ਮਿਸ਼ਨ-2022 ਵਿਚ ਅਕਾਲੀ ਦਲ ਦੀ ਸੰਭਾਵੀ ਜਿਤ ਦਾ ਮਾਮਲਾ 

ਮਿਸ਼ਨ-2022 ਵਿਚ ਅਕਾਲੀ ਦਲ ਦੀ ਸੰਭਾਵੀ ਜਿਤ ਦਾ ਮਾਮਲਾ 

  ਕੀ ਸੁਖਬੀਰ ਬਾਦਲ ਦਾ ਦੋ ਡਿਪਟੀ ਮੁਖ ਮੰਤਰੀ ਬਣਾਉਣ ਦਾ ਫਾਰਮੂਲਾ  ਫਿਟ ਬੈਠੇਗਾ 

 *ਬਾਦਲ ਦਲ ਕਿਸਾਨੀ ਵੋਟਾਂ ਨੂੰ ਖਿਚਣ ਲਈ ਕਿਸਾਨੀ ਸੰਘਰਸ਼ ਵਿਚ ਕੁਦਿਆ 

 * ਖੇਤੀ ਕਾਨੂੰਨਾਂ ਖ਼ਿਲਾਫ਼ ਸੰਸਦ ਦੇ ਬਾਹਰ ਅਕਾਲੀ ਦਲ ਦਾ ਪ੍ਰਦਰਸ਼ਨ, ਕਿਹਾ- ‘ਅੰਨਦਾਤਾ ਨਾਲ ਇਨਸਾਫ਼ ਕਰੋ’

  *ਭਾਜਪਾ ਦੇ ਸੀਨੀਅਰ ਆਗੂ ਕੇਡੀ ਭੰਡਾਰੀ ਜੋਸ਼ੀ ਤੇ ਕਿਸਾਨਾਂ ਦੇ ਹਕ ਵਿਚ

 * ਅਗਲੀ ਵਿਧਾਨ ਸਭਾ ਚੋਣ ਦੀ ਜਿਤ ਹਾਰ ਦਾ ਫੈਸਲਾ ਕਿਸਾਨੀ ਭਾਈਚਾਰੇ ਦਾ ਮੂਡ ਕਰੇਗਾ 

   ਵਿਸ਼ੇਸ਼ ਰਿਪੋਟ                                      

ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

- ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਵਿਵਾਦਾਂ ’ਚ ਘਿਰੀ ਤੇ ਧੜ੍ਹਿਆਂ ’ਚ ਵੰਡੀ ਜਾ ਚੁੱਕੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਅਗਲੇ ਵਰ੍ਹੇ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੱਲ ਜਿਸ ਤਰ੍ਹਾਂ ਆਪਣਾ ਧਿਆਨ ਕੇਂਦਰਿਤ ਕੀਤਾ ਜਾ ਰਿਹਾ, ਉਸ ਤੋਂ ਸਹਿਜੇ ਇਹ ਅੰਦਾਜ਼ਾ ਲਾ ਲਿਆ ਜਾਵੇ ਕਿ 2022 ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਹੁਣ ਤੋਂ ਹੀ ਕਮਰ ਕੱਸੀ ਬੈਠਾ ਹੈ। ਅਕਾਲੀ ਦਲ ਆਪਣੀ ਭਾਈਵਾਲ ਬਸਪਾ ਨਾਲ  ਮਿਸ਼ਨ 2022 ਨੂੰ ਫਤਿਹ ਕਰਨਾ ਚਾਹੁੰਦਾ ਹੈ। ਛੋਟੇ ਬਾਦਲ ਇਸ ਵਾਰ ਆਪਣੀ ਮੁੱਖ ਰਾਸ਼ਟਰੀ ਸਿਆਸੀ ਪਾਰਟੀ ਕਾਂਗਰਸ ਨੂੰ ਠਿੱਬੀ ਲਾਉਣ ਲਈ ਹਰ ਤਰ੍ਹਾਂ ਦਾ ਸਿਆਸਤ ਨਾਲ ਜੁੜਿਆ ਦਾਅ-ਪੇਚ ਖੇਡਣ ’ਚ ਰਤੀ ਭਰੀ ਵੀ ਗੁਰੇਜ਼ ਨਹੀਂ ਕਰਨਗੇ।ਪਰ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਇਸ ਕਾਰਣ ਨਿਰਾਸ਼ ਵੋਟ ਸੁਖਬੀਰ ਬਾਦਲ ਦੀ ਸਿਆਸਤ ਲਈ ਵਡਾ ਚੈਲਿੰਜ ਹੋਵੇਗੀ।ਪਰ ਦੂਜੇ ਪਾਸੇ, ਜਿਸ ਤਰ੍ਹਾਂ ਧੜਾਧੜ ਅਕਾਲੀ ਦਲ-ਬਸਪਾ ਗੱਠਜੋੜ ਵੱਲੋਂ ਪੰਜਾਬ ਭਰ ਦੇ ਵੋਟਰਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਲਈ ਸੁਖਬੀਰ ਬਾਦਲ ਆਪਣੀ ਸਿਆਸਤ ਦੀ ਫਿਰਕੀ ਘੁਮਾ ਰਹੇ ਹਨ, ਉਸ ਦਾ ਰਾਜਨੀਤੀ ਵਿਚ ਲਾਭ ਮਿਲਣ ਦੀ ਸੰਭਾਵਨਾ ਹੈ। ਇਸ ਦੀ ਪਹਿਲੀ ਮਿਸਾਲ ਜਿਥੇ ਬਸਪਾ ਨਾਲ ਗੱਠਜੋੜ ਤੋਂ ਮਿਲਦੀ ਹੈ, ਉਥੇ ਦੂਜੀ ਮਿਸਾਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਵੱਲੋਂ ਅਕਾਲੀ ਦਲ-ਬਸਪਾ ਗੱਠਜੋੜ ਦੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਪੂਰੀ ਹਮਾਇਤ ਕਰਨ ਦੇ ਕੀਤੇ ਐਲਾਨ ਤੋਂ ਸਾਹਮਣੇ ਆਉਂਦੀ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ’ਚ ਚੱਲ ਰਹੇ ਕਲੇਸ਼ ਨੂੰ 3 ਮਹੀਨਿਆਂ ਦਾ ਸਮਾਂ ਜਿਥੇ ਬੀਤ ਚੁੱਕਾ ਹੈ, ਉਥੇ  ਕਲੇਸ਼ ਤੋਂ ਕੌਮੀ ਪ੍ਰਧਾਨ ਸੁਖਬੀਰ ਬਾਦਲ ਪੂਰੀ ਤਰ੍ਹਾਂ ਫ਼ਾਇਦਾ ਚੁੱਕਦੇ ਹੋਏ ਪੰਜਾਬ ਦੀ ਸਿਆਸਤ ’ਚ ਆਪਣੀ ਪੈਠ ਬਣਾਉਣ ਨੂੰ ਤਰਜ਼ੀਹ ਦੇ ਰਹੇ ਹਨ।   ਹੁਣ ਹਾਲ ’ਚ ਦਲਿਤ ਵੋਟ ਬੈਂਕ ਦੇ ਸਹਾਰੇ ਪੰਜਾਬ ਦੀ ਸੱਤਾ ਹਥਿਆਉਣ ਦੇ ਮੰਤਵ ਨਾਲ ਸੁਖਬੀਰ ਬਾਦਲ ਨੇ ਜਿਥੇ ਪਹਿਲਾਂ ਡਿਪਟੀ ਸੀ. ਐੱਮ. ਦਲਿਤ ਭਾਈਚਾਰੇ ’ਚੋਂ ਬਣਾਉਣ ਦਾ ਐਲਾਨ ਕੀਤਾ ਸੀ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਹੁਣ ਸੂਬੇ ਦੇ ਹਿੰਦੂ ਵੋਟ ਬੈਂਕ ਨੂੰ ਵੀ ਆਪਣੇ ਨਾਲ ਜੋੜਨ ਦੇ ਮਨੋਰਥ ਨੂੰ ਲੈ ਕੇ ਸੁਖਬੀਰ ਵੱਲੋਂ ਦੂਜਾ ਡਿਪਟੀ ਸੀ. ਐੱਮ. ਹਿੰਦੂ ਚਿਹਰੇ ਨੂੰ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਹਿੰਦੂ ਵਰਗ ਨੂੰ ਅਕਾਲੀ ਦਲ ਨਾਲ ਜੋੜਿਆ ਜਾ ਸਕੇ ਤੇ  