ਪੰਜਾਬ ਦੇ ਮਾਣ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ 

ਪੰਜਾਬ ਦੇ ਮਾਣ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ 

                                 ‘ਖੇਤੀ ਅਰਥਚਾਰੇ ਦਾ ਧਰੂ ਤਾਰਾ                                             

ਡਾ. ਸਰਦਾਰਾ ਸਿੰਘ ਜੌਹਲ ਖੇਤੀ ਅਰਥਚਾਰੇ ਦਾ ਧਰੂ ਤਾਰਾ ਹੈ ਜਿਸ ਨੇ ਤੇਤੀ ਮੁਲਕਾਂ ਵਿਚ ਮਾਹਿਰਾਨਾ ਸੇਵਾਵਾਂ ਦਿੱਤੀਆਂ ਹਨ। ਉਸ ਨੂੰ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਡੀ ਲਿੱਟ ਤੇ ਡੀ ਐੱਸ ਦੀਆਂ ਆਨਰੇਰੀ ਡਿਗਰੀਆਂ ਨਾਲ ਨਿਵਾਜਿਆ ਹੈ। ਭਾਰਤ ਸਰਕਾਰ ਨੇ ਉਸ ਨੂੰ ਪਦਮ ਭੂਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਉਸਾਰੂ ਰੁਝੇਵਿਆਂ ਵਾਲਾ ਜੀਵਨ ਜਿਉਂਦਿਆਂ ਬੇਸ਼ਕ ਚਾਰ ਵਾਰ ਦਿਲ ਦੇ ਦੌਰੇ ਪਏ ਪਰ ਸਦਾ ਚੜ੍ਹਦੀ ਕਲਾ ਚ ਰਹਿਣ ਵਾਲਾ ਖੇਤਾਂ ਦਾ ਪੁੱਤ ਸੌ ਸਾਲਾਂ ਨੇੜੇ ਢੁੱਕ ਕੇ ਵੀ ਪ੍ਰੋਫੈਸ਼ਨਲ ਸੇਵਾਵਾਂ ਦੇਣ ਵਿਚ ਸਰਗਰਮ ਹੈ। ਉਸ ਦਾ ਜਨਮ 2 ਅਗੱਸਤ 1928 ਨੂੰ ਜੜ੍ਹਾਂ ਵਾਲਾ ਨੇੜੇ ਚੱਕ 104 ਸਮਰਾ-ਜੰਡਿਆਲਾ ਦੇ ਨਿਮਨ ਕਿਸਾਨੀ ਪਰਿਵਾਰ ਵਿਚ ਹੋਇਆ ਸੀ। ਨਿੱਕੇ ਹੁੰਦੇ ਦੀ ਮਾਂ ਗੁਜ਼ਰ ਗਈ ਸੀ ਅਤੇ ਉਹ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਬਚਪਨ ਤੇ ਜੁਆਨ ਚ ਕਿਰਸਾਣੀ ਦੇ ਸਾਰੇ ਕਰੜੇ ਕੰਮ ਆਪਣੇ ਹੱਥੀਂ ਕਰਨੇ ਪਏ। 

ਮੈਂ ਉਸ ਦੀ ਜੀਵਨੀ ਦਾ ਨਾਂ ਪਹਿਲਾਂ ਖੇਤੀ ਅਰਥਚਾਰੇ ਦਾ ਧਰੂ ਤਾਰਾਰੱਖਿਆ ਸੀ ਪਰ ਅਗਲੀ ਐਡੀਸ਼ਨ ਛਾਪਣ ਵੇਲੇ ਰੰਗਾਂ ਦੀ ਗਾਗਰ ਵਾਲਾ ਸਰਦਾਰਾ ਸਿੰਘ ਜੌਹਲਰੱਖ ਦਿੱਤਾ। ਉਸ ਦੀ ਸਵੈ ਜੀਵਨੀ ਦਾ ਨਾਂ ਰੰਗਾਂ ਦੀ ਗਾਗਰਹੈ ਜਿਸ ਦੀਆਂ ਦਰਜਨ ਦੇ ਕਰੀਬ ਐਡੀਸ਼ਨਾਂ ਛਪ ਚੁੱਕੀਆਂ ਹਨ। ਉਸ ਨੂੰ ਮਿਲੇ ਮਾਨਾਂ ਸਨਮਾਨਾਂ ਤੇ ਪੁਰਸਕਾਰਾਂ ਦਾ ਕੋਈ ਅੰਤ ਨਹੀਂ। ਹੁਣ ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਉਸ ਨੂੰ ਪੰਜਾਬ ਦਾ ਮਾਣਪੁਰਸਕਾਰ ਦਿੱਤਾ ਗਿਐ ਜਿਸ ਦੀਆਂ ਲੱਖ ਲੱਖ ਮੁਬਾਰਕਾਂ! 

ਡਾ. ਜੌਹਲ ਵਿਦਵਤਾ ਦਾ ਭਰ ਵਗਦਾ ਦਰਿਆ ਹੈ। ਗਿਆਨ ਦਾ ਲਟ-ਲਟ ਬਲਦਾ ਚਿਰਾਗ਼ ਜਿਸ ਨਾਲ ਨਿੱਤ ਨਵੇਂ ਦੀਵੇ ਜਗਦੇ ਹਨ। ਕੁੱਝ ਸਾਲ ਪਹਿਲਾਂ ਅਜੀਤਵਿੱਚ ਛਪਦਾ ਉਸ ਦਾ ਕਾਲਮ ਮੇਰਾ ਭਾਰਤ ਮਹਾਨਬੇਹੱਦ ਮਕਬੂਲ ਹੋਇਆ ਸੀ। ਮੇਰਾ ਸੁਭਾਗ ਹੈ, ਮੈਨੂੰ ਬਤੌਰ ਪ੍ਰਿੰਸੀਪਲ ਡਾ. ਜੌਹਲ ਹੋਰਾਂ ਦੀ ਸਰਪ੍ਰਸਤੀ ਮਿਲੀ, ਨੇਕ ਸਲਾਹਾਂ ਮਿਲੀਆਂ, ਉਤਸ਼ਾਹ ਮਿਲਿਆ, ਸੇਧ ਮਿਲੀ ਤੇ ਨੇੜਿਓਂ ਵੇਖਣ ਜਾਣਨ ਦੇ ਮੌਕੇ ਮਿਲੇ ਜੋ ਹੁਣ ਤਕ ਮਿਲਦੇ ਆ ਰਹੇ ਹਨ। ਜਦੋਂ ਵੀ ਮਿਲੀਏ ਅਪਣੱਤ ਦਾ ਨਿੱਘ ਮਿਲਦੈ ਜਿਸ ਨਾਲ ਮਨ ਖ਼ੁਸ਼ ਹੁੰਦੈ। ਉਸ ਨੂੰ ਵਡੇਰੀ ਉਮਰ ਵਿੱਚ ਵੀ ਆਹਰੇ ਲੱਗੇ ਵੇਖ ਕੇ ਹਰ ਕਿਸੇ ਨੂੰ ਪ੍ਰੇਰਨਾ ਮਿਲਦੀ ਹੈ ਕਿ ਆਪਾਂ ਵੀ ਕੁੱਝ ਕਰੀਏ। ਉਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਚਾਰ ਸਾਲ ਵੱਡਾ ਹੈ। ਦੋਵੇਂ ਸਰਦਾਰ ਧਨੰਤਰ ਅਰਥ ਸ਼ਾਸਤਰੀ ਹਨ ਜੋ ਪੱਛਮੀ ਪੰਜਾਬ ਦੇ ਪਿੰਡਾਂ ਵਿੱਚ ਜੰਮੇ ਪਲੇ। ਡਾ. ਮਨਮੋਹਨ ਸਿੰਘ ਦਾ ਪਿੰਡ ਗਾਹਪੋਠੋਹਾਰ ਵਿਚ ਹੈ ਤੇ ਡਾ. ਜੌਹਲ ਦਾ ਬਾਰ ਵਿਚ ਚੱਕ 104 ਸਮਰਾ-ਜੰਡਿਆਲਾ। ਦੇਸ਼ ਦੀ ਵੰਡ ਸਮੇਂ ਇਹ ਪਿੰਡ ਪਾਕਿਸਤਾਨ ਵਿਚ ਰਹਿ ਗਏ। ਪਾਕਿਸਤਾਨ ਚੋਂ ਉੱਜੜੇ ਇਹ ਦੋਵੇਂ ਪੇਂਡੂ ਨੌਜੁਆਨ ਚੜ੍ਹਦੇ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਕੇ ਭਾਰਤੀ ਯੂਨੀਵਰਸਿਟੀਆਂ ਦੇ ਮਾਣਯੋਗ ਪ੍ਰੋਫ਼ੈਸਰ ਬਣੇ। ਦੋਹਾਂ ਨੇ ਯੂਐੱਨਓ ਵਿੱਚ ਸੇਵਾ ਕੀਤੀ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਡਾਇਰੈਕਟਰ ਬਣੇ ਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਦੀਆਂ ਆਰਥਿਕ ਸਲਾਹਕਾਰ ਕੌਂਸਲਾਂ ਦੇ ਮੈਂਬਰ ਰਹੇ। ਡਾ. ਮਨਮੋਹਨ ਸਿੰਘ ਵਰਲਡ ਬੈਂਕ ਵਿੱਚ ਸੇਵਾ ਕਰਨ ਅਤੇ ਭਾਰਤ ਦੇ ਖ਼ਜ਼ਾਨਾ ਮੰਤਰੀ ਬਣਨ ਪਿੱਛੋਂ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਪਰ ਡਾ. ਜੌਹਲ ਰਾਜ ਸੱਤਾ ਮਗਰ ਨਾ ਗਏ। ਚਲੇ ਜਾਂਦੇ ਤਾਂ ਸੰਭਵ ਸੀ ਰਾਜ ਭਵਨਾਂ ਦੀਆਂ ਉੱਚੀਆਂ ਤੋਂ ਉੱਚੀਆਂ ਪੌੜੀਆਂ ਚੜ੍ਹਦੇ!

