ਸਿੱਖ ਕੌਮ ਦੀ ਮੰਗ ਬੰਦੀ ਸਿੰਘਾਂ ਦੀ ਰਿਹਾਈ
ਸਰਬਜੀਤ ਕੌਰ ਸਰਬ
ਇਸ ਸਮੇਂ ਸਿੱਖ ਕੌਮ ਦੀ ਇੱਕੋ ਇੱਕ ਮੰਗ ਹੈ ਉਹ ਹੈ ਬੰਦੀ ਸਿੰਘਾਂ ਦੀ ਰਿਹਾਈ । ਜਿਨ੍ਹਾਂ ਵਿਚੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੇੜਾ, ਭਾਈ ਲਖਵਿੰਦਰ ਸਿੰਘ ,ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ,ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਸ਼ਮਸ਼ੇਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਦੀ ਰਿਹਾਈ ਲਈ ਸੰਘਰਸ਼ ਚੱਲ ਰਿਹਾ ਹੈ। ਇਹ ਉਹ ਸਿੰਘ ਹਨ ਜੋ ਲੰਮੇ ਸਮੇਂ ਤੋਂ ਭਾਰਤੀ ਜੇਲ੍ਹਾਂ ਵਿਚ ਬੰਦ ਹਨ ਇਨ੍ਹਾਂ ਦਾ ਕਸੂਰ ਸਿਰਫ਼ ਏਨਾ ਸੀ ਕਿ ਇਹ ਸਿੰਘ ਧਰਮ ਤੇ ਆਪਣੀ ਕੌਮ ਦੀ ਖ਼ਾਤਰ ਲੜੇ ਸਨ ਜਦ ਕਿ ਮਜ਼ਲੂਮਾਂ ਉੱਤੇ ਜ਼ੁਲਮ ਕਰਨ ਵਾਲੇ ਜ਼ਾਲਮ ਲੋਕ ਜ਼ਮਾਨਤਾਂ ਉੱਤੇ ਰਿਹਾਅ ਹੋ ਕੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ ਪਰ ਇਨ੍ਹਾਂ ਸਿੰਘ ਸੂਰਮਿਆਂ ਦਾ ਏਨਾ ਲੰਮਾ ਸਮਾਂ ਜੇਲ੍ਹਾਂ ਵਿੱਚ ਬਤੀਤ ਹੋਣ ਤੋਂ ਬਾਅਦ ਵੀ ਭਾਰਤੀ ਹਕੂਮਤ ਨੇ ਇਨ੍ਹਾਂ ਨੂੰ ਰਿਹਾਅ ਨਹੀਂ ਕੀਤਾ । ਪੰਜਾਬ ਵਿੱਚ ਬੇਸ਼ੱਕ ਰਾਜਨੀਤੀ ਸਿਆਸਤ ਦਾ ਮਾਹੌਲ ਗਰਮਾਇਆ ਹੋਇਆ ਹੈ ਪਰ ਇਸ ਮਾਹੌਲ ਦੇ ਵਿੱਚ ਵੀ ਸਿੱਖ ਭਾਈਚਾਰੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੁਰ ਜ਼ੋਰ ਜਤਨ ਕੀਤੇ ਜਾ ਰਹੇ ਹਨ ।
