ਪੰਜ ਦਰਿਆਵਾਂ ਦੀ ਧਰਤੀ ਦਾ ਹੀਰਾ ਸੀ ਦੀਪ ਸਿੱਧੂ

ਪੰਜ ਦਰਿਆਵਾਂ ਦੀ ਧਰਤੀ ਦਾ ਹੀਰਾ ਸੀ ਦੀਪ ਸਿੱਧੂ

ਕਹਿਰ ਹੈ ਉਸ ਦਾ ਵਿਛੜ ਜਾਣਾ 

ਜਵਾਨੀ ਦਾ ਕਲਚਰਲ ਆਈਕੋਨ ਸੀ ਦੀਪ ਸਿੱਧੂ 

ਪੰਜ ਦਰਿਆਵਾਂ ਦੀ ਧਰਤੀ ਦਾ ਹੀਰਾ ਸੀ ਉਹ

ਦੀਪ ਦੀ ਚੜਤ ਚਮਤਕਾਰ ਤੋਂ ਘਟ ਨਹੀਂ ਸੀ।

ਸਿਲੀਆਂ ਅੱਖਾਂ ਨਾਲ ਉਸ ਨੂੰ ਅਲਵਿਦਾ 

ਏਨੀ ਛੇਤੀ ਉਹ ਲੰਮੀ ਉਡਾਰੀ ਮਾਰ ਕੇ ਚਲਿਆ ਜਾਵੇਗਾ,ਕਿਸੇ ਦੇ ਚਿਤ ਚੇਤੇ ਵਿੱਚ ਵੀ ਨਹੀਂ ਸੀ।ਹਜ਼ਾਰਾਂ ਜਵਾਨ-ਅੱਖਾਂ ਉਸ ਨੂੰ ਯਾਦ ਕਰਕੇ ਰੋ ਰਹੀਆਂ ਹਨ ਅਤੇ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਵੀ ਅੰਦਰੋਂ ਰੋ ਰਹੇ ਹਨ,ਜਿਵੇਂ ਕੁਝ ਪਲਾਂ ਲਈ ਰੱਬ ਨੂੰ ਵੀ ਉਲਾਂਭਾ ਦੇ ਰਹੇ ਹੋਣ।ਇਸ ਹੱਦ ਤਕ ਦੀਪ ਸਿੱਧੂ ਲੋਕਾਂ ਦੇ ਦਿਲਾਂ ਵਿੱਚ ਉਤਰ ਗਿਆ ਸੀ ਪਈ ਇਉਂ ਲੱਗਦਾ ਸੀ ਜਿਵੇਂ ਬੜੀ ਦੇਰ ਪਿੱਛੋਂ ਪੰਜਾਬੀ ਜਜ਼ਬਿਆਂ ਦੇ ਕਿਸੇ ਹਾਣੀ ਨੇ ਪੰਜ ਦਰਿਆਵਾਂ ਦੀ ਧਰਤੀ ਉੱਤੇ ਫੇਰਾ ਪਾਇਆ ਹੈ।ਕਹਿੰਦੇ ਹਨ ਕਿ ਮਰਨ ਸਮੇਂ ਮਨੁੱਖ ਵੱਡਾ ਹੋ ਜਾਂਦਾ ਹੈ ਪਰ ਉਹ ਤਾਂ ਜਿਉਂਦਾ ਹੀ ਵੱਡਾ ਹੋ ਰਿਹਾ ਸੀ।