ਉਹ ਦੋ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਡਾਇਰੈਕਟਰ ਰਿਸਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਅਮਰੀਕਾ ਦੀ ਓਹਾਈਓ ਸਟੇਟ ਯੂਨੀਵਰਸਿਟੀ ਦੇ ਵਿਜ਼ਟਿੰਗ ਪ੍ਰੋਫ਼ੈਸਰ, ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਦੇ ਨੈਸ਼ਨਲ ਪ੍ਰੋਫ਼ੈਸਰ ਆਫ਼ ਐਂਮੀਨੈਂਸ ਇਨ ਇਕਨੌਮਿਕਸ, ਖੇਤੀ ਲਾਗਤਾਂ ਤੇ ਕੀਮਤਾਂ ਕਮਿਸ਼ਨ ਦੇ ਚੇਅਰਮੈਨ, ਭਾਰਤ ਦੇ ਚਾਰ ਪ੍ਰਧਾਨ ਮੰਤਰੀਆਂ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਮਾਣਯੋਗ ਮੈਂਬਰ, ਡਾਇਰੈਕਟਰ ਸੈਂਟਰਲ ਗਵਰਨਿੰਗ ਬੋਰਡ ਆਫ਼ ਰਿਜ਼ਰਵ ਬੈਂਕ, ਕਨਸਲਟੈਂਟ ਵਰਲਡ ਬੈਂਕ, ਐਡੀਟਰ ਇਨ ਚੀਫ਼ ਮੈੱਨ ਐਂਡ ਡਿਵੈਲਪਮੈਂਟ ਮੈਗਜ਼ੀਨ ਅਤੇ ਯੋਜਨਾ ਬੋਰਡ ਪੰਜਾਬ ਦੇ ਉਪ ਚੇਅਰਮੈਨ ਰਹਿਣ ਪਿੱਛੋਂ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ, ਦੇ ਪਹਿਲੇ ਗ਼ੈਰ ਸਰਕਾਰੀ ਚਾਂਸਲਰ ਬਣੇ ਤਾਂ ਉਹ ਹੋਰ ਵੀ ਬਹੁਤ ਕੁੱਝ ਪਰ ਸੱਤਾ ਦੀਆਂ ਪੌੜੀਆਂ ਨਹੀਂ ਚੜ੍ਹੇ। ਇਸੇ ਕਰਕੇ ਉਹਨਾਂ ਦੀ ਚਰਚਾ ਡਾ. ਮਨਮੋਹਨ ਸਿੰਘ ਜਿੰਨੀ ਨਹੀਂ ਹੋਈ। ਉਨ੍ਹਾਂ ਦਾ ਬਿੰਬ ਇੱਕ ਸਾਊ, ਸਾਦੇ, ਮਿਹਨਤੀ, ਮਿਲਾਪੜੇ ਤੇ ਖੁੱਲ੍ਹ-ਦਿਲੇ ਵਿਦਵਾਨ ਦਾ ਬਣਿਆ ਹੋਇਆ ਹੈ। ਵੱਡੇ ਹੋ ਕੇ ਵੀ ਉਹ ਕਿਸੇ ਨੂੰ ਆਪਣੀ ਵਡੱਤਣ ਦਾ ਅਹਿਸਾਸ ਨਹੀਂ ਹੋਣ ਦਿੰਦੇ। ਹਰੇਕ ਨੂੰ ਇੰਜ ਲੱਗਦੈ ਜਿਵੇਂ ਆਪਣਾ ਪਰਿਵਾਰਕ ਵਡੇਰਾ ਹੋਵੇ। ਕਿਸੇ ਦਾ ਚਾਚਾ ਕਿਸੇ ਦਾ ਤਾਇਆ। ਮੁਕੰਦਪੁਰੀਆਂ ਦੇ ਤਾਂ ਉਹ ਫੁੱਫੜ ਹਨ ਹੀ! 

