ਮਨੁੱਖੀ ਸਭਿਅਤਾ ਤੇ ਅਜ਼ਾਦੀ ਲਈ ਖਤਰਨਾਕ ਆਰਟੀਫੀਸ਼ਲ ਇੰਟੈਲੀਜੈਂਸ

ਮਨੁੱਖੀ ਸਭਿਅਤਾ ਤੇ ਅਜ਼ਾਦੀ ਲਈ ਖਤਰਨਾਕ ਆਰਟੀਫੀਸ਼ਲ ਇੰਟੈਲੀਜੈਂਸ

ਪਿਛਲੇ ਕੁਝ ਸਮੇਂ ਦੌਰਾਨ , ਸੰਸਾਰ ਦੀ ਮੰਡੀ ਵਿੱਚ ਕਈ ਏਆਈ ਮਾਡਲ ਪੈਰ ਧਰ ਚੁੱਕੇ ਹਨ ਅਤੇ ਹੁਣ ਇਨ੍ਹਾਂ ਨਾਲ ਸਬੰਧਿਤ ਨਿਰਮਾਤਾਵਾਂ ਨੇ ਹੀ ਏਆਈ ਨੂੰ ਲੈ ਕੇ ਖਦਸ਼ੇ ਜਤਾਉਣੇ ਸ਼ੁਰੂ ਕਰ ਦਿੱਤੇ ਹਨ...

ਡਰ ਇਹ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਵੱਡੀ ਗਿਣਤੀ ਵਿੱਚ ਨੌਕਰੀਆਂ ਖਾ ਜਾਵੇਗਾ ਤੇ ਇਹ ਪੂਰੀ ਮਨੁੱਖਤਾ ਨੂੰ ਹੀ ਕੰਟਰੋਲ ਕਰ ਲਵੇਗਾ।ਪਿਛਲੇ ਮਹੀਨੇ, 1,000 ਮਾਹਿਰਾਂ ਨੇ ਆਰਟੀਫੀਸ਼ਲ ਇੰਟੈਲੀਜੈਂਸ ਡਿਵਲਪਮੈਂਟ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ ਕਿ ਆਰਟੀਫੀਸ਼ਲ ਇੰਟੈਲੀਜੈਂਸ ਬਣਾਉਣ ਦੀ ਦੌੜ ਬੇਕਾਬੂ ਹੁੰਦੀ ਜਾ ਰਹੀ ਹੈ।ਕੁਝ ਸਮਾਂ ਪਹਿਲਾਂ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਗੌਡਫਾਦਰ ਵਜੋਂ ਜਾਣੇ ਜਾਂਦੇ ਜਿਓਫਰੀ ਹਿੰਟਨ ਨੇ ਇਸ ਖੇਤਰ ਵਿੱਚ ਵਿਕਾਸ ਦੇ ਵਧ ਰਹੇ ਖ਼ਤਰਿਆਂ ਬਾਰੇ ਚੇਤਾਵਨੀ ਦਿੰਦੇ ਹੋਏ ਆਪਣੀ ਨੌਕਰੀ ਛੱਡ ਦਿੱਤੀ ਸੀ।

ਕੁਝ ਲੋਕ ਸੋਚਦੇ ਹਨ ਕਿ ਤਕਨਾਲੋਜੀ ਅਸਲ ਵਿੱਚ ਚੰਗੀ ਹੁੰਦੀ ਹੈ, ਜਦਕਿ ਦੂਸਰੇ ਇਸ 'ਤੇ ਜ਼ਿਆਦਾ ਭਰੋਸਾ ਨਹੀਂ ਕਰਦੇ। ਅਸਲ ਵਿਚ ਆਰਟੀਫੀਸ਼ਲ ਇੰਟੈਲੀਜੈਂਸ ਕੰਪਿਊਟਰ ਸਾਇੰਸ ਦੀ ਇਕ ਸ਼ਾਖਾ ਹੈ ਜਿਹਦਾ ਟੀਚਾ ਮਸ਼ੀਨਾਂ ਵਿਚ ਬੁੱਧੀ ਜਾਂ ਮਨੁੱਖਾਂ ਵਰਗੀ ਅਕਲ ਭਰਨਾ ਹੈ। ਕੰਪਿਊਟਰ ਨੂੰ ਕਈ ਕੁਝ ਸਿਖਾਇਆ ਜਾਂਦਾ ਹੈ, ਉਹਦੇ ਵਿਚ ਲੋਡ ਕੀਤਾ ਜਾਂਦਾ ਹੈ ਜੋ ਉਹ ਆਪਣੀ ਮੈਮਰੀ ਵਿਚ ਯਾਦ ਰੱਖਦਾ ਹੈ ਜਿਵੇਂ: ਵਿਸ਼ਾਲ ਗਿਆਨ, ਮਸਲਿਆਂ ਦੇ ਹੱਲ ਕੱਢਣਾ, ਦਲੀਲ, ਯੋਜਨਾਬੰਦੀ ਕਰਨਾ, ਜੁਗਾੜ ਲਗਾਉਣੇ ਆਦਿ। ਕੰਪਿਊਟਰ ਵਿਚ ਗਿਆਨ ਇਕੱਠਾ ਕਰਨਾ ਮਸਨੂਈ ਬੁੱਧੀ ਦਾ ਮੁੱਖ ਧੁਰਾ ਹੁੰਦਾ ਹੈ। ਜੇਕਰ ਮਸ਼ੀਨ ਦੇ ਅੰਦਰ ਗਿਆਨ ਦਾ ਵਿਸ਼ਾਲ ਭੰਡਾਰ ਹੋਵੇਗਾ ਤਾਂ ਹੀ ਉਹ ਬੋਧਿਕ ਕੰਮ ਕਰ ਸਕੇਗੀ ਤੇ ਕਿਸੇ ਕੰਮ ਬਾਰੇ ਪ੍ਰਤੀਕਰਮ ਦੇ ਸਕੇਗੀ। ਰੋਬੋਟਿਕਸ, ਮਸਨੂਈ ਬੁੱਧੀ ਨਾਲ ਸਬੰਧਿਤ ਪ੍ਰਮੁੱਖ ਖੇਤਰ ਹੈ।ਅਸਲ ਵਿਚ ਇਹ ਮਨੁੱਖੀ ਸੱਭਿਅਤਾ ਬਾਰੇ ਇੱਕੀਵੀਂ ਸਦੀ ਦਾ ਅਹਿਮ ਸਵਾਲ ਹੈ। ਕਿਉਂਕਿ ਮਨੁੱਖੀ ਚੇਤਨਾ ਦੇ ਸ਼ਬਦ ਬ੍ਰਹਮ ਦਾ ਮਸ਼ੀਨੀਕਰਨ ਕਰਕੇ ਹਾਈਜੈਕ ਕੀਤਾ ਜਾ ਰਿਹਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖੀ ਦਿਮਾਗ ਦਾ ਬਦਲ ਹੈ। ਸੋਚੋ, ਇਨਸਾਨ ਹੋਣ ਦਾ ਕੀ ਅਰਥ ਹੈ? ਮਨੁੱਖ ਜਾਨਵਰ ਤੋਂ ਕਿਵੇਂ ਵੱਖਰਾ ਹੈ? ਜੇਕਰ ਮਨੁੱਖੀ ਚੇਤਨਾ, ਉਸਦਾ ਦਿਮਾਗ ਉਸਦੇ ਸਰੀਰ ਦੀਆਂ ਭਾਵਨਾਵਾਂ, ਖੁਸ਼ੀ, ਦੁੱਖ ਅਤੇ ਯਾਦਾਂ ਨੂੰ ਸ਼ਬਦਾਂ ਅਤੇ ਭਾਸ਼ਾ ਦੁਆਰਾ ਪ੍ਰਗਟ ਨਹੀਂ ਕਰ ਸਕਦਾ, ਤਾਂ ਉਸ ਦੇ ਜੀਵ-ਵਿਗਿਆਨਕ ਸਰੀਰ ਦਾ ਕੀ ਲਾਭ ਹੈ? ਜੇ ਮਨੁੱਖੀ ਦਿਮਾਗ ਆਪਣੇ ਆਪ ਸੋਚਣਾ ਬੰਦ ਕਰ ਦੇਵੇ ਤੇ ਸਭ ਕੁਝ ਆਰਟੀਫੀਸ਼ਲ ਇੰਟੈਲੀਜੈਂਸ ਨੂੰ ਸੌਂਪ ਦੇਵੇ ਤਾਂ ਮਨੁੱਖ ਤੇ ਪਸ਼ੂ ਜਾਂ ਬੁਤ ਵਿਚ ਕੀ ਅੰਤਰ ਹੋਵੇਗਾ?

