ਪੰਥ, ਪੰਜਾਬ ਅਤੇ ਆਜ਼ਾਦੀ ਦਾ ਮਸਲਾ
ਸਿੱਖ-ਪਰੰਪਰਾ ਵਿਚ ਮੌਜੂਦ ਤਾਕਤਵਰ ਪੰਥ ਜਾਂ ਪੰਥਕ ਭਾਈਚਾਰੇ ਦੀ ਧਾਰਨਾ
ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਨੂੰ ਅਸਲੋਂ ਨਵੇਂ ਤੇ ਵੱਖਰੇ (ਤੀਸਰੇ) ਪੰਥ ਦੇ ਰੂਪ ਵਿੱਚ ਪੂਰਨਤਾ ਦੇਣ ਦੇ ਬਾਵਜੂਦ ਬ੍ਰਾਹਮਣਵਾਦੀ ਸੱਤਾ ਦੀ ਗੁਲਾਮੀ ਦਾ ਅਸਰ ਸਿੱਖਾਂ ਦੇ ਇੱਕ ਵੱਡੇ ਹਿੱਸੇ ਦੇ ਮਨਾਂ ਉਤੋਂ ਹਾਲਾਂ ਤਕ ਵੀ ਲਹਿਆ ਨਹੀਂ ਹੈ। ਇਸ ਤੱਥ ਨੂੰ ਮੰਨ ਲੈਣ ਵਿੱਚ ਵੀ ਕੋਈ ਬੁਰਾਈ ਨਹੀਂ ਹੈ ਕਿ ਬ੍ਰਾਹਮਣਵਾਦੀ ਬੌਧਿਕ ਧਿਰ ਇੰਨੀ ਤਾਕਤਵਰ ਹੈ ਕਿ ਇਸ ਨੇ ਹੋਰ ਕਈ ਧਰਮਾਂ ਅਤੇ ਪਛਾਣਾਂ ਨੂੰ ਨਿਗਲ ਲਿਆ ਹੈ ਅਤੇ ਸਿੱਖ ਧਰਮ ਨੂੰ ਖਤਮ ਕਰ ਦੇਣ ਲਈ ਇਸ ਦੇ ਬੌਧਿਕ ਹਮਲੇ ਬਿਨ੍ਹਾਂ ਰੁਕੇ ਜਾਰੀ ਹਨ। ਪਰ ਸਿੱਖ ਕੌਮ ਸਮੂਹਿਕ ਤੌਰ ਉੱਤੇ ਇਨ੍ਹਾਂ ਹਮਲਿਆਂ ਦਾ ਮੁਕਾਬਲਾ ਪੰਥਕ ਭਾਵਨਾ ਦੀ ਜਬਰਦਸਤ ਤਾਕਤ ਕਰਕੇ ਹੀ ਕਰ ਸਕੀ ਹੈ ਜਾਂ ਇਹ ਕਹੋ ਕਿ ਪਿਛਲੇ ਪੰਜ ਸੌ ਸਾਲ ਤੋਂ ਪੰਥ ਆਪਣੀਆਂ ਕਈਆਂ ਕਮਜ਼ੋਰੀਆਂ ਦੇ ਬਾਵਜੂਦ ਹਰੇਕ ਬ੍ਰਾਹਮਣੀ ਹਮਲੇ ਨੂੰ ਪਛਾੜਦਾ ਆਇਆ ਹੈ। ਮੌਜੂਦਾ ਸਮੇਂ ਵਿੱਚ ਅਤੇ ਖਾਸ ਕਰਕੇ ਤੀਜੇ ਘੱਲੂਘਾਰੇ ਤੋਂ ਬਾਅਦ ਬ੍ਰਾਹਮਣਵਾਦੀ ਬੌਧਿਕ ਹਮਲੇ ਨੇ ਇੱਕ ਤਰਾਂ ਦੀ ਜੰਗ ਦਾ ਰੂਪ ਧਾਰਿਆ ਹੋਇਆ ਹੈ। ਯਾਦ ਰਹੇ ਇਹ ਮਾਨਸਿਕ ਜੰਗ ਸਿੱਖਾਂ ਦੇ ਕੌਮੀ ਕਿਰਦਾਰ, ਵਿਚਾਰਧਾਰਾ, ਰਾਜਨੀਤਕ-ਧਾਰਮਿਕ ਅਤੇ ਸਮਾਜਕ ਸੰਸਥਾਵਾਂ ਨੂੰ ਤੋੜ-ਭੰਨ ਦੇਣ ਵੱਲ ਸੇਧਿਤ ਹੈ। ਇਸ ਬ੍ਰਾਹਮਣਵਾਦੀ ਜੰਗ ਦਾ ਟੀਚਾ ਆਉਣ ਵਾਲੀਆਂ ਸਿੱਖ ਪੀੜੀਆਂ ਦੇ ਸੋਚਣ, ਸਮਝਣ ਅਤੇ ਮਹਿਸੂਸ ਕਰਨ ਦੇ ਢੰਗ-ਤਰੀਕੇ ਬਦਲ ਦੇਣਾ ਵੀ ਹੈ। ਸਿੱਖਾਂ ਦਾ ਪੜ੍ਹਿਆ-ਲਿਿਖਆ ਰੱਜਿਆ-ਪੁਜਿਆ ਤਬਕਾ ਵੀ ਇਸ ਬ੍ਰਾਹਮਣਵਾਦੀ ਹਮਲੇ ਨੂੰ ਉਸ ਸ਼ਿੱਦਤ ਨਾਲ ਮਹਿਸੂਸ ਨਹੀਂ ਕਰ ਰਹਿਆ, ਜਿਸ ਤਰਾਂ ਅਜਿਹੇ ਮਾਨਸਿਕ ਹਮਲਿਆਂ ਦਾ ਵਿਰੋਧ ਕਰਨ ਲਈ ਜਰੂਰੀ ਹੁੰਦਾ ਹੈ। ਇਸ ਗੁਲਾਮੀ ਦੇ ਰੁਝਾਨ ਦੇ ਮਾਨਸਿਕ ਬਿਰਤੀ ਵਿਚ ਬਦਲ ਜਾਣ ਦੇ ਸਿੱਟੇ ਖਤਰਨਾਕ ਨਿਕਲੇ ਵੀ ਹਨ ਅਤੇ ਭਵਿੱਖ ਵਿੱਚ ਹੋਰ ਵੀ ਮਾਰੂ ਨਿਕਲਣਗੇ।
