ਬਾਬਾ ਬੰਦਾ ਸਿੰਘ ਬਹਾਦਰ ਨਾਲ ਇਤਿਹਾਸਕਾਰਾਂ ਵਲੋਂ ਵਿਤਕਰਾ

ਬਾਬਾ ਬੰਦਾ ਸਿੰਘ ਬਹਾਦਰ ਨਾਲ ਇਤਿਹਾਸਕਾਰਾਂ ਵਲੋਂ ਵਿਤਕਰਾ

ਇਤਿਹਾਸ       

 *ਪੁਸਤਕ ਗੁਰੂ ਦਾ ਬੰਦਾ ਵਿਚੋਂ *                                    

ਇਤਿਹਾਸ ਲਿਖਣਾ ਸੌਖਾ ਨਹੀਂ ਹੁੰਦਾ।ਬਹੁਤੇ ਲੇਖਕ ਇਤਿਹਾਸ ਦੀ ਪੁਣ ਛਾਣ ਨਹੀਂ ਕਰਦੇ ਤੇ ਕਿਆਸ ਅਰਾਹੀਆਂ ਉਪਰ ਨਿਰਭਰ ਰਹਿੰਦੇ ਹਨ।ਇਤਿਹਾਸ ਲਿਖਣ ਲਗਿਆਂ ਉਸ ਸਮੇਂ ਦੇ ਦੌਰ ਵਿਚ ਜਾਣਾ ਪੈਂਦਾ।ਉਸ ਸਮੇਂ ਦੀਆਂ ਹਾਲਤਾਂ ,ਸਭਿਆਚਾਰ ਨੂੰ ਸਮਝਣਾ ਪੈਂਦਾ।ਖੋਜ ਕੋਈ ਅੰਤਮ ਨਹੀਂ ਹੁੰਦੀ ਲਗਾਤਾਰ ਚਲਦੀ ਰਹਿੰਦੀ ਹੈ।ਸਿੱਖ ਇਤਿਹਾਸ ਅੰਦਰ ਬੰਦਾ ਸਿੰਘ ਬਹਾਦਰ (27 ਅਕਤੂਬਰ 1670-9 ਜੂਨ 1716) ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਮੁਗਲ ਸਾਮਰਾਜ ਵਿਰੁਧ ਧਰਮਯੁਧ ਛੇੜਦਾ ਗੁਰੂ ਦਾ ਰਾਜ ਕਾਇਮ ਕਰਦਾ ਹੈ।ਉਸਦੀ ਇਤਿਹਾਸਕ ਪ੍ਰਾਪਤੀ   ਜਗੀਰਦਾਰੀ ਸਿਸਟਮ ਨੂੰ ਭੰਨਕੇ ਕਿਰਤੀਆਂ ਨੂੰ ਜਮੀਨਾਂ ਦੇ ਮਾਲਕ ਬਣਾਕੇ ਗੁਰੂ ਸਾਹਿਬਾਨ ਦੇ ਇਨਕਲਾਬੀ ਸੁਪਨੇ ਨੂੰ ਸੰਪੂਰਨ ਕਰਨਾ ਹੈ।

ਬਾਬਾ ਬੰਦਾ ਸਿੰਘ ਦੇ ਸਮੇਂ ਦੇ ਇਤਿਹਾਸਕ ਪਿਛੋਕੜ ਵਲ ਝਾਤੀ ਮਾਰੀਏ ਤਾਂ ਕਾਬਲ ਬੈਠੇ ਵਾਇਸਰਾਏ ਮੁਅੱਜ਼ਮ ਉਰਫ ਬਹਾਦਰ ਸ਼ਾਹ ਨੂੰ ਪਤਾ ਲੱਗਾ ਕਿ ਦੱਖਣ ਵਿਚ ਉਸਦਾ ਬੁੱਢਾ ਪਿਤਾ ਔਰੰੰਗਜ਼ੇਬ ਸਖ਼ਤ ਬਿਮਾਰ ਹੋ ਗਿਆ ਹੈ ਤਾਂ 63 ਸਾਲਾ ਸ਼ਹਿਜ਼ਾਦਾ ਪਖਤੂਨ ਦੇਸ ਵਿਚੋਂ ਪੰਜਾਬ ਹੁੰਦਾ ਹੋਇਆ ਦਿੱਲੀ ਵੱਲ ਵਧਿਆ। ਰਸਤੇ ਵਿਚ ਉਸਨੂੰ ਖ਼ਬਰ ਮਿਲੀ ਕਿ ਬਾਦਸ਼ਾਹ ਦਾ ਦੇਹਾਂਤ ਹੋ ਗਿਆ ਹੈ, ਉਸੇ ਵਕਤ ਤਾਜਪੋਸ਼ੀ ਕਰ ਦਿੱਤੀ। ਅਪਰੈਲ 1707 ਵਿਚ ਲਾਹੌਰ ਦੇ ਸੂਬੇਦਾਰ ਮੁਨੀਮ ਖ਼ਾਨ ਨੂੰ ਮਿਲਿਆ। ਮੁਨੀਮ ਅਤੇ ਉਸਦੇ ਬੇਟੇ ਮੌਜ਼ੁੱਦੀਨ ਨੇ ਸ਼ਹਿਜ਼ਾਦੇ ਨੂੰ ਸੈਨਿਕ ਮਦਦ ਦੀ ਪੇਸ਼ਕਸ਼ ਕੀਤੀ। ਇਹ ਪਿਉ-ਪੁੱਤ ਤੁਰਕ ਸਨ। ਬਹਾਦਰ ਸ਼ਾਹ ਆਪਣੇ ਪਿਤਾ ਨਾਲੋਂ  ਨਰਮ ਸੁਭਾਅ ਦਾ ਸੀ। ਉਹ ਆਪਣੇ ਭਰਾਵਾਂ ਕਾਮਬਖਸ਼ ਅਤੇ ਆਜ਼ਮ ਦੀਆਂ ਬਗਾਵਤਾਂ ਨੂੰ  ਦਬਾ ਦਿੰੰਦਾ ਹੈ। ਆਜ਼ਮ ਜੂਨ 1707 ਵਿਚ ਆਗਰੇ ਲੜਾਈ ਵਿਚ ਮਾਰਿਆ ਜਾਂਦਾ। ਪਹਿਲੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਨੇ ਬਹਾਦਰ ਸ਼ਾਹ ਦੀ ਫੌਜੀ ਮਦਦ ਕੀਤੀ ।ਜਦੋਂ ਗੁਰੂ ਜੀ ਦੱਖਣ ਵੱਲ ਜਾ ਰਹੇ ਸਨ, ਉਨ੍ਹਾਂ ਨੂੰ ਪਤਾ ਸੀ ਕਿ ਕਾਮਬਖ਼ਸ਼ ਤੇ ਆਜ਼ਮ ਦੱਖਣ ਵਿਚ ਹਨ, ਬਹਾਦਰ ਸ਼ਾਹ ਆਗਰੇ ਹੈ ਤੇ ਦੱਖਣ ਵੱਲ ਜਾਏਗਾ।  ਗੁਰੂ ਜੀ ਆਗਰੇ ਬਹਾਦਰ ਸ਼ਾਹ ਨੂੰ ਮਿਲਦੇ ਹਨ।ਲਤੀਫ ਅਨੁਸਾਰ (1889) ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਸ਼ਾਮਿਆਨੇ, ਹਾਥੀ, ਘੋੜੇ ਭੇਂਟ ਕਰਦਾ ਹੈ ਤੇ ਪੰਜ ਹਜ਼ਾਰੀ ਦਾ ਖਿਤਾਬ ਦਿੰੰਦਾ ਹੈ। ਇਤਿਹਾਸਕ ਦਸਤਾਵੇਜ਼ਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਵਜ਼ੀਰ ਖ਼ਾਨ ਨੂੰ ਸਜ਼ਾ ਦੇਣ ਅਤੇ ਆਨੰਦਪੁਰ ਦਾ ਇਲਾਕਾ ਗੁਰੂ ਜੀ ਨੂੰ ਦੇਣ ਬਾਰੇ ਬਾਦਸ਼ਾਹ ਨੇ ਵਾਅਦਾ ਕੀਤਾ ਸੀ।ਬਾਦਸ਼ਾਹ ਕਈ ਮਹੀਨੇ ਆਗਰੇ ਠਹਿਰਿਆ ਪਰ ਉਸ ਅੰਦਰ ਦੱਖਣ ਬੈਠੇ ਕਾਮਬਖ਼ਸ਼ ਨੂੰ ਦਬਾਉਣ ਵਾਸਤੇ ਬੇਚੈਨੀ ਸੀ। ਨਵੰਬਰ 1707 ਨੂੰ ਜਦੋਂ ਬਹਾਦਰ ਸ਼ਾਹ  ਨੇ ਦੱਖਣ ਵੱਲ ਰੁਖ਼ ਕੀਤਾ, ਗੁਰੂ ਜੀ ਨਾਲ ਨਾਲ ਤੁਰੇ, ਨਾਲ ਖਾਲਸਾ ਫੌਜਾਂ  ਸਨ। ਇਕ ਸਾਲ ਦੇ ਕਰੀਬ ਗੁਰੂ ਜੀ ਬਾਦਸ਼ਾਹ ਤੋਂ ਵਜੀਦ ਖਾਨ ਦੀ ਮੰਗ ਕਰਦੇ ਰਹੇ   ਪਰ ਬਹਾਦਰ ਸ਼ਾਹ ਪਹਾੜੀ ਰਾਜਿਆਂ ਤੇ ਵਜੀਦ ਖਾਨ ਖਿਲਾਫ ਕਾਰਵਾਈ ਟਾਲ ਰਿਹਾ ਸੀ। ਉਸ ਦਾ ਸਾਰਾ ਧਿਆਨ ਤਾਂ ਕਾਮਬਖਸ਼ ਦੀ ਬਗਾਵਤ ਨੂੰ ਦਬਾਉਣ ਵੱਲ ਸੀ। ਮਰਾਠਿਆਂ  ਨਾਲ ਦੋਸਤਾਨਾ ਸੰਬੰਧ ਬਣਾਉਣ ਲਈ  ਉਸਨੇ 18 ਸਾਲਾਂ ਤੋਂ ਨਜ਼ਰਬੰਦ ਸ਼ਿਵਾ ਜੀ ਦੇ ਬੇਟੇ ਸ਼ਾਹੂ ਨੂੰ ਰਿਹਾਅ ਕਰਕੇ ਮਰਾਠਾ ਗੱਦੀ ਦਾ ਖ਼ੁਦਮੁਖਤਾਰ ਸ਼ਾਸਕ ਥਾਪ ਦਿੱਤਾ।

ਸਤੰਬਰ 1708 ਨੂੰ ਜਦੋਂ ਮੁਗਲ ਲਸ਼ਕਰ ਨਾਂਦੇੜ ਪੁੱਜਾ ਤਾਂ ਗੁਰੂ ਜੀ ਨੇ ਕਿਹਾ- ਬਹਾਦਰ ਸ਼ਾਹ ਹੁਣ  ਅਸੀਂ ਆਪ ਨਿਬੜਾਂਗੇ।ਖੁਦ ਮਦਦ ਤੋਂ ਇਨਸਾਫ ਕਰਾਂਗੇ। ਬਾਦਸ਼ਾਹ ਦੇ ਕੈਂਪ ਤੋਂ ਵੱਖ ਹੋ ਕੇ ਗੁਰੂ ਜੀ ਇਥੇ ਰੁਕ ਗਏ। ਇਥੇ ਉਹ 38 ਸਾਲ ਉਮਰ ਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ । ਵਖ ਵਖ ਇਤਿਹਾਸਕ ਦਸਤਾਵੇਜਾਂ  ਅਨੁਸਾਰ  ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਅਤੇ ਜਨਮ ਮਿਤੀ ਬਾਰੇ ਇਤਿਹਾਸਕਾਰਾਂ ਦੇ ਵੱਖ ਵੱਖ ਵਿਚਾਰ ਹਨ। ਡਾਕਟਰ ਗੰਡਾ ਸਿੰਘ ਆਪਣੀ ਪੁਸਤਕ ‘ਬੰਦਾ ਸਿੰਘ ਬਹਾਦਰ’ ਵਿਚ ਲਿਖਦੇ ਹਨ ਕਿ ਉਸ ਦਾ ਜਨਮ ਕੱਤਕ ਸੁਦੀ 15 ਸੰਮਤ 1727 ਬਿਕਰਮੀ (ਭਾਵ 27 ਅਕਤੂਬਰ 1670) ਨੂੰ ਪੱਛਮੀ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਰਾਜੌਰੀ ਸਥਾਨ ‘ਤੇ ਹੋਇਆ। ਮਿਰਜ਼ਾ ਮੁਹੰਮਦ ਹਾਰਿਸੀ ਜੋ ਬੰਦੇ ਦਾ ਸਮਕਾਲੀ ਸੀ, ਨੇ ਆਪਣੀ ਪੁਸਤਕ ‘ਇਬਰਤਨਾਮਾ’ (1718 ਈਸਵੀ) ਵਿਚ ਲਿਖੀ। ਉਹ ਬੰਦੇ ਬਹਾਦਰ ਦੇ ਜਨਮ ਸਥਾਨ ਬਾਰੇ ਲਿਖਦਾ ਹੈ, “ਅਗਲੇ ਸਾਲ ਜੋ ਸੰਨ 1121 ਹਿਜਰੀ (1709) ਦੀ ਸੀ, ਤਕੜੇ ਵਜੂਦ ਤੇ ਬੁਲੰਦ ਇਰਾਦੇ ਵਾਲਾ ਇਕ ਵਿਅਕਤੀ ਚਕਲਾ ਸਰਹਿੰਦ ਦੇ ਕਿਸੇ ਪਿੰਡ ਵਿਚੋਂ ਪ੍ਰਗਟ ਹੋਇਆ ਤੇ ਉਸ ਨੇ ਦਾਅਵਾ ਕੀਤਾ ਕਿ ਮੈਂ ਉਹੋ (ਗੁਰੂ) ਗੋਬਿੰਦ ਸਿੰਘ ਹਾਂ ਤੇ ਉਸ ਲਾਅਨਤੀ (ਅਫ਼ਗਾਨ) ਤੋਂ ਖੁਦ ਨੂੰ ਬਚਾ ਕੇ ਬਾਹਰ ਨਿਕਲ ਆਇਆ ਹਾਂ ਤੇ ਇਸ ਥਾਂ ‘ਤੇ ਪੁੱਜ ਗਿਆ ਹਾਂ।”

1731 ਈਸਵੀ ਵਿਚ ਖਾਫੀ ਖਾਨ ਦੁਆਰਾ ਲਿਖੀ ਪੁਸਤਕ ‘ਮੁੰਤਖਬੁ-ਲ-ਲੁਬਾਬ’ ਇਸ ਗੱਲ ਦੀ ਜਾਣਕਾਰੀ ਦਿੰਦੀ ਹੈ ਕਿ ਬੰਦਾ ਪੰਜਾਬ ਦਾ ਵਸਨੀਕ ਸੀ। ਉਸ ਅਨੁਸਾਰ “ਜਦ ਉਸ (ਗੁਰੂ ਗੋਬਿੰਦ ਸਿੰਘ) ਦੇ ਕਤਲ ਦੀ ਖ਼ਬਰ ਪੰਜਾਬ ਜੋ ਇਸ ਗੁੰਮਰਾਹ ਫਿਰਕੇ ਦਾ ਗੜ੍ਹ ਹੈ, ਪਹੁੰਚੀ ਤਾਂ ਉਨ੍ਹਾਂ ਵਿਚੋਂ ਇਕ ਬੇਸ਼ਰਮ ਸ਼ਖ਼ਸ ਜਿਸ ਦੇ ਨਾਮ ਬਾਰੇ ਮੱਤਭੇਦ ਹਨ (ਉਸ ਦਾ ਇਸ਼ਾਰਾ ਬੰਦੇ ਵੱਲ ਹੈ), ਨੇ ਇਹ ਐਲਾਨ ਕੀਤਾ ਕਿ ਉਹ ਮਕਤੂਲ ਗੁਰੂ (ਗੋਬਿੰਦ ਸਿੰਘ) ਦੀ ਰੂਹ ਦਾ ਅਵਤਾਰ ਬਣ ਕੇ ਆਇਆ ਹੈ ਤੇ ਇਸ ਨਵੇਂ ਜੀਵਨ ਵਿਚ ਗੁਰੂ (ਗੋਬਿੰਦ ਸਿੰਘ) ਨੇ ਆਪਣੀ ਸ਼ਕਲ ਬਦਲ ਲਈ ਹੈ ਤੇ ਉਹ ਦਾੜ੍ਹੀ ਤੇ ਸਿਰ ਦੇ ਵਾਲਾਂ ਸਹਿਤ ਇਸ ਕਹਿਰ ਦੇ ਮਾਰੇ ਸ਼ਖ਼ਸ ਦੇ ਰੂਪ ਵਿਚ ਪ੍ਰਗਟ ਹੋ ਗਿਆ ਹੈ।” ਬੁੱਧ ਸਿੰਘ ਅਰੋੜਾ (ਰਿਸਾਲਾ ਦਰ ਅਹਿਵਾਲ ਨਾਨਕ ਸ਼ਾਹ ਦਰਵੇਸ਼-1783 ਈਸਵੀ) ਜੋ ਲਾਹੌਰ ਦਾ ਰਹਿਣ ਵਾਲਾ ਅਤੇ ਜਾਤ ਦਾ ਅਰੋੜਾ ਸੀ (ਕੁਝ ਵਿਦਵਾਨ ਉਸ ਨੂੰ ਜਾਤ ਦਾ ਖੱਤਰੀ ਲਿਖਦੇ ਹਨ), ਲਿਖਦਾ ਹੈ ਕਿ ਬੰਦਾ ਬੈਰਾਗੀ ਸੀ, ਭਾਵ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਧਰਮ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਬੈਰਾਗੀ ਸੰਪਰਦਾਇ ਨਾਲ ਸਬੰਧਤ ਸੀ। ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਪੁਣਛ ਦੇ ਪਿੰਡ ਰਾਜੌਰੀ ਦੀ ਬਜਾਇ, ਜਲੰਧਰ ਦੁਆਬ ਵਿਚ ਕਰਤਾਰਪੁਰ ਦੇ ਨਜ਼ਦੀਕ ਪੰਡੋਰੀ ਵਿਚ ਹੋਇਆ ਦੱਸਦਾ ਹੈ। ਉਸ ਦੇ ਸ਼ਬਦਾਂ ਅਨੁਸਾਰ “ਬੰਦਾ ਨਾਮੀ ਬੈਰਾਗੀ ਵਾਸੀ ਪਿੰਡ ਪੰਡੋਰੀ ਜੋ ਜਲੰਧਰ ਦੁਆਬੇ (ਦੇ ਇਲਾਕੇ) ਦੇ ਤੁਅਲਕੇ ਕਰਤਾਰਪੁਰ ਵਿਚ ਸਥਿਤ ਹੈ, ਦੀ ਗੁਰੂ ਗੋਬਿੰਦ ਸਿੰਘ ਨਾਲ ਦੋਸਤੀ ਅਤੇ ਅਸੀਮ ਭਰੋਸਾ ਸੀ। ਬੰਦਾ ਸਿੰਘ ਬਹਾਦਰ ਬਾਜ਼ੀਗਰ ਜਾਤ ਨਾਲ ਸਬੰਧ ਰੱਖਦਾ ਸੀ। ਦੱਖਣ ਦੇ ਸਫ਼ਰ ਸਮੇਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੀ।” ਬੁੱਧ ਸਿੰਘ ਅਨੁਸਾਰ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਦੀ ਦੇਹ ਦਾ ਸਸਕਾਰ ਕਰਨ ਉਪਰੰਤ ਪੰਜਾਬ ਵੱਲ ਰਵਾਨਾ ਹੋਇਆ।ਗਿਆਨੀ ਭਜਨ ਸਿੰਘ ਆਪਣੀ ਪੁਸਤਕ ‘ਸਾਡੇ ਸ਼ਹੀਦ’ ਵਿਚ ਲਿਖਦੇ ਹਨ ਕਿ ਕਸ਼ਮੀਰੀ ਸਿੱਖਾਂ ਨੂੰ ਆਪਣੀ ਖੋਜ ਵਿਚ ਰਾਜੌਰੀ ਤੋਂ ਲਗਭਗ 50 ਕਿਲੋਮੀਟਰ ਦੂਰ ਤੱਛਕ ਵਿਚ ਇਕ ਬਰਬਾਦ ਕਿਲ੍ਹੇ ਦੇ ਨਿਸ਼ਾਨ ਮਿਲੇ ਹਨ ਜਿੱਥੇ ਬੰਦਾ ਬਹਾਦਰ ਦਾ ਜਨਮ ਹੋਇਆ ਸੀ। ਬੰਦੇ ਦਾ ਪਿਤਾ ਰਾਮਦੇਵ ਪਹਾੜੀ ਰਾਜਾ ਸੀ ਜੋ ਤੱਛਕ ਦੇ ਆਲੇ ਦੁਆਲੇ ਦੇ ਇਲਾਕੇ ‘ਤੇ ਰਾਜ ਕਰਦਾ ਸੀ। ਸੋ, ਬੰਦਾ ਬਹਾਦਰ ਰਾਜੇ ਦਾ ਪੁੱਤਰ ਸੀ।

ਜੇਡੀਕਨਿੰਘਮ ‘ਹਿਸਟਰੀ ਆਫ ਸਿੱਖਸ’ ਵਿਚ ਲਿਖਦੇ ਹਨ ਕਿ ਬੰਦਾ ਬਹਾਦਰ ਦੱਖਣੀ ਭਾਰਤ ਦਾ ਬਾਸ਼ਿੰਦਾ ਸੀ। ਇਸੇ ਤਰ੍ਹਾਂ ਮੇਜਰ ਏ ਈ ਬਾਰਸਟੋਅ ਦਾ ਕਹਿਣਾ ਹੈ ਕਿ ਬੰਦਾ ਦੱਖਣ ਭਾਰਤ ਤੋਂ ਸੀ (ਹੈਂਡਬੁੱਕ ਆਫ ਸਿੱਖਸ); ਪਰ ਇਨ੍ਹਾਂ ਵਿਚੋਂ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਉਹ ਕਿਸ ਆਧਾਰ ‘ਤੇ ਕਿਸੇ ਨਿਸ਼ਚਿਤ ਸਥਾਨ ਅਤੇ ਨਿਸ਼ਚਿਤ ਤਾਰੀਖ ਨੂੰ ਬੰਦੇ ਦੇ ਜਨਮ ਨਾਲ ਜੋੜ ਰਹੇ ਹਨ।

ਮੇਜਰ ਜੇਮਸ ਬਰਾਊਨ (ਇੰਡੀਆ ਟਰੈਕਸ) ਅਨੁਸਾਰ ਬੰਦਾ ਜਲੰਧਰ ਦੁਆਬ ਦੇ ਪਿੰਡ ਪੰਡੋਰੀ ਦਾ ਵਸਨੀਕ ਸੀ, ਪਰ ਇਹ ਪੰਡੋਰੀ ਕਿਹੜੀ ਸੀ, ਇਸ ਦੀ ਜਾਣਕਾਰੀ ਨਹੀਂ ਮਿਲਦੀ। ਕੁਝ ਇਕ ਇਤਿਹਾਸਕਾਰਾਂ ਨੂੰ ਛੱਡ ਕੇ ਬਹੁਤੇ ਬੰਦੇ ਦੀਆਂ ਗਤੀਵਿਧੀਆਂ ਸਮੇਂ ਮੌਜੂਦ ਸਨ। ਉਨ੍ਹਾਂ ਦੀਆਂ ਲਿਖਤਾਂ ਵਿਚ ਇਹ ਗੱਲ ਕਿਧਰੇ ਵੀ ਨਜ਼ਰ ਨਹੀਂ ਆਉਂਦੀ ਕਿ ਬੰਦਾ ਸਿੰਘ ਬਹਾਦਰ ਦਾ ਜਨਮ ਕਸ਼ਮੀਰ ਵਿਚ ਪੁਣਛ ਜ਼ਿਲ੍ਹੇ ਦੇ ਰਾਜੌਰੀ ਪਿੰਡ ਵਿਚ ਹੋਇਆ। ਉਹ ਬੰਦੇ ਨੂੰ ਪੰਜਾਬ ਦਾ ਵਸਨੀਕ ਹੀ ਮੰਨਦੇ ਹਨ ਜੋ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਕਦਰਾਂ-ਕੀਮਤਾਂ ਤੋਂ ਜਾਣੂੰ ਸੀ।

ਜੇ ਬੰਦੇ ਦੇ ਜਨਮ ਸਥਾਨ ਦਾ ਫ਼ੈਸਲਾ ਦਲੀਲਾਂ ਦੇ ਆਧਾਰ ‘ਤੇ ਕਰੀਏ ਤਾਂ ਇਹ ਗੱਲ ਕਿਵੇਂ ਮੰਨਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਸੇ ਅਣਜਾਣ ਕਸ਼ਮੀਰੀ ਜਾਂ ਬੈਰਾਗੀ ਸਾਧੂ ਨੂੰ ਜੋ ਸਿੱਖੀ ਵਿਚਾਰਧਾਰਾ ਅਤੇ ਪਰੰਪਰਾਵਾਂ ਤੋਂ ਜਾਣੂੰ ਨਹੀਂ ਹੈ, ਆਪਣਾ ਨਾਇਬ ਥਾਪ ਕੇ ਖਾਲਸੇ ਦੀ ਵਾਗਡੋਰ ਉਸ ਨੂੰ ਸੰਭਾਲ ਦਿੰਦੇ! ਪੰਜਾਬ ਦੇ ਸਿੱਖ ਵੀ ਅਜਿਹੇ ਵਿਅਕਤੀ ਦੀ ਅਗਵਾਈ ਕਬੂਲ ਨਹੀਂ ਕਰ ਸਕਦੇ ਸਨ ਜੋ ਦੂਜੇ ਪ੍ਰਾਂਤ ਦਾ ਬੈਰਾਗੀ ਸਾਧੂ ਹੋਵੇ ਅਤੇ ਜਿਸ ਨੂੰ ਪੰਜਾਬ ਦੀ ਰਾਜਨੀਤੀ ਤੇ ਜੁਗਰਾਫੀਏ ਦੀ ਸਮਝ ਨਾ ਹੋਵੇ। ਇਸ ਲਈ ਮੰਨਣਾ ਬਣਦਾ ਹੈ ਕਿ ਬੰਦਾ ਪੰਜਾਬ ਦਾ ਵਸਨੀਕ ਸੀ, ਉਸ ਦੀ ਬੋਲ ਚਾਲ ਵਿਚ, ਉਸ ਦੇ ਵਿਚਾਰਾਂ ਅਤੇ ਰਹਿਣ-ਸਹਿਣ ਵਿਚ ਸਿੱਖ ਸਭਿਆਚਾਰ ਦੀ ਛਾਪ ਸੀ। ਉਹ ਮਿਲਣ ਵਾਲੇ ਹਰ ਵਿਅਕਤੀ ਅਤੇ ਆਪਣੇ ਸਾਥੀਆਂ ਨੂੰ ‘ਸਿੰਘ’ ਸ਼ਬਦ ਨਾਲ ਸੰਬੋਧਨ ਕਰਦਾ ਸੀ। ਉਹ ਸਿਰਲੱਥ ਸੂਰਮਾ ਸੀ ਜੋ ਜੰਗਾਂ ਯੁੱਧਾਂ ਦੀਆਂ ਗਹਿਰਾਈਆਂ ਨੂੰ ਸਮਝ ਕੇ ਉਨ੍ਹਾਂ ਬਾਰੇ ਫੈਸਲੇ ਆਪ ਕਰਦਾ ਸੀ। ਅਜਿਹਾ ਕੋਈ ਕਸ਼ਮੀਰੀ ਜਾਂ ਬੈਰਾਗੀ ਸਾਧੂ ਨਹੀਂ ਕਰ ਸਕਦਾ।
ਡਾਕਟਰ ਸੁਖਦਿਆਲ ਸਿੰਘ ਆਪਣੀ ਕਿਤਾਬ ‘ਖਾਲਸਾ ਰਾਜ ਦਾ ਬਾਨੀ ਬੰਦਾ ਸਿੰਘ ਬਹਾਦਰ’ ਵਿਚ ਇਸ ਗੱਲ ਦਾ ਜ਼ਿਕਰ ਕਰਦੇ ਹਨ, “ਬੰਦਾ ਸਿੰਘ ਬਹਾਦਰ, ਬਾਦਸ਼ਾਹ ਬਹਾਦਰ ਸ਼ਾਹ ਦੀ ਸ਼ਾਹੀ ਫੌਜ ਵਿਚ ਉਸ ਸਿੱਖ ਰਜਮੈਂਟ ਦਾ ਕਮਾਂਡਰ ਸੀ ਜਿਹੜੀ ਬੜੇ ਚਿਰ ਤੋਂ ਗੁਰੂ ਜੀ ਦੀ ਆਗਿਆ ਨਾਲ ਸਿੱਖਾਂ ਨੂੰ ਭਰਤੀ ਕਰ ਕੇ ਕਾਇਮ ਕੀਤੀ ਗਈ ਸੀ।” ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਇਕ ਹੁਕਮਨਾਮਾ ਬਹਾਦਰ ਸ਼ਾਹ ਦੀ ਫੌਜ ਵਿਚ ਸਿੱਖ ਸੈਨਿਕ ਹੋਣ ਦੀ ਪੁਸ਼ਟੀ ਕਰਦਾ ਹੈ। ਕੇਸਰ ਸਿੰਘ ਛਿੱਬਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਬਾਦਸ਼ਾਹ ਬਹਾਦਰ ਸ਼ਾਹ ਦੀ ਫੌਜ ਵਿਚ ਵੀਹ ਹਜ਼ਾਰ ਸਿੱਖ ਸੈਨਿਕ ਸਨ। ‘ਮਹਿਮਾ ਪ੍ਰਕਾਸ਼’ ਦਾ ਲੇਖਕ ਸਰੂਪ ਦਾਸ ਭੱਲਾ ਆਪਣੀ ਲਿਖਤ ਵਿਚ ਇਕ ਵਾਰ ਕਿਸੇ ਥਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਇਕ ਵੱਡੇ ਅਧਿਕਾਰੀ ਦੇ ਬੈਠੇ ਹੋਣ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ ਕਿ ਸਿੱਖ ਉਸ ਨੂੰ ਕੁਝ ਠੱਠਾ ਮਾਖੌਲ ਕਰ ਰਹੇ ਸਨ। ਇਸ ‘ਤੇ ਗੁਰੂ ਜੀ ਨੇ ਸਿੱਖਾਂ ਨੂੰ ਰੋਕਦਿਆਂ ਕਿਹਾ ਸੀ ਕਿ ਉਹ ਇਸ ਨਾਲ ਮਾਖੌਲ ਕਰ ਕੇ ਆਪਣੇ ਆਪ ਦਾ ਮਾਖੌਲ ਨਾ ਉਡਾਉਣ, ਕਿਉਂਕਿ ਇਹ ਵਿਅਕਤੀ ਬਾਦਸ਼ਾਹ ਦੀ ਫੌਜ ਵਿਚ ਬਹੁਤ ਵੱਡਾ ਮਰਾਤਦਾਨ (ਅਧਿਕਾਰੀ) ਹੈ। ਸਿੱਖਾਂ ਦੀ ਜਿਹੜੀ ਫੌਜ ਬਹਾਦਰ ਸ਼ਾਹ ਨਾਲ ਨਾਂਦੇੜ ਗਈ ਸੀ, ਬੰਦਾ ਬਹਾਦਰ ਉਸ ਫੌਜ ਦਾ ਕਮਾਂਡਰ ਸੀ। ਉਸ ਨੂੰ ਜੰਗਾਂ ਯੁੱਧਾਂ ਦੀ ਨੀਤੀ ਦਾ ਪੂਰਾ ਗਿਆਨ ਸੀ। ਜਦੋਂ ਗੁਰੂ ਗੋਬਿੰਦ ਸਿੰਘ ਨੂੰ ਮਿਲਿਆ, ਮਾਧੋਦਾਸ ਅੰਦਰਲੀ ਚੰਗਿਆੜੀ ਭਾਂਬੜ ਬਣ ਗਈ। ਪੰਜਾਬ ਵਿਚ ਕੀ ਕੀ ਵਾਪਰਿਆ, ਗੁਰੂ ਜੀ ਨੇ ਦੱਸਿਆ। ਡਾਕਟਰ ਗੰਡਾ ਸਿੰਘ  ਅਨੁਸਾਰ ਅੰਮ੍ਰਿਤ ਛਕ ਕੇ ਮਾਧੋਦਾਸ, ਗੁਰਬਖ਼ਸ਼ ਸਿੰਘ ਹੋ ਗਿਆ। 

ਗੁਰੂ ਜੀ ਨੇ ਉਸ ਨੂੰ ਇਕ ਕਿਰਪਾਨ, ਪੰਜ ਤੀਰ, ਪੰਜ ਭਰੋਸੇਯੋਗ ਸਾਥੀ, ਇਕ ਹੁਕਮਨਾਮਾ ਤੇ ਇਕ ਹਦਾਇਤ ਦਿੱਤੀ ਕਿ ਜਾ ਜ਼ੁਲਮ ਦਾ ਰਾਜ ਖਤਮ ਕਰਕੇ ਗੁਰੂ ਨਾਨਕ ਦਾ ਰਾਜ ਸਥਾਪਿਤ ਕਰ। ਗੁਰੂ ਵਲੋਂ ਦਿਤੇ ਹੁਕਮਨਾਮਿਆਂ ਵਿਚ ਪੰਜਾਬ ਦੇ ਸਿੱਖਾਂ ਨੂੰ ਬੰਦਾ ਸਿੰਘ ਦੀ ਮਦਦ ਕਰਨ ਲਈ ਹੁਕਮ ਦਿਤਾ  ਗਿਆ ਸੀ। ਗੁਰੂ ਜੀ ਨੇ ਇਹ ਵੀ ਕਿਹਾ ਕਿ ਤੁਸੀਂ ਸਭ ਨੂੰ ਬਰਾਬਰ ਜਾਣਨਾ,  ਤੇ ਆਪਣਾ ਕੋਈ ਵੱਖਰਾ ਫਿਰਕਾ ਨਹੀਂ  ਸਿਰਜਣਾ। ਗੁਰੂ ਉਪਰ ਭਰੋਸਾ ਰਖਣਾ।ਵਾਹਿਗੁਰੂ ਅੰਗ ਸੰਗ ਸਹਾਈ ਹੋਵੇਗਾ। ਸਰਹਿੰਦ ਉਪਰ ਚੜ੍ਹਾਈ ਕਰਕੇ ਵਜ਼ੀਰ ਖ਼ਾਨ ਨੂੰ ਗ੍ਰਿ੍ਰਫਤਾਰ ਕਰੋ, ਖ਼ੁਦ ਸਜ਼ਾ ਦੇਵੋ। ਲੋਕਾਂ ਨਾਲ ਇਨਸਾਫ ਕਰੋ।ਥੋੜ੍ਹੇ ਦਿਨਾਂ ਬਾਅਦ ਨਾਂਦੇੜ ਜਮਸ਼ੀਦ ਖ਼ਾਨ ਨਾਮ ਦੇ ਪਠਾਣ ਨੇ ਗੁਰੂ ਜੀ ਉਪਰ ਛੁਰੇ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।  ਵਖ ਵਖ ਇਤਿਹਾਸਕਾਰਾ ਅਨੁਸਾਰ ਹਮਲਾਵਰ ਵਜ਼ੀਰ ਖ਼ਾਂ  ਨੇ ਭੇਜੇ ਸਨ। ਦੱਖਣ ਵਿਚ ਬਾਦਸ਼ਾਹ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਉਸਨੇ ਆਪਣੇ ਸਰਜਨਾਂ ਦੀ ਟੀਮ ਭੇਜੀ ਜਿਸ ਵਿਚ ਅੰਗਰੇਜ਼ ਡਾਕਟਰ ਵੀ ਸੀ। 7 ਅਕਤੂਬਰ 1708 ਨੂੰ 42 ਸਾਲ ਸਾਲ ਦੀ ਉਮਰ ਵਿਚ ਗੁਰੂ ਜੀ ਜੋਤੀ ਜੋਤਿ ਸਮਾ ਗਏ ।ਹਮਲੇ ਪਿਛੋਂ ਗੁਰੂ ਜੀ ਕਈ ਦਿਨ ਜੀਵਤ ਰਹੇ ਅਤੇ ਪੂਰਬਲੀ ਪਰੰਪਰਾ ਅਨੁਸਾਰ ਆਪਣਾ ਉਤਰਾਧਿਕਾਰੀ ਥਾਪ ਸਕਦੇ ਸਨ। ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ  ਖਾਲਸਾ ਪੰਥ ਨੂੰ ਹੁਕਮ ਕੀਤਾ ਕਿ ਹਮੇਸ਼ਾ ਗ੍ਰੰਥ ਤੁਹਾਡਾ ਗੁਰੂ ਰਹੇਗਾ ।ਸਾਲ 1709 ਦੇ ਸ਼ੁਰੂ ਵਿਚ ਬਾਬਾ ਬੰਦਾ ਸਿੰਘ ਨੇ ਪੰਜਾਬ ਵੱਲ ਵਹੀਰਾਂ ਘਤੀਆਂਂ। ਇਸ ਸਮੇਂ ਦੌਰਾਨ  ਬਹਾਦਰ ਸ਼ਾਹ  ਕਾਮਬਖ਼ਸ਼ ਦੀ ਬਗਾਵਤ ਦਬਾਉਣ ਵਿਚ ਰੁਝਿਆ ਹੋਇਆ ਸੀ ਤੇ  ਬਹਾਦਰ ਸ਼ਾਹ ਜਿੱਤ ਗਿਆ। ਜ਼ਖ਼ਮੀ ਕਾਮਬਖ਼ਸ਼ ਨੂੰ ਬਹਾਦਰ ਸ਼ਾਹ ਦੇ ਦਰਬਾਰ ਵਿਚ ਪੇਸ਼ ਕੀਤਾ ਗਿਆ। ਵੱਡੇ ਭਰਾ ਬਹਾਦਰ ਸ਼ਾਹ ਨੇ ਕਾਮਬਖ਼ਸ਼ ਨੂੰ ਹਮਦਰਦੀ ਨਾਲ ਕਿਹਾ- ਮੈਂ ਤੈਨੂੰ ਇਸ ਹਾਲਤ ਵਿਚ ਨਹੀਂ ਦੇਖਣਾ ਚਾਹੁੰਦਾ ਸਾਂ। ਕਾਮਬਖ਼ਸ਼ ਨੇ ਤਾਜਦਾਰ ਭਰਾ ਵੱਲ ਦੇਖਦਿਆਂ ਕਿਹਾ- ਮੈਂ ਵੀ ਤੈਨੂੰ ਇਸ ਹਾਲਤ ਵਿਚ ਨਹੀਂ ਦੇਖਣਾ ਚਾਹੁੰਦਾ ਸਾਂ। ਕਾਮਬਖ਼ਸ਼ ਦੀ ਹਾਰ ਕਾਰਣ ਮਾਨਸਿਕ ਧਕਾ ਲਗਿਆ ਤੇ ਉਸਦੀ ਜਲਦੀ ਮੌਤ ਹੋ ਗਈ।

