ਕੈਪਟਨ ਪੰਜਾਬ ਦੀ ਲੋਕ ਪਖੀ ਸਿਆਸਤ ਤੋਂ ਗੈਰ ਪ੍ਰਸੰਗਿਕ ਬਣੇ
ਪ੍ਰੀਤਮ ਸਿੰਘ
*ਪ੍ਰੋਫੈਸਰ ਐਮੇਰਿਟਸ, ਆਕਸਫੋਰਡ ਬਰੂਕਸ ਯੂਨੀਵਰਸਿਟੀ, ਯੂਕੇ।
ਭਾਰਤ ਦੇ ਫੈਡਰਲ ਢਾਂਚੇ ਤਹਿਤ ਕਿਸੇ ਸੂਬੇ ਦਾ ਸਿਰਮੌਰ ਸਿਆਸੀ ਅਹੁਦਾ ਮੁੱਖ ਮੰਤਰੀ ਦਾ ਹੁੰਦਾ ਹੈ। ਪੰਜਾਬ ਵਿਚ ਪਿਛਲੇ ਪੰਝੀ ਸਾਲਾਂ ਦੌਰਾਨ ਇਸ ਅਹੁਦੇ ਉੱਤੇ ਪ੍ਰਕਾਸ਼ ਸਿੰਘ ਬਾਦਲ (15 ਸਾਲ) ਅਤੇ ਅਮਰਿੰਦਰ ਸਿੰਘ (ਸਾਢੇ ਨੌਂ ਸਾਲ) ਰਹੇ ਹਨ। ਜ਼ਾਹਿਰਾ ਤੌਰ ਤੇ ਉਮਰ ਦੇ ਤਕਾਜ਼ੇ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਸ਼ਰਮਨਾਕ ਹਾਰ ਕਾਰਨ ਪ੍ਰਕਾਸ਼ ਸਿੰਘ ਬਾਦਲ ਇਕ ਲਿਹਾਜ਼ ਨਾਲ ਸਰਗਰਮ ਸਿਆਸਤ ਤੋਂ ਲਾਂਭੇ ਹੋ ਚੁੱਕੇ ਹਨ ਪਰ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕੁਰਸੀ ਗੁਆ ਲੈਣ ਮਗਰੋਂ ਹੁਣ ਨਵੀਂ ਉਡਾਣ ਲਈ ਆਪਣੇ ਪਰ ਤੋਲ ਰਹੇ ਹਨ। ਆਪਣੇ ਸਮਾਜੀ-ਸਿਆਸੀ ਜੀਵਨ ਵਿਚ ਕੁਝ ਸ਼ਖ਼ਸ ਉਦੋਂ ਅਹਿਮੀਅਤ ਅਖ਼ਤਿਆਰ ਕਰ ਜਾਂਦੇ ਹਨ ਜਦੋਂ ਉਹ ਉਸ ਸਮਾਜੀ-ਸਿਆਸੀ ਭਾਈਚਾਰੇ ਦੀ ਸਤਹ ਹੇਠ ਵਗ ਰਹੀਆਂ ਧਾਰਾਵਾਂ ਦੀ ਥਾਹ ਪਾ ਲੈਂਦੇ ਹਨ ਜਾਂ ਉਹ ਉਸ ਭਾਈਚਾਰੇ ਦੇ ਸਮਾਜੀ ਸਿਆਸੀ ਰੁਝਾਨਾਂ ਨੂੰ ਪ੍ਰਗਟਾਉਣ ਵਿਚ ਅਹਿਮ ਭੂਮਿਕਾ ਨਿਭਾ ਜਾਂਦੇ ਹਨ। ਇਸ ਦੇ ਉਲਟ ਇਤਾਲਵੀ ਦਾਰਸ਼ਨਿਕ ਅੰਤੋਨੀਓ ਗ੍ਰਾਮਸ਼ੀ ਦੇ ਸ਼ਬਦਾਂ ਵਿਚ ਉਹੀ ਬੰਦੇ ਉਦੋਂ ਗੌਣ/ਬੌਣੇ ਵੀ ਹੋ ਜਾਂਦੇ ਹਨ ਜਦੋਂ ਉਹ ਸਮਾਜੀ-ਸਿਆਸੀ ਭਾਈਚਾਰੇ ਦੇ ਸਹਿਜ ਬੋਧ ਨੂੰ ਪੜ੍ਹਨ ਵਿਚ ਖ਼ਤਾ ਖਾ ਜਾਂਦੇ ਹਨ।