ਇਹ ਮਾਨਸਿਕ ਬਿਰਤੀ ਦੇ ਪੈਦਾ ਹੋਣ ਪਿਛੇ ਇੱਕ ਵੱਡਾ ਕਾਰਨ ਸਿੱਖ-ਪਰੰਪਰਾ ਵਿਚ ਮੌਜੂਦ ਤਾਕਤਵਰ ਪੰਥ ਜਾਂ ਪੰਥਕ ਭਾਈਚਾਰੇ ਦੀ ਧਾਰਨਾ ਹੈ। ਇਸ ਧਾਰਨਾ ਨੂੰ ਸਿੱਖਾਂ ਦੇ ਆਪਣੇ ਰਾਜ ਦੀ ਇੱਛਾ ਨੂੰ ਖਤਮ ਕਰਨ ਲਈ ਰੱਜ ਕੇ ਵਰਤਿਆ ਗਿਆ ਹੈ, ਜਿਸ ਦਾ ਆਮ ਸਿੱਖਾਂ ਉੱਤੇ ਵੀ ਡੁੰਘਾ ਅਸਰ ਪਿਆ ਹੈ। ਇਸ ਧਾਰਨਾ ਅਨੁਸਾਰ ਸਿੱਖ ਧਰਮ ਅਤੇ ਵਿਚਾਰਧਾਰਾ ਪੰਥ ਨੂੰ ਦੁਨਿਆਵੀ ਤਾਕਤ ਦਾ ਮੁੱਖ ਸਰੋਤ ਤਾਂ ਮੰਨਦੀ ਹੈ ਪ੍ਰੰਤੂ ਪੰਥ ਦੀ ਬਣਤਰ ਦਾ ਅਧਾਰ ‘ਧਾਰਮਿਕ ਭਾਈਚਾਰਾ’ ਹੈ ਜਿਸ ਵਿੱਚ ਸਿੱਖ ਧਰਮ ਨੂੰ ਮੰਨਣ ਵਾਲੇ ਸਾਰੇ ਸਿੱਖ ਆ ਜਾਂਦੇ ਹਨ ਜੋ ਦੁਨੀਆਂ ਦੇ ਕਿਸੇ ਵੀ ਕੋਨੇ ਜਾਂ ਹਿੱਸੇ ਵਿੱਚ ਰਹਿ ਰਹੇ ਹੋ ਸਕਦੇ ਹਨ ਭਾਵ ਪੰਥ ਕਿਸੇ ਖਾਸ ਖੇਤਰ ਜਾਂ ਧਰਤੀ ਨਾਲ ਜੁੜਿਆ ਹੋਇਆ ਨਹੀਂ ਹੈ। ਸਿੱਖਾਂ ਲਈ ਭਾਈਚਾਰਾ ਇੱਕ ਖੇਤਰ ਨਾਲ ਜੁੜੀ ਹੋਈ ਇਕਾਈ ਨਹੀਂ ਹੈ ਅਤੇ ਨਾ ਹੀ ਸਿੱਖ ਧਰਮ-ਸ਼ਾਸ਼ਤਰ ਯਹੁਦੀਆਂ ਵਾਂਗ ਇਕ ਖਾਸ ਧਰਤੀ, ਖੇਤਰ ਅਤੇ ਲੋਕਾਂ ਵਿਚਕਾਰ ਸਬੰਧ ਪੈਦਾ ਕਰਦਾ ਹੈ। ਸਿੱਖ ਧਰਮ-ਸ਼ਾਸ਼ਤਰ ਵਲੋਂ ਸਿੱਖਾਂ ਨੂੰ ਕਿਸੇ ਖਾਸ ਖੇਤਰ ਨਾਲ ਨਾ ਜੋੜਨ ਕਰਕੇ ਸਿੱਖਾਂ ਵਲੋਂ ਕਿਸੇ ਖਾਸ ਖੇਤਰ ਜਾਂ ਧਰਤੀ ਉਤੇ ਦਾਅਵਾ ਜਤਾਉਣ ਦਾ ਕੋਈ ਧਾਰਮਿਕ ਅਧਾਰ ਨਹੀਂ ਹੈ। ਇਸ ਤਰਾਂ ਸਿੱਖ ਧਰਮ ਨੂੰ ਰਾਜ ਦੀ ਸਿਰਜਣਾ, ਕੌਮ ਅਤੇ ਕੌਮੀਅਤ ਦੇ ਵਿਕਾਸ ਦਾ ਅਧਾਰ ਬਣਾਉਣ ਵਿੱਚ, ਕਈ ਸਿੱਖਾਂ ਵਲੋਂ ਪੰਥ ਅਤੇ ਧਰਮ ਨਾਲ ਡੰੁਘੇ ਵਿਸਾਹਘਾਤ ਕਰਨ, ਬਹੁ-ਕੌਮੀ ਅਤੇ ਸੈਕੂਲਰ ਰਾਜ ਵਲੋਂ ਸਿੱਖਾਂ ਨੂੰ ਵੱਡੇ ਧਰਮ ਵਿਚ ਜਜ਼ਬ ਕਰਨ ਦੇ ਅਮਲ ਦਾ ਵਿਰੋਧ ਕਰਨ ਸਮੇਂ ਅੰਦਰੂਨੀ ਏਕੇ ਦੀ ਕਮਜ਼ੋਰੀ ਵਿੱਚ ਨਿਕਲੇ ਹਨ।
ਇਸ ਵਿਚਾਰ ਦੇ ਅਧਾਰ ਉਤੇ ਜੋਇਸ ਪੇਟੀਗਰਿਉ ਨੇ ਸਿੱਟਾ ਕੱਢਿਆ ਹੈ ਕਿ ‘ਸਿੱਖ ਪਛਾਣ ਮੀਰੀ-ਪੀਰੀ ਦੀ ਧਾਰਨਾ ਅਨੁਸਾਰ ਅਨਿਆਂ ਦੇ ਵਿਰੋਧ ਵਿੱਚ ਸਿੱਖ ਧਰਮ ਦੀ ਰਾਖੀ ਅਤੇ ਸਿੱਖ ਪਰੰਪਰਾ ਅਨੁਸਾਰ ਨਿਆਂਕਾਰੀ ਰਾਜ-ਪ੍ਰਬੰਧ ਦੀ ਸਥਾਪਨਾ ਲਈ ਨਹੀਂ ਹੈ ਬਲਕਿ ਪੰਥ ਦੀ ਖੇਤਰੀ ਭਾਈਚਾਰੇ ਦੀ ਧਾਰਨਾ ਵਜੋਂ ਸਮਝੌਤਾਵਾਦੀ ਬਿਰਤੀ ਦੀ ਉਪਜ ਹੈ। ਪੰਥ ਦੀ ਧਾਰਨਾ ਸਿੱਖਾਂ ਦੀ ਦੂਜੇ ਭਾਈਚਾਰਿਆਂ ਨਾਲ ਸਹਿ-ਹੋਂਦ ਦੇ ਇਤਿਹਾਸਕ ਤਜਰਬੇ ਦੀ ਸੂਚਕ ਹੈ। ਸਿੱਖਾਂ ਦੇ ਇੱਕ ਵੱਖਰੀ ਖੇਤਰੀ ਇਕਾਈ, ਜੋ ਕਿ ਧਾਰਮਿਕ ਵਿਸ਼ਵਾਸ਼ਾਂ ਅਤੇ ਪਰੰਪਰਾਵਾਂ ਅਨੁਸਾਰ ਰਾਜਨੀਤਕ ਹੱਦਾਂ ਵਿੱਚ ਬੰਨੀ ਹੋਵੇ, ਦੀ ਅਣਹੋਂਦ ਕਾਰਨ ਕੌਮੀ ਵਖਰੇਵੇਂ ਦਾ ਵਿਚਾਰ ਪੰਥ ਦੀ ਧਾਰਨਾ ਦੇ ਉਲਟ ਹੈ। ਜੇ ਮੀਰੀ-ਪੀਰੀ ਦੇ ਸਿਧਾਂਤ ਨੇ ਇਸ ਖਾਸ ਪੱਧਰ ਉਤੇ ਡੁੰਘਾ ਅਸਰ ਪਾਇਆ ਹੈ ਤਾਂ ਇਹ ਹਿੰਦੂ ਪੁਨਰ-ਸੁਰਜੀਤੀ ਲਹਿਰ ਦਾ ਸਿੱਟਾ ਹੈ ਜੋ 1970 ਵਿੱਚ ਇਕ ਤਾਕਤ ਵਜੋਂ ਉੱਭਰੀ ਹੈ।’
ਉਪਰੋਕਤ ਵਿਚਾਰ ਜੋਇਸ ਪੇਟੀਗਰਿਉ ਵਲੋਂ 1985 ਵਿੱਚ ਛਾਪੇ ਗਏ ਇੱਕ ਲੇਖ “” ਜੋ ਕਿ ਸਿੱਖ ਮਸਲੇ ਅਤੇ ਤੀਜੇ ਘੱਲੂਘਾਰੇ ਦੇ ਕਾਰਨਾਂ ਦਾ ਭਾਵੇਂ ਸਿੱਖ ਪੱਖ ਤੋਂ ਅਧਿਐਨ ਕਰਨ ਉਤੇ ਅਧਾਰਿਤ ਹੈ ਪਰ ਇਸ ਵਿੱਚ ਪੰਥ ਦੀ ਧਾਰਨਾ ਸਬੰਧੀ ਉਭਾਰਿਆ ਗਿਆ ਸਿਧਾਂਤ ਰਾਜਨੀਤਿਕ ਪੱਖ ਤੋਂ ਅਤਿ ਖਤਰਨਾਕ ਹੈ। ਪੰਥ ਦੀ ਧਾਰਨਾ ਦੀ ਇਸ ਵਿਆਖਿਆ ਨੂੰ ਮੁਢੋਂ ਹੀ ਰੱਦ ਕੀਤਾ ਜਾਣਾ ਚਾਹੀਦਾ ਹੈ। ਇਹ ਵਿਆਖਿਆ ਅਸਲ ਵਿੱਚ ਕੁੱਝ ਮਿਸ਼ਨਰੀ ਅਤੇ ਸਿਰਫ ਧਾਰਮਿਕ ਵਿਚਾਰ ਰੱਖਣ ਵਾਲੇ ਸਿੱਖਾਂ ਲਈ ਵੰਗਾਰ ਹੈ ਜੋ ‘ਰਾਜਨੀਤੀ’ ਅੱਖਰ ਨੂੰ ਹੀ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਹਨ। ਆਸਟਰੇਲੀਆ ਵਿੱਚ ਇੱਕ ਕੌਮਾਂਤਰੀ ਕਾਨਫਰੰਸ ਵਿਚ ਸ਼ਾਮਲ ਕੀਤੇ ਗਏ ਉਪਰੋਕਤ ਖੋਜ-ਪੱਤਰ ਨੇ ਸਿਧਾਂਤਕ ਤੌਰ ਉਤੇ ਸਿੱਖਾਂ ਦੀ ਵੱਖਰੀ ਰਾਜਨੀਤਕ ਹੋਂਦ ਉੱਤੇ ਕਿੰਨਾ ਉਲਟਾ ਅਸਰ ਪਾਇਆ ਹੋਵੇਗਾ, ਇਸ ਦਾ ਅੰਦਾਜਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਹ ਵਿਆਖਿਆ ਆਪਾ-ਵਿਰੋਧੀ ਹੈ ਅਤੇ ਇਸ ਦੇ ਵਿਰੋਧ ਵਜੋਂ ਕੁਝ ਮਹੱਤਵਪੂਰਨ ਨੁਕਤੇ ਉਭਾਰੇ ਜਾ ਸਕਦੇ ਹਨ ਜਿਵੇਂ,
