ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸ਼ਾਹ ਦੀ ਸਾਂਝ

ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸ਼ਾਹ ਦੀ ਸਾਂਝ

ਇਤਿਹਾਸ
ਪੁਸਤਕ ‘ਗੁਰੂ ਦਾ ਬੰਦਾ’ ਵਿਚੋਂ
ਗੁਰੂ ਜੀ ਨੇ ਇਹਨਾਂ ਪੰਜ ਸਿੰਘਾਂ ਦੀ ਚੋਣ ਕਰਕੇ ਅੰਮ੍ਰਿਤ ਤਿਆਰ ਕੀਤਾ। ਇਸ ਦੀ ਤਿਆਰੀ ਲਈ ਸ਼ੁੱਧ ਜਲ ਨੂੰ ਸਰਬ ਲੋਹ ਦੇ ਬਾਟੇ ਵਿੱਚ ਪਾਇਆ ਗਿਆ ਅਤੇ ਗੁਰੂ ਸਾਹਿਬ ਦੀ ਸੁਪਤਨੀ ਮਾਤਾ ਸਾਹਿਬ ਦੇਵਾਂ ਨੇ ਪਤਾਸੇ ਪਾਏ। ਸ਼ੁਧ ਜਲ ਅਤੇ ਪਤਾਸਿਆਂ ਦੇ ਮਿਸ਼ਰਨ ਨੂੰ ਪੰਜ ਬਾਣੀਆਂ ਦਾ ਪਾਠ ਕਰਕੇ ਖੰਡੇ ਨਾਲ ਹਿਲਾਇਆ ਗਿਆ। ਇਸ ਤਰ੍ਹਾਂ ਅੰਮ੍ਰਿਤ ਤਿਆਰ ਕੀਤਾ ਗਿਆ। ਉਪਰੰਤ ਇਹ ਅੰਮ੍ਰਿਤ ਪੰਜ ਸਿੱਖਾਂ ਨੂੰ ਵਾਰੋ ਵਾਰੀ ਇਕੋ ਬਾਟੇ ਵਿੱਚੋਂ ਛਕਾਇਆ ਗਿਆ। ਇਹਨਾਂ ਪੰਜ ਸਿੱਖਾਂ ਦੇ ਨਾਮ ਨਾਲ ਸਿੰਘ ਸ਼ਬਦ ਜੋੜੇ ਗਏ ਅਤੇ ਇਹਨਾਂ ਨੂੰ ਗੁਰੂ ਜੀ ਨੇ ਪੰਜ ਪਿਆਰਿਆਂ ਦਾ ਵਿਸ਼ੇਸ਼ਣ ਦਿੱਤਾ। ਇਸ ਉਪਰੰਤ ਗੁਰੂ ਜੀ ਨੇ ਖੁਦ ਇਹਨਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਇਸ ਤਰ੍ਹਾਂ ਪੰਜ ਪਿਆਰਿਆਂ ਰਾਹੀਂ ਸੰਗਤਾਂ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਦਿੱਤਾ ਗਿਆ।