ਬਹਾਦਰ ਸ਼ਾਹ ਅਜੇ ਦੱਖਣ ਵਿਚ  ਬਗਾਵਤਾਂ ਦਬਾਅ ਰਿਹਾ ਸੀ।ਬਾਬਾ ਬੰਦਾ ਸਿਘ ਸਤਲੁਜ ਦੇ ਪੂਰਬ ਵੱਲ ਚੁਪ-ਚਪੀਤੇ ਪੰੰਜਾਬ  ਉਪਰ ਕਬਜਾ ਕਰ ਰਿਹਾ ਸੀ।  ਕਿਸਾਨੀ , ਅਛੂਤ ਸਮਝੇ ਜਾਂਦੇ ਲੋੋਕ ਉਸਦੀ ਫੌਜ ਵਿਚ ਭਰਤੀ ਹੋਣ ਲੱਗੇ। ਨਾਨਕ ਪੰਥੀਆਂਂ ਸਿਕਲੀਗਰਾਂਂ ਜੋ ਹਥਿਆਰ ਬਣਾਉਣ ਵਿਚ ਮਾਹਿਰ ਸਨ ਤੇ ਦੂਸਰੇ ਵਣਜਾਰੇੇ ਬੰਦਾ ਸਿੰਘ ਦੀ ਫੌਜ  ਵਿਚ ਸ਼ਾਮਿਲ ਹੋੋੋਏ । ਸੋਨੀਪਤ ਤੇ ਕੈਥਲ ਦੇ ਸਰਕਾਰੀ ਖ਼ਜ਼ਾਨੇ ਲੁੱਟੇ ਤੇ ਕਿਰਤੀਆਂ ਤੇ ਆਪਣੀ ਫੌਜ ਵਿਚ ਵੰਡ ਦਿਤੇ। ਖਾਫੀ ਖ਼ਾਨ ਲਿਖਦਾ ਹੈ- ਦੋ ਤਿੰਨ ਮਹੀਨਿਆਂ ਅੰਦਰ ਹੀ ਪੰਜ ਹਜ਼ਾਰ ਘੋੜ ਸਵਾਰ ਅਤੇ ਅੱਠ ਹਜ਼ਾਰ ਪੈਦਲ ਸਿਪਾਹੀ ਹੋ ਗਏ। ਹਰ ਰੋਜ਼ ਗਿਣਤੀ ਵਧ ਰਹੀ ਸੀ, ਧਨ ਵਧਣ ਲੱਗਾ। ਛੇਤੀ ਹੀ ਗਿਣਤੀ 19 ਹਜ਼ਾਰ ਹੋਣ ‘ਤੇ ਲੁੱਟਮਾਰ ਵਧ ਗਈ।ਬਾਬਾ ਬੰਦਾ ਸਿੰੰਘ ਦੀ ਫੁਰਤੀ ਹੈਰਾਨੀਜਨਕ ਸੀ, ਭੇਖ ਬਦਲਣ ਵਿਚ ਤੇ ਦੁਸ਼ਮਣ ਦੇ ਘੇਰੇ ਤੋੜਨ ਵਿਚ ਮਾਹਿਰ ਸੀ। ਵੱਡੇ ਜ਼ਿਮੀਂਦਾਰਾਂ ਨੇ ਮੁਜਾਰਿਆਂ ਨੂੰ ਉਸਨੇ ਸੋਧ ਦਿਤਾ ਸੀ ਜੋ ਕਿਰਤੀਆਂ ਉਪਰ ਜ਼ੁਲਮ ਕਰਦੇ ਤੇ ਸ਼ੋਸ਼ਣ ਕਰਦੇ ਸਨ।  ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਿਖਾਂ ਦੇ ਮਨ ਵਿਚ ਬਹੁਤ ਗੁਸਾ ਸੀ।ਇਹੀ ਗੁਸਾ ਬਾਬਾ ਬੰਦਾ ਸਿੰਘ ਦੀ ਤਾਕਤ ਬਣਿਆ।  ਬੰਦਾ ਸਿੰਘ ਦੇ ਹਮਲਿਆ ਂਂ ਕਾਰਣ ਦੇਸ ਦੀ ਰਾਜਧਾਨੀ ਕਮਜ਼ੋਰ ਪੈ ਗਈ ਜਿਸਦਾ ਬੰਦਾ ਸਿੰਘ ਨੇ ਪੂਰਾ ਫਾਇਦਾ ਉਠਾਇਆ। ਬਹਾਦਰ ਸ਼ਾਹ ਪੰਜਾਬ ਅਤੇ ਦਿੱਲੀ ਤੋਂ ਬਹੁਤ ਦੂਰ ਦੱਖਣ ਵਿਚ ਉਲਝਿਆ ਹੋਇਆ ਸੀ। ਸਰਹਿੰਦ ਤੇ ਲਾਹੌਰ ਸਰਕਾਰਾਂ ਵਿਚ ਦਮ ਨਹੀਂ ਸੀ ਕਿ ਉਹ ਬਾਬਾ ਬੰਦਾ ਸਿੰਘ ਨੂੰ ਰੋਕ ਸਕਣ। 

ਨਵੰਬਰ 1709 ਵਿਚ ਜਦੋਂ ਦਿੱਲੀ ਅਤੇ ਆਗਰੇ ਦੇ ਮੁਗਲ ਫੌਜਦਾਰ ਸ਼ਰਾਬ ਦੇ ਜਾਮ ਛਲਕਾ ਰਹੇ ਸਨ, ਨਾਚ ਗਾਣਾ ਦੇਖਣ ਵਿਚ ਮਸਤ ਸਨ । ਇਸ ਸਮੇਂ ਦੌਰਾਨਤਾਂ ਬੰਦਾ ਸਿੰਘ ਨੇ ਸਮਾਣੇ ਸ਼ਹਿਰ ਨੂੰ ਜਾ ਘੇਰਿਆ। ਸਰਹਿੰਦ ਸਰਕਾਰ  ਸਮਾਣਾ ਨੂੰ ਬਚਾਅ ਨਾ ਸਕੀ। ਇਸ ਸ਼ਹਿਰ ਦਾ ਕਸੂਰ ਇਹ ਸੀ ਕਿ 34 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਜਲਾਦ ਇਥੇ ਰਹਿੰਦਾ ਸੀ। ਲਗਭਗ ਦਸ ਹਜ਼ਾਰ ਮੁਸਲਮਾਨ ਕਤਲ ਹੋਏ, ਵੱਡਾ ਖ਼ਜ਼ਾਨਾ ਬੰਦਾ ਸਿੰਘ ਦੇ ਹੱਥ ਲੱਗਾ।ਕਈ ਪਿੰਡ ਅਤੇ ਸ਼ਹਿਰ ਤਬਾਹ ਕਰ ਦਿੱਤੇ। ਪੀਰ ਬੁੱਧੂ ਸ਼ਾਹ ਜਿਸ ਨੇ ਭੰਗਾਣੀ ਦੇ ਯੁੱਧ ਵਿਚ ਗੁਰੂ ਜੀ ਦੀ ਸਹਾਇਤਾ ਕੀਤੀ, ਸਢੌਰੇ ਦਾ ਸੀ। ਹਾਕਮ ਉਸਮਾਨ ਖ਼ਾਨ ਨੇ ਉਸ ਨੂੰ ਇਸ ਗੁਨਾਹ ਕਾਰਨ  ਜਮੀਨ ਵਿਚ ਗਡ ਕੇ ਕਤਲ ਕਰ ਦਿੱਤਾ। ਉਸਨੂੰ ਸਜ਼ਾ ਦੇਣ ਲਈ ਸਢੌਰੇ ‘ਤੇ ਹੱਲਾ ਕਰ ਦਿੱਤਾ, ਤਬਾਹੀ ਮਚਾ ਦਿੱਤੀ। ਖ਼ਾਫੀ ਖ਼ਾਨ ਲਿਖਦਾ ਹੈ- ਇਸ ਕਾਫਰ ਦੀ ਫੌਜ ਵਿਚ ਤੀਹ ਤੋਂ ਚਾਲੀ ਹਜ਼ਾਰ ਸਿਪਾਹੀ ਹਨ। ਬੰਦਾ ਸਰਕਾਰੀ ਅਫਸਰਾਂ ਨੂੰ ਆਤਮ ਸਮਰਪਣ ਕਰਨ ਲਈ ਕਹਿ ਰਿਹਾ ਹੈ।ਇਹਨਾਂ ਹਾਲਤਾਂ ਦੌਰਾਨ ਦਿੱਲੀ ਵਲੋਂ ਕੋਈ ਮਦਦ ਨਾ ਬਹੁੜੀ। ਫੌਜਦਾਰ ਵਜ਼ੀਰ ਖ਼ਾਨ ਸਰਹਿੰਦ ਵਿਚ ਸੀ। ਖਤਰਾ ਦੇਖਦਿਆਂ ਉਸਨੇ ਮਾਲੇਰਕੋਟਲੇ ਦੇ ਪਖਤੂਨ ਨਵਾਬ ਤੋਂ ਮਦਦ ਮੰਗੀ।ਦਿੱਲੀ ਤੋਂ ਲਾਹੌਰ ਜਾਂਦਿਆਂ ਵਿਚਕਾਰ ਸਰਹਿੰਦ ਹੈ ਜਿਥੇ ਸ਼ਾਨਦਾਰ ਕੋਠੀਆਂ ਅਤੇ ਬਾਗ ਹਨ। ਛੀਂਟ ਅਤੇ ਲਾਲ ਮਖਮਲ ਬਣਾਉਣ ਦੇ ਉਦਯੋਗ ਹਨ। ਵਿਦੇਸ਼ਾਂ ਤੋਂ ਲੋਕ ਮਾਲ ਅਸਬਾਬ ਖ਼ਰੀਦਣ ਆਉਂਦੇ ਹਨ।ਮਈ 1710, ਸ਼ਹਿਰ ਤੋਂ ਹਟਵੇਂ ਪਾਸੇ ਵਜ਼ੀਰ ਖ਼ਾਨ ਅਤੇ ਬੰਦਾ ਸਿੰਘ ਦੀਆਂ ਫੌਜਾਂ ਦਾ ਟਕਰਾਅ ਹੋਇਆ । ਬਾਬਾ ਬੰਦਾ ਸਿੰਘ ਦੇ ਸਾਥੀਆਂ ਫਤਹਿ ਸਿੰਘ ਤੇ ਬਾਜ ਸਿੰਘ ਨੇ ਵਜੀਦ ਖਾਨ ਮਾਰ ਦਿਤਾ।ਬੰਦਾ ਸਿੰਘ ਦੀ ਜੇਤੂ ਹੋਏ। ਬੇਸ਼ੁਮਾਰ ਮੌਤ ਹੋਈਆਂ। ਸ਼ਹਿਰ ਮਿੱਟੀ ਨਾਲ ਮਿਲਾ ਦਿੱਤਾ। ।ਸਲਮਾਨ ਅਫਸਰ ਦਫਤਰ ਖਾਲੀ ਕਰ ਗਏ ਜਿਨ੍ਹਾਂ ਉਪਰ ਬੰਦਾ ਸਿੰਘ ਨੇ ਨਿਯੁਕਤੀਆਂ ਕੀਤੀਆਂ। ਇਨ੍ਹਾਂ ਵਿਚੋਂ ਬਹੁਤੇ ਅਖੌਤੀ ਛੋਟੀਆਂ ਜਾਤਾਂ ਵਿਚੋਂ ਸਨ। ਭਾਵੇਂ ਸਫਾਈ ਸੇਵਕ ਜਾਂ ਚਮੜੇ ਦਾ ਕੰਮ ਕਰਨ ਵਾਲਾ ਬੰਦਾ ਉਸਦੀ ਫੌਜ ਵਿਚ ਭਰਤੀ ਹੋ ਜਾਵੇ ਤਾਂ ਜਦੋਂ ਆਪਣੇ ਪਿੰਡ ਆਏਗਾ, ਉਸ ਕੋਲ ਪਿੰਡ ਉਪਰ ਹਕੂਮਤ ਕਰਨ ਦਾ ਫੁਰਮਾਨ ਹੋਵੇਗਾ। ਵੱਡੇ ਖੱਬੀ ਖ਼ਾਨ ਉਸ ਦਾ ਸਵਾਗਤ ਕਰਨਗੇ ਅਤੇ ਹੱਥ ਬੰਨ੍ਹੀਂ ਖਲੋਤੇ ਉਸਦੇ ਹੁਕਮ ਦਾ ਇੰਤਜ਼ਾਰ ਕਰਨਗੇ।ਸਤਲੁਜ ਅਤੇ ਜਮਨਾ ਦਾ ਵੱਡਾ ਇਲਾਕਾ ਜਿੱਤ ਚੁੱਕਾ ਸੀ ਪਰ ਉਹ ਟਿਕਣ ਵਾਲਾ ਕਿਥੇ ਸੀ? ਖ਼ਬਰ ਮਿਲੀ ਕਿ ਜਮਨਾ ਪਾਰ ਮੁਸਲਮਾਨ ਹਿੰਦੂਆਂ ਨੂੰ ਤੰਗ ਕਰ ਰਹੇ ਹਨ, ਜੁਲਾਈ 1710 ਵਿਚ ਸਹਾਰਨਪੁਰ ਅਤੇ ਆਸ ਪਾਸ ਦੇ ਇਲਾਕੇ ਜਿੱਤ ਲਏ।

ਇਸ ਉਪਰੰਤ ਬਿਸਤ ਦੁਆਬ (ਜਲੰਧਰ) ਵੱਲ ਵਧਿਆ। ਰਾਹੋਂ, ਜਲੰਧਰ, ਬਟਾਲਾ ਅਤੇ ਪਠਾਨਕੋਟ ਉਤੇ ਕਬਜ਼ਾ ਹੋ ਗਿਆ। ਜਿਥੇ ਜਿਥੇ ਕਾਬਜ਼ ਹੁੰਦਾ, ਵੱਡੇ ਜ਼ਿਮੀਂਦਾਰਾਂ ਤੋਂ ਜ਼ਮੀਨਾਂ ਖੋਹ ਕੇ ਮੁਜਾਰਿਆਂ ਨੂੰ ਮਾਲਕ ਬਣਾ ਦਿੰਦਾ। ਵੱਡੀਆਂ ਜਗੀਰਾਂ ਦੇ ਟੋਟੇ ਹਿੰਦੂ ਸਿੱਖ ਕਾਸ਼ਤਾਕਾਰਾਂ ਵਿਚ ਵੰਡ ਦਿੱਤੇ। ਪੂਰਬੀ ਪੰਜਾਬ ਵਿਚ ਅਰਾਈਆਂ ਤੋਂ ਜ਼ਮੀਨ ਖੋਹੀ। ਇਹ ਬਾਗਬਾਨੀ ਦਾ ਕੰਮ ਕਰਦੇ ਸਨ। ਇਨ੍ਹਾਂ ਦੀਆਂ ਜ਼ਮੀਨਾਂ ਜੱਟਾਂ ਨੂੰ ਦੇ ਦਿੱਤੀਆਂ ਜੋ ਹਿੰਦੂਆਂ ਵਿਚੋਂ ਸਿੱਖ ਬਣੇ ਸਨ। ਰਸਤੇ ਵਿਚ ਕੋਈ ਨਾ ਰੋਕ ਸਕਿਆ ਤਾਂ ਲਾਹੌਰ ਦੇ ਦਰਵਾਜ਼ੇ ਤੱਕ ਪੁੱਜ ਗਿਆ ਪਰ ਲਾਹੌਰ ਵਿਚ ਦਾਖ਼ਲ ਨਹੀਂ ਹੋ ਸਕਿਆ। ਲਾਹੌਰ ਅਜੇ ਬਲਵਾਨ ਸੀ। ਮੁਖਲਿਸਪੁਰ ਦਾ ਸ਼ਾਹੀ ਕਿਲ੍ਹਾ ਕਾਬੂ ਕਰ ਲਿਆ ਜੋ ਆਨੰਦਪੁਰ ਲਾਗੇ ਸੀ। ਹੁਣ ਉਸਨੇ ਪਹਾੜੀਆਂ ਵੱਲ ਧਿਆਨ ਦੇਣਾ ਸੀ।ਉਸਨੇ ਰਾਜਧਾਨੀ ਲੋਹਗੜ੍ਹ ਰੱਖੀ। ਇਥੇ ਸਿੱਕਾ ਜਾਰੀ ਕੀਤਾ, ਸਰਹਿੰਦ ਫਤਿਹ ਦੀ ਤਰੀਕ ਉਕਰੀ। ਸਿੱਕਾ ਅਤੇ ਮੋਹਰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਾਮ ਸੀ। ਪਹਾੜੀ ਰਾਜੇ ਦੀ ਧੀ ਸ਼ੁਸ਼ੀਲ ਕੌਰ ਨਾਲ ਵਿਆਹ ਕਰਵਾਇਆ। ਜਿਨ੍ਹਾਂ ਰਾਜਿਆਂ ਨੇ ਗੁਰੂ ਜੀ ਵਿਰੁਧ ਮੁਗਲਾਂ ਦਾ ਸਾਥ ਦਿੱਤਾ, ਉਨ੍ਹਾਂ ਨੇ ਬਾਬਾ ਬੰਦਾ ਸਿੰਘ ਦੀ ਸ਼ਕਤੀ ਨੂੰ ਦੂਖ ਕੇ ਈਨ ਮੰਨ ਲਈ। 