ਭਾਜਪਾ ਵੋਟ ਬੈਂਕ ਦਾ ਘਾਪਾ ਪੂਰਾ ਕੀਤਾ ਜਾ ਸਕੇ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ-ਬਸਪਾ ਗੱਠਜੋੜ ਨੂੰ ਸਭ ਤੋਂ ਜ਼ਿਆਦਾ ਸ਼ਹਿਰੀ ਖੇਤਰ ’ਚ ਆਪਣਾ ਜਨ ਆਧਾਰ ਬਣਾਉਣ ਦੀ ਲੋੜ ਹੈ ਜੋ ਅਜੇ ਤੱਕ ਨਹੀਂ ਬਣ ਸਕਿਆ। ਇਸ ਲਈ ਸੁਖਬੀਰ ਬਾਦਲ ਉਪ ਮੁਖ ਮੰਤਰੀ ਹਿੰਦੂ  ਨੂੰ ਬਣਾਉਣ ਦਾ ਫਾਰਮੂਲਾ ਅਪਨਾ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜਨ ਆਧਾਰ ਬਣਾਏ ਬਿਨਾਂ ਹਿੰਦੂਤਵ ਦਾ ਪੱਤਾ ਖੇਡਣਾ ਆਪਣੇ-ਆਪ ’ਚ ਬੇਸਮਝੀ ਵਾਲੀ ਗੱਲ ਹੋਵੇਗੀ।  ਦੂਜੇ ਪਾਸੇ ਕਾਂਗਰਸ ਹਾਈਕਮਾਂਡ ਨੇ ਨਵਜੋਤ ਸਿੰਘ ਸਿਧੂ ਨੂੰ ਕਾਂਗਰਸ ਪੰਜਾਬ ਦਾ ਪ੍ਰਧਾਨ ਬਣਾਕੇ ਕੈਪਟਨ ਨੂੰ ਵਡੀ ਚੁਣੌਤੀ ਦਿਤੀ ਹੈ ਉਥੇ ਅਕਾਲੀ ਦਲ ਲਈ ਵਡੀ ਚੁਣੌਤੀ ਹੈ।ਸਿਆਸੀ ਮਾਹਿਰ ਹਾਲੇ ਵੀ ਸ਼ਸ਼ੋਪੰਜ ਵਿਚ ਹਨ ਕਿ ਪੰਜਾਬ ਦੀ 2022 ।ਚੋਣਾਂ ਕੋਣ ਜਿਤੇਗਾ। ਇਸ ਦਾ ਕਾਰਣ ਹੈ ਕਿ  ਪੰਜਾਬੀ ਸਭ ਪਾਰਟੀਆਂ ਤੋਂ ਨਿਰਾਸ਼ ਹਨ।                                                                                                                                      ਕਿਸਾਨੀ ਸੰਘਰਸ਼ ਨੂੰ ਅਪਨਾਇਆ ਬਾਦਲ ਦਲ ਨੇ   ਸੰਸਦ ਦਾ ਮਾਨਸੂਨ ਸੈਸ਼ਨ  19 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ, ਜੋ ਕਿ 13 ਅਗਸਤ ਤੱਕ ਚਲੇਗਾ। ਸੈਸ਼ਨ ਦਾ ਪਹਿਲਾ ਦਿਨ ਹੀ ਹੰਗਾਮੇਦਾਰ ਰਿਹਾ। ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਨਦਾਤਾ ਨਾਲ ਇਨਸਾਫ਼ ਕਰੋ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਖੜ੍ਹੀਆਂ ਹੋਣ ਅਤੇ ਕਾਨੂੰਨ ਵਾਪਸ ਲੈਣ ਦਾ ਦਬਾਅ ਬਣਾਇਆ ਜਾਵੇ.ਓਧਰ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 500 ਤੋਂ ਵੱਧ ਕਿਸਾਨ ਖ਼ੁਦਕੁਸ਼ੀਆਂ ਨਾਲ ਮਰ ਚੁੱਕੇ ਹਨ। ਅਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਾਂਗੇ।ਦੱਸਣਯੋਗ ਹੈ ਕਿ ਬਾਦਲ ਦਲ ਨੇ ਅਗਲੀਆਂ ਵਿਧਾਨ ਸਭਾ ਚੋਣਾਂਂ ਜਿਤਣ ਲਈ ਕਿਸਾਨੀ ਸੰਘਰਸ਼ ਨੂੰ ਅਪਨਾ ਲਿਆ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਪਿਛਲੇ 7 ਮਹੀਨਿਆਂ ਤੋਂ ਵਧੇਰੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਸਰਕਾਰ ਵਾਪਸ ਲਵੇ ਅਤੇ ਘੱਟੋ-ਘੱਟ ਸਮਰਥਨ ਮੁੱਲ ’ਤੇ ਗਰੰਟੀ ਕਾਨੂੰਨ ਬਣਾਇਆ ਜਾਵੇ ਪਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਾ ਲੈਣ ’ਤੇ ਅੜੀ ਹੋਈ ਹੈ। ਸਰਕਾਰ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ, ਜੇਕਰ ਕਿਸਾਨ ਹੋਰ ਬਿੰਦੂਆਂ ’ਤੇ ਚਰਚਾ ਕਰਨਾ ਚਾਹੁੰਦੇ ਹਨ ਤਾਂ ਅਸੀਂ ਚਰਚਾ ਲਈ ਤਿਆਰ ਹਾਂ। ਦੂਜੇ ਪਾਸੇ ਅਕਾਲੀ ਦਲ ਬਾਦਲ ਇਸ ਕਨੂੰਨ ਨੂੰ ਰਦ ਕਰਨ ਲਈ ਮੋਦੀ ਸਰਕਾਰ ਉਪਰ ਦਬਾਅ ਪਾ ਰਿਹਾ।ਲਖੋਵਾਲ ਧੜਾ ਜੋ ਬਾਦਲ ਦਲ ਨਾਲ ਜੁੜਿਆ ਹੈ ਉਹ ਕਿਸਾਨੀ ਸੰਘਰਸ਼ ਵਿਚ ਹੈ। ਬਹੁਤਾ ਅਕਾਲੀ ਕੇਡਰ ਕਿਸਾਨੀ ਨਾਲ ਜੁੜਿਆ ਹੈ ਉਹ ਦਿਲੀ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੈ।ਪਰ ਫਿਰ ਵੀ ਚੋਣਾਂ ਜਿਤਣਾ ਬਾਦਲ ਦਲ ਲਈ ਵਡੀ ਚੁਣੋਤੀ ਹੋਵੇਗਾ।

