ਸ੍ਰੋਮਣੀ ਗਾਇਕ ਪੰਜਾਬੀਅਤ ਦੀ ਸ਼ਾਨ ਸੁਰਿੰਦਰ ਛਿੰਦਾ

ਸ੍ਰੋਮਣੀ ਗਾਇਕ ਪੰਜਾਬੀਅਤ ਦੀ ਸ਼ਾਨ ਸੁਰਿੰਦਰ ਛਿੰਦਾ

ਸੁਰਿੰਦਰ ਛਿੰਦਾ ਪੰਜਾਬੀ ਸੰਗੀਤ ਜਗਤ ਵਿਚ ਪਿਛਲੇ ਚਾਰ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਸਰਗਰਮ ਹੈ..

ਉਹ ਲੋਕ ਰੰਗ, ਸੱਭਿਆਚਾਰਕ, ਲੋਕ ਗਾਥਾਵਾਂ ਤੇ ਪਰਿਵਾਰਕ ਰਿਸ਼ਤਿਆਂ ਦੇ ਰੰਗ ਵਿਚ ਰੰਗੇ ਚੁਲਬੁਲੇ ਦੋਗਾਣਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੁਰਿੰਦਰ ਛਿੰਦਾ ਆਪਣੇ ਸਮਕਾਲੀ ਗਾਇਕਾਂ ਮੁਹੰਮਦ ਸਦੀਕ, ਕੁਲਦੀਪ ਮਾਣਕ, ਕਰਤਾਰ ਰਮਲਾ, ਕਰਨੈਲ ਗਿੱਲ, ਦੀਦਾਰ ਸੰਧੂ, ਜਸਵੰਤ ਸੰਦੀਲਾ, ਕੇ. ਦੀਪ, ਜਗਮੋਹਨ ਕੌਰ, ਗੁਰਮੀਤ ਬਾਵਾ, ਨਰਿੰਦਰ ਬੀਬਾ ਤੇ ਹਾਕਮ ਬਖਤੜੀ ਵਾਲਾ ਵਰਗੇ ਅਨੇਕਾਂ ਹੀ ਹੋਰ ਕਲਾਕਾਰਾਂ ਵਿਚੋਂ ਸਿਰਕੱਢਵਾਂ ਗਵੱਈਆ ਹੈ। ਖੁੱਲ੍ਹੇ-ਡੁੱਲ੍ਹੇ ਸਰੀਰ ਵਾਲਾ ਸੁਰਿੰਦਰ ਛਿੰਦਾ ਜਦੋਂ ਚੌੜੀ ਛਾਤੀ ਤਾਣ ਸਟੇਜ ’ਤੇ ਆਪਣੀਆਂ ਸੁਰ ਕਲਾਵਾਂ ਨੂੰ ਛੇੜਦਾ ਹੈ ਤਾਂ ਉਹ ਪੰਡਾਲ ਵਿਚ ਬੈਠੇ ਸਰੋਤਿਆਂ ਨੂੰ ਝੂਮਣ ਲਾ ਦਿੰਦਾ ਹੈ।