 ਸਵਾਲ ਇਹ ਹੈ ਕਿ ਚੇਤਨਾ ਦਾ ਕੀ ਅਰਥ ਹੈ? ਗੁਰਮਤਿ ਅਨੁਸਾਰ ਮਨੁੱਖ ਦੀ ਉਤਪਤੀ, ਬ੍ਰਹਿਮੰਡ ਅਤੇ ਸਭਿਅਤਾ ਦਾ ਜਨਮਦਾਤਾ ਬ੍ਰਹਮ ਹੈ, ਜਿਸ ਕਾਰਨ ਮਨੁੱਖ ਪਸ਼ੂ ,ਪਦਾਰਥ ਤੇ ਮਸ਼ੀਨ ਨਾਲੋਂ ਭਿੰਨ ਹੈ। ਬ੍ਰਹਮ ਕਾਰਣ ਉਸਦੀ ਆਤਮਾ ,ਚੇਤਨਾ ਤੇ ਸਰੀਰ ਦਾ ਸਮੁਚਾ ਵਰਤਾਰਾ ਚੱਲਦਾ ਹੈ।ਅਨੁਭਵ ਤੇ ਸ਼ਬਦ ਦਿਮਾਗ ਵਿਚੋਂ ਪੈਦਾ ਹੁੰਦੇ ਮਨੁੱਖੀ ਮਨ ਨੂੰ ਆਦੇਸ਼ ਦਿੰਦੇ ਹਨ। ਚੇਤਨਾ ਹੀ ਸਰੀਰ ਨੂੰ ਸਰਗਰਮ ਕਰਦੀ ਹੈ । ‘ਮਨੁ ਹਾਲੀ ਕਿਰਸਾਣੀ ਕਰਣੀ ਸਰਮ ਪਾਣੀ ਤਨੁ ਖੇਤੁ’ ਦਾ ਇਹੀ ਭਾਵ ਹੈ। ਦਿਮਾਗ ਦੇ ਕੰਮਾਂ ਤੇ ਗੁਣਵੱਤਾ ਨੂੰ ਹੀ ਮਨ ਕਹਿੰਦੇ ਹਨ। ਦਿਮਾਗ ਹਰ ਕੰਮ ਨੂੰ ਸੌਖਿਆਂ ਤੇ ਸੁਚੱਜ ਨਾਲ ਕਰਨ ਲਈ ਨਮੂਨੇ ਘੜ੍ਹਦਾ ਹੈ। ਉਹ ਇਨ੍ਹਾਂ ਨੂੰ ਵਰਤਣ ਲਈ ਆਪਣੇ ਅੰਦਰ ਜਮ੍ਹਾਂ ਕਰ ਕੇ ਰੱਖਦਾ ਹੈ। ਇਸ ਨੂੰ ਮੱਤ ਕਹਿੰਦੇ ਹਨ। ਸੁਰਤ, ਮਤ ਤੇ ਮਨ ਦੀ ਲਗਾਤਾਰ ਵਰਤੋਂ ਨਾਲ ਬੁਧ ਪੈਦਾ ਹੁੰਦੀ ਹੈ, ਜੋ ਵਿਵੇਕ ਦੇ ਸਹਾਰੇ ਭਵਿੱਖ ਦੇ ਕਾਰਜਾਂ ਅਤੇ ਸਿੱਟਿਆਂ ਬਾਰੇ ਅੰਦਾਜ਼ਾ ਲਾ ਲੈਂਦੀ ਹੈ। ਬੁੱਧ ਪੱਖੋਂ ਮਨੁੱਖ ਸਿੱਖਦਾ ਹੀ ਰਹਿੰਦਾ ਹੈ। ਇਸੇ ਲਈ ਉਸ ਨੂੰ ਸਦਾ ਵਿਦਿਆਰਥੀ ਮੰਨਿਆ ਜਾਂਦਾ ਹੈ।