1.ਪੰਥ ਦੀ ਇਹ ਵਿਆਖਿਆ ਸਿੱਖ ਭਾਈਚਾਰੇ ਨੂੰ ਰਾਜਨੀਤਕ ਭਾਈਚਾਰੇ ਵਜੋਂ ਵਿਕਸਿਤ ਹੋ ਕੇ ‘ਕੌਮ’ ਜਾਂ ਨੇਸ਼ਨ ਵਜੋਂ ਸਥਾਪਿਤ ਹੋਣ ਤੋਂ ਰੋਕਣ ਲਈ ਬ੍ਰਾਹਮਣਵਾਦੀ ਧਿਰਾਂ ਵਲੋਂ ਉਭਾਰੀ ਗਈ ਤਾਕਤਵਰ ਬੌਧਿਕ ਲਹਿਰ ਦਾ ਹਿੱਸਾ ਬਣਦੀ ਹੈ। ਇਸ ਸਿੱਖ ਵਿਰੋਧੀ ਅਕਾਦਮਿਕ ਲਹਿਰ ਦਾ ਬੇਹੱਦ ਡੁੰਘਾ ਟੀਚਾ ਸਿੱਖ ਭਾਈਚਾਰੇ ਨੂੰ ‘ਕੌਮ’ ਜਾਂ ਨੇਸ਼ਨ ਵਜੋਂ ਉਭਰਨ ਤੋਂ ਇਸ ਲਈ ਰੋਕਣਾ ਹੈ ਕਿਉਂਕਿ ਸਿੱਖ ਇੱਕ ਕੌਮ ਵਜੋਂ ਮਾਨਤਾ ਪ੍ਰਾਪਤ ਕਰਕੇ ਕੌਮਾਂਤਰੀ ਕਨੂੰਨਾਂ ਅਨੁਸਾਰ ਰਾਜ-ਪ੍ਰਬੰਧ ਦੇ ਠੋਸ ਦਾਅਵੇਦਾਰ ਬਣ ਜਾਣਗੇ।
2. ਪੰਥ ਦੀ ਬਣਤਰ ਅਸਥਾਈ ਨਾ ਹੋ ਕੇ ਠੋਸ ਢਾਂਚੇ ਉਤੇ ਅਧਾਰਤ ਹੈ। ਪੰਥ ਦੀ ਸਿਰਜਣਾ ਗੁਰੂ ਨਾਨਕ ਦੇਵ ਜੀ ਵਲੋਂ ਉਸ ਸਮੇਂ ਦੇ ਸਥਾਪਤ ਦੋਵੇਂ ਹਿੰਦੂ ਅਤੇ ਮੁਸਲਮ ਧਰਮ ਦੇ ਧਰਮ-ਸ਼ਾਸ਼ਤਰਾਂ, ਜੀਉਣ-ਪ੍ਰਬੰਧ, ਰਸਮਾਂ-ਰਿਵਾਜਾਂ, ਕਦਰਾਂ-ਕੀਮਤਾਂ ਅਤੇ ਸੱਭਿਆਚਾਰਾਂ ਨੂੰ ਰੱਦ ਕਰਕੇ ਕੀਤੀ ਗਈ ਸੀ। ਪਹਿਲੇ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਤਕ ਦੇ ਪੰਥਕ ਵਿਗਾਸ ਦੇ ਤਰੀਕੇ ਸਪਸ਼ਟ ਕਰਦੇ ਹਨ ਕਿ ਪੰਥ ਨਾਲ ਸਬੰਧਿਤ ਉਸਾਰੇ ਗਏ ਜੀਉਣ-ਪ੍ਰਬੰਧ, ਧਾਰਮਿਕ-ਪ੍ਰਬੰਧ, ਕਦਰਾਂ-ਕੀਮਤਾਂ ਅਤੇ ਰਸਮਾਂ-ਰਿਵਾਜਾਂ ਅਤੇ ਵੱਖਰੇ ਤਿਉਹਾਰਾਂ ਦੇ ਢਾਂਚੇ ਨੇ ਮੁਸਲਮ ਧਰਮ ਨਾਲੋਂ ਹਿੰਦੂ ਧਰਮ ਉਤੇ ਸਿਧਾਂਤਕ ਪੱਧਰ ਉਤੇ ਜਬਰਦਸਤ ਚੋਟ ਮਾਰੀ ਹੈੇ। ਛੇਵੇਂ ਗੁਰੂ ਵਲੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਅਤੇ ਦਸਵੇਂ ਗੁਰੂ ਸਾਹਿਬ ਵਲੋਂ ਖਾਲਸਾ ਸਿਰਜ ਕੇ ਅਤੇ ਗੁਰੂ ਗੰ੍ਰਥ ਸਾਹਿਬ ਨੂੰ ਗੁਰੂ ਵਜੋਂ ਸਦਾ ਲਈ ਸਥਾਪਿਤ ਕਰਕੇ ਪੰਥ ਨੂੰ ਇਕ ਠੋਸ ਢਾਂਚਾਗਤ ਰੂਪ ਦਿੱਤਾ ਗਿਆ। ਪੰਥ ਦੇ ਖਾਲਸਾ ਪੰਥ ਤਕ ਪਹੁੰਚਦਿਆਂ ਸਿੱਖ ਇੱਕ ਅਸਲੋਂ ਵੱਖਰੀ ਜੀਉਣ-ਜਾਂਚ ਅਪਣਾ ਚੁਕੇ ਸਨ। ਹਿੰਦੂ ਪੂਜਾ ਦੇ ਸਮੇਂ, ਥਾਵਾਂ,ਢੰਗਾਂ ਦੇ ਬਦਲ ਹੋਂਦ ਵਿੱਚ ਆ ਚੁਕੇ ਸਨ ਜਿਵੇਂ ਹਿੰਦੂ ਪੂਜਾ ਦਾ ਸਮਾਂ, ਥਾਂ ਅਤੇ ਢੰਗ ਸਵੇਰੇ ਮੰਦਰਾਂ ਵਿੱਚ ਜਾ ਕੇ ਮੂਰਤੀ ਪੂਜਾ ਕਰਨਾ ਸੀ ਪਰ ਸਿੱਖਾਂ ਲਈ ਮੂਰਤੀ ਪੂਜਾ ਵਰਜਿਤ ਸੀ, ਪੂਜਾ ਦੀ ਥਾਂ ਇਕੋ ਅਕਾਲ ਦੇ ਨਾਮ-ਸਿਮਰਨ ਦਾ ਹੁਕਮ ਸੀ ਅਤੇ ਸਮਾਂ ਅੰਮ੍ਰਿਤ ਵੇਲੇ ਦਾ ਸੀ। ਹਿੰਦੂ ਤੀਰਥਾਂ ਦੀ ਯਾਤਰਾ ਦੇ ਉਸ ਸਮੇਂ ਦੇ ਪ੍ਰਚਲਿਤ ਰਿਵਾਜ ਦੇ ਬਦਲ ਵਜੋਂ ਸਿੱਖਾਂ ਦੇ ਆਪਣੇ ਤੀਰਥ-ਕੇਂਦਰ ਹੋਂਦ ਵਿੱਚ ਲਿਆਂਦੇ ਜਾ ਚੁੱਕੇ ਸਨ। ਸਿੱਖਾਂ ਨੂੰ ਗੁਰੂ ਸਾਹਿਬਾਨਾਂ ਵਲੋਂ ਹਰਿਮੰਦਰ ਸਾਹਿਬ, ਗੋਇੰਦਵਾਲ ਸਾਹਿਬ ਅਤੇ ਖਡੂਰ ਸਾਹਿਬ ਵਰਗੇ ਪਵਿੱਤਰ ਸਥਾਨਾਂ ਉੱਤੇ ਜਾਣ ਦਾ ਹੁਕਮ ਸੀ। ਬਾਅਦ ਵਿੱਚ ਦਸਵੇਂ ਗੁਰੂ ਵਲੋਂ ਹਿੰਦੂ ਤਿਉਹਾਰਾਂ ਦੇ ਬਦਲ ਵਜੋਂ ਵੱਖਰੇ ਤਿਉਹਾਰ ਅਤੇ ਵੱਖਰੀ ਪਛਾਣ ਸਿਰਜ ਕੇ ਪੰਥ ਨੂੰ ਇੱਕ ਮਹੱਤਵਪੂਰਨ ਵੱਖਰੇ ਭਾਈਚਾਰੇ ਵਜੋਂ ਵਿਕਸਿਤ ਕਰ ਦਿੱਤਾ ਗਿਆ ਜਿਸ ਦੀਆਂ ਆਪਣੀਆਂ ਠੋਸ ਸੱਭਿਆਚਾਰਕ ਹੱਦਾਂ ਸਨ। ਯਾਦ ਰਹੇ ਰਾਜ ਦੀ ਇੱਛਾ ਨੇ ਪੰਥ ਨੂੰ ਰਾਜਨੀਤਕ ਭਾਈਚਾਰੇ ਦੇ ਰੂਪ ਵਿੱਚ ਬਦਲ ਦਿੱਤਾ।
3. ਕੌਮਾਂਤਰੀ ਕੌਮਵਾਦੀ ਸਿਧਾਂਤ ਇਸ ਨੁਕਤੇ ਨੂੰ ਮਾਨਤਾ ਦਿੰਦਾ ਹੈ ਕਿ ਜਿਉਂ ਹੀ ਕੋਈ ਭਾਈਚਾਰਾ ‘ਰਾਜ’ ਦੀ ਇੱਛਾ ਰੱਖਣਾ ਸ਼ੁਰੂ ਕਰ ਦਿੰਦਾ ਹੈ ਤਾਂ ਇਹ ਰਾਜਨੀਤਕ ਭਾਈਚਾਰੇ ਵਿੱਚ ਬਦਲ ਜਾਂਦਾ ਹੈ। ਕਿਸੇ ਭਾਈਚਾਰੇ ਵਲੋਂ ਰਾਜ ਦੀ ਇੱਛਾ ਦਾ ਸਬੰਧ ਕੁਦਰਤੀ ਕਿਸੇ ਖੇਤਰ ਨਾਲ ਜੁੜਦਾ ਹੈ ਕਿਉਂਕਿ ‘ਰਾਜ’ ਦੀ ਸਿਰਜਣਾ ਹਵਾ ਵਿੱਚ ਤਾਂ ਕੀਤੀ ਨਹੀਂ ਜਾ ਸਕਦੀ ਹੈ। ਪੰਥ ਦੀ ਵਿਆਖਿਆ ਕਰਦਿਆਂ ਜਦੋਂ ਇਹ ਧਾਰਨਾ ਉਭਾਰੀ ਜਾਵੇ ਕਿ ਪੰਥ ਦਾ ਸਬੰਧ ਕਿਸੇ ਖੇਤਰੀ ਇਕਾਈ ਨਾਲ ਨਹੀਂ ਹੈ ਤਾਂ ਇਸ ਵਿਚੋਂ ਇੱਕ ਵੱਡੀ ਮੰਦ-ਭਾਵਨਾ ਸਾਹਮਣੇ ਆਉਂਦੀ ਹੈ। ਕੌਮਾਂਤਰੀ ਪੱਧਰ ਉੱਤੇ ਕੌਮ ਜਾਂ ਨੇਸ਼ਨ ਦੀ ਵਿਆਖਿਆ ਵਿੱਚ ਇਕ ਖਾਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੇ ਵੱਖਰੇ ਇਤਿਹਾਸ, ਮਿੱਥਾਂ, ਰਸਮਾਂ-ਰਿਵਾਜਾਂ, ਕਦਰਾਂ-ਕੀਮਤਾਂ, ਤਿਉਹਾਰਾਂ, ਦੇ ਨਾਲ-ਨਾਲ ਇਸ ਖੇਤਰ ਨਾਲ ਲਗਾਅ ਅਤੇ ਵੱਖਰੀ ਕੌਮ ਹੋਣ ਦੀ ਇੱਛਾ ਜਾਂ ਦੂਜਿਆਂ ਵਲੋਂ ਇਸ ਵਖਰੇਵੇਂ ਨੂੰ ਮਾਨਤਾ ਦੇਣ ਅਤੇ ਰਾਜ ਦੀ ਇੱਛਾ ਰੱਖਣ ਵਰਗੇ ਤੱਤਾਂ ਨੂੰ ਮਾਨਤਾ ਦਿੱਤੀ ਗਈ ਹੈ। ਸਪਸ਼ਟ ਹੈ ਕਿ ਜੇ ਤੱਤ ਰੂਪ ਵਿੱਚ ਪੰਥ ਦਾ ਸਬੰਧ ਕਿਸੇ ਖੇਤਰ ਨਾਲ ਨਾ ਹੋਣਾਂ ਮੰਨ ਲਿਆ ਜਾਂਦਾ ਹੈ ਤਾਂ ਸਿੱਖਾਂ ਦਾ ਪੰਜਾਬ ਦੇ ਖੇਤਰ ਉਤੇ ਇਕ ਕੌਮ ਵਜੋਂ ਦਾਅਵਾ ਕੌਮਾਂਤਰੀ ਕਨੂੰਨ ਅਨੁਸਾਰ ਕਮਜ਼ੋਰ ਹੋ ਜਾਵੇਗਾ।