ਬਾਬਾ ਬੰਦਾ ਸਿੰਘ ਦੇ ਰਾਜ ਵਿਚ ਬਹੁਤ ਸਾਰੇ ਸਿਖ ਸ਼ੂਦਰ ਸਜ ਗਏ ।ਖੱਬੀ ਖਾਨ ਮੁਗਲ ਯੋਧੇ ਉਸ ਤੋਂ ਡਰਨ ਲੱਗੇ। ਮੁਗਲ ਸ਼ਾਸਕ ਨੱਠ-ਭੱਜ ਗਏ। ਉਸ ਨੇ ਰਾਜਸਥਾਨ ਦੇ ਰਾਜਪੂਤਾਂ ਦੀ ਮਦਦ ਲੈ ਕੇ ਮੁਗਲਾਂ ਵਿਰੁਧ ਧਰਮ ਯੁੱਧ ਲੜਨਾ ਚਾਹਿਆ ਸੀ ਪਰ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਦਾ  ਸਾਥ ਨਹੀਂ ਦਿੱਤਾ। ਉਹ ਦਿਲੀ ਤਕ ਖਾਲਸਾ ਰਾਜ ਕਾਇਮ ਕਰਨਾ ਚਾਹੁੰਦਾ ਸੀ।ਮੁਗਲ ਸਾਮਰਾਜ ਦੀਆਂ ਇੰਟੈਲੀਜੈਂਸੀ ਰਿਪੋਟਾਂ ਇਸ ਗਲ ਦੀ ਗਵਾਹ ਹਨ।ਦਸੰਬਰ 1710 ਵਿਚ 66 ਸਾਲ ਦਾ ਬਾਦਸ਼ਾਹ ਬਹਾਦਰ ਸ਼ਾਹ ਖ਼ੁਦ ਉਸ ਵਿਰੁਧ ਜੰਗ ਲੜਨ ਲਈ ਪੰਜਾਬ ਆਉਣਾ ਪਿਆ। ਦੱਖਣ ਤੋਂ ਦਿੱਲੀ ਆ ਕੇ ਆਰਾਮ ਕਰਨ ਲਈ ਉਹ ਰੁਕਿਆ ਨਹੀਂ। ਪੰਜਾਬ, ਲੋਹਗੜ੍ਹ ਵੱਲ ਧਾਵਾ ਕੀਤਾ। ਖਾਫੀ ਖ਼ਾਨ ਲਿਖਦਾ ਹੈ- ਬੰਦਾ ਸਿੰਘ ਦੀ ਫੌਜ ਸ਼ਾਹੀ ਸੈਨਾ ਉਪਰ ਜਾਨਵਰਾਂ ਵਾਂਗ ਟੁੱਟ ਕੇ ਪੈ ਜਾਂਦੇ, ਚਾਰੇ ਪਾਸੇ ਖੌਫਜ਼ਨੀ ਕਾਰਨ ਹਫੜਾ-ਦਫੜੀ ਮਚ ਜਾਂਦੀ। ਜਦੋਂ ਸੈਨਾ ਅਤੇ ਧਨ ਘਟ ਗਏ, ਉਹ ਬਾਰੀ ਦੁਆਬ ਵੱਲ ਖਿਸਕ ਗਿਆ।

ਬਾਦਸ਼ਾਹ ਦੀ ਮੁਹਿੰਮ ਜਾਰੀ ਰਹੀ ਪਰ ਬਾਬਾ ਬੰਦਾ ਸਿੰਘ ਹੱਥ ਨਾ ਆਇਆ। ਕਈ ਵਾਰ ਅਚਨਚੇਤ ਕਿਸੇ ਪਾਸਿਓਂ ਹਮਲਾ ਕਰਦਾ। ਵੱਢ-ਟੁਕ ਕੇ ਦੌੜ ਜਾਂਦਾ। ਬੰਦਾ ਸਿੰਘ ਨੂੰ ਕਾਬੂ ਕਰਨ ਬਹਾਦਰਸ਼ਾਹ ਨੇ  ਲਾਹੌਰ ਡੇਰੇ ਲਗਾ ਲਏ। ਬਾਬਾ ਬੰਦਾ ਸਿੰਘ ਆਪਣੇ ਸਾਥੀਆਂ ਸਮੇਤ ਪਹਾੜੀਆਂ ਵਿਚ ਚਲਾ ਗਿਆ।ਬੰਦਾ ਸਿੰਘ ਨੂੰ ਫੜਨ ਵਾਸਤੇ ਕਈ ਜਰਨੈਲ ਭੇਜੇ, ਖਾਲੀ ਹੱਥ ਪਰਤ ਆਏ । ਲਾਹੌਰ ਵਿਚ ਸਿੱਖਾਂ ਤੇ ਕੇਸਾਧਾਰੀਆਂ ਦੇ ਦਾਖ਼ਲੇ ‘ਤੇ ਪਾਬੰਦੀ ਸੀ। ਹਿੰਦੂ ਧਰਮ ਵਾਲਿਆਂ ਨੂੰ ਵਾਲ ਕਟਾਉਣ ਦੇ ਹੁਕਮ ਜਾਰੀ ਕਰ ਦਿਤੇ ਸਨ। 

ਸ਼ੀਆ ਫਿਰਕੇ ਨੂੰ ਬਾਦਸ਼ਾਹ ਨੇ ਸਤਿਕਾਰ ਦਿੱਤਾ ਤਾਂ ਸੁੰਨੀ  ਬਾਬਾ ਬੰਦਾ ਸਿੰਘ ਦੇ ਸਹਿਯੋਗੀ ਬਣ ਗਏ। ਫਰਵਰੀ 1712 ਲਾਹੌਰ ਵਿਚ ਹੀ ਬਾਦਸ਼ਾਹ ਬਾਬਾ ਬੰਦਾ ਸਿੰਘ ਦੀ ਦਹਿਸ਼ਤ ਕਾਰਣ ਪਾਗਲ ਹੋ ਗਿਆ।  ਉਸਨੇ ਹੁਕਮ ਦੇ ਦਿੱਤਾ ਕਿ ਲਾਹੌਰ ਦੇ ਸਾਰੇ ਕੁੱਤੇ ਅਤੇ ਗਧੇ ਮਾਰ ਦਿਉ। ਕੁੱਤਿਆਂ ਦਾ ਹਮਦਰਦ ਕੌਣ ਹੋਣਾ ਸੀ; ਘੁਮਿਆਰ ਅਰਜ਼ ਕਰਨ ਲੱਗੇ ਕਿ ਗਧਿਆਂ ਦੀ ਜਾਨ ਬਖ਼ਸ਼ ਦਿਉ। ਅਫਸਰਾਂ ਨੇ ਕਿਹਾ- ਸਰਕਾਰੀ ਹੁਕਮ ਹੈ, ਬਚਾਉਣੇ ਨੇ ਤਾਂ ਕਿਤੇ ਹੋਰ ਲੈ ਜਾਉ। ਘੁਮਿਆਰ ਗਧਿਆਂ ਸਮੇਤ ਕੂਚ ਕਰ ਗਏ। ਬਹਾਦਰਸ਼ਾਹ ਦੀ ਮੌਤ ਤੋਂ ਬਾਅਦ ਗੱਦੀ ਪ੍ਰਾਪਤੀ ਲਈ ਸ਼ਹਿਜ਼ਾਦਿਆਂ, ਅਫਸਰਾਂ ਅਤੇ ਜਰਨੈਲਾਂ ਦਾ ਕਤਲੇਆਮ ਮੁੜ ਸ਼ੁਰੂ ਹੋ ਗਿਆ। ਇਸ ਜੰਗ ਦਾ ਇਕ ਹਿੱਸਾ ਲਾਹੌਰ ਵਿਚ ਲੜਿਆ ਗਿਆ।  ਰਾਵੀ ਦੇ ਕੰਢਿਆਂ ਉਪਰ ਭਰਾ ਮਾਰੂ ਜੰਗ ਹੋਣ ਲੱਗੀ, ਬੰਦਾ ਸਿੰਘ ਬਾਰੇ ਭੁੱਲ-ਭੁਲਾ ਗਏ। ਉਸਨੇ ਲੋਹਗੜ੍ਹ ‘ਤੇ ਮੁੜ ਕਬਜ਼ਾ ਕਰ ਲਿਆ, ਜੰਮੂ ‘ਤੇ ਹਮਲਾ ਕਰਕੇ ਫੌਜਦਾਰ ਵਜ਼ੀਦ ਖ਼ਾਨ ਮਾਰ ਦਿਤਾ। ਸੁਲਤਾਨਪੁਰ ਤੇ ਜਲੰਧਰ ਦੁਆਬ ਦਾ ਹਾਕਮ ਸ਼ਮਸ ਖ਼ਾਨ ਮਾਰ ਦਿੱਤਾ।

ਬਹਾਦਰ ਸ਼ਾਹ ਦਾ ਇਕ ਬੇਟਾ ਜਹਾਂਦਾਰ ਸ਼ਾਹ ਦਿੱਲੀ ਗੱਦੀ ਹਾਸਲ ਕਰਨ ਵਿਚ ਕਾਮਯਾਬ ਹੋ ਗਿਆ ਪਰ ਉਸ ਉਪਰ ਇਲਜ਼ਾਮ ਲੱਗਾ ਕਿ ਇਹ ਬੇਸ਼ਰਮ, ਬਾਜ਼ਾਰ ਵਿਚ ਜਾਂਦੀਆਂ ਕੁੜੀਆਂ ਤੇ ਵਹੁਟੀਆਂ ਨੂੰ ਜ਼ਬਰਦਸਤੀ ਫੜ ਕੇ ਲੈ ਆਉਂਦਾ ਹੈ ਤੇ ਬੁਜ਼ਦਿਲ ਏਨਾ ਕਿ ਨੰਗੀ ਕਿਰਪਾਨ ਨਹੀਂ ਦੇਖ ਸਕਦਾ, ਡਰ ਜਾਂਦਾ ਹੈ। ਉਹ ਗਿਆਰਾਂ ਮਹੀਨੇ ਹਾਕਮ ਰਿਹਾ ਪਰ ਜਨਵਰੀ 1713 ਵਿਚ ਉਸਦੇ ਭਤੀਜੇ ਫਰੁਖਸੀਅਰ ਨੇ ਕਰਾਰੀ ਹਾਰ ਦੇ ਕੇ ਗੱਦੀਓਂ ਉਤਾਰ ਦਿੱਤਾ।

ਫਰੁਖਸੀਅਰ ਨੇ ਸਿੱਖਾਂ ਨੂੰ ਕੁਚਲਣ ਲਈ ਕਸ਼ਮੀਰ ਵਿਚ ਤਾਇਨਾਤ ਤੁਰਕ ਸੂਬੇਦਾਰ ਨੂੰ ਪੰਜਾਬ ਦੀ ਕਮਾਨ ਦੇ ਦਿੱਤੀ। ਇਸ ਤਾਕਤਵਰ ਜਰਨੈਲ ਨੇ ਇਕ ਵਾਰੀ 1713 ਵਿਚ ਬੰਦਾ ਸਿੰਘ ਨੂੰ ਸਰਹਿੰਦ ਸਰਕਾਰ ਵਿਚੋਂ ਖਦੇੜ ਦਿੱਤਾ ਪਰ ਬੰਦਾ ਸਿੰਘ  ਅੱਪਰ ਬਾਰੀ ਦੁਆਬ ਵਿਚ ਪ੍ਰਗਟ ਹੋ ਗਿਆ ਜਿਥੇ ਹਜ਼ਾਰਾਂ ਸਿੱਖ ਨਵੇਂ ਭਰਤੀ ਹੋ ਗਏ। ਜੰਮੂ ਦੇ ਇਰਦ ਗਿਰਦ ਹਿੰਦੂ ਪਹਾੜੀ ਰਾਜਿਆਂ ਨੇ ਉਸਨੂੰ ਧਨ, ਘੋੜੇ ਅਤੇ ਹਥਿਆਰ ਦਿੱਤੇ।ਮਾਰਚ 1715 ਤੱਕ ਝੜਪਾਂ ਤਾਂ ਹੋਈਆਂ ਪਰ ਬੰਦਾ ਸਿੰਘ ਹਾਰਿਆ ਨਹੀਂ। ਫਰੁਖਸੀਅਰ ਨੇ ਅਬਦੁਲ ਸਮਦ ਖਾਨ ਦੀ ਝਾੜ-ਝੰਬ ਵੀ ਕੀਤੀ, ਹੋਰ ਮਦਦ ਵੀ ਭੇਜੀ। ਪੰਜਾਬੀ ਜਾਗੀਰਦਾਰ ਮੁਸਲਮਾਨ ਵੀ ਬਾਬਾ ਬੰਦਾ ਸਿੰਘ ਦੇ ਸਹਿਯੋਗੀ ਸਨ। ਇਨ੍ਹਾਂ ਵਿਚ ਭੱਟੀ, ਖਰਲ, ਵੱਟੂ ਰਾਜਪੂਤ ਅਤੇ ਕਸੂਰ ਵਿਚ ਆਬਾਦ ਅਫਗਾਨ ਸਨ। ਗੁਰਦਾਸਪੁਰ ਤੋਂ ਚਾਰ ਮੀਲ ਦੂਰ ਗੁਰਦਾਸ ਨੰਗਲ ਦੇ ਕਿਲ੍ਹੇ ਵਿਚ ਬੰਦਾ ਸਿੰਘ ਘਿਰ ਗਿਆ। ਇਹ ਘੇਰਾ ਲੰਮਾ ਹੋ ਗਿਆ, ਰਾਸ਼ਣ ਮੁੱਕ ਗਿਆ। ਪਸ਼ੂਆਂ ਦਾ ਮਾਸ, ਘਾਹ, ਪੱਤੇ ਖਾ ਕੇ ਗੁਜ਼ਾਰਾ ਕਰਦੇ। ਬੰਦਾ ਸਿੰਘ ਸਿੱਖ ਨੂੰ ਫੜਨ ਲਈ ਸਲਤਨਤ ਮੁਗਲੀਆ ਅੱਠ ਮਹੀਨੇ ਘੇਰਾ ਪਾਈ ਰਖਿਆ ਫ। ਅੰਦਰ ਵੜਨ ਦਾ ਹੌਂਸਲਾ ਨਹੀਂ ਹੋਇਆ ਤਾਂ ਆਖ਼ਰ ਦਸੰਬਰ 1715 ਨੂੰ ਭੁੱਖਮਰੀ ਦਾ ਸ਼ਿਕਾਰ ਹੋਏ ਬੰਦਾ ਸਿੰਘ ਅਤੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ।ਬਹੁਤ ਸਾਰੇ ਸਾਥੀ ਗੁਰਦਾਸ ਨੰਗਲ ਮਾਰੇ ਗਏ। ਲਾਹੌਰ ਤੋਂ ਜਾਂਦੇ ਹੋਏ ਬਹੁਤ ਸਾਰੇ ਰਾਵੀ ਦੇ ਕਿਨਾਰਿਆਂ ‘ਤੇ ਕਤਲ ਕੀਤੇ। ਮੁਹੰਮਦ ਲਤੀਫ ਅਨੁਸਾਰ, ਅਬਦੁਲ ਸਮਦ ਸਿੱਖ ਬੰਦੀਆਂ ਦੇ ਲੰਮੇ ਕਾਰਵਾਂ ਨੂੰ ਲੈ ਕੇ ਲਾਹੌਰ ਵੱਲ ਤੁਰਿਆ। ਬੰਦੀਆਂ ਨੂੰ ਖੋਤਿਆਂ, ਊਠਾਂ ‘ਤੇ ਬਿਠਾਇਆ ਹੋਇਆ ਸੀ ਤੇ ਭੀੜਾਂ ਉਨ੍ਹਾਂ ਨੂੰ ਚਿੜਾ ਰਹੀਆਂ ਸਨ।ਅਗਲੇ ਦਿਨ ਅਬਦੁਲ ਸਮਦ ਖ਼ਾਨ ਨੇ ਆਪਣੇ ਬੇਟੇ ਜ਼ਕਰੀਆ ਖ਼ਾਨ ਸਮੇਤ ਦਿੱਲੀ ਵੱਲ ਕੂਚ ਕੀਤਾ। ਫਰਵਰੀ 1716, ਦਿੱਲੀ ਵਿਚ ਇਕ ਚਸ਼ਮਦੀਦ ਅੰਗਰੇਜ਼ ਲਿਖਦਾ ਹੈ- ਕੋਈ 800 ਬੰਦੀ ਹੋਣਗੇ ਤੇ 2000 ਲਹੂ-ਲੁਹਾਣ ਸਿਰ ਨੇਜ਼ਿਆਂ ਉਪਰ ਟੰਗੇ ਹੋਏ ਸਨ। ਸ਼ਹਾਦਤ ਵਾਸਤੇ ਇਕ ਦੂਜੇ ਤੋਂ ਪਹਿਲਾਂ ਤਿਆਰ ਸਨ। ਲਾਹੌਰੋਂ ਦਿੱਲੀ ਦੇ ਰਸਤੇ ਵਿਚ ਵੀ ਕੋਈ ਸਿੱਖ ਦਿਸ ਜਾਂਦਾ, ਸਿਰ ਵੱਢ ਲੈਂਦੇ। ਫਰੁਖਸੀਅਰ ਦਾ ਫਰਮਾਨ ਸੀ-ਜਿਹੜਾ ਸਿੱਖ ਇਸਲਾਮ ਧਾਰਨ ਕਰਨੋਂ ਮੁਨਕੜਰ ਹੋਵੇ, ਕਤਲ ਕਰ ਦਿਉ।

ਜੂਨ 1716 ਵਿਚ ਇਹ ਹੱਤਕਪੂਰਨ ਪਰੇਡ ਫਿਰ ਦੁਹਰਾਈ ਗਈ। ਬੰਦਾ ਸਿੰਘ ਸਮੇਤ ਬਹੁਤ ਸਾਰੇ ਸਿੱਖ ਤਸੀਹੇ ਦੇਣ ਉਪਰੰਤ ਮਾਰੇ। ਖਾਫੀ ਖ਼ਾਨ ਲਿਖਦਾ ਹੈ- ਕਿਸੇ ਸਿੱਖ ਨੇ ਇਸਲਾਮ ਧਾਰਨ ਕਰਨਾ ਨਹੀਂ ਮੰਨਿਆ। ਸੂਫੀ ਸੰਤ ਸ਼ੇਖ਼ ਕੁਤਬੁੱਦੀਨ ਦੇ ਮਕਬਰੇ ਨਜ਼ਦੀਕ ਦਿੱਲੀ ਦੇ ਦੱਖਣ ਵਿਚ ਬੰਦਾ ਸਿੰਘ, ਉਸ ਸਾਥੀਆਂ ਅਤੇ ਚਾਰ ਸਾਲਾ ਪੁੱਤਰ ਨੂੰ ਕਤਲ ਕੀਤਾ।