ਪੰਜਾਬ ਦੀ ਰਾਜਨੀਤੀ ਕਿਧਰ ਨੂੰ

ਪੰਜਾਬ ਦੀ ਰਾਜਨੀਤੀ ਏਨੀ ਖਤਰਨਾਕ ਮੋੜ ਤੇ ਹੈ ਕਿ ਰਾਜਨੀਤਕ ਮਾਹਿਰ ਚੋਣ ਨੀਤੀ ਪ੍ਰਬੰਧਕ ਅੰਦਾਜਾ ਨਹੀਂ ਲਗਾ ਸਕਦੇ ਕਿ ਰਾਜਨੀਤੀ ਕਿਧਰ ਨੂੰ ਜਾਵੇਗੀ ਤੇ ਕਿਹੜੀ ਪਾਰਟੀ ਸਫਲ ਹੋਵੇਗੀ। ਇਸ ਦਾ ਕਾਰਣ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਲੋਕ ਹਿਤਾਂ ਉਪਰ ਪੂਰੀਆਂ ਨਹੀਂ ਉਤਰੀਆਂ। ਰਾਜਨੀਤਕ ਤੇ ਸਤਾ ਹੰਕਾਰ ਬਿਲਕੁੱਲ ਖਤਰਨਾਕ ਹੁੰਦਾ ਹੈ।ਜੋ ਲੋਕਾਂ ਨੂੰ ਗੁਲਾਮ ਸਮਝਦਾ ਹੈ। ਇਹ ਸਤਾ ਹੰਕਾਰ ਲੁਟ ਖਸੁਟ ਅਨਿਆਂ ਦਾ ਸਭਿਆਚਾਰ ਪੈਦਾ ਕਰਦਾ ਹੈ।ਇਹੀ ਹੰਕਾਰ ਲੋਕ ਹਿਤੂ ਫੈਸਲੇ ਨਹੀਂ ਲੈਣ ਦਿੰਦਾ।ਪੰਜਾਬ ਦੇ ਲੋਕ ਸਭ ਰਾਜਨੀਤਕ ਪਾਰਟੀਆਂ ਤੋਂ ਨਿਰਾਸ਼ ਹਨ।ਪੰਜਾਬੀਆਂ ਦੇ ਮਨ ਵਿਚ ਰਾਜਨੀਤਕ ਲੀਡਰਸ਼ਿਪ ਪ੍ਰਤੀ ਬੇਗਾਨਗੀ ਪੈਦਾ ਹੋ ਚੁਕੀ ਹੈ।ਪੰਜਾਬ।ਵਿਚ ਹਾਲੇ ਵੀ ਪੰਜਾਬ ਦੇ ਹਕ ਵਿਚ ਡਟਣ ਵਾਲੇ ਸਿਆਸਤਦਾਨਾਂ ਦੀ ਲੋੜ ਹੈ ਜੋ ਲੁਟ ਖਸੁਟ ਦੇ ਸਭਿਆਚਾਰ ਤੋਂ ਦੂਰ ਹੋਣ। ਕਿਸਾਨਾਂ ਦੀ ਹਮਾਇਤ ਕਰਨ ਦੇ ਮਾਮਲੇ ਵਿਚ ਸਾਬਕਾ ਭਾਜਪਾ ਮੰਤਰੀ ਅਨਿਲ ਜੋਸ਼ੀ ਜਿਨ੍ਹਾਂ ਨੂੰ ਪਾਰਟੀ ਨੇ ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਪਾਰਟੀ ਤੋਂ ਫਾਰਗ ਕਰ ਦਿੱਤਾ ਹੈ, ਨੇ ਹੁਣੇ ਜਿਹੇ ਗੁਰੂ ਘਰ ਮੱਥਾ ਟੇਕਿਆ ਹੈ.