ਡਾ. ਜੌਹਲ ਤੇ ਡਾ. ਮਨਮੋਹਨ ਸਿੰਘ ਕੱਚੇ ਕੋਠਿਆਂ ਵਾਲੇ ਪਿੰਡਾਂ ਵਿੱਚ ਜੰਮੇ ਪਲੇ ਤੇ ਤੱਪੜਾਂ ਵਾਲੇ ਸਕੂਲਾਂ ਵਿੱਚ ਅਨਟ੍ਰੇਂਡ ਅਧਿਆਪਕਾਂ ਤੋਂ ਪੜ੍ਹੇ ਸਨ। ਦੋਹਾਂ ਦੇ ਮਾਪੇ ਸਾਧਾਰਨ ਕਿਰਤੀ ਸਨ। ਦੋਹਾਂ ਨੇ ਮੁੱਢਲੇ ਅੱਖਰ ਅਲਫ਼ ਬੇ ਤੇ ਏਕਾ ਦੂਆ ਉਂਗਲਾਂ ਨਾਲ ਜ਼ਮੀਨ ਉਤੇ ਲਿਖਣੇ ਸਿੱਖੇ। ਉਨ੍ਹਾਂ ਦਾ ਆਲਾ ਦੁਆਲਾ ਅਣਪੜ੍ਹ ਲੋਕਾਂ ਦਾ ਸੀ ਜਿਥੇ ਮੈਟ੍ਰਿਕ ਪਾਸ ਵੀ ਕੋਈ ਘੱਟ ਹੀ ਮਿਲਦਾ ਸੀ। ਸਕੂਲਾਂ ਦੇ ਉਸਤਾਦ ਵੀ ਅੱਠ ਦਸ ਜਮਾਤਾਂ ਹੀ ਪੜ੍ਹੇ ਹੁੰਦੇ ਸਨ ਪਰ ਉਨ੍ਹਾਂ ਅੰਦਰ ਪੜ੍ਹਾਈ ਕਰਾਉਣ ਦਾ ਮਿਸ਼ਨਰੀ ਜਜ਼ਬਾ ਹੁੰਦਾ ਸੀ।ਉਦੋਂ ਪਿੰਡਾਂ ਵਿੱਚ ਸ਼ਹਿਰੀ ਵਿਦਿਆ ਦਾ ਚਾਨਣ ਨਹੀਂ ਸੀ ਅਪੜਿਆ। ਵਿਦਿਆਥੀਆਂ ਦੇ ਪੜ੍ਹਨ ਲਿਖਣ ਲਈ ਕਾਇਦੇ ਤੇ ਫੱਟੀਆਂ ਸਨ। ਕਾਨਿਆਂ ਦੀਆਂ ਕਲਮਾਂ, ਸੂਫ ਦੀ ਸਿਆਹੀ ਤੇ ਫੱਟੀਆਂ ਪੋਚਣ ਲਈ ਗਾਚਣੀ। ਬਸਤੇ ਵਿੱਚ ਇੱਕ ਫੱਟੀ ਹੋਣੀ, ਇੱਕ ਕਾਇਦਾ ਤੇ ਕਲਮ ਦਵਾਤ। ਬਹੁਤੇ ਵਿਦਿਆਰਥੀਆਂ ਦੇ ਤੇੜ ਕੇਵਲ ਝੱਗਾ ਤੇ ਸਿਰ ਤੇ ਸਾਫਾ ਹੁੰਦਾ ਸੀ। ਪੇਂਡੂ ਲੋਕਾਂ ਦਾ ਕੰਮ ਧੰਦਾ ਖੇਤੀਬਾੜੀ ਕਰਨੀ ਅਤੇ ਡੰਗਰ ਪਾਲਣਾ ਸੀ। ਚਰਾਗਾਹਾਂ ਖੁੱਲ੍ਹੀਆਂ ਸਨ ਜਿਥੇ ਸਕੂਲੋਂ ਪੜ੍ਹ ਕੇ ਮੁੜੇ ਪਾੜ੍ਹੇ ਡੰਗਰ ਚਾਰਦੇ, ਖੇਡਾਂ ਖੇਡਦੇ ਤੇ ਆਪੋ ਆਪਣੇ ਘਰਦਿਆਂ ਦੇ ਕੰਮ ਵਿੱਚ ਹੱਥ ਵਟਾਉਂਦੇ। ਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ ਉਸ ਮਹੌਲ ਵਿੱਚ ਮੁੱਢਲੀ ਵਿੱਦਿਆ ਹਾਸਲ ਕਰਨ ਵਾਲੇ ਸਰਦਾਰਾ ਸਿੰਘ ਤੇ ਮਨਮੋਹਨ ਸਿੰਘ ਵਿਸ਼ਵ ਦੇ ਉੱਘੇ ਅਰਥਸ਼ਾਸਤਰੀ ਬਣੇ!