ਹਕੂਮਤ ਦੀ ਮਦਦ ਨਾਲ ਸਮਦ ਖ਼ਾਨ ਸਿੱਖਾਂ ਦਾ ਪੰਜਾਬ ਵਿਚੋਂ ਬੀਜ ਨਾਸ ਕਰਨਾ ਚਾਹੁੰਦਾ ਸੀ। ਬਦਲੇ ਦੀ ਭਾਵਨਾ ਕਿਸੇ ਹੱਦ ਤੱਕ ਵੀ ਲਿਜਾ ਸਕਦੀ ਹੈ। ਹਿੰਦੂ ਮੁਸਲਮਾਨਾਂ ਨੂੰ ਹੁਕਮ ਸੀ ਕਿ ਲੰਮੇ ਕੇਸ ਨਹੀਂ ਰੱਖਣੇ। ਹਿੰਦੂ ਦਾੜ੍ਹੀ ਨਹੀਂ ਰੱਖਣਗੇ। ਹਿੰਦੂਆਂ ਨੂੰ ਪਤਾ ਨਹੀਂ ਲੱਗਦਾ ਸੀ, ਉਨ੍ਹਾਂ ਦਾ ਭਵਿਖ ਕੀ ਹੋਵੇਗਾ। ਮੁਸਲਮਾਨ ਸੋਚ ਰਹੇ ਸਨ, ਜਿਹੜੇ ਲੋਕ ਗੁਰੂ ਨਾਨਕ ਦੇਵ ਦੇ ਉਪਾਸ਼ਕ ਸਨ ਅਤੇ ਸੂਫੀਆਂ ਦੇ ਮੁਰੀਦ, ਉਨ੍ਹਾਂ ਨੂੰ ਪੂਰੀ ਤਰ੍ਹਾਂ ਮਿੱਟਾ ਦਿੱਤਾ ਜਾਏਗਾ। ਸਿੱਖਾਂ ਬਾਰੇ ਲਤੀਫ ਦਸਦਾ ਹੈ-ਇਨ੍ਹਾਂ ਹੁਕਮਾਂ ਕਾਰਨ ਸਿੱਖਾਂ ਵਿਚ ਦਹਿਸ਼ਤ ਫੈਲ ਗਈ। ਜਿਉਂਦੇ ਬਚੇ ਸਿੱਖ ਪਹਾੜਾਂ ਜਾਂ ਜੰਗਲਾਂ ਵਿਚ ਜਾ ਛੁਪੇ। ਜਿਹੜੇ ਨਹੀਂ ਭੱਜ ਸਕੇ, ਉਨ੍ਹਾਂ ਆਪਣੇ ਕੇਸ ਕੱਟ ਕੇ ਆਪਣੀ ਬਾਹਰੀ ਦਿੱਖ ਬਦਲ ਲਈ। ਜੰਗਲੀ ਫਲ ਸਬਜ਼ੀਆਂ ਤੇ ਸ਼ਿਕਾਰ ਉਪਰ ਆਪਣਾ ਗੁਜ਼ਾਰਾ ਕਰਦੇ। ਬੰਦਾ ਸਿੰਘ ਵੇਲੇ  ਬਿਨੋਦ ਸਿੰਘ ,ਕਾਹਨ ਸਿੰਘ ਦੀ ਅਗਵਾਈ ਵਿਚ ਤਤ ਖਾਲਸੇ ਮੁਗਲ ਸਮਰਾਜ ਨਾਲ ਜਾ ਰਲੇ।ਬੇਸ਼ਕ ਸਿੱਖ ਦੋ ਧੜਿਆਂ ਵਿਚ ਵੰਡ ਹੋ ਗਏ ਸਨ, ਸਮਦ ਖ਼ਾਨ ਦੇ ਜ਼ੁਲਮਾਂ ਨੇ ਫਿਰ ਇਕੱਠੇ ਕਰ ਦਿੱਤੇ। ਤਤ ਖਾਲਸਾ ਭੰਗ ਕਰਕੇ ਦਲ ਖਾਲਸਾ ਬਣਾ ਦਿਤਾ।ਦਿੱਲੀ ਦਰਬਾਰ ਦੀ ਸ਼ਰੀਕੇਬਾਜ਼ੀ ਵਿਚ ਅਬਦੁਸ ਸਮਦ ਖ਼ਾਨ ਦੇ ਤਕੜੇ ਰਸੂਖ਼ ਵਾਲੇ ਰਿਸ਼ਤੇਦਾਰ ਸਨ ਜਿਹੜੇ ਪੰਜਾਬ ਦੀ ਤਾਣੀ ਸੁਲਝਾਉਣ ਦੇ ਹੱਕ ਵਿਚ ਨਹੀਂ ਸਨ। ਉਸਦੇ ਸਾਰੇ ਦੁਸ਼ਮਣ ਸੂਬੇਦਾਰ ਨੂੰ ਕਮਜ਼ੋਰ ਕਰ ਰਹੇ ਸਨ। ਲਾਹੌਰ 35 ਮੀਲ ਦੱਖਣ ਵਿਚ ਕਸੂਰ ਦੇ ਪਖਤੂਨਾਂ ਨੇ ਹੁਸੈਨ ਖ਼ਾਨ ਬੇਸ਼ਗੀ ਦੀ ਅਗਵਾਈ ਵਿਚ ਬਗਾਵਤ ਕਰ ਦਿੱਤੀ, ਦੂਜੀ ਬਗਾਵਤ ਜਲੰਧਰ ਦੁਆਬ ਦੇ ਜ਼ਿਮੀਂਦਾਰ ਖ਼ਾਨ ਮੁੰਜ ਨੇ ਕੀਤੀ। ਦੋਵਾਂ ਬਗਾਵਤਾਂ ਦੀ ਜੜ੍ਹ ਦੇਸੀ ਤੇ ਪਰਦੇਸੀ ਅਹਿਸਾਸ ਵਿਚ ਸੀ।

ਬਾਬਾ ਬੰਦਾ ਸਿੰਘ ਬਾਰੇ ਇਤਿਹਾਸਕ ਸਰੋਤ

    ਰਤਨ ਸਿੰਘ ਭੰਗੂ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਸਮੇਂ ਬੰਦਾ ਸਿੰਘ ਬਹਾਦਰ ਨੂੰ ਦੱਖਣ ਤੋਂ ਪੰਜਾਬ ਵੱਲ ਤੋਰਨ ਤੇ ਉਸ ਦੀ ਅਗਵਾਈ ਮੰਨਣ ਵੇਲੇ  ਬਿਨੋਦ ਸਿੰਘ ਨੇ ਵਿਰੋਧ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਦੇ ਗਲ ਵਿਚ ਖੰਡਾ ਪਾਇਆ ਉਹ ਬਿਨੋਦ ਸਿੰਘ ਵਲੋਂ ਉਤਾਰਿਆ ਗਿਆ। ਅਸਲ ਵਿਚ ਭੰਗੂ ਦਾ ਇਹ ਤਥ ਕਾਨਪਰੇਸੀ ਹੈ ਜਿਸ ਵਿਚ ਗੁਰੂ ਨੂੰ ਛੋਟਾ ਤੇ ਬਿਨੋਦ ਸਿੰਘ ਨੂੰ ਵਡਾ ਦਿਖਾਇਆ ਹੈ। ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਸਿਖ ਏਨੀ ਤਾਕਤ ਰਖਦਾ ਹੈ ਜੋ ਗੁਰੂ ਦਾ ਵਿਰੋਧ ਕਰ ਦੇਵੇ।ਜੇ ਉਸ ਸਮੇਂ ਬਿਨੋਦ ਸਿੰਘ ਨੇ ਵਿਰੋਧ ਕੀਤਾ ਹੁੰਦਾ ਤਾਂ  ਗੁਰੂ ਸਾਹਿਬ ਬਿਨੋਦ ਸਿੰਘ ਨੂੰ ਅਹਿਮੀਅਤ ਨਾ ਦਿੰਦੇ ਤੇ ਉਸਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਪੰਜਾਬ ਨਾ ਭੇਜਦੇ। ਭੰਗੂ ਦੀ ਇਸ ਲਿਖਤ ਨੂੰ ਆਧਾਰ ਬਣਾਕੇ ਸਿਖ ਇਤਿਹਾਸਕਾਰਾਂ  ਨੇ ਬਹੁਤ ਕੁਫਰ ਤੋਲਿਆ ਹੈ।ਇਹ ਸਚ ਹੈ ਕਿ ਬਾਬਾ ਵਿਨੋਦ ਸਿੰਘ, ਕਾਹਨ ਸਿੰਘ, ਮੀਰੀ ਸਿੰਘ ਵਰਗੇ ਬਾਬਾ ਬੰਦਾ ਸਿੰਘ ਦਾ ਸਾਥ ਛਡ ਗਏ ਸਨ।ਲਗਾਤਾਰ ਬਾਬਾ ਬੰਦਾ ਸਿੰਘ ਦਾ ਵਿਰੋਧ ਕਰਕੇ ਖਾਲਸਾ ਰਾਜ ਦੀ ਤਾਕਤ ਨੂੰ ਕਮਜੋਰ ਕੀਤਾ।  ਬੰਦਾ ਸਿੰਘ ਬਹਾਦਰ ਨੂੰ ਅਲੱਗ-ਥਲੱਗ ਕਰਨ ਲਈ ਬਿਨੋਦ ਸਿੰਘ ਤੇ ਉਸਦੇ ਸਾਥੀਆਂ ਤੱਤ ਖਾਲਸਾ ਉਸਾਰਕੇ ਫਰੁਖਸ਼ੀਅਰ ਨਾਲ ਸਮਝੌਤਾ ਕਰ ਲਿਆ।

ਪਰ ਗੁਰੂ ਦੇ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਸਰਕਾਰ ਦੇ ਜ਼ੁਲਮ ਜਬਰ ਵਿਰੁਧ ਆਮ ਕਿਸਾਨ ਵਾਹੀਕਾਰ ਤੇ ਗਰੀਬ ਲੋਕਾਂ ਲਈ ਧਰਮ ਯੁਧ ਜਾਰੀ ਰਖਿਆ ਤਾਂ ਜੋ ਗੁਰੂ ਦਾ ਰਾਜ ਕਾਇਮ ਰਹਿ ਸਕੇ। ਗੁਰੂ ਨਾਲ ਕੋਲ ਉਸਨੇ ਸਰਬੰਸ ਵਾਰਕੇ ਸ਼ਹੀਦੀ ਦੇ ਕੇ ਨਿਭਾਇਆ।ਰਤਨ ਸਿੰਘ ਭੰਗੂ ਦੀ ਪੁਸਤਕ ‘ਪ੍ਰਾਚੀਨ ਪੰਥ ਪ੍ਰਕਾਸ਼’ 1841 ਦੀ ਲਿਖਤ ਹੈ। ਉਹ ਬੰਦੇ ਬਹਾਦਰ ਦਾ ਸਮਕਾਲੀ ਨਹੀਂ ਹੈ। ਬੰਦੇ ਬਹਾਦਰ ਦੀ ਸ਼ਹਾਦਤ ਦੇ 125 ਸਾਲਾਂ ਬਾਅਦ ਇਹ ਪੁਸਤਕ ਲਿਖੀ ਗਈ ਹੈ। ਪੰਥ ਪ੍ਰਕਾਸ਼ ਦਾ ਗੁਰੂ ਨਾਨਕ ਤੋਂ ਬੰਦਾ ਸਿੰਘ ਬਹਾਦਰ ਤੱਕ ਦੇ ਸਮੇਂ ਦਾ ਭੰਗੂ ਦਾ ਵਰਣਨ ਪ੍ਰਮਾਣਿਕ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਨਾ ਤਾਂ ਇਸ ਸਮੇਂ ਵਿਚ ਸੀ ਤੇ ਨਾ ਹੀ ਉਸ ਪਾਸ ਕੋਈ ਪ੍ਰਮਾਣਿਕ ਸਰੋਤ ਸਨ। ਭੰਗੂ ਬੰਦਾ ਬਹਾਦਰ ਨੂੰ ਸਿੱਖਾਂ ਦਾ ਨੇਤਾ ਮੰਨ ਕੇ ਨਹੀਂ ਚਲਦਾ, ਕਿਉਂਕਿ ਉਸ ਦੇ ਵੱਡੇ ਵਡੇਰੇ ਜਿਨ੍ਹਾਂ ਦਾ ਸਬੰਧ ਤੱਤ-ਖਾਲਸਾ ਨਾਲ ਸੀ, ਬੰਦਾ ਬਹਾਦਰ ਦੇ ਖਿਲਾਫ਼ ਸਨ। ਆਪਣੀ ਲਿਖਤ ਵਿਚ ਉਸ ਨੇ ਕਿਤੇ ਵੀ ਬੰਦੇ ਦੇ ਨਾਂ ਨਾਲ ਸਿੰਘ ਸ਼ਬਦ ਨਹੀਂ ਵਰਤਿਆ, ਕਿਉਂਕਿ ਉਹ ਬੰਦਾ ਬਹਾਦਰ ਨੂੰ ਅੰਮ੍ਰਿਤਧਾਰੀ ਨਹੀਂ ਸੀ ਮੰਨਦਾ। ਉਹ ਬੰਦਾ ਸ਼ਬਦ ਨੂੰ ਵਿਗਾੜ ਕੇ ਬੰਦੋ ਅਤੇ ਬੰਦੇ ਦੇ ਰੂਪ ਵਿਚ ਵਰਤਦਾ ਹੈ। ਬੰਦੇ ਪ੍ਰਤੀ ਆਪਣੇ ਮਨ ਵਿਚ ਛੁਪੀ ਤ੍ਰਿਸਕਾਰ ਦੀ ਭਾਵਨਾ ਦਾ ਪ੍ਰਗਟਾ ਕਰਦਾ ਹੋਇਆ ਉਹ ਲਿਖਦਾ ਹੈ,

 ਬੰਦਾ ਅੰਮ੍ਰਿਤਧਾਰੀ ਨਹੀਂ ਸੀ। ਬੰਦਾ ਸਿੱਖਾਂ ਦਾ ਨੇਤਾ ਨਹੀਂ ਸੀ। ਸਿੱਖ ਬੰਦੇ ਦੀ ਅਗਵਾਈ ਵਿਚ ਨਹੀਂ ਲੜਦੇ ਸਨ ਸਗੋਂ ਉਹ (ਬੰਦਾ) ਗੁਰੂ ਜੀ ਦੇ ਪੁੱਤਰਾਂ ਦਾ ਬਦਲਾ ਲੈਣ ਲਈ ਆਪਣੇ ਤੌਰ ‘ਤੇ ਲੜ ਰਿਹਾ ਸਗੁਰੂ ਗੋਬਿੰਦ ਸਿੰਘ ਨੇ ਬੰਦੇ ਨੂੰ ਨੇਤਾ ਥਾਪਣ ਸਮੇਂ ਆਪਣਾ ਖੰਡਾ ਬੰਦੇ ਦੇ ਗਲ ਵਿਚ ਪਾ ਦਿੱਤਾ ਸੀ। ਭੰਗੂ ਅਨੁਸਾਰ ਖਾਲਸਾ ਪੰਥ ਨੇ ਇਸ ਖੰਡੇ ਨੂੰ ਬੰਦੇ ਕੋਲੋਂ ਖੋਹ ਲਿਆ ਸੀ। ਭੰਗੂ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਗੁਰੂ ਜੀ ਦੀ ਚੋਣ ਗਲਤ ਸੀ।। ਭੰਗੂ ਦੇ ਇਤਿਹਾਸ ਦਾ ਸੰਕਲਪ ਸਿਰਫ਼ ਜਾਦੂ ਟੂਣਿਆਂ ਉਪਰ ਹੀ ਆਧਾਰਤ ਹੈ। ਉਹ ਕਹਿੰਦਾ ਹੈ, ਸਰਹਿੰਦ ਦੀ ਲੜਾਈ ਸਿਰਫ਼ ਗੁਰੂ ਦਾ ਇਕ ਕਰਾਮਾਤੀ ਤੀਰ ਚਲਾਉਣ ਨਾਲ ਹੀ ਜਿੱਤੀ ਗਈ ਸੀ। ਬੰਦੇ ਦੇ ਸੰਘਰਸ਼ ਨੂੰ ਮੁਸਲਮਾਨਾਂ ਦੇ ਖਿਲਾਫ਼ ਅਤੇ ਹਿੰਦੂਆਂ ਦੀ ਰੱਖਿਆ ਲਈ ਸਮਝਦਾ ਹੈ, ਉਹ ਹਰ ਥਾਂ ਮੁਸਲਮਾਨਾਂ ਦਾ ਕਤਲ ਹੁੰਦਾ ਦਿਖਾਉਂਦਾ ਹੈ ਅਤੇ ਮੁਸਲਮਾਨਾਂ ਦੀਆਂ ਕਬਰਾਂ ਪੁੱਟ ਕੇ ਮੁਰਦੇ ਸਾੜਦੇ ਹੋਏ ਦੱਸਦਾ ਹੈ।ਬੰਦੇ ਪਾਸ ਜਾਦੂ ਟੂਣਿਆਂ ਦੀ ਪੋਥੀ ਸੀ। ਜਦੋਂ ਤੱਕ ਇਹ ਪੋਥੀ ਉਸ ਪਾਸ ਰਹੀ, ਬੰਦਾ ਹਰ ਪਾਸੇ ਫਤਿਹ ਪ੍ਰਾਪਤ ਕਰਦਾ ਰਿਹਾ। ਜਦੋਂ ਇਹ ਪੋਥੀ ਮੰਡੀ ਦੇ ਰਾਜੇ ਨੇ ਚੋਰੀ ਕਰ ਲਈ ਤਾਂ ਬੰਦਾ ਸਿੰਘ ਦੀ ਤਾਕਤ ਵੀ ਘੱਟ ਗਈ ਸੀ। ਬੰਦੇ ਨੂੰ ਉਹ ਮਾਤਾ ਸੁੰਦਰੀ ਜੀ ਤੋਂ ਵੀ ਸਰਾਪ ਦਿਵਾ ਦਿੰਦਾ ਹੈ ਤੇ ਪੰਥ ਖਾਲਸਾ ਤੋਂ ਅਖਵਾ ਦਿੰਦਾ ਹੈ ਕਿ ਉਸ ਨੂੰ ਗੁਰੂ ਦੇ ਪੁੱਤਰਾਂ ਦਾ ਬਦਲਾ ਲੈਣ ਲਈ ਭੇਜਿਆ ਗਿਆ ਸੀ ਅਤੇ ਇਹ ਬਦਲਾ ਕਿਉਂਕਿ ਹੁਣ ਲਿਆ ਜਾ ਚੁੱਕਾ ਹੈ, ਇਸ ਲਈ ਉਸ ਨੂੰ ਪੰਥ ਖਾਲਸੇ ਦਾ ਖਹਿੜਾ ਛੱਡ ਕੇ ਫਿਰ ਤੋਂ ਬੈਰਾਗੀ ਸਾਧਾਂ ਵਿਚ ਚਲੇ ਜਾਣਾ ਚਾਹੀਦਾ ਹੈ।ਉਹ ਕਹਿੰਦਾ ਹੈ, ਜਦੋਂ ਬੰਦਾ ਗੁਰੂ ਤੋਂ ਬੇਮੁੱਖ ਹੋ ਗਿਆ ਅਤੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗਾ ਤਾਂ ਉਸ ਦੀ ਸਾਰੀ ਕਰਾਮਾਤੀ ਸ਼ਕਤੀ ਜਾਂਦੀ ਰਹੀ। ਉਸ ਅਨੁਸਾਰ ਜਦੋਂ ਤੱਕ ਬੰਦਾ ਗੁਰੂ ਦਾ ਸੱਚਾ ਸਿੱਖ ਰਿਹਾ, ਉਦੋਂ ਤੱਕ ਉਹ ਹਰ ਮਾਈ ਭਾਈ ਨੂੰ ਦੁੱਧ ਪੁੱਤ ਵੀ ਬਖ਼ਸ਼ਦਾ ਰਿਹਾ, ਹਰ ਗਰੀਬ ਨੂੰ ਮੁੱਠੀਆਂ ਭਰ ਭਰ ਮੋਹਰਾਂ ਵੰਡਦਾ ਰਿਹਾ। ਭੰਗੂ ਉਸ ਨੂੰ ਕਰਾਮਾਤੀ ਸਾਧੂ ਮੰਨਦਾ ਹੈ। ਗੁਰਦਾਸ-ਨੰਗਲ ਦੇ ਘੇਰੇ ਸਮੇਂ ਵੀ ਭੰਗੂ ਬੰਦਾ ਸਿੰਘ ਕੋਲੋਂ ਦੇਵੀ ਦੀ ਪੂਜਾ ਕਰਵਾ ਰਿਹਾ ਹੈ ਅਤੇ ਦੇਵੀ ਨੂੰ ਸਵਾ ਲੱਖ ਸਿਰਾਂ ਦੀ ਭੇਟ ਚੜ੍ਹਾਉਣ ਵਜੋਂ ਮੱਖੀਆਂ ਮਰਵਾ ਕੇ ਸਿਰਾਂ ਦੀ ਗਿਣਤੀ ਪੂਰੀ ਕਰਵਾ ਰਿਹਾ ਹੈ।  ਸੀਅਰੁਲ ਮੁਖਾਤਬੀਨ ਦਾ ਕਰਤਾ ਗੁਲਾਮ ਹੁਸੈਨ ਤੇ ਖਫੀ ਖਾਨ ਇਸ ਲਾਸਾਨੀ ਸ਼ਹਾਦਤ ਦੇ ਚਸ਼ਮਦੀਦ ਗਵਾਹ ਸਨ। ਜੌਹਨ ਸਰਮਨ, ਐਡਵਰਡ ਸਟੀਫਸਨ ਦੀ ਰਿਪੋਰਟ ਤੇ ਬਰਤਾਨਵੀ ਭਾਰਤ ਦਾ ਰਿਕਾਰਡ ਵੀ ਇਸ ਦੀ ਸ਼ਾਹਦੀ ਭਰਦੇ ਹਨ।  ਵਰਤਮਾਨ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਤੇ ਪ੍ਰੋਫੈਸਰ ਸੁਖਦਿਆਲ ਸਿੰਘ ਦੀ ਇਤਿਹਾਸਕਾਰੀ ਬਹੁਤ ਪੁਖਤਾ ਹੈ ਜਿਹਨਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਇਨਸਾਫ ਕੀਤਾ।  ਪੁਰਾਤਨ ਰਿਕਾਰਡ ਤੇ ਫਾਰਸੀ ਸਰੋਤਾਂ ਦੀ ਫੋਲਾ ਫਾਲੀ ਕਰ ਰਿਹਾਂ ਤਾਂ ਜੋ ਜਿਹੜੇ ਵੇਰਵੇ ਲੁਕੇ ਹਨ ਤੁਹਾਡੇ ਸਾਹਮਣੇ ਲਿਆਦੇ ਜਾਣ। ਇਹ  ਆਮ ਇਤਿਹਾਸ ਨਹੀਂ ਹੈ ,ਬਾਬਾ ਬੰਦਾ ਸਿੰਘ ਗੁਰੂ ਦੇ ਰਾਜ ਦਾ ਮਾਡਲ ਉਸਾਰਨ ਵਾਲਾ ਹੈ।