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸ੍ਰੀ ਜੋਸ਼ੀ ਨੇ ਆਖਿਆ ਕਿ   ਹੱਕ ਸੱਚ ਦੇ ਰਸਤੇ ’ਤੇ ਚੱਲਣ ਲਈ ਸਚੇ ਪਾਤਸ਼ਾਹ ਬਲ ਬਖਸ਼ੇ ਤਾਂ ਜੋ ਉਹ ਲੋਕਾਂ ਤੇ ਕਿਸਾਨਾਂ  ਦੇ ਹੱਕਾਂ ਲਈ ਲੜਾਈ ਲੜ ਸਕਣ। ਉਨ੍ਹਾਂ ਸਪੱਸ਼ਟ ਕੀਤਾ ਕਿ ਫਿਲਹਾਲ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਨ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ ਹੈ।  ਉਨ੍ਹਾਂ ਕਿਹਾ ਕਿ ਫਿਲਹਾਲ ਵਿਧਾਨ ਸਭਾ ਚੋਣਾਂ ਵਿਚ 6-7 ਮਹੀਨੇ ਦਾ ਸਮਾਂ ਹੈ ਅਤੇ ਚੋਣਾਂ ਨੇੜੇ ਆਉਣ ’ਤੇ ਇਸ ਬਾਰੇ ਫ਼ੈਸਲਾ ਕਰਨਗੇ।  ਪਾਰਟੀ ਵਿਚੋਂ ਫਾਰਗ ਕੀਤੇ ਜਾਣ ਦੀ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਫ਼ੈਸਲੇ ਨਾਲ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਕਰ ਰਹੇ ਸਗੋਂ ਉਨ੍ਹਾਂ ਨੂੰ ਫਖ਼ਰ ਹੈ ਕਿ ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 500 ਤੋਂ ਵੱਧ ਕਿਸਾਨਾਂ ਲਈ ਹਾਅ ਦਾ ਨਾਅਰਾ ਮਾਰਿਆ ਹੈ।   ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਕਿਸਾਨ ਜਥੇਬੰਦੀ ਦੇ ਆਗੂ ਉਸ ਨੂੰ ਮਿਲੇ ਹਨ ਤੇ ਉਸ ਦੀ ਹੌਸਲਾ-ਅਫਜ਼ਾਈ ਕੀਤੀ ਹੈ ਅਤੇ ਦਿੱਲੀ ਮੋਰਚੇ ਵਿਚ ਆਉਣ ਵਾਸਤੇ ਵੀ ਕਿਹਾ ਹੈ।  ਦੂਜੇ ਪਾਸੇ  ਕੇਡੀ ਭੰਡਾਰੀ ਖੁਲਕੇ ਜੋਸ਼ੀ ਤੇ ਕਿਸਾਨਾਂ ਦੇ ਹਕ ਵਿਚ ਡਟ ਗਏ  ਹਨ। ਜੋਸ਼ੀ ਨੇ ਭਾਜਪਾ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਅਨਿਲ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢਣ ਦੇ ਮਾਮਲੇ ਨੂੰ ਮੁੜ ਵਿਚਾਰਨ। ਉਨ੍ਹਾਂ ਆਖਿਆ ਕਿ ਪੰਜਾਬੀ ਹੋਣ ਦੇ ਨਾਤੇ ਅਨਿਲ ਜੋਸ਼ੀ ਨੇ ਕਿਸਾਨਾਂ ਦੇ ਮੁੱਦੇ ਨੂੰ ਸਭ ਤੋਂ ਪਹਿਲਾਂ ਪਾਰਟੀ ਦੇ ਮੰਚ ’ਤੇ ਹੀ ਉਠਾਇਆ ਸੀ। ਉਨ੍ਹਾਂ ਨੇ ਇਹੀ ਗੱਲ ਕੀਤੀ ਸੀ ਕਿ ਜੋ ਹਾਲਾਤ ਬਣੇ ਹੋਏ ਹਨ ਉਸ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹਾ ਮਾਹੌਲ ਨਹੀਂ ਬਣਨਾ ਚਾਹੀਦਾ ਜਿਸ ਨਾਲ ਹਿੰਦੂ-ਸਿੱਖ ਭਾਈਚਾਰੇ ਦੀ ਸਾਂਝ ਨੂੰ ਸੱਟ ਵੱਜੇ। ਪੰਜਾਬੀ ਹੋਣ ਦੇ ਨਾਤੇ ਅਨਿਲ ਜੋਸ਼ੀ ਨੇ ਬਣਦਾ ਆਪਣਾ ਫ਼ਰਜ਼ ਨਿਭਾਇਆ ਹੈ।ਜ਼ਿਕਰਯੋਗ ਹੈ ਕਿ ਕੇਡੀ ਭੰਡਾਰੀ ਪਹਿਲਾਂ ਵੀ ਇਹ ਬਿਆਨ ਦੇ ਚੁੱਕੇ ਹਨ ਕਿ ਉਹ ਪਹਿਲਾਂ ਪੰਜਾਬੀ ਹਨ ਤੇ ਪੰਜਾਬ ਦੇ ਹੱਕਾਂ ਹਿੱਤਾਂ ਲਈ ਡੱਟ ਕੇ ਖੜ੍ਹਨਗੇ। ਸ੍ਰੀ ਭੰਡਾਰੀ ਨੇ ਕਿਹਾ ਕਿ ਕਿਸਾਨ ਵੀ ਉਨ੍ਹਾਂ ਨੇ ਭੈਣ-ਭਰਾ ਹਨ ਜੋ ਲੰਮੇ ਸਮੇਂ ਤੋਂ ਸੜਕਾਂ ’ਤੇ ਧਰਨਾ ਦੇ ਰਹੇ ਹਨ। ਖੇਤੀ ਕਾਨੂੰਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ।   