ਗੁਰੂ ਸਾਹਿਬ ਨੇ ਇਸ ਸਮੇਂ ਦੌਰਾਨ ਖਾਲਸਾ ਪੰਥ ਨੂੰ ਭਾਸ਼ਣ ਦਿੱਤਾ, ਜਿਸ ਦਾ ਵੇਰਵਾ ਬੂਟੇ ਸ਼ਾਹ ਨੇ ਸਭ ਤੋਂ ਪਹਿਲੀ ਵਾਰ ਆਪਣੀ ਲਿਖਤ ਤਵਾਰੀਖ-ਏ-ਪੰਜਾਬ ਵਿੱਚ ਦਿੱਤਾ ਹੈ। ਭਾਵੇਂ ਬੂਟੇ ਸ਼ਾਹ ਉਨੀਵੀਂ ਸਦੀ ਦੇ ਪੰਜਵੇਂ ਦਹਾਕੇ ਦਾ ਲੇਖਕ ਹੈ, ਪਰ ਉਸ ਨੇ ਪਹਿਲੀ ਵਾਰ ਇਹ ਬਿਆਨ ਆਪਣੀ ਲਿਖਤ ਵਿੱਚ ਦਿੱਤਾ ਹੈ। ਇਹ ਕਥਨ ਉਸ ਸਮੇਂ ਦੌਰਾਨ ਉਹਨਾਂ ਗੁਪਤ ਤੌਰ ’ਤੇ ਭੇਜੀਆਂ ਗਈਆਂ ਸਰਕਾਰੀ ਨਾਮਾਨਿਗਾਰਾਂ ਦੀਆਂ ਰਿਪੋਟਾਂ ਉੱਪਰ ਆਧਾਰਿਤ ਹੈ, ਜਿਹੜੀਆਂ ਖਾਲਸਾ ਸਾਜੇ ਜਾਣ ਵੇਲੇ ਅਨੰਦਪੁਰ ਸਾਹਿਬ ਵਿਖਾਏ ਇਕੱਠ ਵਿੱਚ ਸ਼ਾਮਲ ਸਰਕਾਰੀ ਗੁਪਤਚਰਾਂ ਵਲੋਂ ਔਰੰਗਜ਼ੇਬ ਨੂੰ ਭੇਜੀਆਂ ਗਈਆਂ ਸਨ। ਉਸ ਲਿਖਤ ਅਨੁਸਾਰ, ‘ਮੇਰੀ ਇੱਛਾ ਹੈ ਕਿ ਤੁਸੀਂ ਸਭ ਇਕ ਮੱਤ ਦੇ ਅਨੁਯਾਈ ਅਤੇ ਇਕੋ ਰਸਤੇ ਦੇ ਪਾਂਧੀ ਬਣ ਜਾਓ ਅਤੇ ਧਰਮ ਦੇ ਸਾਰੇ ਵਿਤਕਰਿਆਂ ਨੂੰ ਆਪਣੇ ਦਿਮਾਗਾਂ ਵਿਚੋਂ ਕੱਢ ਦੇਵੋ। ਹਿੰਦੂਆਂ ਦੀਆਂ ਚਾਰੇ ਜਾਤਾਂ ਨੂੰ ਜਿਹਨਾਂ ਪ੍ਰਤੀ ਵੱਖ-ਵੱਖ ਨਿਯਮ ਸ਼ਾਸ਼ਤਰਾਂ ਵਿੱਚ ਦਿੱਤੇ ਗਏ ਹਨ, ਪੂਰੀ ਤਰ੍ਹਾਂ ਤਿਆਗ ਦਿੱਤਾ ਜਾਵੇ ਅਤੇ ਮਿਲਵਰਤਨ ਦਾ ਰਾਹ ਧਾਰਨ ਕਰਕੇ ਇਕ ਦੂਸਰੇ ਨਾਲ ਖੁਲ੍ਹਮ ਖੁਲ੍ਹਾ ਮਿਲਿਆ ਜਾਵੇ। ਕੋਈ ਵੀ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਉੱਚਾ ਨਾ ਸਮਝੇ। ਪੁਰਾਣੇ ਧਰਮ ਗ੍ਰੰਥਾਂ ਨੂੰ ਨਾ ਮੰਨੋ। ਤੁਹਾਡੇ ਵਿਚੋਂ ਕੋਈ ਵੀ ਦਰਿਆ ਗੰਗਾ ਅਤੇ ਹੋਰ ਯਾਤਰਾ ਅਸਥਾਨਾਂ ਦੀ ਜੋ ਹਿੰਦੂ ਧਰਮ ਵਿਚ ਪਵਿੱਤਰ ਗਿਣੇ ਜਾਦੇ ਹਨ, ਪੂਜਾ ਨਾ ਕਰੇ ਅਤੇ ਨਾ ਹੀ ਹਿੰਦੂ ਇਸ਼ਟਾਂ ਰਾਮ, ਕ੍ਰਿਸਨ, ਬ੍ਰਹਮਾ ਅਤੇ ਦੁਰਗਾ ਆਦਿ ਦੀ ਪੂਜਾ ਕਰੇ ਪਰ ਤੁਹਾਡੇ ਵਿਚੋਂ ਹਰ ਕੋਈ ਗੁਰੂ ਨਾਨਕ ਸਾਹਿਬ ਜੀ ਅਤੇ ਉਹਨਾਂ ਦੇ ਉੱਤਰ-ਅਧਿਕਾਰੀਆਂ ਵਿਚ ਸ਼ਰਧਾ ਰੱਖੇ। ਚਾਰੇ ਵਰਣਾਂ ਦੇ ਲੋਕ ਮੇਰਾ ਅੰਮ੍ਰਿਤ ਛਕਣ, ਇਕੋ ਬਾਟੇ ਵਿਚੋਂ ਪਰਸ਼ਾਦ ਛੱਕਣ ਅਤੇ ਇਕ ਦੂਸਰੇ ਲਈ ਘਿ੍ਰਣਾ ਦੀ ਭਾਵਨਾ ਮਨ ਵਿੱਚ ਨਾ ਰੱਖੀ ਜਾਵੇ।20
ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਦੀ ਸਾਜਨਾ ਸਾਮਾਜਿਕ, ਧਾਰਮਿਕ, ਸਭਿਆਚਾਰਕ, ਰਾਜਨੀਤਕ ਤੌਰ ’ਤੇ ਇਕ ਮਹਾਨ ਇਨਕਲਾਬੀ ਕਦਮ ਸੀ, ਜੋ ਕਿ ਬ੍ਰਾਹਮਣਵਾਦ ਨੂੰ ਵੱਡੀ ਚੁਣੌਤੀ ਸੀ, ਕਿਉਂਕਿ ਉਹ ਸਮਾਜ ਨੂੰ ਜਾਤੀਵਾਦੀ, ਕਰਮਕਾਂਡ ਦੀ ਗੁਲਾਮੀ ਵਿੱਚ ਜਕੜ ਕੇ ਰੱਖਣਾ ਚਾਹੁੰਦਾ ਸੀ। ਗੁਰੂ ਸਾਹਿਬ ਇਸ ਭਵਜਲ ਵਿੱਚੋਂ ਸਮਾਜ ਨੂੰ ਪਾਰ ਲੰਘਾਉਣਾ ਚਾਹੁੰਦੇ ਸਨ। ਅੰਮ੍ਰਿਤ ਦੀ ਰਸਮ ਨਾਲ ਗੁਰੂ ਸਾਹਿਬ ਨੇ ਪੰਜ ਕਕਾਰ  ਕੇਸ, ਕੰਘਾ, ਕੜਾ, ਕ੍ਰਿਪਾਨ, ਕਛਹਿਰਾ ਜ਼ਰੂਰੀ ਬਣਾ ਦਿੱਤੇ।
ਪ੍ਰਸਿੱਧ ਸਾਹਿਤਕਾਰ ਪ੍ਰੋ. ਕਿਸ਼ਨ ਸਿੰਘ ਆਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਬਾਬਤ ਦੋ ਗੱਲਾਂ ਤਕਰੀਬਨ ਹਰ ਇਕ ਨੇ ਹੀ ਨੋਟ ਕੀਤੀਆਂ ਹਨ ਅਤੇ ਉਹ ਹਨ ਵੀ ਸਪੱਸ਼ਟ। ਪਹਿਲੀ ਇਹ ਹੈ ਕਿ ਉਹ ਹਿੰਦੁਸਤਾਨ ਦਾ ਪਹਿਲਾ ਜਮਹੂਰੀ ਲੀਡਰ ਸੀ। ਉਸ ਨੇ ਆਪਣੇ ਪੈਰੋਕਾਰਾਂ ਨੂੰ ਆਪਸ ਵਿੱਚ ਭਾਈ ਭਾਈ ਮਹਿਸੂਸ ਕਰਾਇਆ। ਫੈਸਲੇ ਗੁਰਮਤਿ ਨਾਲ ਕਰਨੇ ਸਿਖਾਏ। ਦੂਸਰੀ ਇਹ ਕਿ ਉਸ ਨੇ ਚਿੜ੍ਹੀਆਂ ਤੋਂ ਬਾਜ, ਸ਼ਾਹੀ ਬਾਜ ਤੁੜਵਾਏ, ਗਿੱਦੜਾਂ ਤੋਂ ਸ਼ੇਰ ਬਣਾਏ। ਚਿੜ੍ਹੀਆਂ ਦਾ ਮਤਲਬ ਫਿਊਡਲ ਸਮਾਜ ਦੇ ਆਮ ਲੋਕ ਹਨ, ਜੋ ਗਿੱਦੜ ਬਣੇ ਹੋਏ ਸਨ। ਬਾਜ਼ ਤੋਂ ਮਤਲਬ ਉਸ ਸਮਾਜ ਦੇ ਮਾਸਹਾਰਿਆਂ ਤੋਂ ਹੈ ਜੋ ਚਿੜ੍ਹੀਆਂ ਨੂੰ ਖਾਂਦੇ ਸਨ। ਗੁਰੂ ਸਾਹਿਬ ਦੀ ਫੌਜ ਵਿੱਚ ਛੀਂਬੇ, ਨਾਈ, ਹਲਵਾਈ, ਕਾਰੀਗਰ, ਚੂੜ੍ਹੇ, ਜੱਟ ਆਦਿ ਸਨ, ਹਿੰਦੂ ਸਮਾਜ ਦੀ ਬੋਲੀ ਵਿਚ ਸ਼ੂਦਰ ਲੋਕ। ਫੀਊਡਲ ਸਮਾਜ ਦਾ ਇਹ ਖਾਸਾ ਸੀ ਕਿ ਹਥਿਆਰ ਕਾਬਿਜ਼ ਜਮਾਤਾਂ ਦਾ ਹੀ ਠੇਕਾ ਸਨ। ਫੀਊਡਲ ਇਸਲਾਮ ਵਾਂਗ, ਭਰਤੀ ਸਾਰੀ ਵਸੋਂ ਵਿੱਚੋਂ ਕੀਤੀ ਜਾ ਸਕਦੀ ਸੀ। ਪਰ ਹੁਕਮ ਹਾਸਿਲ ਤੇ ਹਿੱਤ ਫੀਊਡਲ ਦਾ ਹੀ ਹੁੰਦਾ ਸੀ। ਹਿੰਦੂ ਸਮਾਜ ਵਿੱਚ ਤਾਂ ਫੀਊਡਲ ਕਰੜਾਈ ਐਨੀ ਸਿਖਰ ’ਤੇ ਸੀ ਕਿ ਪਹਿਲਾਂ ਕਸ਼ੱਤਰੀ, ਫੇਰ ਰਾਜਪੂਤਾਂ ਬਗੈਰ ਕਿਸੇ ਨੀਵੀਂ ਜਾਤ ਦੇ ਬੰਦੇ ਦੇ ਫੌਜ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਗੁਰੂ ਗੋਬਿੰਦ ਸਿੰਘ ਦੇ ਚਿੜ੍ਹੀਆਂ ਤੋਂ ਬਾਜ਼ ਤੁੜਵਾਉਨ ਤੇ ਜਮਹੂਰੀ ਲੀਡਰ ਹੋਣ ਦਾ ਜਮਾਤੀ ਬੋਲੀ ਵਿੱਚ ਕੀ ਮਤਲਬ ਹੈ? ਇਹੀ ਕਿ ਉਸ ਦਾ ਪੈਂਤੜਾ ਲੋਕ ਹਿੱਤ ਦਾ ਸੀ। ਉਹ ਇਨਕਲਾਬੀ ਲੀਡਰ ਸੀ ਅਤੇ ਉਸ ਨੇ ਸਮਾਜ ਦੀਆਂ ਮਿੱਧੀਆਂ ਹੋਈਆਂ, ਡਰਾਈਆਂ ਹੋਈਆਂ ਜਮਾਤਾਂ ਵਿੱਚ ਵੀ ਰੂਹ ਫੂਕੀ ਤੇ ਉਹਨਾਂ ਤੋਂ ਸ਼ਾਹੀ ਫੌਜ ਦਾ ਸਾਹਮਣਾ ਕਰਵਾਇਆ, ਉਸ ਨੂੰ ਮਰਵਾਇਆ। ਇਤਿਹਾਸਕਾਰਾਂ ਦਾ ਇਹ ਕਹਿਣਾ ਕਿ ਉਹ ਹਿੰਦੁਸਤਾਨ ਦੀ ਤਾਰੀਖ ਵਿੱਚ ਪਹਿਲੇ ਜਮਹੂਰੀ ਲੀਡਰ ਸਨ, ਜਿਹਨਾਂ ਨੇ ਸਮਾਜ ਦੀ ਰਹਿੰਦ-ਖੂੰਹਦ ਵਿਚੋਂ, ਫੀਊਡਲ ਸਮਾਜ ਦੇ ਕੂੜਾ ਕਰਕਟ ਵਿੱਚੋਂ ਆਪਣੀ ਫੌਜ ਬਣਾਈ—ਸਾਡੀ ਕਹੀ ਗੱਲ ਹੀ ਹਾਮੀਂ ਭਰਨ ਦੇ ਤੁਲ ਹੈ ਕਿ ਹਿੰਦੁਸਤਾਨ ਦੀ ਲੰਮੀ ਤਾਰੀਖ਼ ਵਿੱਚ ਗੁਰੂ ਗੋਬਿੰਦ ਸਿੰਘ ਪਹਿਲੇ ਇਨਕਲਾਬੀ ਲੀਡਰ ਸਨ ਅਤੇ ਸਿੱਖ-ਲਹਿਰ ਪਹਿਲੀ ਇਨਕਲਾਬੀ ਲਹਿਰ।
ਖਾਲਸਾ ਪੰਥ ਦੀ ਸਾਜਨਾ ਮਗਰੋਂ ਸਿੰਘਾਂ ਦੀ ਚੜ੍ਹਤ ਦਿਨੋ ਦਿਨ ਵਧਦੀ ਜਾ ਰਹੀ ਸੀ। ਪਹਾੜੀ ਰਾਜੇ ਖਾਲਸੇ ਦੀ ਚੜ੍ਹਤ ਤੇ ਗੁਰੂ ਸਾਹਿਬ ਤੋਂ ਖਾਰ ਖਾਣ ਲੱਗੇ। ਉਹਨਾਂ ਨੇ ਸਰਹੰਦ ਅਤੇ ਲਾਹੌਰ ਦੇ ਹਾਕਮਾਂ ਕੋਲ ਗੁਰੂ ਸਾਹਿਬ ਵਿਰੁਧ ਚੁਗਲੀ ਕੀਤੀ ਕਿ ਗੁਰੂ ਸਾਹਿਬ ਸਟੇਟ ਵਿਰੁਧ ਬਗਾਵਤ ਦੀ ਸਾਜ਼ਿਸ਼ ਰਚ ਰਹੇ ਹਨ ਅਤੇ ਉਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਹਟਾਇਆ ਜਾਵੇ। ਇੱਥੋਂ ਤੱਕ ਕਿਹਾ ਗਿਆ ਕਿ ਜੋ ਇਸ ਮੁਹਿੰਮ ਉੱਪਰ ਖਰਚਾ ਆਵੇਗਾ, ਉਹ ਪਹਾੜੀ ਰਾਜੇ ਭਰਨਗੇ। ਇਸ ਦੇ ਸਿੱਟੇ ਵਜੋਂ 1701 ਈਸਵੀ ਦੌਰਾਨ ਇਹਨਾਂ ਮੁਗਲ ਸੂਬੇਦਾਰਾਂ ਵਲੋਂ ਪੈਤੇ ਖਾਨ ਤੇ ਦੀਨਾ ਬੇਗ ਦੀ ਅਗਵਾਈ ਵਿੱਚ ਫੌਜ ਦੀ ਇਕ ਵੱਡੀ ਟੁਕੜੀ ਅਨੰਦਪੁਰ ਸਾਹਿਬ ਉੱਪਰ ਹਮਲਾ ਕਰਨ ਲਈ ਭੇਜੀ ਗਈ। ਰੋਪੜ ਕੋਲ ਇਸ ਫੌਜ ਵਿੱਚ ਪਹਾੜੀ ਰਾਜਿਆਂ ਦੀ ਆਪਣੀ ਫੌਜ ਵੀ ਸ਼ਾਮਲ ਹੋ ਗਈ। ਖਾਲਸਾ ਭਾਵੇਂ ਘੱਟ ਗਿਣਤੀ ਵਿੱਚ ਸੀ, ਪਰ ਉਸ ਨੇ ਸਾਂਝੀ ਫੌਜ ਨੂੰ ਕਰਾਰੀ ਹਾਰ ਦਿੱਤੀ। ਹਿੰਦੂ ਪਹਾੜੀ ਰਾਜਿਆਂ ਅਤੇ ਮੁਗਲਾਂ ਦੀ ਸਾਂਝੀ ਫੌਜ ਦੀ ਹਾਰ ਮਗਰੋਂ ਪਹਾੜੀ ਰਾਜਿਆਂ ਨੇ ਇਕੱਠੇ ਹੋ ਕੇ ਫਿਰ ਵਿਉਂਤਬੰਦੀ ਕੀਤੀ ਅਤੇ ਅਨੰਦਪੁਰ ਸਾਹਿਬ ਉੱਪਰ ਫਿਰ ਹਮਲਾ ਕੀਤਾ। ਇਸ ਯੁੱਧ ਵਿੱਚ ਵੀ ਪਹਾੜੀ ਰਾਜਿਆਂ ਦੀ ਕਰਾਰੀ ਹਾਰ ਹੋਈ। ਕਹਿਲੂਰ ਦੇ ਰਾਜਾ ਅਜਮੇਰ ਚੰਦ ਤੇ ਉਸ ਦੇ ਸਾਥੀ ਰਾਜਿਆਂ ਨੇ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਕਰ ਲਈ। ਉਹਨਾਂ ਨੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਤੋਂ ਉਜਾੜਨ ਲਈ ਸਾਜ਼ਿਸ਼ ਰਚੀ। ਉਹਨਾਂ ਨੇ ਗਊ ਦੀ ਕਸਮ ਹੇਠ ਗੁਰੂ ਸਾਹਿਬ ਨੂੰ ਇਕ ਪੱਤਰ ਲਿਖਿਆ ਕਿ ਗੁਰੂ ਸਾਹਿਬ ਕੁਝ ਸਮੇਂ ਲਈ ਅਨੰਦਪੁਰ ਛੱਡ ਜਾਣ ਤੇ ਫਿਰ ਵਾਪਸ ਆ ਜਾਣ ਤਾਂ ਕਿ ਉਹ ਗੁਰੂ ਸਾਹਿਬ ਨੂੰ ਬਾਹਰ ਕੱਢਣ ਦੀਆਂ ਸੌਹਾਂ ਖਾ ਕੇ ਉਹ ਹਮਲਾ ਕਰਨ ਆਏ ਸਨ, ਉਹ ਪੂਰੀਆਂ ਹੋ ਜਾਣ। ਗੁਰੂ ਸਾਹਿਬ ਪਹਾੜੀ ਰਾਜਿਆਂ ਦੀ ਗੱਲ ਮੰਨ ਕੇ ਨਿਰਮੋਹਗੜ੍ਹ ਆ ਗਏ। ਪਹਾੜੀ ਰਾਜਿਆਂ ਨੇ ਅਚਨਚੇਤੀ ਨਿਰਮੋਹਗੜ੍ਹ ਗੁਰੂ ਅਸਥਾਨ ਉੱਪਰ ਹਮਲਾ ਕਰ ਦਿੱਤਾ। ਸਿੰਘਾਂ ਨਾਲ ਸਖਤ ਲੜਾਈ ਬਾਅਦ ਪਹਾੜੀ ਰਾਜੇ ਬੁਰੀ ਤਰ੍ਹਾਂ ਹਾਰ ਗਏ। ਨਿਰਮੋਹਗੜ੍ਹ ਬਾਅਦ ਗੁਰੂ ਸਾਹਿਬ ਬਸੌਲੀ ਚਲੇ ਗਏ। ਇਥੇ ਪਹਾੜੀ ਰਾਜਿਆਂ ਵਲੋਂ ਗੁਰੂ ਸਾਹਿਬ ’ਤੇ ਦੁਬਾਰਾ ਹਮਲਾ ਕੀਤਾ। ਪਹਾੜੀ ਰਾਜਿਆਂ ਨੂੰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ।
ਸੰਨ 1702 ਵਿੱਚ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਠਹਿਰੇ  ਹੋਏ ਸਨ। ਉਸ ਸਮੇਂ ਦੇ ਮੁਗਲ ਜਰਨੈਲ ਅਲਫ ਖਾਨ ਤੇ ਸਯਦ ਬੇਗ ਫੌਜ ਦੀ ਇਕ ਵੱਡੀ ਟੁਕੜੀ ਲੈ ਕੇ ਲਾਹੌਰ ਤੋਂ ਦਿੱਲੀ ਜਾ ਰਹੇ ਸਨ। ਕਹਿਲੂਰ ਦੇ ਪਹਾੜੀ ਰਾਜੇ ਅਜਮੇਰ ਚੰਦ ਅਤੇ ਕੁਝ ਹੋਰ ਪਹਾੜੀ ਰਾਜਿਆਂ ਨੇ ਚੋਖੀ ਰਕਮ ਦੇ ਕੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਉੱਪਰ ਹਮਲਾ ਕਰਨ ਲਈ ਉਕਸਾਇਆ। ਉਸ ਲੜਾਈ ਵਿੱਚ ਸਯਦ ਬੇਗ ਤਾਂ ਗੁਰੂ ਸਾਹਿਬ ਦੇ ਸਾਹਮਣੇ ਆਉਂਦਿਆਂ ਹੀ ਉਹਨਾਂ ਦਾ ਸ਼ਰਧਾਲੂ ਬਣ ਗਿਆ ਤੇ ਉਹ ਜੰਗ ਛੱਡ ਕੇ ਚਲਾ ਗਿਆ। ਆਲਿਫ ਖਾਨ ਜੰਗ ਵਿੱਚ ਗੁਰੂ ਦਾ ਸਾਹਮਣਾ ਨਾ ਕਰ ਸਕਿਆ ਤੇ ਉਸ ਦੀ ਕਰਾਰੀ ਹਾਰ ਹੋਈ। ਇਸ ਹਾਰ ਤੋਂ ਬਾਅਦ ਪਹਾੜੀ ਰਾਜਿਆਂ ਨੇ ਕੁਝ ਦਿਨਾਂ ਪਿੱਛੋਂ ਅਨੰਦਪੁਰ ਸਾਹਿਬ ਉੱਪਰ ਹਮਲਾ ਕਰ ਦਿੱਤਾ। ਇਸ ਜੰਗ ਵਿੱਚ ਪਹਾੜੀ ਰਾਜਿਆਂ ਦਾ ਭਾਰੀ ਜਾਨੀ ਨੁਕਸਾਨ ਹੋਇਆ।
ਅਨੰਦਪੁਰ ਸਾਹਿਬ ਦੀ ਇਸ ਜੰਗ ਵਿੱਚ ਭਾਰੀ ਹਾਰ ਖਾਣ ਮਗਰੋਂ ਪਹਾੜੀ ਰਾਜਿਆਂ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਸਾਹਿਬ ਵਿਰੁਧ ਫੌਜ ਭੇਜਣ ਦੀ ਅਪੀਲ ਕੀਤੀ ਕਿ ਉਹ ਇਸ ਲੜਾਈ ਦਾ ਸਾਰਾ ਖਰਚਾ ਭਰਨਗੇ। ਦਿੱਲੀ ਵਲੋਂ ਸਯਦ ਖਾਨ ਦੀ ਕਮਾਂਡ ਹੇਠ ਕਈ ਹਜ਼ਾਰ ਫੌਜ ਅਨੰਦਪੁਰ ਸਾਹਿਬ ’ਤੇ ਹਮਲਾ ਕਰਨ ਲਈ ਭੇਜੀ ਗਈ, ਜਿਸ ਨਾਲ ਅੱਗੇ ਆ ਕੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਵਲੋਂ ਗਏ ਫੌਜੀ ਦਸਤੇ ਅਤੇ ਪਹਾੜੀ ਰਾਜਿਆਂ ਦੀ ਆਪਣੀ ਫੌਜ ਵੀ ਮਿਲ ਗਈ। ਇਸ ਜੰਗ ਦੌਰਾਨ ਜਦੋਂ ਸਯਦ ਖਾਨ ਦਾ ਗੁਰੂ ਨਾਲ ਸਾਹਮਣਾ ਹੋਇਆ ਤਾਂ ਉਹ ਗੁਰੂ ਸਾਹਿਬ ਦਾ ਮੁਰੀਦ ਬਣ ਗਿਆ ਤੇ ਫੌਜ ਦੀ ਕਮਾਂਡ ਛੱਡ ਕੇ ਚਲਾ ਗਿਆ। ਉਸ ਤੋਂ ਬਾਅਦ ਹਮਲਾਵਰ ਫੌਜ ਦੀ ਕਮਾਂਡ ਰਮਜ਼ਾਨ ਖਾਨ ਨੇ ਸੰਭਾਲੀ। ਸਖਤ ਮੁਕਾਬਲੇ ਦੌਰਾਨ ਉਹ ਗੁਰੂ ਦੀ ਫੌਜ ਅੱਗੇ ਟਿਕ ਨਾ ਸਕੇ ਤੇ ਉਹਨਾਂ ਨੂੰ ਹਾਰ ਖਾ ਕੇ ਮੈਦਾਨ ਛੱਡਣਾ ਪਿਆ। ਇਹਨਾਂ ਜੰਗਾਂ ਬਾਰੇ ਬਾਦਸ਼ਾਹ ਔਰੰਗਜ਼ੇਬ ਕੋਲ ਖਬਰਾਂ ਪਹੁੰਚ ਰਹੀਆਂ ਸਨ। ਔਰੰਗਜ਼ੇਬ ਨੇ ਲਾਹੌਰ, ਕਸ਼ਮੀਰ ਅਤੇ ਸਰਹੰਦ ਦੇ ਤਿੰਨ ਸੂਬੇਦਾਰਾਂ ਨੂੰ ਅਨੰਦਪੁਰ ਸਾਹਿਬ ਉੱਪਰ ਹਮਲੇ ਕਰਨ ਦਾ ਹੁਕਮ ਦਿੱਤਾ। ਰੋਪੜ ਤੋਂ ਪਹਾੜੀ ਰਾਜੇ ਵੀ ਇਸ ਸ਼ਾਹੀ ਫੌਜ ਵਿੱਚ ਸ਼ਾਮਲ ਹੋ ਗਏ।               (ਚਲਦਾ...)

 

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

 9815700916