ਗੁਰੂ ਸਾਹਿਬ ਫੁਰਮਾਉਂਦੇ ਹਨ, ਮੰਨੇ ਭਾਵ ਮਨਨ ਨਾਲ ਸੁਰਤ, ਮਤ, ਮਨ ਅਤੇ ਬੁਧ ਘੜ੍ਹੇ ਜਾਂਦੇ ਹਨ ਤੇ ਇਨ੍ਹਾਂ ਦਾ ਸਰਬ-ਪੱਖੀ ਵਿਕਾਸ ਹੁੰਦਾ ਹੈ। ਮਨੁੱਖ ਦੇ ਦਿਮਾਗੀ ਵਿਸ਼ਲੇਸ਼ਣ ਅਤੇ ਅਨੁਭਵ ਸਦਕਾ ਸਮਾਜਕ ਸੂਝ ਭਾਵ ਸਭਿਅਤਾ ਬਣਦੀ ਹੈ।ਤਨ ਵਿੱਚ ਮਨ ਹੁੰਦਾ ਹੈ ਅਤੇ ਮਨ ਵਿੱਚ ਬ੍ਰਹਮ ਵਸਦਾ ਹੈ। ਮਨ ਆਪਣੇ ਕਰਤੇ ਬ੍ਰਹਮ ਨਾਲ ਮਿਲ ਕੇ ਉਸ ਵਿੱਚ ਅਭੇਦ ਹੋ ਜਾਂਦਾ ਹੈ। ਬ੍ਰਹਮ ਨਾਲ ਮਿਲਾਪ ਕਰਨ ਦੀ ਯੋਗਤਾ ਕੇਵਲ ਮਨ ਵਿੱਚ ਹੀ ਹੈ ਕਿਉਂਕਿ ਉਹੋ ਬ੍ਰਹਮ ਦਾ ਅੰਸ਼ ਹੈ। ਪਦਾਰਥ ਹੋਣ ਕਾਰਨ ਸਰੀਰ ਹਰ ਪਲ ਬਦਲਦਾ ਰਹਿੰਦਾ ਹੈ ਅਤੇ ਮੌਤ ਹੋਣ ਤੇ ਮਿੱਟੀ ਬਣ ਕੇ ਉਸ ਵਿੱਚ ਰਲ ਜਾਂਦਾ ਹੈ ਪਰ ਮਨ ਦੀ ਮੌਤ ਨਹੀਂ ਹੁੰਦੀ। ਗੁਰਬਾਣੀ ਦਾ ਕਥਨ ਹੈ:

“ਇਸੁ ਮਨ ਕਉ ਨਹੀ ਆਵਣ ਜਾਨਾ॥ ਜਿਸ ਕਾ ਭਰਮ ਗਿਆ ਤਿਨਿ ਸਾਚੁ ਪਛਾਣਾ॥” ਅਤੇ ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ॥” (ਪੰਨਾ ੩੩੦)।

ਪਰ ਇੱਕੀਵੀਂ ਸਦੀ ਵਿੱਚ ਮਨੁੱਖ ਦੁਆਰਾ ਬਣਾਈ ਨਕਲੀ ਬੁੱਧੀ ਜੇਕਰ ਮਨੁੱਖੀ ਚੇਤਨਾ ਨੂੰ ਆਪਣੇ ਕਬਜ਼ੇ ਵਿਚ ਲੈਂਦੀ ਹੈ ਤਾਂ ਮਨੁੱਖੀ ਮਨ ਸੰਵੇਦਨਹੀਣ ਹੋ ਜਾਵੇਗਾ।ਮਨੁੱਖ ਬ੍ਰਹਮ ਦੀ ਥਾਂ ਮਸ਼ੀਨੀ ਕਮਾਂਡ ਦੁਆਰਾ ਚਲੇਗਾ।