ਜਿੱਥੇ ਇਨ੍ਹਾਂ ਰਾਜਨੀਤਿਕ ਪਾਰਟੀਆਂ ਨੇ ਆਮ ਲੋਕਾਂ ਨੂੰ ਭਰਮਾਉਣ ਦੇ ਲਈ ਅਲੱਗ ਅਲੱਗ ਪੇਸ਼ਕਾਰੀ ਕੀਤੀ ਹੈ ਉਥੇ ਹੀ ਸਿੱਖ ਭਾਈਚਾਰੇ ਨੇ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀਆਂ ਮੰਗਾਂ ਨੂੰ ਰਾਜਨੀਤਿਕ ਪਾਰਟੀਆਂ ਅੱਗੇ ਰੱਖਿਆ ਹੈ । ਸਾਨੂੰ ਸਭ ਨੂੰ ਇਕਜੁੱਟ ਹੋ ਕੇ ਭਾਰਤੀ ਜੇਲ੍ਹਾਂ ਵਿੱਚ ਬੰਦ ਸਾਡੇ ਸਿੱਖ ਕੌਮ ਦੇ ਸੂਰਮਿਆਂ ਨੂੰ ਰਿਹਾਅ ਕਰਨ ਦੇ ਲਈ ਆਪਣੇ ਪੱਖ ਅਪੋ ਆਪਣੇ ਹਲਕੇ ਦੇ ਰਾਜਨੀਤਿਕ ਲੀਡਰਾਂ ਅੱਗੇ ਰੱਖਣੇ ਚਾਹੀਦੇ ਹਨ । ਪੰਜਾਬ ਦਾ ਕੋਈ ਵੀ ਰਾਜਨੀਤਕ ਲੀਡਰ ਇਹ ਨਹੀਂ ਕਹਿ ਰਿਹਾ ਕੀ ਜੇਕਰ ਤੁਸੀਂ ਸਾਡੀ ਪਾਰਟੀ ਦੀ ਸਰਕਾਰ ਬਣਾਉਂਦੇ ਹੋ ਤਦ ਅਸੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਵਾਂਗੇ । ਇਨ੍ਹਾਂ ਲੀਡਰਾਂ ਦੀ ਸਿਰਫ ਇਕੋ ਇਕ ਮਨਸ਼ਾ ਇਹ ਹੈ ਕਿ ਇਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪੰਜ ਸਾਲ ਦੀ ਪ੍ਰਧਾਨਗੀ ਮਿਲ ਜਾਵੇ ਤਾਂ ਜੋ ਅਗਲੇ ਪੰਜ ਸਾਲਾਂ ਤਕ ਇਹ ਆਪਣੀ ਮਨ ਮਰਜ਼ੀ ਚਲਾ ਸਕਣ । ਸਾਡੇ ਸਿੱਖ ਭਾਈਚਾਰੇ ਦੇ ਕੋਲ ਅੱਜ ਚੋਣਾਂ ਦਾ ਮੌਕਾ ਹੈ ਕਿ ਅਸੀਂ ਆਪਣੇ ਸਿੰਘਾਂ ਦੀ ਰਿਹਾਈ ਦੇ ਲਈ ਇਨ੍ਹਾਂ ਰਾਜਨੀਤਿਕ ਲੀਡਰਾਂ ਦਾ ਸਹਾਰਾ ਲੈ ਸਕੀਏ । ਅਸੀ ਇੱਕ ਗੱਲ ਸਭ ਜਾਣਦੇ ਹਾਂ ਕਿ ਸਾਡੇ ਦੁਆਰਾ ਬਣਾਈ ਗਈ ਸਰਕਾਰ ਸਾਡੇ ਲਈ ਖੁਦਾ ਨਹੀਂ ਹੈ । ਜਿਵੇਂ ਅਸੀਂ ਆਪਣੀ ਕਿਰਤ ਕਮਾਈ ਕਰਦੇ ਹਾਂ ਉਂਜ ਹੀ ਸਾਡੇ ਦੁਆਰਾ ਚੁਣੇ ਗਏ ਇਹ ਲੋਕ ਆਮ ਲੋਕਾਂ ਦੀ ਪਹਿਰੇਦਾਰੀ ਕਰਨ ਵਾਲੇ ਇਨਸਾਨ ਹਨ । ਪਰ ਜਦੋਂ ਵੀ ਇਹ ਪਹਿਰੇਦਾਰੀ ਕਰਨ ਵਾਲੇ ਇਨਸਾਨ ਖ਼ੁਦਾ ਬਣ ਬੈਠਦੇ ਹਨ ਉਦੋਂ ਹੀ ਆਮ ਲੋਕਾਂ ਦੁਆਰਾ ਇਨ੍ਹਾਂ ਨੂੰ ਜ਼ਮੀਨੀ ਹਕੀਕਤ ਨਾਲ ਵਾਕਫ਼ੀਅਤ ਕਰਵਾਇਆ ਜਾਂਦਾ ਹੈ ।