ਸੁਆਲ ਪੈਦਾ ਹੁੰਦਾ ਹੈ ਕਿ ਅੱਜ ਕੱਲ੍ਹ ਮਹਿੰਗੀਆਂ ਫੀਸਾਂ ਲੈਣ ਵਾਲੇ, ਟਿਊਸ਼ਨਾਂ ਕਰਨ ਕਰਾਉਣ ਵਾਲੇ, ਬੱਚਿਆਂ ਤੋਂ ਬਚਪਨ ਦੀ ਬਾਦਸ਼ਾਹੀ ਖੋਹਣ ਵਾਲੇ, ਕਿਤਾਬਾਂ ਕਾਪੀਆਂ ਦੇ ਭਾਰ ਹੇਠਾਂ ਬੱਚਿਆਂ ਨੂੰ ਦਬਾਉਣ ਵਾਲੇ, ਸਿਹਤਾਂ ਗੁਆਉਣ ਵਾਲੇ, ਨਜ਼ਰ ਦੀਆਂ ਐਨਕਾਂ ਲੁਆਉਣ ਵਾਲੇ ਤੇ ਇਮਤਿਹਾਨਾਂ ਦੀਆਂ ਚਿੰਤਾਵਾਂ ਵਿੱਚ ਡਬੋਈ ਰੱਖਣ ਵਾਲੇ ਮਾਡਰਨ ਸਕੂਲ ਕਾਹਦੇ ਲਈ ਵਧੀ ਫੁੱਲੀ ਜਾਂਦੇ ਹਨ? ਵਿਦਿਆਰਥੀਆਂ ਨੂੰ ਉਹ ਜੋ ਬਣਾਉਂਦੇ ਹਨ ਉਹ ਕਿਸੇ ਤੋਂ ਗੁੱਝੇ ਨਹੀਂ। ਲੋਕ ਭਲਾਈ ਕਰਨ ਵਾਲੇ ਈਮਾਨਦਾਰ ਇਨਸਾਨ ਬਣਾਉਣ ਦੀ ਥਾਂ ਉਹ ਜ਼ਿਆਦਾਤਰ ਪੈਸੇ ਕਮਾਉਣ ਦੀਆਂ ਮਸ਼ੀਨਾਂ ਤਿਆਰ ਕਰ ਰਹੇ ਹਨ। ਕੈਰੀਅਰ ਬਣਾਉਣ ਦੇ ਨਾਂ ਉਤੇ ਬੱਚਿਆਂ ਤੋਂ ਬਚਪਨ ਖੋਹ ਲੈਣਾ, ਜੁਆਨਾਂ ਤੋਂ ਜੁਆਨੀ ਤੇ ਬਜ਼ੁਰਗਾਂ ਤੋਂ ਬਜ਼ੁਰਗੀ, ਇਹ ਕਿਧਰਲੀ ਪੜ੍ਹਾਈ ਤੇ ਕਿਧਰਲੀ ਤਰੱਕੀ ਹੈ? ਸੋਚਣਾ ਚਾਹੀਦੈ ਕਿ ਸਾਡੀ ਸਿੱਖਿਆ ਨੀਤੀ ਸਾਡੇ ਬੱਚਿਆਂ ਨੂੰ ਕਿਧਰ ਨੂੰ ਲਿਜਾ ਰਹੀ ਹੈ? ਜੇ ਪੁਰਾਣੇ ਸਾਧਾਰਨ ਸਕੂਲ ਸੁਹਿਰਦ ਇਨਸਾਨ ਤੇ ਵਿਦਵਾਨ ਪੈਦਾ ਕਰਦੇ ਰਹੇ ਸਨ ਤਾਂ ਹੁਣ ਦੇ ਆਧੁਨਿਕ ਸਕੂਲਾਂ ਨੂੰ ਕੀ ਬਿਮਾਰੀ ਪਈ ਹੈ?