ਗੁਰਮਤਿ ਅਨੁਸਾਰ ਮਨੁੱਖ ਅਤੇ ਮਨੁੱਖਤਾ, ਮਨੁੱਖੀ ਸਭਿਅਤਾ ਅਤੇ ਸੱਭਿਆਚਾਰ ਸਭ ਕੁਝ ਮਨ ਦੀ ਚੇਤਨਾ ਦੇ ਤੱਤ 'ਤੇ ਆਧਾਰਿਤ ਹੈ। ਗੁਰਬਾਣੀ ਨੇ ਗਲ ਮੁਕਾ ਦਿਤੀ ਕਿ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ।ਇਹ ਵਿਸ਼ਾਲ ਤੇ ਬਹੁਰੰਗੀ ਹੈ। ਬ੍ਰਹਮ ਇਸ ਵਿਚ ਸਮਾਇਆ ,ਕਣ ਕਣ ਵਿਚ ਮੌਜੂਦ ਇਸ ਨੂੰ ਚਲਾ ਰਿਹਾ ਹੈ।

ਹੁਣ ਜ਼ਰਾ ਸੋਚੋ, ਜੇ ਮਨੁੱਖ ਦਾ ਮਨ, ਉਸ ਦੀ ਭਾਸ਼ਾ, ਭਾਸ਼ਾ ਦੀਆਂ ਬਣੀਆਂ ਕਹਾਣੀਆਂ ਦਾ ਕੰਮ ਮਸ਼ੀਨਾਂ ਕਰਨ ਲਗ ਜਾਣ ਤਾਂ ਕੀ ਹੋਵੇਗਾ? ਜੇਕਰ ਕੰਪਿਊਟਰ ਮਸ਼ੀਨ, ਉਸ ਵਿੱਚ ਸਟੋਰ ਕੀਤੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਨਕਲੀ ਬੁਧੀ ਵਾਲੇ ਸਾਫਟਵੇਅਰ ਜੈਵਿਕ ਮਨੁੱਖੀ ਮਨ ਦੇ ਓਪਰੇਟਿੰਗ ਸਿਸਟਮ ਦੀ ਥਾਂ ਲੈ ਲੈਣ ਤਾਂ ਮਨੁੱਖੀ ਸਮਾਜ ਦਾ ਕੀ ਬਣੇਗਾ? ਕਲਪਨਾ ਡਰਾਉਣੀ ਹੈ।ਇਸ ਨਾਲ ਮਨੁੱਖੀ ਮਨ ਸੰਵੇਦਨਾਵਾਂ ਸਭ ਖਤਮ ਹੋ ਜਾਣਗੀਆਂ।

 ਮਨੁੱਖ ਪੁਰਾਤਨ ਸਮੇਂ ਤੋਂ ਜੀਵਨ ਦੀਆਂ ਲੋੜਾਂ ਤੇ ਸਹੂਲਤਾਂ ਲਈ ਮਸ਼ੀਨਾਂ ਬਣਾ ਰਿਹਾ ਹੈ ਤਾਂ ਜੋ ਉਹ, ਕੰਮ ਨੂੰ ਸੁਖਾਲਾ ਬਣਾ ਸਕੇ ਅਤੇ ਅਨੰਦ ਭਰਪੂਰ ਜ਼ਿੰਦਗੀ ਗੁਜ਼ਾਰ ਸਕੇ।ਜੀਵਨ ਸੁਖਾਲਾ ਹੋ ਜਾਵੇ।