ਰਾਜਸਥਾਨ ਦੇ ਵਿਰਾਸਤੀ ਸਥਾਨ

ਰਾਜਸਥਾਨ  ਦੇ ਵਿਰਾਸਤੀ ਸਥਾਨ

ਵਿਰਾਸਤ                                         

ਜੱਗਾ ਸਿੰਘ

ਜੋਧਪੁਰ ਰਾਜਸਥਾਨ ਦਾ ਪ੍ਰਸਿੱਧ ਨਗਰ ਹੈ। ਮੇਰਾ ਕਾਫ਼ੀ ਸਮੇਂ ਤੋਂ ਇਸ ਨਗਰੀ ਦੇ ਦੀਦਾਰ ਦਾ ਸੁਪਨਾ ਸੀ, ਜੋ ਅਖੀਰ ਪਿਛਲੇ ਅਕਤੂਬਰ ਵਿਚ ਮੇਰੇ ਟੂਰ ਦੇ ਸਾਥੀਆਂ ਨਾਲ ਪੂਰਾ ਹੋ ਗਿਆ। ਆਪਣੇ ਕਈ ਵਿਰਾਸਤੀ ਸਥਾਨਾਂ ਕਾਰਨ ਇਹ ਨਗਰ ਸੈਲਾਨੀ ਪੱਖ ਤੋਂ ਪ੍ਰਸਿੱਧ ਹੈ। ਇੱਥੇ ਸਾਰਾ ਸਾਲ ਸੂਰਜ ਚਮਕਣ ਕਾਰਨ ਇਹ ਨਗਰ 'ਸੂਰਜ ਨਗਰੀ' ਦੇ ਨਾਂਅ ਨਾਲ ਪ੍ਰਸਿੱਧ ਹੈ। ਇਸ ਦੇ ਕਿਲ੍ਹਾ ਮਹਿਰਾਨਗੜ੍ਹ ਦੇ ਆਸ-ਪਾਸ ਵਸੇ ਸੈਂਕੜੇ ਨੀਲੇ ਰੰਗ ਵਾਲੇੇ ਘਰਾਂ ਕਾਰਨ ਇਸ ਨੂੰ 'ਨੀਲ ਨਗਰੀ' ਵੀ ਕਿਹਾ ਜਾਂਦਾ ਹੈ। ਮੰਡੋਰ ਦੇ ਮਹਾਰਾਜਾ 'ਰਾਓ ਜੋਧ' ਨੇ ਮੰਡੋਰ ਨੂੰ ਆਪਣੀ ਰਾਜਧਾਨੀ ਦੇ ਰੂਪ ਵਿਚ ਅਸੁਰੱਖਿਅਤ ਮਹਿਸੂਸ ਕਰਦਿਆਂ 1459 ਈ. ਵਿਚ ਜੋਧਪੁਰ ਨਗਰ ਵਸਾਇਆ ਅਤੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ। ਇੱਥੋਂ ਦੇ ਕਈ ਵਿਰਾਸਤੀ ਸਥਾਨ ਸੈਲਾਨੀਆਂ ਲਈ ਖਿੱਚ ਦਾ ਕਾਰਨ ਹਨ ਅਤੇ ਖ਼ਾਸ ਕਰਕੇ ਸਰਦੀਆਂ ਵਿਚ ਇੱਥੇ ਦੇਸ਼-ਵਿਦੇਸ਼ ਦੇ ਸੈਲਾਨੀਆਂ ਦੀ ਭਾਰੀ ਭੀੜ ਹੁੰਦੀ ਹੈ।

ਮਹਿਰਾਨਗੜ੍ਹ ਕਿਲ੍ਹਾ ਅਤੇ ਅਜਾਇਬਘਰ ਜੋਧਪੁਰ ਦਾ ਪ੍ਰਮੁੱਖ ਵਿਰਾਸਤੀ ਸਥਾਨ ਹੈ। ਮਹਿਰਾਨਗੜ੍ਹ ਦਾ ਸ਼ਾਬਦਿਕ ਅਰਥ 'ਸੂਰਜ ਦਾ ਕਿਲ੍ਹਾ' ਹੈ। ਰਾਵ ਜੋਧਾ ਸੂਰਜ ਦੇ ਉਪਾਸ਼ਕ ਸੀ। ਇਸ ਕਾਰਨ ਉਨ੍ਹਾਂ ਨੇ ਕਿਲ੍ਹੇ ਦਾ ਨਾਂਅ 'ਮਹਿਰਾਨਗੜ੍ਹ' ਰੱਖਿਆ। ਇਹ ਕਿਲ੍ਹਾ ਜੋਧਪੁਰ ਨਗਰ ਤੋਂ 125 ਮੀਟਰ ਉਚਾਈ 'ਤੇ 'ਭੋਰ ਚਿੜੀਆਟੁੱਕ' ਨਾਮੀ ਵਿਸ਼ਾਲ ਤੇ ਖੜ੍ਹਵੀਂ ਪਹਾੜੀ ਚਟਾਨ ਉੱਪਰ ਬਣਿਆ ਵਿਸ਼ਾਲ ਕਿਲ੍ਹਾ ਹੈ। ਕਿਲ੍ਹੇ ਦੇ ਆਸ-ਪਾਸ ਲਗਪਗ ਦਸ ਕਿਲੋਮੀਟਰ ਲੰਬੀ ਮਜ਼ਬੂਤ ਦੀਵਾਰ ਬਣੀ ਹੋਈ ਹੈ। ਜੋਧਪੁਰ ਸ਼ਹਿਰ ਦਾ ਜ਼ਿਆਦਾਤਰ ਹਿੱਸਾ ਇਸ ਦੀਵਾਰ ਦੇ ਅੰਦਰ ਵਸਿਆ ਹੋਇਆ ਹੈ। ਕਿਲ੍ਹਾ ਆਪਣੀ ਪੁਰਾਤਨਤਾ ਅਤੇ ਵਾਸਤੂਕਲਾ ਦੇ ਪੱਖ ਤੋਂ ਭਾਰਤ ਦਾ ਗੌਰਵਸ਼ਾਲੀ ਕਿਲ੍ਹਾ ਹੈ। ਮਹਾਰਾਜਾ ਰਾਵ ਜੋਧ ਨੇ ਜੋਧਪੁਰ ਨਗਰ ਵਸਾਉਣ ਸਮੇਂ 1459 ਈ. ਵਿਚ ਮਹਿਰਾਨਗੜ੍ਹ ਦੀ ਨੀਂਹ ਰੱਖੀ ਸੀ। ਇਹ ਕਿਲ੍ਹਾ ਮਹਾਰਾਜਾ ਜਸਵੰਤ ਸਿੰਘ ਪਹਿਲੇ (1638 ਤੋਂ 1678) ਦੇ ਸਮੇਂ ਸੰਪੂਰਨ ਹੋਇਆ। ਕਿਲ੍ਹੇ ਦੇ ਸੱਤ ਦਰਵਾਜੇ ਹਨ। ਇਨ੍ਹਾਂ ਦਰਵਾਜ਼ਿਆਂ ਵਿਚੋਂ ਬੀਕਾਨੇਰ ਤੇ ਜੈਪੁਰ ਦੀ ਜਿੱਤ ਤੋਂ ਬਾਅਦ ਬਣਾਇਆ 'ਜੈ ਪੋਲ' ਅਤੇ ਮੁਗ਼ਲਾਂ ਉੱਪਰ ਜਿੱਤ ਤੋਂ ਬਾਅਦ ਮਹਾਰਾਜਾ ਅਜੀਤ ਸਿੰਘ ਵਲੋਂ ਬਣਵਾਇਆ 'ਫਤਹੇ ਪੋਲ' ਪ੍ਰਮੁੱਖ ਹਨ। ਇਹ ਕਿਲ੍ਹਾ ਲਾਲ ਬਾਲੂਆ ਪੱਥਰ ਦਾ ਬਣਿਆ ਹੋਇਆ ਹੈ। ਇਸ ਦੇ ਮਹੱਲਾਂ ਵਿਚ ਸੰਗਮਰਮਰ ਦਾ ਵੀ ਉਪਯੋਗ ਕੀਤਾ ਗਿਆ ਹੈ।