                      ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਜੋਸ਼ੀ ਪੰਜਾਬ ਤੇ ਪੰਜਾਬੀਆਂ ਪ੍ਰਤੀ ਇਮਾਨਦਾਰੀ ਰਖਣਗੇ ਜਰੂਰ ਸਫਲ ਹੋਣਗੇ।ਪੰਜਾਬ ਦਾ ਮਸਲਾ ਰਾਜਨੀਤੀ ਵਿਚ ਸਿਖ ਦਲਿਤ ਹਿੰਦੂ ਹੋਣਾ ਨਹੀਂ ਹੈ ਪੰਜਾਬ ਦੀ ਰਾਜਨੀਤੀ ਵਿਚ ਪੰਜਾਬ ਤੇ ਲੋਕ ਹਿਤਾਂ ਲਈ ਇਮਾਨਦਾਰ ਹੋਣਾ ਤੇ ਲੋਕਾਂ ਨੂੰ ਲੋਟੂ ਰਾਜਨੀਤੀ ਤੋਂ ਮੁਕਤ ਕਰਵਾਉਣਾ ਹੈ।ਪੰਜਾਬੀਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ।ਆਪਣੇ ਭਵਿਖ ਤੇ ਹੋਂਦ ਲਈ ਸੁਚੇਤ ਹੋਣ ਦੀ ਲੋੜ ਹੈ।ਸਿਆਸੀ ਮਾਹਿਰਾਂ ਨੂੰ ਜਾਪਦਾ ਹੈ ਕਿ 2022 ਵਿਧਾਨ ਸਭਾ ਚੋਣਾਂ ਜਿਤਣ ਲਈ ਕਿਸਾਨ ਭਾਈਚਾਰਾ ,ਪੰਜਾਬ ਮੁਦੇ ਅਹਿਮ ਭੂਮਿਕਾ ਨਿਭਾਉਣਗੇ।