ਜੇ ਮੁਹੰਮਦ ਸਫੀ ਵਾਰਿਦ ਵਰਗੇ ਲੇਖਕਾਂ ਜੋ ਮੁਸਲਿਮ ਫਿਰਕਾਪ੍ਰਸਤੀ, ਜਗੀਰਦਾਰੀ, ਸਾਮੰਤਵਾਦੀ ਰਾਜ ਦੀ ਪਿੱਠੂ ਸਨ, ਨੇ ਬੰਦਾ ਸਿੰਘ ਬਹਾਦਰ ਬਾਰੇ ਕਿਹਾ, “ਉਸ ਸ਼ਿਕਾਰੀ ਕੁੱਤੇ ਦੀ ਬਗਾਵਤ ਨਾਲ ਮੁਸਲਮਾਨਾਂ ਦਾ ਖੂਨ ਸ਼ਹਿਰ ਸ਼ਹਿਰ ਜੰਗਲ ਜੰਗਲ ਧਰਤੀ ‘ਤੇ ਡੁੱਲ੍ਹਿਆ” ਅਤੇ ਅਸਰਾਰਿ ਸਮਦੀ (1728-29 ਈਸਵੀ) ਨੇ “ਕਿਸੇ ਵਿਅਕਤੀ ਦੀ ਉਸ ਦੇ ਪੰਜੇ ਵਿਚੋਂ ਰਿਹਾਈ ਨਾ ਵੇਖੀ ਗਈ, ਸੰਸਾਰ ਵਿਚ ਪਰਲੋਅ ਪ੍ਰਗਟ ਹੋ ਗਈ” ਵਰਗੀਆਂ ਟਿੱਪਣੀਆਂ ਕੀਤੀਆਂ ਹਨ ਤਾਂ ਜ਼ਾਹਰ ਹੈ ਕਿ ਬੰਦਾ ਸਿੰਘ ਬਹਾਦਰ ਦੀ ਲੜਾਈ ਕੱਟੜ ਮੁਸਲਮਾਨ ਫਿਰਕਾਪ੍ਰਸਤ ਤੁਅੱਸਬੀ ਜਗੀਰਦਾਰੀ, ਸਾਮੰਤਵਾਦੀ ਰਾਜ ਪ੍ਰਬੰਧ ਖਤਮ ਕਰਕੇ ਜਨਤਕ ਖਾਲਸਈ ਲਹਿਰ ਰਾਹੀਂ ਜ਼ਮੀਨ ਹਲਵਾਹਕ ਦੀ, ਹਰ ਧਰਮ ਨੂੰ ਯੋਗ ਸਨਮਾਨ ਤੇ ਆਮ ਗਰੀਬ ਲੋਕਾਂ ਦੇ ਨਿਆਂਇਕ ਗੁਰੂ ਗੋਬਿੰਦ ਸਿੰਘ ਦੇ ਖਾਲਸਈ ਅਸੂਲਾਂ ਅਨੁਸਾਰ ਰਾਜ ਸਥਾਪਤ ਕਰਨ ਵੱਲ ਸੇਧਤ ਸੀ। ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦੀ ਟਿੱਪਣੀ ਹੈ,

ਜਿਸ ਗੁਰ ਜੀ ਸੋਂ ਵੈਰ ਕਮਾਯੋ,

ਬਦਲੇ ਲੈਣ ਤਿਸੀ ਮੈਂ ਆਇਯੋ।

ਤਿੰਨ ਤਿੰਨ ਕੋ ਮੈਂ ਮਾਰ ਮਕਾਊਂ,

ਤਊ ਸਤਿਗੁਰੂ ਕੋ ਬੰਦਾ ਕਹਾਊਂ।

ਬੰਦਾ ਸਿੰਘ ਬਹਾਦਰ ਦੇ ਸਮੇਂ ਤੇ ਉਸ ਤੋਂ ਬਾਅਦ ਲਿਖੇ ਗਏ  ਬਹੁਤ ਜਾਣਕਾਰੀ ਫਾਰਸੀ ਸਰੋਤ ਮਿਲਦੇ ਹਨ।  ਬਹੁਤੇ ਸਰੋਤ ਬਾਬਾ ਬੰਦਾ ਸਿੰਘ ਦੀ ਮੁਗਲ ਘੇਰਾਬੰਦੀ ਸ਼ਹਾਦਤ ਬਾਰੇ ਹਨ।  ਪਰ ਇਸਦੀ ਇਤਿਹਾਸ ਰਚਨ ਬਾਰੇ ਚੋਣ ਕਰਨੀ ਹੀ ਯੋਗ ਇਤਿਹਾਸ ਦੀ ਵਿਧੀ ਹੈ।ਆਮ ਲੇਖਕ  ਇਤਿਹਾਸਕ ਤਥਾਂ ਦੀ ਯੋਗ ਚੋਣ ਨਹੀਂ ਕਰ ਸਕਦਾ। ਇਹੀ ਕਾਰਣ ਹੈ ਕਿ ਲੇਖਕਾਂ ਨੇ ਤਥਾਂ ਦੀ ਪੁਣ ਛਾਣ ਨਾ ਕਰਕੇ ਮਾਤਾ ਸੁੰਦਰੀ ਤੇ ਭਾਈ ਮਨੀ ਸਿੰਘ ਜੀ ਨੂੰ ਦੋਸ਼ੀ ਠਹਿਰਾਇਆ ਹੈ।ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਬਹੁਤੇ ਇਤਿਹਾਸਕਾਰ ਧਾਰਮਿਕ ਦ੍ਰਿਸ਼ਟੀ ਤੋਂ ਮੁਸਲਮਾਨ ਸਨ ਅਤੇ ਪੇਸ਼ੇ ਪੱਖੋਂ ਮੁਗਲ ਦਰਬਾਰੀ ਲੇਖਕ ਜਾਂ ਰੋਜਾਨਮਚਾ ਲਿਖਣ ਵਾਲੇ। ਸੋ ਲਾਜਮੀ ਸੀ ਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਨਫਰਤ ਤਹਿਤ ਲਿਖਦੇ।ਫਾਰਸੀ ਦੇ ਇਨ੍ਹਾਂ ਲਿਖਾਰੀਆਂ ਵਿਚ ਕੁਝ ਇਕ ਹਿੰਦੂ ਇਤਿਹਾਸਕਾਰ ਵੀ ਸਨ, ਜਿਵੇਂ ਸ਼ਿਵਦਾਸ ਲਖਨਵੀ, ਬੁੱਧ ਸਿੰਘ ਅਰੋੜਾ, ਖੁਸ਼ਹਾਲ ਚੰਦ ਤੇ ਕਾਮਰਾਜ ਬਿਨ ਨੈਣ ਸਿੰਘ। ਇਨ੍ਹਾਂ ਨੇ ਤਾਂ ਬੰਦਾ ਸਿੰਘ ਬਹਾਦਰ ਤੇ ਸਿੱਖਾਂ ਲਈ ਅਪਮਾਨਜਨਕ ਸ਼ਬਦਾਵਲੀ ਦਾ ਪ੍ਰਯੋਗ ਕਰਨ ਵਿਚ ਮੁਸਲਮਾਨ ਇਤਿਹਾਸਕਾਰਾਂ ਨੂੰ ਵੀ ਪਿਛੇ ਛਡ ਦਿੱਤਾ ਹੈ। ਬੰਦਾ ਸਿੰਘ ਬਹਾਦਰ ਨੂੰ ਕਾਫਿਰ, ਲਾਅਣਤੀ, ਨਾਪਾਕ ਧੋਖੇਬਾਜ਼, ਮਰਦੂਦ, ਜ਼ਾਲਿਮ, ਬਾਗ਼ੀ, ਫਸਾਦੀ, ਬੇਰਹਿਮ ਅਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਵਿਸ਼ੇਸ਼ਣ ਦਿੱਤੇ ਹਨ।

ਯਾਰ ਮੁਹੰਮਦ ਖਾਨ ਕਲੰਦਰ

(‘ਦਸਤੂਰ-ਉਲ-ਇੰਸਾ’, 1710-11 ਈ)

‘ਦਸਤੂਰ-ਉਲ-ਇੰਸਾ’ ਨਾਮ ਦੀ ਇਕ ਰਚਨਾ ਦਾ ਸਬੰਧ ਯਾਰ ਮੁਹੰਮਦ ਖਾਨ ਕਲੰਦਰ ਨਾਲ ਹੈ ਜੋ 1710-11 ਈਸਵੀ ਵਿਚ ਲਿਖੀ ਹੈ ਜਿਸ ਵਿਚ ਉਹ ਬੰਦਾਸਿੰਘ ਬਹਾਦਰ ਬਾਰੇ ਲਿਖਦਾ ਹੈ, “ਬੰਦਾ ਮੁਗਲ ਸਮਰਾਜ ਨੂੰ  ਧੋਖਾ ਦੇਣ ਵਾਲੇ ਉਪਾਓ ਨਾਲ ਨਵੇਂ ਨਵੇਂ ਜਾਦੂ ਕਰਦਾ ਰਹਿੰਦਾ ਸੀ ,ਭੇਖ ਵਟਾਉਣ ਵਿਚ ਮਾਹਿਰ ਸੀ। 

ਨੂਰੂਦੀਨ ਫਾਰੂਕੀ

(ਤਾਰੀਖਿ ਜਹਾਦਰ ਸ਼ਾਹ, 1713 ਈਸਵੀ)

ਇਹ ਅਜਿਹਾ ਸਮਕਾਲੀ ਸਰੋਤ ਹੈ ਜਿਸ ਵਿਚ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਦੇ ਮੁਗਲਾਂ ਵਿਰੁਧ ਮੁੱਢਲੇ ਸੰਘਰਸ਼ ਬਾਰੇ ਜਾਣਕਾਰੀ ਮਿਲਦੀ ਹੈ। ਨੂਰੂਦੀਨ ਫਾਰੂਕੀ ਮੁਗਲ ਸੈਨਾ ਵਿਚ ਹੇਠਲੇ ਦਰਜੇ ਦਾ ਫੌਜੀ ਅਫ਼ਸਰ ਸੀ। ਆਪਣੀ ਲਿਖਤ ਵਿਚ ਉਹ ਬੰਦਾ ਬਹਾਦਰ ਅਤੇ ਸਿੱਖਾਂ ਲਈ ਅਤਿ ਘ੍ਰਿਣਾਜਨਕ ਸ਼ਬਦਾਂ ਦੀ ਵਰਤੋਂ ਕਰਦਾ ਹੈ, “ ਕੋਈ ਇਕ ਲੱਖ ਕੁੱਤੇ-ਸੁਭਾਅ ਸਵਾਰਾਂ ਤੇ ਪਿਆਦਾ ਸਿੰਘਾਂ ਨੂੰ ਆਪਣੇ ਨਾਲ ਇਕੱਠਾ ਕਰ ਕੇ ਬੰਦਾ ਸਿੰਘ ਨੇ, ਫਸਾਦ ਪੁਆ ਕੇ ਸ਼ੈਖਾਂ ਤੇ ਵੱਡੇ ਵੱਡੇ ਸੱਯਦਾਂ ਦੇ ਘਰਾਂ ਨੂੰ ਉਜਾੜ ਦਿੱਤਾ ਹੈ ।”

ਇਰਾਦਤ ਖਾਨ

(ਤਾਰੀਖ ਇਰਾਦਤ ਖਾਨ, 1714 ਈਸਵੀ)

ਇਸ ਨੂੰ ਮੁਬਾਰਿਕਨਾਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਮੁਗਲ ਦਰਬਾਰ ਵਿਚ ਵੱਡੇ ਅਹੁਦਿਆਂ ‘ਤੇ ਨਿਯੁਕਤ ਸੀ। ਇਸ ਲਈ ਉਹ ਮੁਗਲ ਦਰਬਾਰ ਦੀ ਸਥਿਤੀ ਤੇ ਨੀਤੀਆਂ ਤੋਂ ਵੀ ਜਾਣੂ ਸੀ। ਮੁਗਲ ਰਾਜ ਵਿਚ ਵਾਪਰਨ ਵਾਲੀਆਂ ਮਹੱਤਵਪੂਰਨ ਘਟਨਾਵਾਂ ਦਾ ਉਹ ਚਸ਼ਮਦੀਦ ਗਵਾਹ ਸੀ। ਬਾਦਸ਼ਾਹ ਬਹਾਦਰ ਸ਼ਾਹ ਵੱਲੋਂ ਆਪਣੇ ਵਜ਼ੀਰ ਮੁਲਾਇਮ ਖਾਨ ਦੀ ਅਗਵਾਈ ਹੇਠ ਬੰਦਾ ਬਹਾਦਰ ਵਿਰੁਧ ਜੋ ਸ਼ਾਹੀ ਸੈਨਾ ਭੇਜੀ ਗਈ ਸੀ, ਇਰਾਦਤ ਖਾਨ ਉਸ ਵਿਚ ਸ਼ਾਮਲ ਸੀ। ਨਵੰਬਰ-ਦਸੰਬਰ 1710 ਵਿਚ ਮੁਗਲ ਸੈਨਾ ਦੇ ਲੋਹਗੜ੍ਹ ਉਪਰ ਹਮਲੇ ਸਮੇਂ ਇਰਾਦਤ ਖਾਨ ਮੌਕੇ ‘ਤੇ ਮੌਜੂਦ ਸੀ। ਉਸ ਨੇ ਇਸ ਲੜਾਈ ਬਾਰੇ ਜੋ ਵਰਣਨ ਕੀਤਾ ਹੈ, ਇਹ ਉਸ ਦੇ ਅੱਖੀਂ ਡਿੱਠੇ ਹਾਲ ਉਤੇ ਆਧਾਰਿਤ ਹੈ। ਉਹ ਸਿੱਖਾਂ ਨੂੰ ‘ਗੁੰਮਰਾਹ ਟੋਲਾ ਨਾਨਕੀਆ’ ਲਿਖਦਾ ਹੈ। ਬੰਦਾ ਸਿੰਘ ਨੇ ਬਹਾਦਰ ਨੇ ਇਸਲਾਮ ਦੀ ਬੁਨਿਆਦ ਖ਼ਤਮ ਕਰਨ ਲਈ ਮੁਲਕ ਵਿਚ ਫਸਾਦ ਪਵਾ ਕੇ ਸਰਹਿੰਦ ਦੇ ਫੌਜਦਾਰ ਵਜ਼ੀਰ ਖਾਨ ਨੂੰ ਸ਼ਹੀਦ ਕਰ ਦਿੱਤਾ। 

ਮਿਰਜ਼ਾ ਮੁਹੰਮਦ ਹਾਰਿਸੀ

(ਇਬਰਤਨਾਮਾ, 1718 ਈਸਵ)