ਉਹ ਮਸ਼ੀਨਾਂ ਤੋਂ ਹੁਣ ਤੱਕ ਸ਼ਕਤੀ ਪ੍ਰਾਪਤ ਕਰਦਾ ਰਿਹਾ ਹੈ ਅਤੇ ਆਰਾਮ, ਮੌਜ-ਮਸਤੀ ਅਤੇ ਖੁਸ਼ਹਾਲੀ ਵਾਲਾ ਜੀਵਨ ਬਤੀਤ ਕਰਦਾ ਰਿਹ ਹੈ ਤੇ ਹੁਣ ਵੀ ਕਰ ਰਿਹਾ ਹੈ।ਇਸ ਇੱਛਾ, ਭੁੱਖ ਅਤੇ ਲਾਲਸਾ ਨੇ ਜਿੱਥੇ ਮਨੁੱਖੀ ਵਿਕਾਸ ਨੂੰ ਹੌਲੀ-ਹੌਲੀ ਵਧਾਇਆ ਹੈ, ਉੱਥੇ ਮਨੁੱਖ ਨੂੰ ਤਬਾਹੀ ਵਲ ਵੀ ਤੌਰਿਆ ਹੈ। ਜਾਣੇ-ਪਛਾਣੇ ਇਤਿਹਾਸ ਵਿੱਚ ਮਨੁੱਖ ਨੇ ਆਪਣੀ ਚੇਤੰਨ ਅਵਸਥਾ ਵਿੱਚ ਗੁਲਾਮੀ , ਅੱਤਿਆਚਾਰ ਵਾਲਾ ਜੋ ਜੀਵਨ ਗੁਜ਼ਾਰਿਆ ਹੈ ਅਤੇ ਜਿੰਨੇ ਵੀ ਯੁੱਧ ਅਤੇ ਕਤਲੇਆਮ ਉਸਨੇ ਝੱਲੇ ਹਨ, ਉਹ ਸਭ ਵਿਕਾਸ ਦੇ ਉਪ-ਉਤਪਾਦ ਹਨ। ਅੱਜਕੱਲ੍ਹ ਮਨੁੱਖੀ ਸਭਿਅਤਾ ਪੰਜਵੀਂ ਕ੍ਰਾਂਤੀ ਜਾਂ ਤਕਨੀਕੀ ਕ੍ਰਾਂਤੀ ਦੀ ਕਗਾਰ 'ਤੇ ਹੈ, ਜਿਸ ਵਿੱਚ ਮਨੁੱਖ ਆਪਣੇ ਸ਼ਬਦ ਬ੍ਰਹਮ, ਆਪਣੀ ਚੇਤਨਾ, ਆਪਣੇ ਮਨ ਦਾ ਕੰਮ ਇੱਕ ਮਸ਼ੀਨ ਦੇ ਹਵਾਲੇ ਕਰ ਰਿਹਾ ਹੈ ਤਾਂ ਜੋ ਰੈਡੀਮੇਡ ਦਿਮਾਗ ਪ੍ਰਾਪਤ ਹੋਵੇ। ਸਭ ਕੁਝ ਮਸ਼ੀਨੀ ਤੌਰ 'ਤੇ. ਸੰਚਾਰ, ਭਾਸ਼ਾ, ਸ਼ਬਦਾਂ ਅਤੇ ਫੈਸਲਿਆਂ ਆਦਿ ਦੇ ਸਾਰੇ ਪਹਿਲੂਆਂ ਵਿੱਚ, ਉਹ ਮਸ਼ੀਨਰੀ ਬਣਾਈ ਜਾ ਰਹੀ ਹੈ, ਜਿਸ ਨੂੰ ਨਾ ਤਾਂ ਪ੍ਰਭਾਵਾਂ ਦੀ ਪਰਵਾਹ ਹੈ ਅਤੇ ਨਾ ਹੀ ਅੰਤਿਮ ਨਤੀਜਿਆਂ ਦੀ ਚਿੰਤਾ ਹੈ।