ਕਿਲ੍ਹੇ ਵਿਚ ਬਣੇ ਇਮਾਰਤੀ ਢਾਂਚੇ ਦੀਆਂ ਪੰਜ ਮੰਜ਼ਿਲਾਂ ਹਨ। ਕਿਲ੍ਹੇ ਦੇ ਅੰਦਰ ਸੁੰਦਰ ਬਣਤਰ ਵਾਲੇ ਮੋਤੀ ਮਹੱਲ, ਫੂਲ ਮਹੱਲ, ਸ਼ੀਸ਼ ਮਹੱਲ, ਤਖ਼ਤ ਵਿਲਾਸ ਅਤੇ ਝਾਕੀ ਮਹੱਲ ਆਦਿ ਸਥਿਤ ਹਨ। ਇਨ੍ਹਾਂ ਮਹੱਲਾਂ ਵਿਚ ਜਾਣ ਲਈ ਸੈਲਾਨੀਆਂ ਲਈ ਕਿਲ੍ਹੇ ਦੀ ਟਿਕਟ ਖਿੜਕੀ ਦੇ ਨਜ਼ਦੀਕ ਲਿਫਟ ਲੱਗੀ ਹੋਈ ਹੈ। ਪੈਦਲ ਆਉਣ-ਜਾਣ ਲਈ ਕਿਲ੍ਹੇ ਦੇ ਦਰਵਾਜ਼ਿਆਂ ਵਾਲਾ ਰੈਂਪ ਵਾਲਾ ਰਸਤਾ ਹੈ। ਇਨ੍ਹਾਂ ਮਹੱਲਾਂ ਦੀਆਂ ਨਕਾਸ਼ੀਦਾਰ ਦੀਵਾਰਾਂ, ਖਿੜਕੀਆਂ, ਚਿੱਤਰਕਾਰੀ, ਵਾਧਰੇ, ਕਿੰਗਰੇ ਆਦਿ ਬੇਹੱਦ ਸੁੰਦਰ ਹਨ। ਇਨ੍ਹਾਂ ਵਿਚੋਂ ਮੋਤੀ ਮਹੱਲ ਮਹਾਰਾਜਾ ਸੁਰ ਸਿੰਘ ਵਲੋਂ ਬਣਵਾਇਆ ਕਿਲ੍ਹੇ ਦਾ ਸਭ ਤੋਂ ਵੱਡਾ ਕਮਰਾ (ਮਹੱਲ) ਹੈ। ਇੱਥੇ ਮਹਾਰਾਜਾ ਲੋਕਾਂ ਨੂੰ ਮਿਲਦਾ ਸੀ। ਇਸ ਮਹੱਲ ਵਿਚ ਬਣੀਆਂ ਪੰਜ ਬਾਲਕੋਨੀਆਂ ਵਿਚ ਬੈਠ ਕੇ ਉਸ ਦੀਆਂ ਪੰਜ ਮਹਾਰਾਣੀਆਂ ਦਰਬਾਰ ਦੀਆਂ ਗਤੀਵਿਧੀਆਂ ਵੇਖਦੀਆਂ ਸਨ। ਮਹਾਰਾਜਾ ਅਭੈ ਸਿੰਘ ਦੁਆਰਾ ਬਣਵਾਇਆ ਫੂਲ ਮਹੱਲ ਮਹਾਰਾਜੇ ਦਾ ਨਿੱਜੀ ਕਮਰਾ ਸੀ। ਇਸ ਦੀ ਛੱਤ ਉੱਪਰ ਸੋਨੇ ਦੀ ਕਾਰੀਗਰੀ ਕੀਤੀ ਗਈ ਹੈ। ਇਸ ਦੀ ਚਿੱਤਰਕਾਰੀ ਮਹਾਰਾਜਾ ਜਸਵੰਤ ਸਿੰਘ ਦੂਜੇ ਦੇ ਸਮੇਂ ਕੀਤੀ ਗਈ। ਇੱਥੇ ਸਥਿਤ ਸ਼ੀਸ਼ੇ ਦੇ ਸੁੰਦਰ ਕੰਮ ਵਾਲੇ ਕਮਰੇ ਨੂੰ ਸ਼ੀਸ਼ ਮਹੱਲ ਕਿਹਾ ਜਾਂਦਾ ਹੈ। ਫੂਲ ਮਹੱਲ ਤੇ ਸ਼ੀਸ਼ ਮਹੱਲ ਦੀ ਹੇਠਲੀ ਮੰਜ਼ਿਲ 'ਤੇ ਮਹਾਰਾਜਾ ਤਖ਼ਤ ਸਿੰਘ ਵਲੋਂ ਬਣਵਾਇਆ ਤਖ਼ਤ ਵਿਲਾ ਹੈ। ਤਖ਼ਤ ਵਿਲਾਸ ਦੀ ਲੱਕੜ ਦੀ ਬਣੀ ਛੱਤ ਉੱਪਰ ਸੁੰਦਰ ਚਿੱਤਰ ਬਣਾਏ ਗਏ ਹਨ। ਇਸ ਵਿਚ ਲੱਕੜੀ ਦਾ ਇਕ ਝੂਲਾ ਵੀ ਮੌਜੂਦ ਹੈ। ਕਿਲ੍ਹੇ ਦੇ ਫੂਲ ਮਹੱਲ, ਤਖ਼ਤ ਨਿਵਾਸ ਵਿਚ ਪੌਰਾਣਿਕ, ਲੋਕ ਕਥਾਵਾਂ, ਰੁੱਤਾਂ, ਰਾਜ ਤਿਲਕ ਆਦਿ ਨਾਲ ਸੰਬੰਧਿਤ ਚਿੱਤਰਕਾਰੀ ਕੀਤੀ ਗਈ ਹੈ। ਇਨ੍ਹਾਂ ਮਹੱਲਾਂ ਦੇ ਸਾਹਮਣੇ ਵਾਲੀ ਇਮਾਰਤ ਵਿਚ ਝਾਕੀ ਮਹੱਲ ਹੈ। ਝਾਕੀ ਮਹੱਲ ਸ਼ਾਹੀ ਪਰਿਵਾਰ ਦੀਆਂ ਔਰਤਾਂ ਲਈ ਸਾਹਮਣੇ ਵਿਹੜੇ ਵਿਚ ਹੁੰਦੀਆਂ ਗਤੀਵਿਧੀਆਂ ਵੇਖਣ ਲਈ ਸੀ। ਮੌਜੂਦਾ ਸਮੇਂ ਇਸ ਨੂੰ ਪਾਲਕੀਆਂ ਦੇ ਅਜਾਇਬ ਘਰ 'ਪਾਲਕੀਖਾਨਾ' ਵਿਚ ਬਦਲ ਦਿੱਤਾ ਗਿਆ ਹੈ। ਇਸ ਵਿਚ ਵੱਖ-ਵੱਖ ਤਰ੍ਹਾਂ ਦੀਆਂ ਪਾਲਕੀਆਂ ਰੱਖੀਆਂ ਗਈਆਂ ਹਨ। ਇਨ੍ਹਾਂ ਪਾਲਕੀਆਂ ਵਿਚ ਕੁਝ ਇਤਿਹਾਸਿਕ ਪੱਖ ਤੋਂ ਮਹੱਤਵਪੂਰਨ ਹਨ।

ਕਿਲ੍ਹਾ ਮਹਿਰਾਨਗੜ੍ਹ ਵਿਚ ਸਥਾਪਤ ਵੱਖ-ਵੱਖ ਅਜਾਇਬ ਘਰਾਂ ਵਿਚ ਸ਼ਾਹੀ ਪਰਿਵਾਰ ਨਾਲ ਸੰਬੰਧਿਤ ਕਲਾਕ੍ਰਿਤੀਆਂ ਅਤੇ ਇਤਿਹਾਸਕ ਵਸਤਾਂ ਆਦਿ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਅਸਤਰ ਸ਼ਸਤਰ ਅਜਾਇਬ ਘਰ ਵਿਚ ਵੱਖ-ਵੱਖ ਤਰ੍ਹਾਂ ਦੇ ਸ਼ਸਤਰ ਰੱਖੇ ਗਏ ਹਨ। ਇੱਥੇ ਵੱਡ-ਅਕਾਰੀ ਬੰਦੂਕਾਂ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੀਆਂ ਤਲਵਾਰਾਂ, ਕਟਾਰਾਂ ਆਦਿ ਨੂੰ ਵੀ ਰੱਖਿਆ ਗਿਆ ਹੈ। ਇਨ੍ਹਾਂ ਤਲਵਾਰਾਂ ਅਤੇ ਕਟਾਰਾਂ ਦੀਆਂ ਵਿਸ਼ੇਸ਼ਤਾਵਾਂ ਤੇ ਇਤਿਹਾਸ ਨੂੰ ਵਰਨਣ ਕਰਨ ਲਈ ਇੱਥੇ ਜਾਣਕਾਰੀ ਮੌਜੂਦ ਹੈ। ਦੌਲਤਖਾਨਾ ਵਿਚ ਲਾਲ ਡੋਰਾ ਨਾਮਕ ਵਿਸ਼ਾਲ ਤੰਬੂ ਮੌਜੂਦ ਹੈ। ਇਸ ਤੰਬੂ ਨੂੰ ਬਾਹਰ ਜਾਣ ਸਮੇਂ ਮਹਾਰਾਜੇ ਵਲੋਂ ਵਰਤਿਆ ਜਾਂਦਾ ਸੀ। ਹੌਦੇਖਾਨਾ ਵਿਚ ਹਾਥੀਆਂ ਦੀ ਸਵਾਰੀ ਸਮੇਂ ਵਰਤੇ ਜਾਣ ਵਾਲੇ ਹਾਥੀਆਂ ਦੇ ਵੱਖ-ਵੱਖ ਤਰ੍ਹਾਂ ਦੇ ਹੌਦਿਆਂ ਨੂੰ ਰੱਖਿਆ ਗਿਆ ਹੈ। ਇਸ ਤੋਂ ਬਿਨਾਂ ਹਾਥੀਆਂ ਲਈ ਵਰਤੇ ਜਾਣ ਵਾਲਾ ਹੋਰ ਸਾਮਾਨ ਵੀ ਇੱਥੇ ਪ੍ਰਦਰਸ਼ਿਤ ਕੀਤਾ ਗਿਆ ਹੈ। ਵਸਤਰਾਂ ਨਾਲ ਸੰਬੰਧਿਤ ਭਾਗ ਵਿਚ ਰਾਠੌੜ ਰਾਜ ਵੰਸ਼ ਦੇ ਰਾਜੇ ਰਾਣੀਆਂ ਦੇ ਵਸਤਰਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇੱਥੇ ਪ੍ਰਦਰਸ਼ਨੀ ਵਿਚ ਵੱਖ-ਵੱਖ ਤਰ੍ਹਾਂ ਅਤੇ ਆਕਾਰ ਵਾਲੇ ਤਾਲੇ ਵੀ ਵੇਖਣ ਲਈ ਮੌਜੂਦ ਹਨ। ਰਾਠੌੜ ਰਾਜ ਪਰਿਵਾਰ ਦੇ ਸਿੰਘਾਸਨਾਂ ਨੂੰ ਵੀ ਰੱਖਿਆ ਗਿਆ ਹੈ। ਮਹਿਰਾਨਗੜ੍ਹ ਵਿਚ ਵੱਖ-ਵੱਖ ਤਰ੍ਹਾਂ ਦੀਆਂ ਤੋਪਾਂ ਮੌਜੂਦ ਹਨ। ਇਨ੍ਹਾਂ ਤੋਪਾਂ ਵਿਚ ਕਿਲਕਿਲਾ, ਸ਼ੁੱਭ ਬਾਣ, ਜਮਜਮਾ, ਕੜਕ ਬਿਜਲੀ, ਬਿੱਛੂ ਬਾਣ, ਗਜਨੀ ਖਾਂ, ਨੁਸਰਤ, ਗੁੱਬਰ ਆਦਿ ਪ੍ਰਮੁੱਖ ਹਨ। ਇਨ੍ਹਾਂ ਤੋਪਾਂ ਦਾ ਆਪਣਾ ਆਪਣਾ ਇਤਿਹਾਸ ਅਤੇ ਵਿਸ਼ੇਸ਼ਤਾਵਾਂ ਹਨ।