ਇਲਮ ਦੀ ਪੰਡ ਵਿਚੋਂ ਮੈਨੂੰ ਕੋਈ ਵੀ ਸ਼ਬਦ ਨਹੀਂ ਲੱਭਦਾ,ਕੋਈ ਵੀ ਢੁੱਕਵਾਂ ਵਾਕ ਨਹੀਂ ਮਿਲਿਆ ਜੋ ਏਸ ਅਚਨਚੇਤ ਪਰ ਦਰਦਨਾਕ ਵਿਛੋੜੇ ਦਾ ਹਮਸਫ਼ਰ ਬਣ  ਸਕੇ।ਉਸ ਦੀ ਚੜ੍ਹਤ ਇਕ ਚਮਤਕਾਰ ਤੋਂ ਘੱਟ ਨਹੀਂ ਸੀ।ਕਿੰਨੀਆਂ ਹੀ ਗੱਲਾਂ ਸਨ ਜੋ ਇਸ ਬੰਦੇ ਵਿੱਚ ਇੱਕੋ ਸਮੇਂ ਇਕੱਠੀਆਂ ਹੋ ਕੇ ਉਸ ਨੂੰ ਗੁੰਝਲਦਾਰ ਵੀ,ਦਿਲਕਸ਼ ਵੀ, ਕਿਸੇ ਹੱਦ ਤਕ ਹੈਰਾਨੀਜਨਕ ਵੀ,ਸ਼ੱਕੀ ਵੀ ਅਤੇ ਪਿਆਰੀਆਂ ਵੀ ਬਣਾ ਰਹੀਆਂ ਸਨ। ਉਸ ਦਾ ਵਿਰੋਧ ਵੀ ਰੱਜ ਕੇ ਹੋਇਆ- ਸ਼ਰੀਕਾਂ ਵਲੋਂ ਵੀ,ਆਪਣਿਆਂ ਵੱਲੋਂ ਵੀ ਅਤੇ ਦੁਸ਼ਮਣਾਂ ਵੱਲੋਂ ਵੀ।ਇਸ ਵਿਰੋਧ ਵਿੱਚ  ਦਾਨਿਸ਼ਵਰ,ਪੱਤਰਕਾਰ,ਕਥਿਤ ਸਿਧਾਂਤਕਾਰ,ਉਦਾਰਵਾਦੀ,ਮੀਡੀਆ, ਕਿਸਾਨ ਮੋਰਚੇ ਦੇ ਕਈ ਆਗੂ ਥੋੜ੍ਹੇ ਬਹੁਤੇ ਫ਼ਰਕ ਨਾਲ ਸਭ ਦੇ ਸਭ ਇਕੋ ਪਲੇਟਫਾਰਮ ਤੇ ਇਕੱਠੇ ਹੋ ਗਏ ਸਨ। ਕਾਸ਼!ਕੋਈ ਜਣਾ ਇਸ ਕਾਫ਼ਲੇ ਦੀ ਧੁਰ ਅੰਦਰਲੀ ਮਾਨਸਿਕਤਾ,ਇਕ ਦੂਜੇ ਨਾਲ  ਦੂਰ ਨੇੜੇ ਦੀ ਸਾਂਝ,ਈਰਖਾ ਅਤੇ ਸਾੜੇ ਦਾ ਗੰਭੀਰ ਵਿਸ਼ਲੇਸ਼ਣ ਕਰ ਸਕੇ ਤਾਂ ਜੋ  ਸੋਚਣ ਅਤੇ ਮਹਿਸੂਸ ਕਰਨ ਦਾ ਇੱਕ ਸੁਤੰਤਰ ਤੇ ਉੱਚੀ ਪੱਧਰ ਦਾ ਮਾਹੌਲ ਪੈਦਾ ਹੋਵੇ।