ਆਰਟੀਫੀਸ਼ਲ ਇੰਟੈਲੀਜੈਂਸ ਕਾਰਣ ਲੋਕਾਂ ਦੀ ਸੋਚ, ਸੱਚ ਨੂੰ ਜਾਨਣ ਅਤੇ ਖੋਜਣ ਦੀ ਪ੍ਰਕਿਰਿਆ ਕੁਝ ਕੁ ਸੁਚੇਤ ਮਨੁੱਖਾਂ ਤੱਕ ਹੀ ਸੀਮਤ ਹੋ ਜਾਵੇਗੀ। ਅਤੇ ਇਹ ਖਪਤਕਾਰੀ ਸਭਿਅਤਾ ਦੇ ਲੋਕ ਆਪਣੀ ਲਾਲਸਾ ਅਤੇ ਲਾਲਚ ਵਿੱਚ ਬੁਤਾਂ ਦੀ ਭੀੜ ਅਤੇ ਭੇਡਾਂ ਦੇ ਝੁੰਡਾਂ ਵਿੱਚ ਬਦਲਣ ਦੇ ਨਵੇਂ ਤਰੀਕੇ ਤਿਆਰ ਕਰ ਰਹੇ ਹਨ। ਇਸ ਕਾਰਨ ਮਨੁੱਖ ਕੁਦਰਤ ਤੇ ਚੇਤਨਾ ਤੋਂ ਭਟਕ ਜਾਵੇਗਾ ਅਤੇ ਅਸੰਵੇਦਨਸ਼ੀਲ ਹੋ ਜਾਵੇਗਾ। ਜਿਨ੍ਹਾਂ ਸਮਾਜਾਂ ਅਤੇ ਦੇਸ਼ਾਂ ਵਿੱਚ ਨਿੱਜੀ ਆਜ਼ਾਦੀ, ਨਿੱਜਤਾ ਦਾ ਕੋਈ ਮਹੱਤਵ ਨਹੀਂ ਹੈ ਅਤੇ ਧਰਮ ਦੀ ਸਮਾਜਿਕ ਪ੍ਰਣਾਲੀ ਦਾ ਘਾਣ ਹੈ, ਉੱਥੇ ਮਨੁੱਖ ਅਸੰਵੇਦਨਸ਼ੀਲਤਾ ਵਾਲੀ ਚੇਤਨਾ , ਅਗਿਆਨਤਾ, ਹੰਕਾਰ ਅਤੇ ਪਾਗਲਪਨ ਦੇ ਚੱਕਰਵਿਊ ਵਿਚ ਫਸ ਚੁਕਾ ਹੈ।ਪਰ ਨਕਲੀ ਬੁਧੀ ਇਸ ਤੋਂ ਖਤਰਨਾਕ ਵਰਤਾਰਾ ਰਚੇਗੀ।ਇਹ ਪੁਰਾਣਾ ਸੱਚ ਹੈ ਕਿ ਭੀੜ ਸੰਵੇਦਨਸ਼ੀਲਤਾ ਨੂੰ ਨਿਗਲ ਜਾਂਦੀ ਹੈ। ਨਕਲੀ ਬੁਧੀ ਭੀੜਾਂ ਸਿਰਜਜੇਗੀ।ਬੰਦੇ ਦੇ ਰਿਸ਼ਤੇ ਆਟੋਮੈਟਿਕ ਮਸ਼ੀਨ ਬਣ ਜਾਣਗੇ। ਜੇਕਰ ਭੀੜ ਮਸ਼ੀਨ ਦੇ ਰੂਪ ਵਿਚ ਹੋਵੇ ਜਾਂ ਕਿਸੇ ਨੇਤਾ, ਤਾਨਾਸ਼ਾਹ, ਵਿਚਾਰ ਦੁਆਰਾ ਚਲਾਈ ਜਾਂਦੀ ਹੋਵੇ ਤਾਂ ਉਹ ਮਨੁੱਖੀ ਸਭਿਅਤਾ ਨੂੰ ਗੁਲਾਮੀ ਦੇ ਰਾਹੇ ਪਾ ਦੇਵੇਗਾ ਜਾਂ ਤਬਾਹ ਕਰ ਦੇਵੇਗੀ।