ਡਾ ਨਿਰਮਲ ਸਿੰਘ ਲਾਂਬੜਾ ਨੇ ਸਹੀ ਲਿਖਿਆ ਹੈ, “ਡਾ. ਜੌਹਲ ਸਵੈਮਾਨੀ, ਅਣਖੀਲਾ, ਸੰਵੇਦਨਸ਼ੀਲ, ਸੋਚਵਾਨ, ਅੱਗੇਵਧੂ, ਧੀਰਜਵਾਨ ਤੇ ਕਿਰਤੀ ਮਨੁੱਖ ਹੈ। ਉਸ ਨੂੰ ਆਪਣੀ ਮਿੱਟੀ ਨਾਲ ਹਕੀਕੀ ਮੋਹ ਹੈ। ਉਹ ਹਮੇਸ਼ਾਂ ਨਿਰਭਉ ਤੇ ਨਿਰਵੈਰ ਹੋ ਕੇ ਵਿਚਰਦਾ ਹੈ। ਉਜੱਡਵਾਦ ਦੀ ਹਉਮੈ ਤੋਂ ਉਹ ਪੂਰੀ ਤਰ੍ਹਾਂ ਮੁਕਤ ਹੈ। ਪੇਂਡੂ ਪਿਛੋਕੜ, ਪੰਜਾਬੀ ਮਾਂ ਬੋਲੀ, ਹੱਥੀਂ ਕੰਮ ਕਰਨ, ਸਦਾ ਸੱਚ ਉਤੇ ਪਹਿਰਾ ਦੇਣ ਤੇ ਖਰੀ ਖਰੀ ਕਹਿਣ ਉਤੇ ਸਾਡੇ ਵੱਡੇ ਵੀਰ ਜੌਹਲ ਨੂੰ ਜਿਹੜਾ ਮਾਣ ਹੈ ਉਹ ਉੱਚੇ ਤੋਂ ਉੱਚੇ ਅਹੁਦੇ ਹਾਸਲ ਕਰਨ ਵਿੱਚ ਕਦੀ ਰੋੜਾ ਨਹੀਂ ਬਣਦਾ।ਉਹ ਅਜੇ ਵੀ 17 ਅਦਾਰਿਆਂ ਤੇ ਸਭਾਵਾਂ ਦੇ ਚੇਅਰਮੈਨ ਹਨ। ਦੁਆ ਕਰਦੇ ਹਾਂ ਨਰੋਈ ਸਿਹਤ ਨਾਲ ਸੈਂਚਰੀ ਮਾਰਨ ਤੇ ਸਦਾ ਵਿਦਵਤਾ ਦਾ ਚਾਨਣ ਵੰਡਦੇ ਰਹਿਣ!

 

 ਪ੍ਰਿੰ. ਸਰਵਣ ਸਿੰਘ