4. ਦਸ ਗੁਰੂ ਸਾਹਿਬਾਨਾਂ ਦਾ ਜੀਵਨ-ਅਮਲ, ਗੁਰੂ ਗੰ੍ਰਥ ਸਾਹਿਬ, ਸਿੱਖ-ਇਤਿਹਾਸ ਅਤੇ ਸਿੱਖ-ਸੰਸਥਾਵਾਂ ‘ਪੰਥ’ ਦੀਆਂ ਸੱਭਿਆਚਾਰਕ ਹੱਦਾਂ ਦੀ ਸਿਰਜਣਾ ਕਰਦੇ ਹਨ ਜੋ ਕਿ ਮੌਜੂਦਾ ਕੌਮਵਾਦੀ ਅਤੇ ਕੌਮ ਦੀ ਧਾਰਨਾ ਅਨੁਸਾਰ ”ਕੌਮੀ ਹੱਦਾਂ” ਦੀ ਧਾਰਨਾ ਅਨੁਸਾਰ ਪੰਥ ਨੂੰ ਇੱਕ ਰਾਜਨੀਤਕ ਭਾਈਚਾਰਾ ਜਾਂ ਕੌਮ ਸਾਬਤ ਕਰਦੀਆਂ ਹਨ। ਗੁਰੂ ਸਾਹਿਬਾਨਾਂ ਅਤੇ ਗੁਰੂ ਗੰ੍ਰਥ ਸਾਹਿਬ ਦਾ ਸੰਦੇਸ਼ ਭਾਵੇਂ ਸਮੇਂ ਅਤੇ ਥਾਂ ਦੀਆਂ ਹੱਦਾਂ ਤੋਂ ਪਰੇ ਹੈ ਪਰ ਇਹ ਇਕ ਖਾਸ ਜੀਵਨ ਜਾਂਚ ਵੀ ਸਿਰਜਦਾ ਹੈ ,ਜਿਸ ਦਾ ਪ੍ਰਗਟਾਵਾ ਪੰਜ ਸੌ ਸਾਲ ਦੇ ਸਿੱਖ ਇਤਿਹਾਸ ਵਿੱਚੋਂ ਝਲਕਦਾ ਹੈ, ਜੋ ਸਿੱਖਾਂ ਨੂੰ ਪੰਜਾਬ ਦੇ ਖੇਤਰੀ ਇਲਾਕੇ ਨਾਲ ਡੰੁਘੀ ਤਰਾਂ ਜੋੜਦਾ ਹੈ। ਪੰਥ ਅਤੇ ਪੰਜਾਬ ਵਿਚਕਾਰ ਅਟੁੱਟ ਰਿਸ਼ਤਾ ਹੈ। ਪੰਜਾਬ ਉੱਤੇ ਪੰਥ ਦਾ ਦਾਅਵਾ ਨਿਸ਼ਚੇਵਾਚਕ ਹੈ, ਜਿਉਣ-ਮਰਨ ਦੇ ਮਸਲੇ ਵਾਂਗ। ਪੰਜਾਬ ਦੀ ਧਰਤੀ ਦਾ ਚੱਪਾ-ਚੱਪਾ ਸਿੱਖਾਂ ਦੇ ਖੂਨ ਨਾਲ ਸਿੰਜਿਆ ਗਿਆ ਹੈ। ਸਿੱਖਾਂ ਨੇ ਰਾਜਨੀਤਕ ਭਾਈਚਾਰੇ ਵਜੋਂ ਪਹਿਲਾ ਸਿੱਖ ਰਾਜ ਪੰਜਾਬ ਵਿੱਚ ਹੀ ਸਿਰਜਿਆ ਹੈ, ਨੰਦੇੜ ਵਿੱਚ ਨਹੀਂ। ਮਿਸਲਾਂ ਪੰਜਾਬ ਵਿੱਚ ਪ੍ਰਭੂਸੱਤਾਂ ਸੰਪੰਨ ਰਹੀਆਂ ਹਨ। ਮਹਾਰਾਜਾ ਰਣਜੀਤ ਸਿੰਘ ਨੇ ਸਿੱਖ-ਰਾਜ ਪੰਜਾਬ ਵਿੱਚ ਹੀ ਸਥਾਪਤ ਕੀਤਾ ਸੀ। ਬਾਅਦ ਵਿੱਚ ਹੀ ਇਸ ਨੂੰ ਜੰਗਾਂ-ਜਿੱਤਾਂ ਰਾਹੀਂ ਦੂਜੇ ਖੇਤਰਾਂ ਵਿੱਚ ਫੈਲਾਇਆ ਗਿਆ।ਪੰਥ ਦੇ ਪੰਜਾਬ ਨਾਲ ਪਿਆਰ ਦੀ ਗਵਾਹੀ ਪ੍ਰਾਚੀਨ ਪੰਥ ਪ੍ਰਕਾਸ਼ ਦਾ ਕਰਤਾ ਇੱਕ ਕਥਾ ਰਾਹੀਂ ਬਿਆਨ ਕਰਦਾ ਹੈ ਕਿ ਦਸਵੇਂ ਪਾਤਸ਼ਾਹ ਵਲੋਂ ਸਿੱਖਾਂ ਨੂੰ ਦੁਨੀਆਂ ਦੀ ਪਾਤਸ਼ਾਹੀ ਮੰਗਣ ਲਈ ਕਹੇ ਬਚਨ ਦੇ ਜੁਆਬ ਵਿੱਚ ਸਿੱਖਾਂ ਨੇ ਤਿੰਨੇ ਵਾਰ ਹੀ ”ਪੰਜਾਬ ਦੀ ਪਾਤਸ਼ਾਹੀ”ਮੰਗੀ। ਵੀਹਵੀਂ ਸਦੀ ਦਾ ਵੱਡਾ ਸ਼ਾਇਰ ਤੇ ਫਿਲਾਸਫਰ ਪ੍ਰੋ. ਪੂਰਨ ਸਿੰਘ ਜਿਥੇ ‘ਸਿਖ ਕਿਉਂ ਰੁਲਦੇ ਜਾਂਦੇ ਨੀ’ ਦਾ ਫਿਕਰ ਕਰਦਾ ਹੈ, ਓਥੇ ‘ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ਤੇ’ ਗਾਉਂਦਾ ਹੈ ਅਤੇ ‘ਕੂਕਾਂ ਮੈਂ ਸਿਖ ਪੰਜਾਬ ਨੂੰ’ ਦੀ ਬਾਤ ਪਾਕੇ ਪੰਥ ਅਤੇ ਪੰਜਾਬ ਦੇ ਅਟੁੱਟ ਰਿਸ਼ਤੇ ਦੀ ਗਵਾਹੀ ਭਰਦਾ ਹੈ। ਸਿਖ ਸਭਿਆਚਾਰ ਗੁਰੂ ਨਾਨਕ ਸਾਹਿਬ ਨੂੰ ‘ਮਾਹੀ ਨਨਕਾਣੇ ਵਾਲਿਆ’ ਵਜੋਂ ਸਿਮਰਦਾ ਹੈ ਅਤੇ ਗੁਰਬਾਣੀ ਦੇ ਹਵਾਲੇ ਨਾਲ ਅੰਮ੍ਰਿਤਸਰ ਨੂੰ ‘ਡਿਠੇ ਸਭੇ ਥਾਵ ਨਹੀ ਤੁਧ ਜੇਹਿਆ’ ਅਤੇ ‘ਗੁਰੂ ਰਾਮਦਾਸ ਦੀ ਨਗਰੀ’ ਵਜੋਂ ਪਛਾਣਦਾ ਹੈ
5. ਪੰਥ ਦੀ ਧਾਰਨਾ ਦਾ ਸਬੰਧ ਦੂਜੇ ਭਾਈਚਾਰਿਆਂ ਨਾਲ ਸਹਿ-ਹੋਂਦ ਦੇ ਇਤਿਹਾਸਕ ਤਜਰਬੇ ਨਾਲ ਕਦੇ ਵੀ ਨਹੀਂ ਰਿਹਾ। ਪੰਥ ਆਪਣੇ ਜਨਮ ਦੇ ਸਮੇਂ ਤੋਂ ਹੀ ਆਪਣੀ ਹੋਂਦ ਬਣਾਈ ਰੱਖਣ ਲਈ ਸੰਘਰਸ਼ਸ਼ੀਲ ਰਿਹਾ ਹੈ। ਰਾਜਨੀਤਕ ਤਾਕਤ ਉਤੇ ਕਾਬਜ਼ ਹੋਣ ਦੀਆਂ ਨਵੀਆਂ ਤਕਨੀਕਾਂ ਦੇ ਗਿਆਨ ਤੋਂ ਵਿਰਵੇ ਅਤੇ ਬ੍ਰਾਹਮਣਵਾਦ ਦੇ ਡੁੰਘੇ ਅਤੇ ਨਿਗਲ ਜਾਣ ਵਾਲੇ ਸੱਭਿਆਚਾਰਕ ਹਮਲੇ ਦੇ ਸ਼ਿਕਾਰ ਪੰਥ ਦੇ ਇੱਕ ਵੱਡੇ ਹਿੱਸੇ ਵਿੱਚ ਆਪਣੀ ਹੋਂਦ ਤੋਂ ਮੁਨਕਰ ਹੋਣ ਅਤੇ ਵੱਡੀ ਪਛਾਣ ਵਿੱਚ ਜਜ਼ਬ ਹੋਣ ਦਾ ਵਰਤਾਰਾ ਸਾਹਮਣੇ ਆਇਆ ਹੈ। ਪੰਥ ਦੀ ਧਾਰਨਾ ਬਿਨ੍ਹਾਂ ਸ਼ੱਕ ਕੌਮੀ ਜਾਂ ਸੱਭਿਆਚਾਰਕ ਹੱਦਾਂ ਵਿੱਚ ਬੰਨੀ ਹੋਈ ਹੈ, ਜੋ ਬ੍ਰਾਹਮਣਵਾਦੀ ਹਮਲੇ ਦਾ ਲਗਾਤਾਰ ਮੁਕਾਬਲਾ ਕਰਨ ਲਈ ਸਿੱਖਾਂ ਨੂੰ ਤਾਕਤ ਬਖਸ਼ਦੀ ਰਹੀ ਹੈ। ਪੰਥ ਦੀ ਇਹ ਖਾਸੀਅਤ ਹੈ ਕਿ ਇਹ ਸਾਰੀ ਦੁਨੀਆਂ ਵਿਚ ਰਹਿਣ ਵਾਲੇ ਸਿੱਖਾਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ ਪਰ ਇਸ ਦੀਆਂ ਧਾਰਮਿਕ ਪਰੰਪਰਾਵਾਂ ਅਤੇ ਵਿਸ਼ਵਾਸ਼ਾਂ ਉਤੇ ਅਧਾਰਿਤ ਹੱਦਾਂ ਸਮਾਂ ਆਉਣ ਉੱਤੇ ਰਾਜਨੀਤਕ ਹੱਦਾਂ ਵਿੱਚ ਬਦਲਣ ਦੀ ਤਾਕਤ ਵੀ ਰੱਖਦੀਆਂ ਹਨ। ਇਹ ਨੁਕਤਾ ਮਹੱਤਵਪੂਰਨ ਹੈ ਕਿ ਅੱਜ ਤਕ ਪੰਥ ਦੀਆਂ ਸੱਭਿਆਚਾਰਕ ਹੱਦਾਂ ਨੇ ਹੀ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਜਜ਼ਬ ਹੋਣ ਤੋਂ ਬਚਾਇਆ ਹੋਇਆ ਹੈ। ਅਸਲ ਮਸਲਾ ਪੰਥ ਅਤੇ ਬ੍ਰਾਹਮਣਵਾਦੀ ਧਿਰਾਂ ਵਿਚਕਾਰ ਪਿਛਲੀ ਅੱਧੀ ਸਦੀ ਤੋਂ ਲਗਾਤਾਰ ਚੱਲ ਰਹੀ ਸਿਧਾਂਤਕ ਅਤੇ ਵਿਚਾਰਧਾਰਕ ਜੰਗ ਦਾ ਹੈ।