ਹੁਣ ਚਿੰਤਕ, ਦਾਰਸ਼ਨਿਕ ਅਤੇ ਵਿਗਿਆਨੀ ਖੁਦ ਮਨੁੱਖ ਦੇਵਤਾ ਤੋਂ ਸ਼ੈਤਾਨ ਬਣਨ ਦੀ ਰਚਨਾ ਕਰ ਰਹੇ ਹਨ ਜੋ ਮਨੁੱਖੀ ਸਭਿਅਤਾ ਦੇ ਖਤਮੇ ਲਈ ਭੂਮਿਕਾ ਨਿਭਾ ਰਹੇ ਹਨ। ਇਸ ਸਦੀ ਵਿੱਚ ਮਨੁੱਖ ਨਕਲੀ ਬੁਧੀ ਉੱਤੇ ਨਿਰਭਰ ਕਰੇਗਾ। ਦਿਮਾਗ ਕੰਮ ਕਰਨਾ ਬੰਦ ਕਰ ਦੇਵੇਗਾ। ਉਹ ਬਿਨਾਂ ਸੋਚੇ-ਸਮਝੇ ਜ਼ਿੰਦਗੀ ਜੀਵੇਗਾ ਜਿਵੇਂ ਮਸ਼ੀਨ ਕਹੇਗੀ। ਜਿਵੇਂ ਕਿ ਮਸ਼ੀਨ ਦੇ ਕੁਝ ਮਾਲਕ ਚਾਹੁੰਦੇ ਹਨ। ਉਹ ਦੇਵਤਾ ਤੋਂ ਸ਼ੈਤਾਨ ਵਲ ਸਫਰ ਕਰੇਗਾ। ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ :

ਸਲੋਕ ਮਃ ੩ ॥ ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥

ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਅਰਥਾਤ ਬ੍ਰਹਮ ਦੇ ਮਾਰਗ ਨੂੰ ਨਹੀਂ ਅਪਨਾਇਆ। ਸਤਿਗੁਰੂ ਦੇ ਸ਼ਬਦ ਬਾਰੇ ਵਿਚਾਰ ਨਹੀਂ ਕੀਤਾ।ਯੋਗ ਗੁਣ ਧਾਰਨ ਨਹੀਂ ਕੀਤੇ। ਹਿਰਦੇ ਵਿਚ ਸੱਚਾ ਪ੍ਰਕਾਸ਼ ਨਹੀਂ ਹੋਇਆ, ਉਹ ਜੀਵ ਸੰਸਾਰ ਵਿਚ ਜੀਉਂਦਾ ਹੀ ਮੋਇਆ ਵਰਗਾ ਹੈ।ਅਰਥਾਤ ਉਸਨੇ ਸੋਝੀ ਸੱਚ ਤੇ ਯੋਗ ਥਾਂ ਉਪਰ ਨਹੀਂ ਲਗਾਈ।

 

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

9815700916