ਕਿਸੇ ਨੇ ਵੀ ਇਹ ਸੂਹ ਲਾਉਣ ਦਾ ਯਤਨ ਨਹੀਂ ਕੀਤਾ ਕਿ ਦੀਪ ਸਿੱਧੂ ਨੌਜਵਾਨਾਂ ਵਿੱਚ ਹਰਮਨ ਪਿਆਰਾ ਕਿਉਂ ਹੋ ਗਿਆ ਸੀ ?ਕੀ ਪੰਜਾਬ ਦੀ ਜਵਾਨੀ "ਜੋਰਾ" ਫ਼ਿਲਮ ਵਿੱਚ ਉਸ ਦੇ ਰੋਲ ਕਰਕੇ ਖਿੱਚੀ ਗਈ ਸੀ?ਪਰ ਇਹ ਅਧੂਰਾ ਸੱਚ ਹੈ ਅਤੇ ਉਸ ਦੀ ਸ਼ਖ਼ਸੀਅਤ ਨਾਲ ਪੂਰਾ ਨਿਆਂ ਨਹੀਂ ਕਰਦਾ।ਕੀ ਉਸ ਦੀ ਸ਼ਖ਼ਸੀਅਤ ਦਾ ਦਾ ਬਾਹਰਲਾ ਸਰੂਪ,ਯਾਨੀ ਉੱਚਾ ਲੰਮਾ ਕੱਦ,ਸੋਹਣਾ ਸੁਨੱਖਾ   ,ਉਸ ਦੇ ਬੋਲਣ ਦਾ ਅੰਦਾਜ਼,ਪੰਜਾਬ ਦੀ ਰੁਲਦੀ ਜਵਾਨੀ ਦੇ ਜਜ਼ਬਿਆਂ ਦੇ ਧੁਰ ਅੰਦਰ ਤਕ ਝਾਕਣ ਦੀ ਅਥਾਹ ਸਮਰੱਥਾ,ਸਮਝ ਅਤੇ ਅਪਣੱਤ ਕਰਕੇ ਉਹ ਪ੍ਰਸਿੱਧੀ ਦੀ ਸਿਖਰ ਨੂੰ ਛੂਹ ਰਿਹਾ ਸੀ? ਇਹ ਵੀ ਪੂਰਾ ਸੱਚ ਨਹੀਂ ਹਾਲਾਂਕਿ ਪ੍ਰਸਿੱਧੀ ਦੇ ਸਫ਼ਰ ਦੇ ਮੁੱਢਲੇ ਦੌਰ ਵਿੱਚ ਉਹ ਇਨ੍ਹਾਂ ਗੱਲਾਂ ਕਰਕੇ ਹਰਮਨ ਪਿਆਰਾਜ਼ਰੂਰ ਬਣ ਚੁੱਕਾ ਸੀ ।ਪਰ ਜਿਸ ਗੱਲ ਨੇ ਪੰਜਾਬ ਦੇ ਜਾਗਦੇ ਲੋਕਾਂ ਵਿੱਚ "ਸੋਚਣ ਅਤੇ ਮਹਿਸੂਸ" ਕਰਨ ਦਾ ਇੱਕ ਵੱਖਰਾ ਮਾਹੌਲ ਪੈਦਾ ਕੀਤਾ ਅਤੇ ਇਕ ਤਰ੍ਹਾਂ ਨਾਲ ਹਨੇਰੀ ਲਿਆ ਦਿੱਤੀ,ਉਹ ਸੀ ਤਿੰਨ ਕਾਲੇ ਕਾਨੂੰਨਾਂ ਨੂੰ ਪੰਜਾਬ ਦੀ ਹੋਂਦ ਦੇ ਮੁੱਦੇ ਨਾਲ ਜੋੜ ਦੇਣਾ,ਕਿਸਾਨਾਂ ਨੂੰ ਆਪਣੇ ਖੁਰਦੇ ਵਜੂਦ ਦਾ ਅਹਿਸਾਸ ਕਰਵਾ ਦੇਣ, ਪਦਾਰਥਕ ਲੋੜਾਂ ਤਕ ਸੀਮਤ ਰੱਖਣ ਦੀ ਕਾਮਰੇਡ-ਬਿਰਤੀ ਨੂੰ ਪਦਾਰਥਕ ਲੋੜਾਂ ਤੋਂ ਉੱਪਰ ਉਠਾ ਕੇ ਕਿਸਾਨਾਂ ਅੰਦਰ ਸੋਚਣ ਦੀ ਜਗਿਆਸਾ ਪੈਦਾ ਕਰਨ ਦਾ ਸੁਹਿਰਦ ਯਤਨ ਕਰਨਾ  ਦੀਪ ਸਿੱਧੂ ਦੀ ਇਤਿਹਾਸਕ ਪ੍ਰਾਪਤੀ ਸੀ।  ਇਹ ਜਗਿਆਸਾ ਇਕ ਵੱਡੀ ਲਹਿਰ ਬਣੇਗੀ ਜਾਂ ਨਹੀਂ,ਜਾਂ ਕੋਈ ਕਾਫ਼ਲਾ ਇਸ ਵਿਰਾਸਤ ਨੂੰ ਸੰਭਾਲਣ ਲਈ ਅੱਗੇ ਆਵੇਗਾ ਜਾਂ ਨਹੀਂ,ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।ਪਰ ਇਹ ਸਾਡੇ ਸਭਨਾਂ ਲਈ ਇਕ ਵੱਡੀ ਚੁਣੌਤੀ ਹੈ ਅਤੇ ਖਾਸ ਕਰ ਕੇ ਉਸ ਨੂੰ ਪਿਆਰ ਕਰਨ ਵਾਲੇ ਉਸ ਦੇ ਨੇੜਲੇ ਸਾਥੀਆਂ ਦਾ ਇਮਤਿਹਾਨ ਹੈ ਕਿ ਉਹ ਦੀਪ ਸਿੱਧੂ ਦੀਆਂ ਪ੍ਰਾਪਤੀਆਂ ਨੂੰ ਠੋਸ ਸ਼ਕਲ ਅਤੇ ਸੇਧ ਦੇਣ ਵਿੱਚ ਕਿੰਨਾ ਕੁ ਕਾਮਯਾਬ ਹੁੰਦੇ ਹਨ।