6. ਪੰਥਕ ਜਾਂ ਸਿੱਖ ਪਛਾਣ 1970 ਵਿੱਚ ਤਾਕਤ ਵਜੋਂ ਹੋਂਦ ਵਿੱਚ ਆਈ ਹਿੰਦੂ ਪੁਨਰ-ਸਿਰਜਣਾ ਦੀ ਲਹਿਰ ਦੀ ਪੈਦਾਵਾਰ ਨਹੀਂ ਹੈ ਬਲਕਿ ਦਸ ਗੁਰੂ ਸਾਹਿਬਾਨਾਂ ਵਲੋਂ ਸਿਰਜੇ ਸੱਭਿਆਚਾਰਕ ਵਰਤਾਰੇ ਦੀ ਉਪਜ ਹੈ। ਖਾਸ ਕਰਕੇ ਦਸਵੇਂ ਗੁਰੂ ਵਲੋਂ ਪੰਥ ਨੂੰ ਖਾਲਸਾ ਪੰਥ ਦੇ ਰੂਪ ਵਿੱਚ ਪੂਰਣਤਾ ਦੇਣ ਨਾਲ ਸਿੱਖਾਂ ਦੀ ਹਿੰਦੂਆਂ ਨਾਲੋਂ ਵੱਖਰੀ ਪਛਾਣ ਠੋਸ ਰਾਜਨੀਤਿਕ ਰੂਪ ਧਾਰਨ ਕਰਦੀ ਹੈ ਜਦੋਂ ਸ਼ਸਤਰ ਖਾਲਸਾ ਹੋਂਦ ਦਾ ਅਟੁੱਟ ਹਿਸਾ ਬਣਦਾ ਹੈ। ਬਾਅਦ ਵਿੱਚ ਸਿੰਘ ਸਭਾ ਲਹਿਰ ਅਤੇ ਮੁੜ 1970 ਦੀ ਹਿੰਦੂ ਪੁਨਰ-ਸਿਰਜਣਾ ਲਹਿਰ ਨੇ ਪੰਥਕ ਖਾਲਸਾਈ ਪਛਾਣ ਦੀ ਪੁਨਰ-ਸਿਰਜਣਾ ਦਾ ਹੀ ਮਾਹੌਲ ਤਿਆਰ ਕੀਤਾ।
ਇਸ ਤਰਾਂ ਪੰਥ ਦੀ ਪਰੰਪਰਾਂ ਨੂੰ ਪੰਜਾਬ ਅਤੇ ਸਿੱਖਾਂ ਦੀ ਅਜ਼ਾਦੀ ਵਿਚਕਾਰ ਸਬੰਧ ਪੈਦਾ ਕਰਨ ਅਤੇ ਸਿੱਖਾਂ ਦੀਆਂ ਕੌਮੀ ਅਤੇ ਰਾਜਨੀਤਕ ਹੱਦਾਂ ਸਿਰਜਣ ਵਾਲੀ ਏਜੰਸੀ ਵਜੋਂ ਖਤਮ ਕਰਨ ਵਾਲੀ ਵਿਆਖਿਆ ਦਾ ਹਰੇਕ ਪੱਧਰ ਉਤੇ ਤਕੜਾ ਵਿਰੋਧ ਜਰੂਰੀ ਹੈ। ਇਸ ਸੰਦਰਭ ਵਿੱਚ ਅਕਾਲੀ ਅਤੇ ਸਿੱਖ ਆਗੂਆਂ ਵਲੋਂ 1942 ਤੋਂ 1947 ਤੱਕ ਦੇ ਸਮੇਂ ਦੌਰਾਨ ਅੰਗਰੇਜ ਸ਼ਾਸ਼ਕਾਂ ਨੂੰ ਦਿੱਤੇ ਗਏ ਸੁਝਾਵਾਂ, ਮੰਗ-ਪੱਤਰਾਂ, ਚਿੱਠੀਆਂ ਅਤੇ ਅੰਗਰੇਜਾਂ ਵਲੋਂ ਇਨ੍ਹਾਂ ਦਸਤਾਵੇਜਾਂ ਦੇ ਅਧਾਰ ਉੱਤੇ ਕੀਤੀਆਂ ਟਿੱਪਣੀਆਂ ਤੋਂ ਲੈ ਕੇ ਮੌਜੂਦਾ ਸਮੇਂ ਤਕ ਦੇ ਸਿੱਖ ਆਗੂਆਂ ਦੀ ਮਾਨਸਿਕਤਾ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਵਿਚੋਂ ਨਿਸ਼ਚਿਤ ਤੌਰ ਉੱਤੇ ਉੱਭਰੀ ਗੁਲਾਮ ਮਾਨਸਿਕਤਾ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ ।ਇੱਕ ਛੋਟੇ ਜਿਹੇ ਬਿੰਦੂ ਤੋਂ ਪੈਦਾ ਹੋ ਕੇ ਵੱਡੇ ਪਸਾਰੇ ਦਾ ਰੂਪ ਧਾਰਦੀ ਇਸ ਮਾਨਸਿਕਤਾ ਦਾ ਪੰਥ, ਪੰਜਾਬ ਅਤੇ ਸਿੱਖਾਂ ਵਿਚਕਾਰ ਇਕ ਅਟੁੱਟ ਰਿਸ਼ਤੇ ਨਾਲ ਵਿਰੋਧ ਹੋਣ ਦੀ ਬਾਤ ਪਾਵੇਗੀ।
ਬਿਕਰਮਜੀਤ ਸਿੰਘ
Comments (0)