ਉਹ ਮੁਗਲ ਸੈਨਾ ਵਿਚ ਹੇਠਲੇ ਦਰਜੇ ਦਾ ਅਧਿਕਾਰੀ ਸੀ। ਉਸ ਨੇ ਮੁਗਲ ਰਾਜ ਦੀਆਂ ਰਾਜਨੀਤਕ ਅਤੇ ਇਤਿਹਾਸਕ ਘਟਨਾਵਾਂ ਦਾ ਵਰਣਨ ਗੰਭੀਰਤਾ ਨਾਲ ਕੀਤਾ ਹੈ। ਸਿੱਖਾਂ ਦੇ ਮੁਗਲਾਂ ਵਿਰੁਧ ਸੰਘਰਸ਼ ਨੂੰ ਸਮਝਣ ਲਈ ਇਹ ਸਮਕਾਲੀ ਅਤੇ ਬੁਨਿਆਦੀ ਕਿਸਮ ਦਾ ਦਸਤਾਵੇਜ਼ ਹੈ। ਜਦੋਂ ਬੰਦਾ  ਸਿੰਘ ਬਹਾਦਰ ਤੇ ਉਸ ਦੇ ਸਾਥੀ ਸਿੱਖਾਂ ਨੂੰ ਜਲੂਸ ਦੀ ਸ਼ਕਲ ਵਿਚ ਦਿੱਲੀ ਲਿਆਂਦਾ ਗਿਆ ਤਾਂ ਲੇਖਕ ਉਸ ਸਮੇਂ ਬਜ਼ਾਰਾਂ ਵਿਚ ਤਮਾਸ਼ਾ ਦੇਖਣ ਵਾਲੀ ਭੀੜ ਵਿਚ ਸ਼ਾਮਲ ਸੀ। ਜਦੋਂ ਕੋਤਵਾਲੀ ਦੇ ਚਬੂਤਰੇ ਸਾਹਮਣੇ ਹਰ ਰੋਜ਼ ਸੌ ਸੌ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਸੀ ਤਾਂ ਉਹ ਨਜ਼ਾਰਾ ਦੇਖਣ ਲਈ ਉਥੇ ਗਿਆ ਸੀ। ਉਸ ਨੇ ਸ਼ਹੀਦ ਹੋਏ ਸਿੱਖਾਂ ਦੇ ਧੜਾਂ ਨੂੰ ਮਿੱਟੀ ਤੇ ਲਹੂ ਵਿਚ ਤੜਫਦੇ ਹੋਏ ਆਪ ਵੇਖਿਆ ਸੀ।

ਮੁਹੰਮਦ ਹਾਦੀ ਕਾਮਵਰ ਖਾਨ

(ਤਜ਼ਕਿਰਾਤੁਰਾਤ ਸਲਾਤੀਨ ਚੁਗਤਾਈਆਂ 1724)

ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਮੁਗਲਾਂ ਵਿਰੁਧ ਸਿੱਖਾਂ ਦੁਆਰਾ ਲੜੇ ਗਏ ਸੰਘਰਸ਼ ਦਾ ਇਕ ਮਹੱਤਵਪੂਰਨ ਸਰੋਤ ਹੈ। ਉਸ ਅਨੁਸਾਰ ਬੰਦਾ ਸਿੰਘ ਬਹਾਦਰ ਭੰਗੀਆਂ, ਚਮਾਰਾਂ, ਵਣਜਾਰਿਆਂ, ਹੋਛੇ ਵਿਅਕਤੀਆਂ ਅਤੇ ਬੇਹੂਦਾ ਝੂਠੇ ਆਦਮੀਆਂ ਦਾ ਨੇਤਾ ਸੀ। ਸਭ ਨਾਲੋਂ ਪਹਿਲਾ ਫਸਾਦ ਜਿਸ ਨੇ ਮੁਲਕ ਪੰਜਾਬ ‘ਚ ਗੜਬੜੀ ਪੈਦਾ ਕੀਤੀ, ਕਹਿਰ ਦੇ ਮਾਰੇ ਹੋਏ (ਬੰਦਾ ਬਹਾਦਰ) ਦਾ ਸੀ। ਉਸ ਨੇ ਧੋਖੇਬਾਜ਼ੀ ਦਾ ਲਿਬਾਸ ਪਹਿਨ ਕੇ ਖੁਦ ਨੂੰ ਨਾਨਕ ਪੰਥੀਆਂ ਦੇ ਫਿਰਕੇ ਦਾ ਆਗੂ ਮੁਕੱਰਰ ਕੀਤਾ ਅਤੇ ਇਹ ਬੇਹੂਦਾ ਗੱਲ ਧੁਮਾ ਦਿੱਤੀ ਕਿ ‘ਮੈਂ ਪ੍ਰਲੋਕ ਵਿਚ ਜਾ ਕੇ ਮੁੜ ਉਸੇ ਅਸਲੀ ਵਜੂਦ ਵਿਚ ਆਇਆ ਹਾਂ।’

ਅਖ਼ਬਾਰਾਤ-ਏ-ਦਰਬਾਰ-ਏ-ਮੁੱਅਲਾ

ਬੰਦਾ ਸਿੰਘ ਬਹਾਦਰ ਬਾਰੇ ਸਭ ਤੋਂ ਪਹਿਲੀ ਜਾਣਕਾਰੀ ਦੇਣ ਵਾਲੀ ਪਰਸ਼ੀਅਨ ਲਿਖਤ ਅਖ਼ਬਾਰਾਤ-ਏ-ਦਰਬਾਰ-ਏ-ਮੁਅੱਲਾ ਹੈ। ਇਹ ਲਿਖਤ ਬੰਦਾ ਸਿੰਘ ਬਹਾਦਰ ਦੀਆਂ ਰੋਜ਼ਾਨਾ ਗਤੀਵਿਧੀਆਂ ਦਾ ਸਰਕਾਰੀ ਰੋਜ਼ਨਾਮਚਾ ਹੈ। ਇਸ ਲਿਖਤ ਵਿਚ ਹਰ ਥਾਂ ‘ਤੇ ਸਿੱਖਾਂ ਨੂੰ ਫਸਾਦੀ, ਦੋਜ਼ਖੀ ਜਾਂ ਲੁਟੇਰੇ ਲਿਖਿਆ ਗਿਆ ਹੈ। ਫਾਰਸੀ ਦੇ ਇਨ੍ਹਾਂ ਸਰੋਤਾਂ ਵਿਚ ਭਾਵੇਂ ਬਹੁਤ ਸਾਰੀਆਂ ਖਾਮੀਆਂ ਹਨ, ਪਰ ਗਾਹੇ-ਬਗਾਹੇ, ਜਾਣੇ-ਅਨਜਾਣੇ, ਸਿੱਧੇ ਤੇ ਅਸਿੱਧੇ ਤਰੀਕੇ ਰਾਹੀਂ ਇਹ ਇਤਿਹਾਸਕਾਰ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਅਧੀਨ ਲੜੇ ਗਏ ਸਿੱਖ ਸੰਘਰਸ਼ ਦੀ ਸਹੀ ਤਸਵੀਰ ਵੀ ਪੇਸ਼ ਕਰ ਜਾਂਦੇ ਹਨ। ਬੰਦਾ ਸਿੰਘ ਬਹਾਦਰ ਦੀ ਦਲੇਰੀ, ਬਹਾਦਰੀ ਅਤੇ ਹੈਰਾਨੀਜਨਕ ਕਾਰਨਾਮਿਆਂ ਨੂੰ ਇਨ੍ਹਾਂ ਨੇ ਆਪਣੀਆਂ ਲਿਖਤਾਂ ਵਿਚ ਥਾਂ ਦਿੱਤੀ ਹੈ। ਕੁਝ ਇਕ ਦਾ ਮੰਨਣਾ ਹੈ ਕਿ ਮੁਗਲ ਸੈਨਾਪਤੀਆਂ ਦੇ ਦਿਲੋ ਦਿਮਾਗ ਉਤੇ ਬੰਦਾ ਸਿੰਘ ਬਹਾਦਰ ਦੀ ਦਹਿਸ਼ਤ ਇਸ ਕਦਰ ਫੈਲੀ ਹੋਈ ਸੀ ਕਿ ਉਹ ਪੰਜਾਬ ਵੱਲ ਮੂੰਹ ਨਹੀਂ ਸੀ ਕਰਦੇ। ਇਸੇ ਕਰ ਕੇ ਬਾਦਸ਼ਾਹ ਨੂੰ ਖੁਦ ਬੰਦਾ ਸਿੰਘ ਬਹਾਦਰ ਵਿਰੁਧ ਮੁਹਿੰਮ ਦੀ ਅਗਵਾਈ ਕਰਨੀ ਪਈ। ਇਕ ਸੈਨਾਪਤੀ ਵਜੋਂ ਉਸ ਦੀ ਜੰਗੀ ਕਲਾ ਤੇ ਪ੍ਰਤਿਭਾ ਕਮਾਲ ਦੀ ਸੀ। ਉਹ ਬੜੇ ਹੌਸਲੇ ਵਾਲਾ ਅਤੇ ਆਤਮਿਕ ਤੌਰ ‘ਤੇ ਏਨਾ ਬਲਵਾਨ ਸੀ ਕਿ ਦੁਨੀਆਂ ਦੀਆਂ ਚੀਜ਼ਾਂ ਉਸ ਨੂੰ ਆਪਣੇ ਇਰਾਦੇ ਅਤੇ ਸਿਦਕ ਤੋਂ ਡੇਗ ਨਹੀਂ ਸਕਦੀਆਂ ਸਨ।ਫਾਰਸੀ ਦੇ ਇਨ੍ਹਾਂ ਇਤਿਹਾਸਕਾਰਾਂ ਨੂੰ ਵੀ ਇਹ ਹੈਰਾਨੀ ਸੀ ਕਿ ਉਸ ਨੇ ਐਨੀ ਹਿੰਮਤ ਤੇ ਸ਼ਕਤੀ ਕਿੱਥੋਂ ਪ੍ਰਾਪਤ ਕੀਤੀ ਸੀ! ਕੁਝ ਇਤਿਹਾਸਕਾਰ ਉਸ ਨੂੰ ਗੈਬ ਤੋਂ ਉਤਰਿਆ ਸੱਯਦ ਕਹਿੰਦੇ ਸਨ ਤੇ ਕੁਝ ਉਸ ਨੂੰ ਅਸਮਾਨੀ ਆਫਤ ਦਾ ਨਾਮ ਦਿੰਦੇ ਸਨ। ਕੋਈ ਉਸ ਨੂੰ ਜਾਦੂਗਰ ਕਹਿੰਦਾ ਸੀ ਤੇ ਕੋਈ ਕਹਿੰਦਾ ਸੀ ਕਿ ਦਰਿਆਵਾਂ ਦਾ ਪਾਣੀ ਵੀ ਉਸ ਨੂੰ ਰਾਹ ਦੇ ਦਿੰਦਾ ਸੀ। ਇਰਾਦਤ ਖਾਨ: ਉਸ ਦੇ ਨੇੜੇ ਤੇੜੇ ਦੇ ਇਲਾਕਿਆਂ ਵਿਚ ਕੋਈ ਵਿਅਕਤੀ ਨਹੀਂ ਹੈ ਜਿਹੜਾ ਰੱਬੀ ਕਹਿਰ ਦੇ ਮਾਰੇ ਉਸ (ਬੰਦਾ ਬਹਾਦਰ) ਦੇ ਫਸਾਦ ਨੂੰ ਰੋਕ ਸਕੇ ਅਤੇ ਉਸ ਫਿਤਨੇ ਦੇ ਮੁਕਾਬਲੇ ਦੀ ਤਾਬ ਝੱਲ ਸਕੇ।ਮੁਹੰਮਦ ਸਫੀ ਫਾਰਿਦ: ਦਬੇ ਕੁਚਲੇ ਜਿਨ੍ਹਾਂ ਨਾਲੋਂ ਹਿੰਦੁਸਤਾਨ ਵਿਚ ਕੋਈ ਹੋਰ ਕੌਮ ਵਧੇਰੇ ਨਾਪਾਕ ਨਹੀਂ ਹੈ, ਉਸ ਮਰਦੂਦ (ਬੰਦਾ ਬਹਾਦਰ) ਦੀ ਸੇਵਾ ਵਿਚ ਹਾਜ਼ਰ ਹੋ ਕੇ ਆਪਣੇ ਸ਼ਹਿਰ ‘ਤੇ ਹਕੂਮਤ ਕਰਨ ਲਈ ਨਿਯੁਕਤ ਹੋ ਰਹੇ ਸਨ। ਜੋ ਭਾਰਤ ਵਿਚ ਨੀਚਾਂ ਤੋਂ ਨੀਚ ਗਿਣੇ ਜਾਂਦੇ ਸਨ, ਉਨ੍ਹਾਂ ਨੂੰ ਵੀ ਹਕੂਮਤ ਕਰਨ ਦਾ ਅਧਿਕਾਰ ਦਿੱਤਾ।ਮਿਰਜ਼ਾ ਮੁਹੰਮਦ ਹਾਰਿਸੀ: ਦਿੱਲੀ ਵਿਚ ਕਿਸੇ ਦਾ ਏਨਾ ਗੁਰਦਾ ਨਹੀਂ ਸੀ ਜਿਹੜਾ ਉਨ੍ਹਾਂ ਬਦਬਖ਼ਤ (ਸਿੱਖਾਂ) ਨੂੰ ਰੋਕ ਸਕਦਾ।ਦਿੱਲੀ ਵਿਚ ਸਿੱਖਾਂ ਦੇ ਕਤਲ ਦੀ ਵਿਆਖਿਆ ਕਰਦਾ ਉਹ ਲਿਖਦਾ ਹੈ, “ਜੇ ਕੋਈ ਗਲੀ ਤੇ ਬਾਜ਼ਾਰ ਵਾਲਾ ਉਨ੍ਹਾਂ ਨੂੰ ਕਹਿੰਦਾ ਸੀ, ਤੁਹਾਡੇ ਕੀਤੇ ਹੋਏ ਜ਼ੁਲਮਾਂ ਨੇ ਆਖਿਰਕਾਰ ਤੁਹਾਡਾ ਇਹ ਹਾਲ ਕਰ ਛੱਡਿਆ ਹੈ, ਉਹ ਬਹਾਦਰੀ ਨਾਲ ਜਵਾਬ ਦਿੰਦੇ ਸਨ ਅਤੇ ਆਪਣੇ ਗ੍ਰਿਫਤਾਰ ਤੇ ਖੁਆਰ ਹੋਣ ਨੂੰ ਰੱਬ ਦਾ ਭਾਣਾ ਸਮਝਦੇ ਸਨ। ਜੇ ਕੋਈ ਕਹਿੰਦਾ ਸੀ, ‘ਹੁਣ ਤੁਹਾਨੂੰ ਜਾਨੋਂ ਮਾਰਨਗੇ’ ਤਾਂ ਉਹ ਕਹਿੰਦੇ ਸਨ, ਉਹ ਸਾਨੂੰ ਜਾਨੋਂ ਮਾਰਨ, ਅਸੀਂ ਜਾਨੋਂ ਮਰਨ ਤੋਂ ਕਦੇ ਡਰਦੇ ਹਾਂ। ਜੇ ਡਰਦੇ ਹੁੰਦੇ ਤਾਂ ਤੁਹਾਡੇ ਨਾਲ ਇੰਨੀਆਂ ਜੰਗਾਂ ਕਿਉਂ ਕਰਦੇ। ਅਸੀਂ ਤਾਂ ਕੇਵਲ ਭੁੱਖ ਤੇ ਰਸਦ ਦੀ ਕਮੀ ਕਾਰਨ ਤੁਹਾਡੇ ਹੱਥ ਲੱਗ ਗਏ। ਨਹੀਂ ਤਾਂ ਸਾਡੀ ਬਹਾਦਰੀ ਦੀ ਅਸਲੀਅਤ ਦਾ ਤੁਹਾਨੂੰ ਇਸ ਨਾਲੋਂ ਜ਼ਿਆਦਾ ਪਤਾ ਲੱਗ ਜਾਂਦਾ ਜਿਹੜੀ ਤੁਸੀਂ ਵੇਖੀ ਹੈ।”

ਅਸਰਾਰਿ ਸਮਦੀ

‘ਕਹਿਰ ਦੇ ਮਾਰੇ ਸਿੰਘਾਂ ਨੇ ਬਾਵਜੂਦ ਇਸ ਦੇ ਕਿ ਉਨ੍ਹਾਂ ਦੇ ਪੈਰ ਛਾਲਿਆਂ ਨਾਲ ਭਰੇ ਸਨ ਅਤੇ ਉਨ੍ਹਾਂ ਕੋਲ ਭੋਜਨ ਤੇ ਸਵਾਰੀ ਵਾਲੇ ਜਾਨਵਰ ਨਹੀਂ ਸਨ, ਕਿਹੜੀ ਦਲੇਰੀ ਤੇ ਕਿਹੜੀ ਨਿਡਰਤਾ ਨਹੀਂ ਦਿਖਾਈ?ਉਹ ਸ਼ੇਰਾਂ ਵਾਂਗ ਹਾਥੀਆਂ ਉਤੇ ਚੜ੍ਹ ਗਏ, ਅਤੇ ਹੌਦੇ ‘ਚ ਬੈਠੇ ਵਿਅਕਤੀਆਂ ਨੂੰ ਹੇਠਾਂ ਵਗਾਹ ਮਾਰਿਆ, ਜਿਸ ਥਾਂ ਪੁੱਜਣ ਲਈ ਤੇਜ਼ ਤਰਾਰ ਘੋੜੇ ਨੇ ਦੇਰੀ ਕੀਤੀ, ਉਹ (ਸਿੰਘ) ਚੀਤੇ ਵਾਂਗ ਪੈਦਲ ਹੀ ਉਥੇ ਪੁੱਜ ਗਏ।’

ਖਾਫੀ ਖਾਨ (1731 ਸਵੀ)