1984 ਤੋਂ ਪਹਿਲਾਂ ਪਟਿਆਲਾ ਸ਼ਹਿਰ ਤੋਂ ਬਾਹਰ ਬਹੁਤ ਘੱਟ ਲੋਕ ਅਮਰਿੰਦਰ ਸਿੰਘ ਨੂੰ ਜਾਣਦੇ ਸਨ ਜੋ ਉਥੋਂ ਕਾਂਗਰਸ ਦੀ ਟਿਕਟ ਤੇ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਉਨ੍ਹਾਂ ਦੀ ਜਿੱਤ ’ਵਿਚ ਸ਼ਾਹੀ ਘਰਾਣੇ ਨਾਲ ਜੁੜੀ ਉਨ੍ਹਾਂ ਦੀ ਵਿਰਾਸਤ ਦੀ ਭੂਮਿਕਾ ਰਹੀ ਸੀ, ਉਦੋਂ ਤੱਕ ਸ਼ਹਿਰ ਦੇ ਲੋਕਾਂ ਦੀਆਂ ਨਜ਼ਰਾਂ ’ਚ ਘਰਾਣੇ ਦਾ ਕਾਫ਼ੀ ਆਦਰ ਮਾਣ ਸੀ। ਪਟਿਆਲਾ ਸ਼ਹਿਰ ਤੋਂ ਬਾਹਰ ਜੱਦੀ ਪਿੰਡ ਮਹਿਰਾਜ ਛੱਡ ਕੇ ਹੋਰਨਾਂ ਖੇਤਰਾਂ ਵਿਚ ਉਨ੍ਹਾਂ ਦਾ ਕੋਈ ਖ਼ਾਸ ਅਸਰ ਰਸੂਖ ਨਹੀਂ ਸੀ। ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੇ ਸਾਕਾ ਨੀਲਾ ਤਾਰਾ ਕਾਰਨ ਨਾ ਕੇਵਲ ਉਹ ਪੰਜਾਬ ਤੇ ਭਾਰਤੀ ਸਿਆਸਤ ਸਗੋਂ ਕੌਮਾਂਤਰੀ ਪੱਧਰ ਤੇ ਵੀ ਸੁਰਖੀਆਂ ਵਿਚ ਆ ਗਏ ਸਨ। ਉਨ੍ਹਾਂ ਸਾਕਾ ਨੀਲਾ ਤਾਰਾ ਦੇ ਰੋਸ ਵਜੋਂ ਕਾਂਗਰਸ ਪਾਰਟੀ ਅਤੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਦਾ ਦਲੇਰਾਨਾ ਕਦਮ ਪੁੱਟਿਆ। ਉਦੋਂ ਇਕ ਹੋਰ ਕਾਂਗਰਸੀ ਸੰਸਦ ਮੈਂਬਰ ਦਵਿੰਦਰ ਸਿੰਘ ਗਰਚਾ ਨੇ ਵੀ ਅਸਤੀਫ਼ਾ ਦਿੱਤਾ ਸੀ। ਅਮਰਿੰਦਰ ਸਿੰਘ ਨੇ ਆਪਣੇ ਅਸਤੀਫ਼ੇ ਦਾ ਆਧਾਰ ਸਿਧਾਂਤਕ ਬਣਾਇਆ ਸੀ ਕਿਉਂਕਿ ਉਨ੍ਹਾਂ ਦਾ ਪਰਿਵਾਰ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨਾਲ ਆਪਣੀ ਸਾਂਝ ਦਾ ਦਾਅਵਾ ਕਰਦਾ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਹੀ ਸ੍ਰੀ ਅਕਾਲ ਤਖ਼ਤ ਦੀ ਉਸਾਰੀ ਕਰਵਾਈ ਸੀ ਜਿਸ ਨੂੰ ਸਾਕਾ ਨੀਲਾ ਤਾਰਾ ਦੌਰਾਨ ਢਹਿ-ਢੇਰੀ ਕਰ ਦਿੱਤਾ ਗਿਆ ਸੀ। ਅਮਰਿੰਦਰ ਸਿੰਘ ਨੇ ਆਪਣੇ ਅਸਤੀਫ਼ੇ ਵਿਚ ਇਸ ਕਾਰਨ ਦਾ ਜ਼ੋਰਦਾਰ ਢੰਗ ਨਾਲ ਜ਼ਿਕਰ ਕੀਤਾ ਸੀ। ਉਂਝ, ਉਨ੍ਹਾਂ ਆਪਣੇ ਅਸਤੀਫ਼ੇ ਦੇ ਫ਼ੈਸਲੇ ਪਿੱਛੇ ਕਿਸੇ ਵਡੇਰੇ ਸਿਆਸੀ ਨਜ਼ਰੀਏ ਦਾ ਖੁਲਾਸਾ ਨਹੀਂ ਕੀਤਾ ਸੀ ਪਰ ਤਾਂ ਵੀ ਉਹ ਅਚਾਨਕ ਹੀ ਸਦਮੇ ਵਿਚੋਂ ਲੰਘ ਰਹੇ ਤੇ ਅਗਵਾਈ ਤੋਂ ਵਿਰਵੇ ਪਰਵਾਸੀ ਸਿੱਖ ਭਾਈਚਾਰੇ ਦੇ ਅਣਐਲਾਨੇ ਤਰਜਮਾਨ ਬਣ ਗਏ ਸਨ ਕਿਉਂਕਿ ਉਸ ਵੇਲੇ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ ਸੀ। ਇਸੇ ਤਰ੍ਹਾਂ ਉੱਘੇ ਪੱਤਰਕਾਰ ਤੇ ਲੇਖਕ ਖ਼ੁਸ਼ਵੰਤ ਸਿੰਘ ਰੋਸ ਵਜੋਂ ਆਪਣਾ ਪਦਮਸ੍ਰੀ ਪੁਰਸਕਾਰ ਮੋੜਨ ਤੋਂ ਬਾਅਦ ਸਿੱਖ ਭਾਈਚਾਰੇ ਦੀ ਆਵਾਜ਼ ਬਣ ਗਏ ਸਨ ਅਤੇ ਰਾਜ ਸਭਾ ਵਿਚ ਉਨ੍ਹਾਂ ਠੋਕਵਾਂ ਭਾਸ਼ਣ ਦਿੰਦਿਆਂ ਸਾਕਾ ਨੀਲਾ ਤਾਰਾ ਦੀ ਤਿੱਖੀ ਨਿਖੇਧੀ ਕੀਤੀ ਸੀ। ਅਮਰਿੰਦਰ ਸਿੰਘ ਅਤੇ ਖ਼ੁਸ਼ਵੰਤ ਸਿੰਘ, ਦੋਵਾਂ ਨੇ ਉਸ ਵੇਲੇ ਸਿੱਖ ਭਾਈਚਾਰੇ ਦੇ ਸਹਿਜ ਬੋਧ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਸੀ।
ਸਿਆਸੀ ਜੀਵਨ ਦੇ ਉਸ ਦੌਰ ’ਚ ਅਮਰਿੰਦਰ ਸਿੰਘ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਅਤੇ ਸਿੱਖ ਅਕਾਦਮਿਕ ਹਲਕਿਆਂ ਵਿਚ ਸਤਿਕਾਰ ਦਾ ਪਾਤਰ ਵੀ ਬਣੇ। ਚਾਰ ਸੰਸਕਰਨਾਂ ਵਾਲੇ ‘ਐਨਸਾਇਕਲੋਪੀਡੀਆ ਆਫ ਸਿੱਖਜ਼’ ਦੇ ਰਚੇਤਾ ਪ੍ਰੋਫੈਸਰ ਹਰਬੰਸ ਸਿੰਘ ਨੇ ਅਮਰਿੰਦਰ ਸਿੰਘ ਨੂੰ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਚੈਪਟਰ ਲਿਖਣ ਦਾ ਸੱਦਾ ਦਿੱਤਾ ਤਾਂ ਉਨ੍ਹਾਂ ਬਾਖ਼ੂਬੀ ਮਤੇ ਦੀ ਭੂਮਿਕਾ ਲਿਖੀ ਤੇ ਮਤੇ ਦਾ ਅੰਗਰੇਜ਼ੀ ਵਿਚ ਜਾਨਦਾਰ ਉਲਥਾ ਵੀ ਕੀਤਾ।ਬਾਅਦ ਵਿਚ ਉਹ ਮੁੜ ਕਾਂਗਰਸ ਵਿਚ ਸ਼ਾਮਿਲ ਹੋ ਗਏ। ਉਸ ਵੇਲੇ ਉਨ੍ਹਾਂ ਦਾ ਸਿਆਸੀ ਜੀਵਨ ਚੜ੍ਹਤ ਵਿਚ ਸੀ। ਵੱਡਾ ਉਭਾਰ ਉਦੋਂ ਆਇਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਦਰਿਆਈ ਪਾਣੀਆਂ ਬਾਰੇ ਪਿਛਲੇ ਸਮਝੌਤੇ (ਜੋ ਦਰਿਆਈ ਪਾਣੀਆਂ ਤੇ ਪੰਜਾਬ ਦੇ ਹੱਕਾਂ ਹਿੱਤਾਂ ਲਈ ਘਾਤਕ ਸਨ) ਪੰਜਾਬ ਵਿਧਾਨ ਸਭਾ ਵਿਚ ਰੱਦ ਕਰ ਦਿੱਤੇ। ਇਹ ਉਨ੍ਹਾਂ ਦਾ ਦਲੇਰਾਨਾ ਫ਼ੈਸਲਾ ਸੀ ਜਿਸ ਕਰ ਕੇ ਨਾ ਕੇਵਲ ਪਾਰਟੀ ਦੀ ਕੇਂਦਰੀ ਹਾਈ ਕਮਾਂਡ ਪ੍ਰੇਸ਼ਾਨ ਸੀ ਸਗੋਂ ਦਿੱਲੀ ਆਧਾਰਿਤ ਰਾਸ਼ਟਰਵਾਦੀ ਮੀਡੀਆ ਨੇ ਵੀ ਅਮਰਿੰਦਰ ਸਿੰਘ ਦੀ ਤਿੱਖੀ ਆਲੋਚਨਾ ਕੀਤੀ ਪਰ ਉਹ ਆਪਣੇ ਫ਼ੈਸਲੇ ਤੇ ਡਟੇ ਰਹੇ।ਇਸ ਤੋਂ ਬਾਅਦ 2014 ਦੀਆਂ ਆਮ ਚੋਣਾਂ ਵਿਚ ਉਨ੍ਹਾਂ ਦਾ ਕੱਦ ਹੋਰ ਵਧ ਗਿਆ ਜਦੋਂ ਉਨ੍ਹਾਂ ਅੰਮ੍ਰਿਤਸਰ ਲੋਕ ਸਭਾ ਦੀ ਸੀਟ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ ਹਰਾ ਦਿੱਤਾ। ਇਸ ਨਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਦਾ ਰਾਹ ਪੱਧਰਾ ਹੋ ਗਿਆ ਅਤੇ ਉਹ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਚੁਣੇ ਗਏ।ਆਪਣੀ ਚੜ੍ਹਤ ਵਾਲੇ ਕਾਲ ਦੌਰਾਨ ਕੈਪਟਨ ਨੇ ਭਾਈਚਾਰੇ ਦੇ ਪ੍ਰਬਲ ਵਿਚਾਰਾਂ ਅਤੇ ਧਾਰਨਾਵਾਂ ਦੀ ਨੁਮਾਇੰਦਗੀ ਕੀਤੀ ਸੀ ਪਰ ਜਿਉਂ ਹੀ ਉਨ੍ਹਾਂ ਇਸ ਦੇ ਉਲਟ ਚੱਲਣਾ ਸ਼ੁਰੂ ਕਰ ਦਿੱਤਾ, ਉਨ੍ਹਾਂ ਦੀ ਸਾਖ਼ ਨੂੰ ਢਾਹ ਲੱਗਣ ਲੱਗੀ। ਸਭ ਤੋਂ ਵੱਡਾ ਨੁਕਸਾਨ ਉਦੋਂ ਹੋਇਆ ਜਦੋਂ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਤਜਵੀਜ਼ ਤੇ ਉਲਟ ਟੀਕਾ-ਟਿੱਪਣੀ ਕੀਤੀ। ਨਵਜੋਤ ਸਿੰਘ ਸਿੱਧੂ ਨੂੰ ਇਹ ਇਤਿਹਾਸਕ ਲਾਂਘਾ ਖੁੱਲ੍ਹਣ ਕਾਰਨ ਪ੍ਰਸਿੱਧੀ ਮਿਲੀ ਪਰ ਅਮਰਿੰਦਰ ਸਿੰਘ ਨੇ ਆਪਣੀ ਸਿਆਸੀ ਖਹਿਬਾਜ਼ੀ ਕਰ ਕੇ ਇਸ ਤੋਂ ਉਲਟ ਸਟੈਂਡ ਲੈ ਕੇ ਖ਼ੁਨਾਮੀ ਖੱਟ ਲਈ। ਉਨ੍ਹਾਂ ਲਾਂਘੇ ਬਾਰੇ ਪੰਜਾਬ ਅਤੇ ਆਲਮੀ ਸਿੱਖ ਭਾਈਚਾਰੇ ਦੀ ਭਾਵਨਾ ਨੂੰ ਪੜ੍ਹਨ ਦੀ ਕੋਸ਼ਿਸ਼ ਨਾ ਕੀਤੀ। ਪੰਜਾਬੀ ਭਾਈਚਾਰਾ ਪਾਕਿਸਤਾਨ ਨਾਲ ਇੱਟ ਖੜੱਕਾ ਰੱਖਣ ਅਤੇ ਉਸ ਖਿਲਾਫ਼ ਜੰਗ ਛੇੜਨ ਦੇ ਹੱਕ ਵਿਚ ਨਹੀਂ ਅਤੇ ਉਨ੍ਹਾਂ ਉਸ ਪਾਵਨ ਧਾਮ ਦੇ ਦਰਸ਼ਨ ਦੀਦਾਰ ਲਈ ਹੋਈ ਇਸ ਪਹਿਲਕਦਮੀ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ ਜਿੱਥੇ ਉਨ੍ਹਾਂ ਦੇ ਪਹਿਲੇ ਗੁਰੂ ਨੇ ਆਪਣੇ ਜੀਵਨ ਦੇ ਆਖਰੀ ਅਠਾਰਾਂ ਸਾਲ ਬਿਤਾਏ ਸਨ।