ਸਿੱਖ ਕੌਮ ਦੀ ਇਹ ਸਭ ਤੋਂ ਵੱਡੀ ਤ੍ਰਾਸਦੀ ਹੈ ਕਿ ਇਸ ਨੂੰ ਜਦੋਂ ਵੀ ਲੁੱਟਿਆ ਗਿਆ ਉਸ ਲੁੱਟ ਵਿਚ ਇਸ ਦੇ ਆਪਣਿਆਂ ਦਾ ਹੱਥ ਸਭ ਤੋਂ ਵੱਡਾ ਸੀ । ਭਾਰਤੀ ਹਕੂਮਤ ਦੇ ਹੱਥਾਂ ਦੀ ਕਠਪੁਤਲੀ ਬਣੀ ਅਨੇਕਾਂ ਸਿੱਖ ਲੀਡਰ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਵੱਸਦੇ ਹਜ਼ਾਰਾਂ ਹੀ ਨੌਜਵਾਨਾਂ ਤੇ 1990 ਦੇ ਦਹਾਕੇ ਵਿੱਚ ਨਜ਼ਾਇਜ਼ ਕੇਸ ਪਾ ਕੇ ਉਹਨਾਂ ਨੂੰ ਦੇਸ਼ ਧ੍ਰੋਹੀ ਘੋਸ਼ਿਤ ਕੀਤਾ ਹੋਇਆ ਹੈ ਤੇ ਉਹਨਾਂ ਨੂੰ ਭਾਰਤ ਨਹੀ ਆਉਣ ਦਿੱਤਾ ਜਾ ਰਿਹਾ। ਅਜਿਹੇ ਸਿੰਘਾਂ ਲਈ ਰਿਟਾਇਰ ਜੱਜ ਜਾਂ ਜੱਜਾਂ ਦੀ ਕਮੇਟੀ ਬਣਾ ਕੇ ਸੁਣਵਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਵੀ ਦਰਬਾਰ ਸਾਹਿਬ ਜਾਂ ਹੋਰ ਗੁਰਧਾਮਾਂ ਦੇ ਦਰਸ਼ਨ ਕਰ ਸਕਣ ਅਤੇ ਆਪਣੇ ਪਿੰਡਾਂ ਵਿੱਚ ਆ ਜਾ ਸਕਣ ਤਾਂ ਜੋ ਉਹ ਆਪਣੇ ਪੁਰਖਿਆਂ ਤੂੰ ਮਿਲੀ ਜਾਇਦਾਦ ਦੀ ਸਾਂਭ ਸੰਭਾਲ ਕਰ ਸਕਣ ਪਰ ਅਫਸੋਸ ਉਹਨਾਂ ਵਿੱਚੋਂ ਕਈਆਂ ਦੀਆਂ ਜ਼ਮੀਨਾਂ ਤੇ ਵੀ ਨਜ਼ਾਇਜ਼ ਕਬਜ਼ੇ ਹੋ ਗਏ ਹਨ, ਉਹਨਾਂ ਦੇ ਹੱਲ ਬਾਰੇ ਵੀ ਸਮੇਂ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਮੋਦੀ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਤੇ ਕੁਝ ਬੰਦੀ ਸਿੰਘਾਂ ਨੂੰ ਰਿਹਾ ਕਰਣ ਦੀ ਗੱਲ ਕੀਤੀ ਗਈ ਸੀ ਪਰ ਦਿਤੇ ਗਏ ਨਾਮਾਂ ਵਿੱਚੋਂ ਸਾਰਿਆਂ ਨੂੰ ਰਿਹਾਈ ਨਹੀ ਦਿੱਤੀ ਗਈ ਤੇ ਓਸ ਸਮੇਂ ਦੀ ਮੌਜੂਦਾ ਸਰਕਾਰ ਨੇ ਵੀ ਮਾਮਲੇ ਤੇ ਗੰਭੀਰਤਾ ਨਾ ਦਿਖਾ ਕੇ ਕੌਮ ਦੇ ਜਜਬਾਤਾਂ ਨਾਲ ਖੇਡਣਾ ਜਾਰੀ ਰਖਿਆ ਸੀ।ਅਸੀਂ ਸਭ ਜਾਣਦੇ ਹਾਂ ਕਿ ਭਾਰਤ ਦੀ ਸਿਆਸਤ, ਸਿੱਖਾਂ ਲਈ ਸੁਖਾਂਵੇ ਹਾਲਤ ਨਹੀਂ ਲੈ ਕੇ ਆਵੇਗੀ ਅਤੇ ਏਸ਼ੀਆ ਵਿੱਚ ਹੋਣ ਵਾਲੀ ਨਵੀਂ ਤਬਦੀਲੀ ਵਿੱਚ ਸਿੱਖਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।
Comments (0)