ਅਖੀਰ ਡਾ. ਵਿਜੇ ਸਤਬੀਰ ਸਿੰਘ ਦੀ ਪ੍ਰਬੰਧਕ ਵਜੋਂ ਨਿਯੁਕਤੀ ਸੰਭਵ ਹੋਈ ਹੈ। 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਮਾਮਲਾ ਸਿੱਖ ਕੌਮ ਦਾ ਵੱਡਾ ਮਸਲਾ ਬਣ ਗਿਆਸੀ ਤੇ ਹੁਣ ਮਹਾਰਾਸ਼ਟਰ ਸਰਕਾਰ ਦੇ ਫੌਰੀ ਫੈਸਲੇ ਮਗਰੋਂ ਅਸੀਂ ਰਾਹਤ ਮਹਿਸੂਸ ਕਰ ਰਹੇਹਾਂ ਕਿਉਂਕਿ ਇਕ ਸਿੱਖ ਨੂੰ ਤਖਤ ਸ੍ਰੀ ਹਜ਼ੁਰ ਸਾਹਿਬ ਬੋਰਡ ਨਾਂਦੇੜ ਸਾਹਿਬ ਦਾ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿਇਹ ਮਾਮਲਾ ਸਿੱਖਾਂ ਵਿਚ ਵੱਡੀ ਚਿੰਤਾ ਦਾ ਵਿਸ਼ਾ ਸੀ ਕਿਉਂਕਿ ਸਿਰਫ ਸਿੱਖ ਹੀ ਤਖਤ ਸਾਹਿਬ ਦੀ ਮਰਿਆਦਾ ਤੋਂ ਜਾਣੂ ਹੁੰਦੇ ਹਨ। ਉਹਨਾਂ ਕਿਹਾਕਿ ਉਹਨਾਂ ਨੂੰ ਖੁਸ਼ੀਹੈ ਕਿ ਸਿੱਖ ਵਫਦ ਨਾਲ ਮੁਲਾਕਾਤ ਮਗਰੋਂ ਮਹਾਰਾਸ਼ਟਰ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਤੇ ਇਕ ਸੇਵਾ ਮੁਕਤ ਸਿੱਖ ਆਈ ਏ ਐਸ ਨੂੰ ਬੋਰਡ ਦਾ ਨਵਾਂ ਪ੍ਰਬੰਧਕ ਨਿਯੁਕਤ ਕੀਤਾ ਹੈ। 

ਇਸ ਦੌਰਾਨ ਸ੍ਰੀ ਦੇਵੇਂਦਰ ਫੜਨਵੀਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਸ਼ਮੂਲੀਅਤ ਵਾਲੇ ਸਿੱਖ ਵਫਦ ਨਾਲ ਮੁਲਾਕਾਤ ਮਗਰੋਂ ਮਹਾਰਾਸ਼ਟਰ ਸਰਕਾਰ ਨੇ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ ਏ ਐਸ ਨੂੰ ਬੋਰਡ ਦਾ ਪ੍ਰਬੰਧਕ ਲਗਾਉਣ ਦਾ ਫੈਸਲਾ ਕੀਤਾ ਹੈ।