‘ਜਿਨ੍ਹਾਂ ਲੋਕਾਂ ਨੂੰ ਜੰਗੀ ਤਜਰਬਾ ਹੈ, ਉਹ ਇਸ ਹਕੀਕਤ ਨੂੰ ਭਲੀ ਭਾਂਤ ਜਾਣਦੇ ਹਨ ਕਿ ਜੇ ਦੋ ਤਿੰਨ ਹਜ਼ਾਰ ਸੈਨਿਕਾਂ ਵਿਚੋਂ 100-200 ਸਵਾਰ ਅਜਿਹੇ ਹੋਣ ਜੋ ਬਹਾਦਰੀ, ਕੁਰਬਾਨੀ ਤੇ ਨਮਕ ਹਲਾਲੀ ਦਾ ਜਜ਼ਬਾ ਰੱਖਦੇ ਹੋਣ ਤਾਂ ਉਹ ਉਸ ਫੌਜ ਦੀ ਫਤਿਹ ਦਾ ਸਬੱਬ ਬਣ ਜਾਂਦੇ ਹਨ। ਇਸ ਗਰੋਹ (ਸਿੱਖਾਂ) ਵਿਚ ਐਸਾ ਜਜ਼ਬਾ ਮੌਜੂਦ ਸੀ ਭਾਵੇਂ ਉਨ੍ਹਾਂ ਵਿਚ ਬਹੁ-ਗਿਣਤੀ ਪਿਆਦਿਆਂ ਦੀ ਸੀ। ਉਨ੍ਹਾਂ (ਸਿੱਖਾਂ) ਵਿਚ ਐਸੇ ਘੱਟ ਹੀ ਸਵਾਰ ਜਾਂ ਪਿਆਦੇ ਹੋਣਗੇ ਜੋ ਕੁਰਬਾਨੀ ਦੇ ਬੱਕਰੇ ਵਾਂਗ ਆਪਣੇ ਗੁਰੂ (ਬੰਦਾ ਸਿੰਘ ਬਹਾਦਰ) ਉਪਰ ਜਾਨ ਨਿਛਾਵਰ ਕਰਨ ਵਿਚ ਢਿੱਲ ਮੱਠ ਕਰਦੇ ਹੋਣ।’ਸਢੌਰਾ ਦੀ ਲੜਾਈ ਦਾ ਜ਼ਿਕਰ ਕਰਦਾ ਹੋਇਆ ਖਾਫੀ ਖਾਨ ਲਿਖਦਾ ਹੈ, ਜੰਗ ਦਾ ਕੀ ਹਾਲ ਲਿਖਾਂ, ਭਾਵ ਬਿਆਨ ਤੋਂ ਬਾਹਰ ਹੈ। ਫਕੀਰਾਂ ਵਾਲੇ ਲਿਬਾਸ ਤੇ ਖੂੰਖਾਰ ਸ਼ਕਲਾਂ ਵਾਲੇ ਸਿੱਖ 1000-2000 ਆਦਮੀਆਂ ਨੂੰ ਵੱਢਦੇ ਹੋਏ ਅਤੇ ਹਮਲੇ ਉਪਰ ਹਮਲਾ ਕਰਦੇ ਹੋਏ ਵੇਖ ਕੇ ਸ਼ਾਹੀ ਲਸ਼ਕਰ ਭੈਅ-ਭੀਤ ਹੋ ਗਿਆ। ਇਕ ਵਾਰ ਤਾਂ ਇਉਂ ਮਹਿਸੂਸ ਹੋਇਆ ਜਿਵੇਂ ਸ਼ਾਹੀ ਫੌਜ ਦੀ ਹਾਰ ਹੋ ਰਹੀ ਹੈ।

ਉਹ ਕਮਾਲ ਦੀ ਫੁਰਤੀ ਤੇ ਜ਼ੋਸ ਨਾਲ ਕਿਲੇ ਵਿਚੋਂ ‘ਫਤਹਿ ਦਰਸ਼ਨ’ ਤੇ ‘ਸੱਚਾ ਪਾਤਸ਼ਾਹ’ ਦੇ ਨਾਹਰੇ ਮਾਰਦੇ ਬਾਹਰ ਨਿਕਲਦੇ ਸਨ ਅਤੇ ਪਤੰਗਿਆਂ ਵਾਂਗ ਬਾਵਰੇ ਹੋਏ ਬਹਾਦਰੀ ਨਾਲ ਤੋਪਾਂ ਦੇ ਗੋਲਿਆਂ ਦੀ ਅੱਗ ਵਿਚ ਆਪਣੇ ਆਪ ਨੂੰ ਝੋਕਦੇ, ਤੇਗ ਦੀ ਤਿੱਖੀ ਧਾਰ ਅਤੇ ਬਾਣਾਂ ਤੇ ਨੇਜ਼ਿਆਂ ਦੀ ਤਿੱਖੀ ਨੋਕ ਉਪਰ ਚੜ੍ਹ ਜਾਂਦੇ ਸਨ, ਭਾਵ ਸ਼ਹੀਦ ਹੋ ਜਾਂਦੇ ਸਨ।

ਮੁਹੰਮਦ ਕਾਸਿਮ ਲਾਹੌਰੀ

ਉਸ ਬਾਗ਼ੀ ਆਦਮੀ (ਬੰਦਾ ਬਹਾਦਰ) ਦੀ ਜਾਦੂਗਰੀ ਦਾ ਇਸ (ਸ਼ਾਹੀ) ਲਸ਼ਕਰ ਦੇ ਸਰਦਾਰਾਂ ਦੇ ਦਿਲਾਂ ਵਿਚ ਏਨਾ ਜ਼ਿਆਦਾ ਡਰ ਬੈਠ ਗਿਆ ਸੀ ਕਿ ਉਹ ਹਮੇਸ਼ਾ ਦੋਵੇਂ ਹੱਥ ਜੋੜ ਕੇ ਖੁਦਾ ਤੋਂ ਦੁਆ ਮੰਗਦੇ ਸਨ-ਕਾਸ਼ ਉਹ ਗੜ੍ਹੀ ਵਿਚੋਂ ਬਾਹਰ ਨਿਕਲ ਕੇ ਪਹਿਲਾਂ ਵਾਂਗ ਫਰਾਰ ਹੋ ਜਾਵੇ ਤਾਂ ਕਿ ਨੌਕਰੀ ਦੇ ਸਮੇਂ ਤੱਕ ਉਨ੍ਹਾਂ ਦਾ ਵੱਕਾਰ ਤੇ ਇਤਬਾਰ ਵਸਦਾ ਰਹੇ।

ਕੇਸਰ ਸਿੰਘ ਛਿੱਬੜ ‘ਬੰਸਾਵਲੀ ਦਸਾਂ ਪਾਤਿਸ਼ਾਹੀਆਂ’ (1769) ਦਾ ਲਿਖਾਰੀ ਬ੍ਰਾਹਮਣੀ ਪਿਛੋਕੜ ਵਾਲਾ ਸੀ। ਉਹ ਆਪਣੇ ਨਾਂ ਨਾਲ ‘ਦਿਜ’ ਸ਼ਬਦ ਦੀ ਵਰਤੋਂ ਕਰਦਾ ਸੀ ਜਿਸ ਦਾ ਭਾਵ ਬ੍ਰਾਹਮਣ ਹੈ। ਉਹ ਲਿਖਦਾ ਹੈ, ਬੰਦੇ ਨੇ ਕਿਉਂਕਿ ਵਿਆਹ ਕਰਵਾ ਲਿਆ ਸੀ, ਇਸ ਲਈ ਉਸ ਨੇ ਰਹਿਤ ਭੰਗ ਕੀਤੀ ਸੀ, ਜਦੋਂ ਕਿ ਗੁਰੂ ਗੋਬਿੰਦ ਸਿੰਘ ਨੇ ਉਸ ਨੂੰ ਲੰਗੋਟ ਦਾ ਪੱਕਾ ਰਹਿਣ ਲਈ ਕਿਹਾ ਸੀ।

ਕੇਸਰ ਸਿੰਘ ਛਿੱਬੜ ਦਾ ਇਹ ਦੋਸ਼ ਨਿਰਮੂਲ ਹੈ। ਸਿੱਖ ਗੁਰੂਆਂ ਨੇ ਗ੍ਰਹਿਸਥ ਮਾਰਗ ਨੂੰ ਸਭ ਤੋਂ ਉੱਚਾ ਮਾਰਗ ਮੰਨਿਆ ਹੈ। ਮਰਦ ਤੇ ਇਸਤਰੀ ਨੂੰ ਬਰਾਬਰ ਦੇ ਹਕੂਕ ਦਿੱਤੇ ਗਏ ਹਨ। 

ਗੁਰੂ ਗੋਬਿੰਦ ਸਿੰਘ ਦੀਆਂ ਤਿੰਨ ਸ਼ਾਦੀਆਂ ਸਨ-ਮਾਤਾ ਸੁੰਦਰੀ, ਮਾਤਾ ਜੀਤੋ ਤੇ ਮਾਤਾ ਸਾਹਿਬ ਦੇਵਾਂ। ਉਹ ਬੰਦੇ ਨੂੰ ਵਿਆਹ ਨਾ ਕਰਵਾਉਣ ਲਈ ਕਿਵੇਂ ਕਹਿ ਸਕਦੇ ਸਨ? ਬੰਦੇ ਬਹਾਦਰ ਨੇ ਚੰਬੇ ਦੇ ਰਾਜਾ ਉਦੈ ਸਿੰਘ ਦੀ ਧੀ ਸੁਸ਼ੀਲ ਕੁੰਵਰ (ਮਗਰੋਂ ਸੁਸ਼ੀਲ ਕੌਰ) ਨਾਲ ਬਾਕਾਇਦਾ ਸ਼ਾਦੀ ਕੀਤੀ ਸੀ।

ਗਿਆਨੀ ਗਯਾਨ ਸਿੰਘ ਦਾ ਸਮਾਂ 1822 ਤੋਂ ਲੈ ਕੇ 1921 ਦਾ ਹੈ। ਚੜ੍ਹਦੀ ਜਵਾਨੀ ਵਿਚ ਉਹ ਨਿਰਮਲਾ ਸੰਤ ਬਣ ਗਿਆ ਸੀ। ਬੰਦਾ ਸਿੰਘ ਬਹਾਦਰ ਬਾਰੇ ਜਾਣਕਾਰੀ ਉਸ ਦੇ ਦੂਜੇ ਭਾਗ (ਸਮਸੇਰ ਖਾਲਸਾ) ਵਿਚੋਂ ਮਿਲਦੀ ਹੈ ਜੋ 1892 ਵਿਚ ਸਿਆਲਕੋਟ ਤੋਂ ਛਪਵਾਈ ਗਈ ਸੀ।

ਬੰਦਾ ਸਿੰਘ ਬਹਾਦਰ ਦੇ ਅਕਸ ਨੂੰ ਧੁੰਦਲਾ ਕਰਨ ਲਈ ਉਹ ਲਿਖਦਾ ਹੈ,ਉਸ ਨੇ ਵਿਆਹ ਕਰਵਾ ਕੇ ਗੁਰੂ ਗੋਬਿੰਦ ਸਿੰਘ ਦੀ ਅਵੱਗਿਆ ਕੀਤੀ ਸੀ।ਉਸ ਨੇ ਤੱਤ ਖਾਲਸਾ ਨਾਂ ਦਾ ਆਪਣਾ ਵੱਖਰਾ ਪੰਥ ਚਲਾ ਲਿਆ ਸੀ।ਖੰਡੇ ਦੀ ਪਾਹੁਲ ਦੀ ਥਾਂ ਚਰਨ ਪਾਹੁਲ ਦੀ ਰੀਤ ਅਰੰਭ ਕੀਤੀ।ਉਸ ਨੇ ਵਾਹਿਗੁਰੂ ਜੀ ਕੀ ਫਤਿਹ ਦੀ ਥਾਂ ਫਤਿਹ ਦਰਸ਼ਨ ਪ੍ਰਚਲਤ ਕੀਤਾ। ਉਸ ਪਾਸ ਜਾਦੂ ਮੰਤਰਾਂ ਦੀ ਪੋਥੀ ਸੀ ਜਿਸ ਨਾਲ ਉਹ ਕੰਮ ਸਾਰਦਾ ਸੀ। ਲੜਾਈ ਵਿਚ ਉਸ ਦੇ ਬੀਰ ਉਸ ਦੀ ਮਦਦ ਕਰਦੇ ਰਹਿੰਦੇ ਸਨ (ਭਾਵ ਬੰਦਾ ਕਰਾਮਾਤੀ ਜਾਦੂਗਰ ਸੀ)। ਬੰਦਾ ਸਿੰਘ ਅਤੇ ਉਸ ਦੇ ਪੁੱਤਰ ਨੂੰ ਸ਼ਹੀਦ ਕਰਨ ਤੋਂ ਬਾਅਦ ਜਦ ਉਸ ਦੀ ਪਤਨੀ ਨੂੰ ਮੁਸਲਮਾਨ ਬਣ ਜਾਣ ਲਈ ਕਿਹਾ ਗਿਆ ਤਾਂ ਉਸ ਨੇ ਮੁਸਲਮਾਨ ਬਣਨਾ ਸਵੀਕਾਰ ਕਰ ਲਿਆ ਅਤੇ ਉਸ ਨੂੰ ਦੱਖਣੀ ਬੇਗ਼ਮ ਦੇ ਹਵਾਲੇ ਕਰ ਕੇ ਮੱਕੇ ਹੱਜ ਕਰਨ ਲਈ ਭੇਜ ਦਿੱਤਾ। ਕੁਝ ਲੋਕਾਂ ਦਾ ਮਤ ਹੈ ਕਿ ਉਸ ਨੂੰ ਬਾਦਸ਼ਾਹ ਦੀ ਮਾਂ ਦੇ ਮਹਿਲਾਂ ਵਿਚ ਭੇਜ ਦਿੱਤਾ ਗਿਆ ਸੀ, ਪਰ  ਸੁਖਦਿਆਲ ਸਿੰਘ ਹਿਸਟੋਰੀਅਨ ਅਨੁਸਾਰ ਜ਼ਿੰਦਗੀ ਤੋਂ ਨਿਰਾਸ਼ ਹੋਈ ਰਾਜਕੁਮਾਰੀ ਨੇ ਚੋਰੀ ਛਿਪੇ ਮਹਿਲ ਦੇ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ।

ਕਰਮ ਸਿੰਘ ਹਿਸਟੋਰੀਅਨ

‘ਬੰਦਾ ਕੌਣ ਸੀ’ 1907 ਕਰਮ ਸਿੰਘ ਹਿਸਟੋਰੀਅਨ ਦੀ ਲਿਖਤ ਹੈ। ਆਪਣੀਆਂ ਲਿਖਤਾਂ ਵਿਚ ਉਸ ਨੇ ਪਹਿਲੀ ਵਾਰ ਫਾਰਸੀ ਸਰੋਤ ਦੀ ਸਹਾਇਤਾ ਲਈ। ਪਰ ਆਪਣੀਆਂ ਲਿਖਤਾਂ ਵਿਚ ਉਹ ਵੀ ਬੰਦੇ ਬਹਾਦਰ ਨਾਲ ਇਨਸਾਫ ਨਹੀਂ ਕਰ ਸਕਿਆ।ਉਹ ਵੀ ਬੰਦੇ ਨੂੰ ਗ਼ੈਰ-ਅੰਮ੍ਰਿਤਧਾਰੀ ਮੰਨਦਾ ਹੈ (ਬਾਅਦ ਦੀ ਲਿਖਤ ਵਿਚ ਉਸ ਨੇ ਇਸ ਨੂੰ ਮੰਨ ਲਿਆ)। ਬੰਦਾ ਦਿੱਲੀ ਵਿਚੋਂ ਬਚ ਕੇ ਨਿਕਲ ਗਿਆ ਸੀ। ਬਾਅਦ ਵਿਚ ਉਸ ਨੇ ਵਿਆਹ ਕਰਵਾ ਕੇ ਐਸ਼ੋ-ਅਰਾਮ ਦੀ ਜ਼ਿੰਦਗੀ ਬਤੀਤ ਕੀਤੀ।

ਸੁਖਦਿਆਲ ਸਿੰਘ ਅਨੁਸਾਰ “ਬਾਦਸ਼ਾਹ ਨੇ ਖਫ਼ਾ ਹੋ ਕੇ ਬੰਦੇ ਨੂੰ ਹਾਥੀ ਦੇ ਪੈਰ ਨਾਲ ਬੰਨ੍ਹਵਾ ਦਿੱਤਾ ਤੇ ਘੜੀਸ ਕੇ ਮਾਰਨ ਦਾ ਹੁਕਮ ਦੇ ਦਿੱਤਾ। ਉਸੇ ਘੜੀਸ ਵਿਚ ਬੰਦੇ ਨੇ ਆਪਣੇ ਪ੍ਰਾਣ ਦਸਵੇਂ ਦੁਆਰ ਚਾੜ੍ਹ ਲਏ। ਮੁਸਲਮਾਨਾਂ ਨੇ ਮੁਰਦਾ ਸਮਝ ਕੇ ਜਮਨਾ ਕਿਨਾਰੇ ਸੁਟਵਾ ਦਿੱਤਾ। ਬੰਦੇ ਦੇ ਚੇਲੇ ਜੋ ਮਾਈ ਰਾਮ ਦੇਈ ਬੰਦੇ ਦੀ ਔਰਤ ਦੇ ਭੇਜੇ ਹੋਏ ਮੁਸਲਮਾਨੀ ਲਿਬਾਸ ਧਾਰ ਕੇ ਉਥੇ ਫਿਰ ਰਹੇ ਸਨ, ਰਾਤ ਪਈ ਬੰਦੇ ਨੂੰ ਚੁੱਕ ਕੇ ਪੰਜਾਬ ਵਿਚ ਠੱਕਰ ਭੁੱਚੋ ਪਿੰਡ, ਪਰਗਨੇ ਸ਼ਰਕਪੁਰ, ਬੰਦੇ ਦੀ ਇਸਤਰੀ ਪਾਸ ਲੈ ਆਏ। ‘ਉਸ ਨੂੰ ਪ੍ਰਾਣ ਉਤਾਰ ਲੈਣੇ ਆਂਵਦੇ ਸੇ, ਮਾਕਸ਼ ਕਰਨੇ ਪਰ ਪ੍ਰਾਣ ਉਤਰ ਆਏ’ ਬੰਦਾ ਆਪਣੀਆਂ ਦੋਹਾਂ ਇਸਤਰੀਆਂ ਸਮੇਤ ਜੰਮੂ ਇਲਾਕੇ ਦੇ ਪਹਾੜਾਂ ਵਿਚ ਚਲਾ ਗਿਆ ਤੇ ਪਰਗਨੇ ਰਯਾਸੀ ਭੱਬਰ ਪਾਸ ਚੰਦਰ-ਭਾਗਾ ਦਰਿਆ ਕਿਨਾਰੇ ਪਹਾੜ ਦੀ ਗੁਫਾ ਵਿਚ ਸਾਰੀ ਉਮਰ ਗੁਜ਼ਾਰੀ।”

ਇਸ ਤੋਂ ਵੱਧ ਸਿੱਖ ਇਤਿਹਾਸ ਦੀ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਭਾਈ ਕਰਮ ਸਿੰਘ ਵਰਗੇ ਇਤਿਹਾਸਕਾਰ ਨੇ ਬੰਦੇ ਦੀ ਸ਼ਹੀਦੀ ਨੂੰ ਇੰਨੀ ਬੁਰੀ ਤਰ੍ਹਾਂ ਭੰਡਿਆ, ਜਿੰਨਾ ਸਿੱਖ ਇਤਿਹਾਸ ਵਿਚ ਕਿਸੇ ਹੋਰ ਯੋਧੇ ਨੂੰ ਨਹੀਂ ਭੰਡਿਆ ਗਿਆ।

ਸੋ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਦਾ ਬੰਦਾ ਸੀ ਜਿਸਨੇ ਸਿਖਾਂ ਨੂੰ ਰਾਜ ਕਰਨਾ ਸਿਖਾਇਆ ਤੇ ਮੁਗਲ ਸਾਮਰਾਜ ਦੀਆਂ ਜੜਾਂ ਖੋਖਲੀਆਂ ਕਰ ਦਿਤੀਆਂ।             

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