 ਸੜਕ ਹਾਦਸਿਆਂ ਨੇ ਦੁਨੀਆਂ  ਨੂੰ ਵੱਡੇ ਦਰਦ ਦਿੱਤੇ ਹਨ।  ਵਿਸ਼ਵ ਸਿਹਤ ਸੰਸਥਾ ਦੇ ਇੱਕ ਸਰਵੇਖਣ ਮੁਤਾਬਕ ਹਰ ਸਾਲ ਤੇਰਾਂ ਲੱਖ ਲੋਕ ਦੁਨੀਆ ਵਿਚ ਕਾਰ  ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਦੀਪ ਸਿੱਧੂ ਦਾ ਵਿੱਛੜ ਜਾਣਾ ਸਾਨੂੰ ਪ੍ਰਸਿੱਧ ਐਕਟਰ ਜੇਮਜ਼ ਡੀਨ(1931-55)ਦੀ ਯਾਦ ਦਿਵਾਉਂਦਾ ਹੈ ਜੋ 24ਸਾਲ ਦੀ ਉਮਰ ਵਿਚ ਹੀ ਇਕ ਕਾਰ ਹਾਦਸੇ ਵਿਚ ਮਾਰਿਆ ਗਿਆ ਸੀ। ਪਰ ਉਹ ਆਪਣੀਆਂ ਦੋ ਤਿੰਨ ਫ਼ਿਲਮਾਂ ਕਰਕੇ ਹੀ ਉਸ ਦੌਰ ਦੀ ਚੜ੍ਹਦੀ ਜਵਾਨੀ ਦੀਆਂ ਉਦਾਸੀਆਂ,ਮਾਯੂਸੀਆਂ ਅਤੇ ਬੇਚੈਨੀਆਂ ਦੇ ਕਲਚਰ ਦਾ ਨਾਇਕ ਬਣ ਕੇ ਚਮਕਿਆ ਸੀ। ਉਸ ਨੂੰ ਪੰਜਾਹ ਵਿਆਂ ਦਾ ਕਲਚਰਲ ਆਈਕੋਨ ਕਰਕੇ ਯਾਦ ਕੀਤਾ ਜਾਂਦਾ ਹੈ । ਜੇਮਜ਼ ਡੀਨ ਦਾ ਇੱਕ ਪਿਆਰਾ ਕਥਨ ਦੀਪ ਸਿੱਧੂ ਉੱਤੇ ਵੀ ਢੁੱਕਦਾ ਹੈ ਕਿ "ਇਕ ਚੰਗਾ ਐਕਟਰ ਬਣਨਾ ਬੜਾ ਔਖਾ ਹੁੰਦਾ ਹੈ,ਪਰ ਇਕ ਚੰਗਾ ਇਨਸਾਨ ਬਣਨਾ ਉਸ ਤੋਂ ਵੀ ਕਿਤੇ ਔਖਾ ਹੁੰਦਾ ਹੈ। ਮੈਂ ਵੀ ਮਰਨ ਤੋਂ ਪਹਿਲਾਂ ਦੋਵੇਂ ਕੰਮ ਕਰ ਕੇ ਇਸ ਸੰਸਾਰ ਨੂੰ ਅਲਵਿਦਾ ਕਹਾਂਗਾ।"ਜਿਵੇਂ ਜੇਮਜ਼ ਡੀਨ ਦੀ ਝਾਕਣੀ ਵਿਚ ਇਕ ਬਾਗ਼ੀਆਨਾ ਝਲਕ ਸੀ ਉਹ ਝਲਕ ਤੇ ਚਮਕ ਦੀਪ ਸਿੱਧੂ ਵਿੱਚ ਸੀ।ਉਸ ਨੇ ਅੰਦਰ ਅਤੇ ਬਾਹਰ ਦੇ ਫਰਕ ਨੂੰ ਕਿਸੇ ਹਦ ਤਕ ਮਿਟਾ ਦਿੱਤਾ ਸੀ।

 ਜੇ ਦੀਪ ਸਿੱਧੂ ਦੇ ਵੰਨ ਸੁਵੰਨੇ ਸਫ਼ਰ ਉੱਤੇ ਇੱਕ ਤਰਦੀ ਝਾਤ ਮਾਰੀ ਜਾਵੇ ਤਾਂ ਇਹ ਹਕੀਕਤ ਸਾਹਮਣੇ ਆਵੇਗੀ ਕਿ ਉਸ ਦਾ "ਅੰਦਰਲਾ ਤੇ ਬਾਹਰਲਾ" ਸਹਿਜੇ ਸਹਿਜੇ ਸਿੱਖੀ ਦੀ ਤਰਜ਼ -ਏ-ਜ਼ਿੰਦਗੀ ਵੱਲ ਕਦਮ ਪੁੱਟ ਰਿਹਾ ਸੀ ।ਪਰ ਉਸ ਨੂੰ ਸਮਝਣਾ ਏਨਾ ਆਸਾਨ ਨਹੀਂ ਸੀ।ਜੁਝਾਰੂ ਲਹਿਰ ਉਸ ਨੂੰ ਖਿੱਚ ਪਾਉਂਦੀ ਸੀ।ਇਸ ਲਹਿਰ ਦਾ ਇੱਕ ਮਹਾਨ ਨਾਇਕ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਉਸ ਦਾ ਦੂਰ ਨੇੜੇ ਦਾ ਰਿਸ਼ਤੇਦਾਰ ਵੀ ਸੀ।ਉਹ ਮਹਿਸੂਸ ਕਰਦਾ ਸੀ ਕਿ ਜੁਝਾਰੂ ਲਹਿਰ ਸਿੱਖਾਂ ਦੀ ਖੁਸਦੀ ਸ਼ਾਨ ਨੂੰ ਬਹਾਲ  ਕਰਨ ਦਾ ਇਕ ਇਤਿਹਾਸਕ ਕਾਰਨਾਮਾ ਸੀ। ਇਹੋ ਖਿੱਚ ਉਸ ਨੂੰ ਅਮਰਗਡ਼੍ਹ ਦੇ ਹਲਕੇ ਵੱਲ ਲੈ ਗਈ ਜਿੱਥੇ ਉਹ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਪ੍ਰਚਾਰ ਕਰਦਾ ਨਜ਼ਰ ਆਇਆ। ਉਸ ਦਾ ਪੱਕਾ ਯਕੀਨ ਬਣ ਰਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਹੀ ਹੁਣ ਇਕੋ ਇਕ ਆਵਾਜ਼ ਹੈ ਜੋ ਸਿਖਾਂ ਦੇ ਦਰਦ ਦੀ ਤਰਜਮਾਨੀ ਕਰਦੀ ਹੋਈ ਜੱਦੋਜਹਿਦ ਕਰ ਰਹੀ ਹੈ। ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਉਸ ਨੇ ਮਾਨਵ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਉੱਤੇ ਵੀ ਇੱਕ ਫ਼ਿਲਮ ਬਣਾਉਣ ਦਾ ਮਨ ਬਣਾ ਲਿਆ ਸੀ। 

ਦੀਪ ਸਿੱਧੂ ਦੀ ਮੌਤ ਦੀ ਖ਼ਬਰ ਸੁਣ ਕੇ ਹਰੇਕ ਨੂੰ ਇਹ ਮਹਿਸੂਸ ਹੋਇਆ ਜਿਵੇਂ ਇਹ ਨਹੀਂ ਹੋ ਸਕਦਾ,ਇਹ ਕਦੇ ਨਹੀਂ ਹੋ ਸਕਦਾ,ਕਿਉਂਕਿ ਮੰਨੋ ਤੇ ਭਾਵੇਂ ਨਾ ਮੰਨੋ ਉਸ ਨੇ ਸਿੱਖ ਕੌਮ ਦੇ ਅਵਚੇਤਨ ਮਨ ਦੇ  ਕਿਸੇ ਪਵਿੱਤਰ ਕੋਨੇ ਵਿੱਚ ਆਪਣੀ  ਥਾਂ ਬਣਾ ਲਈ ਸੀ। ਮਨੋਵਿਗਿਆਨ ਦੇ ਵਿਸ਼ੇ ਨਾਲ ਜੁੜੇ ਇਕ ਦੋਸਤ ਨੇ ਇਸ ਵਰਤਾਰੇ ਦੀ ਵਿਆਖਿਆ ਕਰਦਿਆਂ ਟਿੱਪਣੀ ਕੀਤੀ  ਕਿ ਸਿੱਖ ਕੌਮ ਜਿਵੇਂ ਉਦਾਸੀਆਂ ਦੇ ਦੌਰ ਵਿੱਚੋਂ ਲੰਘ ਰਹੀ ਸੀ,ਜਿਵੇਂ ਕੌਮ ਅੰਦਰ  ਇੱਕ ਵੱਡਾ ਖਲਾਅ ਪੈਦਾ ਹੋ ਗਿਆ ਸੀ। ਉਸ ਦੌਰ ਵਿਚ ਦੀਪ ਸਿੱਧੂ ਉਸ ਖਲਾਅ ਦੀ ਨੁਮਾਇੰਦਗੀ ਕਰ ਰਿਹਾ ਸੀ।ਉਸ ਨੇ ਭੇਖ ਵੀ ਨਹੀਂ ਧਾਰਿਆ,ਕੋਈ ਪਾਖੰਡ ਵੀ ਨਹੀਂ ਕੀਤਾ ਉਹ ਨਿਰਛਲ ਤੇ ਨਿਧੜਕ ਹੋ ਕੇ ਆਪਣੀ ਗੱਲ ਕਰਦਾ ਰਿਹਾ ਅਤੇ ਇਹ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿ ਉਹ ਭਾਰਤੀ ਸਟੇਟ ਲਈ ਇਕ ਗੰਭੀਰ ਖਤਰਾ ਬਣ ਚੁੱਕਾ ਸੀ।ਇਹ ਵੀ ਹੈਰਾਨੀ ਵਾਲੀ ਗੱਲ ਸ਼ਾਇਦ ਨਾ ਹੋਵੇ ਕਿ ਉਸ ਦੀ ਮੌਤ ਬਰਤਾਨੀਆ ਦੀ ਰਾਜਕੁਮਾਰੀ ਡਿਆਨਾ ਦੀ ਮੌਤ ਵਾਂਗ ਇਕ ਸਾਜਿਸ ਹੀ ਹੋਵੇ।

 ਭਾਵੇਂ ਜ਼ਿੰਦਗੀ ਤੇ ਮੌਤ ਰੱਬ ਦੇ ਭਾਣੇ ਵਿਚ ਹੀ ਹੁੰਦੀਆਂ ਹਨ ਪਰ ਜਦੋਂ ਦੀਪ ਸਿੱਧੂ ਦੀ ਮੌਤ ਦੀ ਖ਼ਬਰ ਆਈ ਤਾਂ ਵਿਰੋਧੀਆਂ ਤੇ ਹਮਾਇਤੀਆਂ ਦੇ ਅੰਦਰ ਇਕਦਮ ਸੁੰਨ ਮਸਾਨ ਅਤੇ ਹੈਰਾਨੀ ਵਰਤ ਗਈ ਹਾਲਾਂਕਿ ਇਸ ਹੈਰਾਨਗੀ ਦੀਆਂ ਬਰੀਕ ਪਰਤਾਂ ਨੂੰ ਪਰਗਟ ਕਰਨਾ ਔਖਾ ਹੈ।

ਮੈਨੂੰ ਕਈ ਵਾਰ ਇਉਂ ਮਹਿਸੂਸ ਹੁੰਦਾ ਸੀ ਕਿ ਦੀਪ ਸਿੱਧੂ ਇਕ ਵੱਡੀ ਭੀੜ ਵਿੱਚ ਇਕੱਲਾ ਹੈ।ਉਸ ਦੇ ਇਕੱਲੇਪਣ ਨੂੰ,ਉਸ ਦੀ ਉਦਾਸੀ ਨੂੰ ਸ਼ਬਦ ਦੇਣੇ ਅਤੇ ਉਸ ਦੀ ਬੇਚੈਨ ਰੂਹ ਤੱਕ ਪਹੁੰਚਣਾ ਮੇਰੀ ਤਾਂਘ ਸੀ ਜੋ ਪੂਰੀ ਨਾ ਹੋ ਸਕੀ।ਕੁਝ ਚਿਰ ਪਹਿਲਾਂ ਫ਼ਤਹਿਗੜ੍ਹ ਸਾਹਿਬ ਵਿਖੇ ਇੱਕ ਸੈਮੀਨਾਰ ਵਿੱਚ ਉਸ ਨੇ ਮੈਨੂੰ ਵਿਸ਼ੇਸ਼ ਸੱਦਾ ਦਿੱਤਾ ਅਤੇ ਬੜੇ ਮੋਹ ਨਾਲ ਮਿਲਿਆ।ਸਮਾਂ ਲੱਭ ਕੇ ਮੈਂ ਆਪਣੀ ਖਾਹਿਸ਼ ਉਸ ਦੇ ਅੱਗੇ  ਫ਼ਿਲਮੀ ਡਾਇਲਾਗਾਂ ਵਾਂਗ ਪ੍ਰਗਟ ਕੀਤੀ ਜਿਸ ਦੇ ਖਿਲਰੇ ਖੁਲਰੇ ਸ਼ਬਦ ਅਜੇ ਵੀ ਯਾਦ ਹਨ: "ਦੀਪ ਸਾਹਿਬ!ਤੁਹਾਡੇ ਨਾਲ  ਇਕ ਲੰਮੀ ਮੁਲਾਕਾਤ ਕਰਨੀ ਹੈ, ਬੜੇ ਸਵਾਲ ਕਰਨੇ ਹਨ ਜੋ ਕਿਸੇ ਦੇ ਹਿੱਸੇ ਨਹੀਂ ਆਏ, ਕਿਸੇ ਨੇ ਕਰ ਹੀ ਨਹੀਂ ਸਕਣੇ ਤੁਹਾਨੂੰ, ਕਿਹੜੀਆਂ ਕਿਤਾਬਾਂ ਤੁਸੀਂ ਪੜ੍ਹੀਆਂ ਅਤੇ ਕਿਹੜੇ ਨਾਇਕ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ,ਰਾਤਾਂ ਦੀਆਂ ਨੀਂਦਰਾਂ ਉਡਾ ਦਿੰਦੇ ਹਨ, ਕਿਹੜੀਆਂ ਫ਼ਿਲਮਾਂ ਦੇ ਹੀਰੋ  ਤੁਹਾਨੂੰ ਸਿਰ ਤੋਂ ਪੈਰਾਂ ਤੱਕ ਕੰਬਣੀ ਛੇੜ ਦਿੰਦੇ ਹਨ,ਝੰਜੋੜਦੇ ਹਨ,ਪੰਜਾਬ ਤੁਹਾਨੂੰ ਕਿਉਂ ਸਤਾਉਂਦਾ ਅਤੇ ਰਵਾਉਂਦਾ ਹੈ, ਸਿੱਖ ਕਿਉਂ ਰੁਲਦੇ ਜਾਂਦੇ ਹਨ, ਹੋਂਦ ਦੇ ਸਵਾਲ ਦੀ ਪਿਆਸ ਕਿਸ ਨੇ ਲਾਈ? ਕਾਨੂੰਨ ਦੀ ਦੁਨੀਆਂ ਵਿੱਚ ਕਿਵੇਂ ਚਲੇ ਗਏ? ਸੁਣਿਆ ਹੈ,ਫਿਲਾਸਫੀ ਦੇ ਵਿਸ਼ੇ ਨੂੰ ਵੀ ਮੂੰਹ ਮਾਰਦੇ ਹੋ,ਕਿਹੜਾ ਫਿਲਾਸਫਰ ਤੁਹਾਨੂੰ "ਰੋਜ਼" ਮਿਲਦਾ ਹੈ,ਕਿਸ ਮੰਜ਼ਿਲ ਤਕ ਪਹੁੰਚਣ ਦਾ ਇਰਾਦਾ ਹੈ,26 ਜਨਵਰੀ ਸਮੇਂ ਨਿਸ਼ਾਨ ਸਾਹਿਬ ਝੁਲਾਉਣ ਦੇ ਇਤਿਹਾਸਕ ਚਮਤਕਾਰ ਪਿੱਛੋਂ ਜਦੋਂ ਪੰਥ ਨੇ ਤੁਹਾਡੀ ਸਾਰ ਨਹੀਂ ਲਈ ਤਾਂ ਕਿਸ ਤਰ੍ਹਾਂ ਦੇ ਉਦਾਸੀ ਦੇ ਦਿਨ ਸਨ ਉਹ,ਜੇਲ੍ਹ ਦੀ ਜ਼ਿੰਦਗੀ ਨੂੰ ਕਿਵੇਂ ਮਹਿਸੂਸ ਕੀਤਾ।"