ਆਪਣੀ ਗਾਇਕੀ ਦਾ ਇਤਿਹਾਸ ਸਿਰਜਣ ਵਾਲੇ ਸੁਰਿੰਦਰ ਛਿੰਦੇ ਦਾ ਜਨਮ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਛੋਟੀ ਅਯਾਲੀ ਦੇ ਰਹਿਣ ਵਾਲੇ ਮਿਸਤਰੀ ਪਿਤਾ ਬਚਨ ਰਾਮ ਅਤੇ ਮਾਤਾ ਵਿਦਿਆਵਤੀ ਦੇ ਘਰ 20 ਮਈ 1953 ਨੂੰ ਹੋਇਆ। ਆਪਣੇ ਸ਼ੌਕ ਦੀ ਪੂਰਤੀ ਲਈ ਉਸ ਨੇ ਸੰਗੀਤ ਜਗਤ ਦੇ ਉਸਤਾਦ ਮੰਨੇ ਜਾਣ ਵਾਲੇ ਸੰਗੀਤਕ ਗੁਰੂ ਜਨਾਬ ਜਸਵੰਤ ਭੰਵਰਾ ਨੂੰ ਆਪਣਾ ਮੁਰਸ਼ਦ ਧਾਰ ਕੇ ਸੰਗੀਤ ਦੀਆਂ ਬਾਰੀਕੀਆਂ ਨੂੰ ਸਿੱਖਿਆ। ਲੰਮੀ ਮਿਹਨਤ-ਮੁਸ਼ੱਕਤ ਤੋਂ ਬਾਅਦ ਜਦੋਂ ਉਸਤਾਦ ਰੂਪੀ ਮਾਲੀ ਨੂੰ ਆਪਣੇ ਬੂਟੇ ’ਤੇ ਸੰਗੀਤਕ ਕਲਾਵਾਂ ਦਾ ਬੂਰ ਨਜ਼ਰ ਆਉਣ ਲੱਗਿਆ ਤਾਂ ਉਸ ਨੂੰ ਆਪਣੇ ਆਸ਼ੀਰਵਾਦ ਦਾ ਪਾਣੀ ਪਾ ਵਿਸ਼ਾਲ ਰੁੱਖ ਬਣਨ ਲਈ ਸੰਗੀਤ ਦੇ ਵਿਹੜੇ ਲਾ ਦਿੱਤਾ। ਸਮੇਂ ਦੇ ਨਾਲ ਸੰਗੀਤ ਦਾ ਇਹ ਬੂਟਾ ਆਸਾਂ ਦੀ ਜ਼ਮੀਨ ਵਿਚ ਆਪਣੀ ਕਾਮਯਾਬੀ ਦੀਆਂ ਜੜ੍ਹਾਂ ਨੂੰ ਮਿਹਨਤ ਦੇ ਹਲ ਨਾਲ ਹੋਰ ਡੂੰਘਾਈ ਵਿਚ ਲਾਉਂਦਾ ਗਿਆ ਤੇ ਆਖ਼ਰਕਾਰ ਸੰਗੀਤ ਦੇ ਪਿੜ ’ਵਿਚੋਂ ਸ਼ਬਦ ਅਤੇ ਆਵਾਜ਼ ਦੇ ਸੁਮੇਲ ਨਾਲ ‘ਉੱਚਾ ਬੁਰਜ ਲਾਹੌਰ ਦਾ’ ਨਾਂ ਦੀ ਅਜਿਹੀ ਹਨੇਰੀ ਆਈ, ਜਿਸ ਨੇ ਗਾਇਕੀ ਦੇ ਸੰਘਣੇ ਰੁੱਖਾਂ ਦੀਆਂ ਜੜ੍ਹਾਂ ਤੱਕ ਹਿਲਾ ਦਿੱਤੀਆਂ। 

 ਸੁਰਿੰਦਰ ਛਿੰਦੇ ਨੇ ਪੰਜਾਬੀ ਸੰਗੀਤ ਤੋਂ ਇਲਾਵਾ ਫਿਲਮਾਂ ’ਚ ਵੀ ਆਪਣੇ ਧੜੱਲੇਦਾਰ ਅਭਿਨੈ ਨਾਲ ਅਦਾਕਾਰੀ ਦੀ ਅਜਿਹੀ ਵੱਖਰੀ ਛਾਪ ਛੱਡੀ ਹੈ ਕਿ ਉਸ ਦੇ ਸਿਰਜੇ ਇਤਿਹਾਸ ਨੂੰ ਸੁਨਹਿਰੀ ਅੱਖਰਾਂ ’ਚ ਲਿਸ਼ਕਾ ਰਹੀ ਹੈ। ਉਸ ਦੀ ਅਦਾਕਾਰੀ ਨਾਲ ਸਜੀਆਂ ਫਿਲਮਾਂ ’ਚ ‘ਪੁੱਤ ਜੱਟਾਂ ਦੇ’, ‘ਉੱਚਾ ਦਰ ਬਾਬੇ ਨਾਨਕ ਦਾ’, ‘ਬਦਲਾ ਜੱਟੀ ਦਾ’, ‘ਜੱਟ ਜਿਊਣਾ ਮੌੜ’, ‘ਬਗ਼ਾਵਤ’, ‘ਹੰਕਾਰ’, ‘ਚੜ੍ਹਦਾ ਸੂਰਜ’, ‘ਟਰੱਕ ਡਰਾਈਵਰ’, ‘ਜੱਟ ਪੰਜਾਬ ਦਾ’ ਅਤੇ ‘ਜੱਟ ਯੋਧੇ’ ਅਤੇ ਹੋਰ ਸ਼ਾਮਲ ਹਨ।ਉਸ ਨੇ ਦੇਵ ਥਰੀਕਿਆਂ ਵਾਲਾ, ਜੱਗਾ ਗਿੱਲ ਨੱਥੋ ਹੇੜੀ ਵਾਲਾ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਹਾਕਮ ਬਖਤੜੀ ਵਾਲਾ, ਸੇਵਾ ਨੌਰਥ, ਸਨਮੁੱਖ ਆਜ਼ਾਦ, ਕਰਨੈਲ ਸਿਵੀਆ, ਅਮਰੀਕ ਸਿੰਘ ਤਲਵੰਡੀ, ਬਚਨ ਬੇਦਿਲ ਜਿਹੀਆਂ ਪੁਰਾਣੀਆਂ ਕਲਮਾਂ ਤੋਂ ਲੈ ਕੇ ਅਜੋਕੇ ਦੌਰ ਵਿਚ ਭੱਟੀ ਭੜੀਵਾਲਾ, ਕਾਲਾ ਸੰਘਿਆਂ ਵਾਲਾ, ਜਸਵੀਰ ਗੁਣਾਚੌਰੀਆ, ਬਿੱਟੂ ਦੌਲਤਪੁਰੀਆ ਨੂੰ ਗਾਉਣ ਦਾ ਮਾਣ ਹਾਸਲ ਕਰ ਰਿਹਾ ਹੈ। ਅਜੋਕੇ ਗਾਇਕਾਂ ਨੂੰ ਉਸ ਤੋਂ ਸੇਧ ਲੈਣ ਦੀ ਲੋੜ ਹੈ।

ਪੰਜਾਬੀ ਗਾਇਕੀ ਦਾ ਇਹ ਸ਼ਾਹ ਅਸਵਾਰ ਗਾਇਕ ਅੱਜ ਵੀ ਸੰਗੀਤ ਦੇ ਬਦਲਵੇਂ ਦੌਰ ’ਚ ਸੱਭਿਆਚਾਰ ਦੇ ਮੈਦਾਨ ਵਿਚ ਡਟ ਕੇ ਪੰਜਾਬੀਅਤ ਦੇ ਝੰਡੇ ਨੂੰ ਬੁਲੰਦ ਕਰ ਰਿਹਾ ਹੈ। ਪਰਮਾਤਮਾ ਕਰੇ ਪੰਜਾਬੀ ਗਾਇਕੀ ਦਾ ਇਹ ਸਪੂਤ ਆਪਣੀ ਦਹਾਕੜ ਆਵਾਜ਼ ਨਾਲ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਦਾ ਹੋਇਆ ਲੋਕ ਗੀਤਾਂ ਜਿੰਨੀ ਉਮਰ ਮਾਣਦਾ ਰਹੇ।

ਹਿੱਟ ਗੀਤਾਂ ਨਾਲ ਬਣਿਆ ਸਿਰਮੌਰ ਗਾਇਕ

ਜੇ ਸੁਰਿੰਦਰ ਛਿੰਦੇ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਸ ਨੇ ਇੱਕ ਨਹੀਂ, ਦੋ ਨਹੀਂ ਸਗੋਂ ਸੈਂਕੜਿਆਂ ਦੀ ਤਾਦਾਦ ’ਚ ਗੀਤ ਰਿਕਾਰਡ ਕਰਵਾ ਕੇ ਆਪਣੇ ਨਾਂ ਦੀ ਵੱਖਰੀ ਮਿਸਾਲ ਕਾਇਮ ਕੀਤੀ। ਉਸ ਦੇ ਦਰਜਨਾਂ ਹਿੱਟ ਗੀਤਾਂ ਨੇ ਮੱਲੋ-ਮੱਲੀ ਉਸ ਨੂੰ ਸਿਰਮੌਰ ਗਾਇਕ ਦਾ ਖ਼ਿਤਾਬ ਦਿਵਾ ਦਿੱਤਾ ਜਿਵੇਂ,

>> ‘ਉੱਚਾ ਬੁਰਜ ਲਾਹੌਰ ਦਾ

>> ‘ਜੱਟ ਮਿਰਜ਼ਾ ਖਰਲਾਂ ਦਾ’

>> ‘ਪੁੱਤ ਜੱਟਾਂ ਦੇ’

>> ‘ਰੱਖ ਲੈ ਕਲੀਂਡਰ ਯਾਰਾ’

>> ‘ਦੋ ਊਠਾਂ ਵਾਲੇ’

>> ‘ਤਾਰਾ ਰਾਣੀ’

>> ‘ਇਹ ਮਿੱਤ ਕਿਸੇ ਦਾ ਨਾ’

>> ‘ਨੈਣਾਂ ਦੇ ਵਣਜਾਰੇ’

>> ‘ਜਿਊਣਾ ਮੌੜ’

>> ‘ਤੀਆਂ ਲੌਂਗੋਵਾਲ ਦੀਆਂ’

>> ‘ਰਾਮ ਕੌਰ’

>> ‘ਜੱਗਾ ਜੱਟ’

>> ‘ਮੈਂ ਨਾ ਅੰਗਰੇਜ਼ੀ ਜਾਣਦੀ’

>> ‘ਦਿੱਲੀ ਸ਼ਹਿਰ ਦੀਆਂ ਕੁੜੀਆਂ’

>> ‘ਗੱਲਾਂ ਸੋਹਣੇ ਯਾਰ ਦੀਆਂ’

>> ‘ਬਾਬਿਆਂ ਦੇ ਚੱਲ ਚੱਲੀਏ’

>> ‘ਮੈਂ ਡਿੱਗੀ ਤਿਲਕ ਕੇ’

>> ‘ਇੱਕ ਮਹੀਨਾ ਜੇਠ ਦਾ’

>> ‘ਗੱਡੀ ਦੇ ਸਿਲੰਡਰ ਦੀ’

>> ‘ਜੰਨ ਚੜ੍ਹੀ ਅਮਲੀ ਦੀ’

>> ‘ਮੁੰਡੇ ਕਹਿਣ ਮਿਸ ਇੰਡੀਆ’ਅਤੇ ਅਨੇਕਾਂ ਹੋਰ ਗੀਤ ਝੋਲੀ ਪਏ ਆਪਣੀ ਗਾਇਕੀ ਦਾ ਲੰਬਾ ਸਫ਼ਰ ਤੈਅ ਕਰਦਿਆਂ ਮਾਂ-ਬੋਲੀ ਪੰਜਾਬੀ ਦੇ ਸੱਭਿਆਚਾਰਕ ਸ਼ੇਰ ਸੁਰਿੰਦਰ ਛਿੰਦਾ ਨੇ ਆਪਣੀ ਦਹਾਕੜ ਆਵਾਜ਼ ਨਾਲ ਦੇਸ਼-ਵਿਦੇਸ਼ ਦੀ ਧਰਤੀ ’ਤੇ ਅਨੇਕਾਂ ਮਾਣ- ਸਨਮਾਨ ਪ੍ਰਾਪਤ ਕਰ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਕੱਦ ਨੂੰ ਉੱਚਾ ਕੀਤਾ। ਧਰੂ ਤਾਰੇ ਵਾਂਗ ਚਮਕਦਾ ਹੋਇਆ ਸੁਰਿੰਦਰ ਛਿੰਦੇ ਦਾ ਨਾਂ ਉਦੋਂ ਹੋਰ ਵੀ ਸੁਨਹਿਰੀ ਲਿਸ਼ਕ ਬਿਖੇਰਨ ਲੱਗਿਆ ਜਦੋਂ ਪੰਜਾਬ ਸਰਕਾਰ ਨੇ ਉਸ ਨੂੰ ਸ਼੍ਰੋਮਣੀ ਗਾਇਕ ਦੇ ਐਵਾਰਡ ਨਾਲ ਨਿਵਾਜ ਕੇ ਇਸ ਦੇ ਗਾਇਕੀ ਦੇ ਇਤਿਹਾਸ ਨੂੰ ਸੁਨਹਿਰੀ ਹਰਫ਼ਾਂ ’ਵਿਚ ਪਰੋ ਦਿੱਤਾ।