ਸੱਤਾ ਤੋਂ ਬਾਹਰ ਹੋ ਜਾਣ ਬਾਅਦ ਜੇ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਵਾਂਗ ਸਿਆਸੀ ਮੰਜ਼ਰ ਤੋਂ ਲਾਂਭੇ ਹੋ ਜਾਂਦੇ ਤਾਂ ਉਨ੍ਹਾਂ ਵੱਲੋਂ ਸਾਕਾ ਨੀਲਾ ਤਾਰਾ ਵੇਲੇ ਲਏ ਦਲੇਰਾਨਾ ਫ਼ੈਸਲੇ, ਦਰਿਆਈ ਪਾਣੀਆਂ ਬਾਰੇ ਸਮਝੌਤੇ ਰੱਦ ਕਰਨ ਤੇ ਸਿੱਖ ਐਨਸਾਇਕਲੋਪੀਡੀਆ ਵਿਚ ਪਾਏ ਯੋਗਦਾਨ ਸਦਕਾ ਬਣਾਈ ਆਪਣੀ ਭੱਲ ਬਰਕਰਾਰ ਰੱਖ ਸਕਦੇ ਸਨ ਪਰ ਉਨ੍ਹਾਂ ਭਾਜਪਾ ਨਾਲ ਗੰਢ-ਤੁਪ ਦਾ ਰਾਹ ਫੜ ਲਿਆ ਜਿਸ ਦਾ ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਕਾਰਨ ਪੰਜਾਬ ਵਿਚ ਵੱਡਾ ਵਿਰੋਧ ਹੋ ਰਿਹਾ ਹੈ। ਅਜਿਹਾ ਕਰ ਕੇ ਉਨ੍ਹਾਂ ਨੇ ਆਪਣੇ ਪੂਰੇ ਸਿਆਸੀ ਜੀਵਨ ਦੀ ਜਨਤਕ ਕਮਾਈ ਵੀ ਦਾਅ ਤੇ ਲਾ ਲਈ ਹੈ। ਉਹ ਪੰਜਾਬ ਵਿਚ ਪ੍ਰਚੱਲਤ ਲੋਕ ਰਾਏ ਤੋਂ ਉਲਟ ਬੋਲੀ ਬੋਲ ਰਹੇ ਹਨ ਅਤੇ ਇਸ ਕੰਮ ਲਈ ਉਨ੍ਹਾਂ ਨੂੰ ਸੂਬੇ ਅੰਦਰ ਕੋਈ ਸਿਆਸੀ ਸਾਥੀ ਮਿਲਣਾ ਮੁਸ਼ਕਿਲ ਹੋ ਜਾਵੇਗਾ। ਅਕਾਲੀ ਦਲ ਦੇ ਨਾਰਾਜ਼ ਧੜਿਆਂ ਵਿਚੋਂ ਕੋਈ ਵੀ ਧੜਾ ਉਨ੍ਹਾਂ ਦੇ ਨਾਲ ਖੜ੍ਹਨ ਲਈ ਤਿਆਰ ਨਹੀਂ ਹੋਇਆ। ਸ਼ੋਮਣੀ ਅਕਾਲੀ ਦਲ (ਯੂਨਾਈਟਡ) ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਵਲੋਂ ਅਮਰਿੰਦਰ ਸਿੰਘ ਦੇ ਦਾਅਵਿਆਂ ਦਾ ਖੰਡਨ ਕਰਨ ਨਾਲ ਉਨ੍ਹਾਂ ਨੂੰ ਹੋਰ ਮੁਸ਼ਕਿਲਾਂ ਪੇਸ਼ ਕਰਨੀਆਂ ਪੈ ਰਹੀਆਂ ਹਨ। ਆਉਣ ਵਾਲੇ ਸਮੇਂ ਦੇ ਸਿਆਸੀ ਸਮੀਖਿਅਕ ਅਤੇ ਇਤਿਹਾਸਕਾਰ ਅਮਰਿੰਦਰ ਸਿੰਘ ਦੀ ਮਿਸਾਲ ਦਿਆ ਕਰਨਗੇ ਕਿ ਜਦੋਂ ਕੋਈ ਵੱਡਾ ਬੰਦਾ ਆਪਣੇ ਸਮਾਜੀ ਸਿਆਸੀ ਭਾਈਚਾਰੇ ਦੇ ਸਹਿਜ ਬੋਧ ਦੀ ਧਾਰਾ ਨਾਲੋਂ ਟੁੱਟ ਜਾਂਦਾ ਹੈ ਤਾਂ ਕਿਵੇਂ ਉਹ ਗ਼ੈਰ ਪ੍ਰਸੰਗਕ ਬਣ ਕੇ ਰਹਿ ਜਾਂਦਾ ਹੈ।
Comments (0)