ਦੀਪ ਸਿੱਧੂ ਦੇ ਚਿਹਰੇ ਨੂੰ ਪੜਨਾ ਅਤੇ ਸਮਝਣਾ ਮੇਰੇ ਲਈ ਮੁਸ਼ਕਲ ਨਹੀਂ ਸੀ ਕਿਉਂ ਕਿ ਉਹ ਹੈਰਾਨ ਵੀ ਅਤੇ ਖੁਸ਼ ਵੀ ਸੀ  ਕਿ ਕੋਈ ਉਸ ਦੀ ਰੂਹ ਦੇ ਦਰਦ ਨੂੰ ਜਾਨਣਾ ਚਾਹੁੰਦਾ ਹੈ।ਉਸ ਦੀ ਹਾਂ ਪਿੱਛੋਂ ਅਜ ਮਿਲਦੇ ਹਾਂ,ਕਲ ਮਿਲਦੇ ਹਾਂ,ਬਸ ਇਵੇਂ ਹੀ ਦਿਨ ਲੰਘ ਗਏ ਅਤੇ ਮੁਲਾਕਾਤ ਦੀ ਰੀਝ ਅਧੂਰੀ ਰਹਿ ਗਈ। ਉਹ ਚਲੇ ਗਿਆ ਹੈ ਅਣਗਿਣਤ ਯਾਦਾਂ ਛੱਡ ਕੇ ਜੋ ਦੇਰ ਤੱਕ ਸਾਨੂੰ ਉਦਾਸ ਵੀ ਕਰਨਗੀਆਂ ਪਰ ਰੌਸ਼ਨੀ ਵੀ ਦੇਣਗੀਆਂ। ਕੁੱਝ ਸ਼ਾਇਰਾਂ ਦੀਆਂ ਇਨ੍ਹਾਂ ਸਤਰਾਂ ਨਾਲ ਅਲਵਿਦਾ ਕਹਿ ਰਿਹਾ ਹਾਂ:

ਮੈਂ ਫਿਜ਼ਾਓਂ ਮੇਂ ਬਿਖਰ ਜਾਊਂਗਾ,ਖੁਸ਼ਬੂ ਬਨ ਕਰ,

ਰੰਗ ਹੋਗਾ, ਨਾ ਬਦਨ ਹੋਗਾ ,ਨਾ ਚਿਹਰਾ ਹੋਗਾ ।

ਤੇਰਾ ਖਯਾਲ ਜਾਗੇਗਾ, ਸੋਇਆ ਕਰੇਂਗੇ ਹਮ

ਧਰਤੀ ਦੇ ਸੀਨੇ ਵਿਚ ਮੇਰੀ ਜਾਨ ਹੈ, ਦੋਸਤੀ ਰਹੀ ਲੇਕਿਨ ਅਸਮਾਨ ਨਾਲ। 

ਤੂੰ ਤਾਂ ਲਭ ਲਈਆਂ ਨਵੀਆਂ ਨੇ ਰਾਹਾਂ

ਅਸਾਂ ਤੈਨੂੰ ਕੀ ਆਖਣਾ।

 

ਕਰਮਜੀਤ ਸਿੰਘ ਚੰਡੀਗੜ੍ਹ 

9915091063