ਕਿਲ੍ਹੇ ਅੰਦਰ ਰਾਠੌੜ ਵੰਸ਼ ਦੀ ਕੁੱਲ ਦੇਵੀ ਚੁਮੰਡਾ ਦਾ ਮੰਦਰ ਵੀ ਸਥਿਤ ਹੈ। ਕਿਲ੍ਹੇ ਦੇ ਹੇਠਲੇ ਹਿੱਸੇ ਵਿਚ ਭੂਰੇ ਖਾਂ ਦੀ ਯਾਦਗਾਰ ਬਣੀ ਹੋਈ ਹੈ। ਇਸ ਦੇ ਨਜ਼ਦੀਕ ਹੀ ਵਿਰਾਸਤੀ ਸਾਮਾਨ ਦੀਆਂ ਕੁਝ ਦੁਕਾਨਾਂ ਵੀ ਸਥਿਤ ਹਨ। ਮੌਜੂਦਾ ਸਮੇਂ ਕਿਲ੍ਹੇ ਦਾ ਪ੍ਰਬੰਧ ਮਹਿਰਾਨਗੜ੍ਹ ਮਿਊਜ਼ੀਅਮ ਟਰੱਸਟ ਦੇ ਹੱਥਾਂ ਵਿਚ ਹੈ।ਮਹਿਰਾਨਗੜ੍ਹ ਕਿਲ੍ਹੇ ਅਤੇ ਅਜਾਇਬਘਰ ਤੋਂ ਕੁਝ ਦੂਰੀ 'ਤੇ ਸਫ਼ੈਦ ਸੰਗਮਰਮਰ ਦਾ ਬਣਿਆ ਸੁੰਦਰ ਸਮਾਰਕ 'ਜਸਵੰਤ ਥੜ੍ਹਾ' ਸਥਿਤ ਹੈ। 'ਜਸਵੰਤ ਥੜ੍ਹਾ' ਨੂੰ ਮਹਾਰਾਜਾ ਸਰਦਾਰ ਸਿੰਘ ਨੇ ਮਹਾਰਾਜਾ ਜਸਵੰਤ ਸਿੰਘ ਦੂਜੇ (1838-1895) ਦੀ ਯਾਦ ਵਿਚ 1899 ਈ: ਵਿਚ ਬਣਾਇਆ ਸੀ। ਉੱਚੇ ਥੜ੍ਹੇ ਉੱਤੇ ਬਣੀ ਇਸ ਇਮਾਰਤ ਲਈ ਮਕਰਾਣੇ ਦੇ ਸੰਗਮਰਮਰ ਦਾ ਵਰਤਿਆ ਗਿਆ ਹੈ। ਇਸ ਸਮਾਰਕ ਵਿਚ ਪਹੁੰਚਣ ਲਈ ਤਿੰਨ ਵਾਰ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ। ਇਸ ਸਮਾਰਕ ਨੂੰ ਸੰਗਮਰਮਰ ਦਾ ਬਣੇ ਹੋਣ ਕਾਰਨ 'ਜੋਧਪੁਰ ਦਾ ਤਾਜ ਮਹੱਲ' ਜਾਂ 'ਮਾਰਵਾੜ ਦਾ ਤਾਜ ਮਹੱਲ' ਕਿਹਾ ਜਾਂਦਾ ਹੈ। ਇਸ ਸਮਾਰਕ ਦੇ ਯੋਜਨਾਕਾਰ ਬੁੱਧਮੱਲ ਅਤੇ ਰਹੀਮ ਬਖਸ਼ ਸਨ। ਸਮਾਰਕ ਦੇ ਨਿਰਮਾਣ ਵਿਚ ਕਲਾਤਮਿਕਤਾ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਇਸ ਵਿਚ ਸੁੰਦਰ ਨਿਕਾਸ਼ੀ ਕੀਤੀ ਗਈ ਹੈ। ਇਸ ਦੀ ਇਮਾਰਤ ਦੇ ਅੰਦਰ ਕੁਝ ਥਾਵਾਂ 'ਤੇ ਸੰਗਮਰਮਰ ਦੀਆਂ ਪੱਟੀਆਂ ਵਿਚੋਂ ਸੂਰਜ ਦਾ ਪ੍ਰਕਾਸ਼ ਅੰਦਰ ਪਹੁੰਚਦਾ ਹੈ। ਅੰਦਰੋਂ ਇਸ ਇਮਾਰਤ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਵਿਚ ਰਾਠੌੜ ਵੰਸ਼ ਦੇ ਸ਼ਾਸਕਾਂ ਦੀਆਂ ਤਸਵੀਰਾਂ ਅਤੇ ਅਖੀਰ ਵਿਚ ਮਹਾਰਾਜਾ ਜਸਵੰਤ ਸਿੰਘ ਦੀ ਸਮਾਧੀ ਹੈ। ਇਹ ਭਵਨ ਮੁਗ਼ਲ ਅਤੇ ਰਾਜਪੂਤ ਭਵਨ ਨਿਰਮਾਣ ਸ਼ੈਲੀ ਦਾ ਸੁਮੇਲ ਹੈ। ਜਸਵੰਤ ਥੜ੍ਹਾ ਦੇ ਆਸ ਪਾਸ ਕਾਫ਼ੀ ਹਰਿਆਲੀ ਹੈ ਅਤੇ ਇਸ ਵਿਚ ਸੁੰਦਰ ਬਗੀਚੇ ਬਣੇ ਹੋਏ ਹਨ। ਇਸ ਦੇ ਨੇੜੇ ਬਣੀ ਝੀਲ ਇਸ ਦੀ ਸੁੰਦਰਤਾ ਵਿਚ ਹੋਰ ਵਾਧਾ ਕਰਦੀ ਹੈ। ਚਾਂਦਨੀ ਰਾਤ ਨੂੰ ਇਸ ਦਾ ਨਜ਼ਾਰਾ ਹੋਰ ਵੀ ਸੁੰਦਰ ਹੁੰੰਦਾ ਹੈ। ਜਸਵੰਤ ਥੜ੍ਹਾ ਦੇ ਨਜ਼ਦੀਕ ਜੋਧਪੁਰ ਦੇ ਰਾਠੌੜ ਰਾਜ ਪਰਿਵਾਰ ਦੀ ਸ਼ਮਸ਼ਾਨਭੂਮੀ ਹੈ। ਇੱਥੇ ਰਾਠੌੜ ਰਾਜ ਪਰਿਵਾਰ ਨਾਲ ਸੰਬੰਧਿਤ ਕਈ ਮੈਂਬਰਾਂ ਦੇ ਸੰਸਕਾਰ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਯਾਦ ਵਿਚ ਕਈ ਸੁੰਦਰ ਛਤਰੀਆਂ ਬਣੀਆਂ ਹੋਈਆਂ ਹਨ। ਮਹਿਰਾਨਗੜ੍ਹ ਕਿਲ੍ਹਾ ਅਤੇ ਜਸਵੰਤ ਥੜ੍ਹਾ ਤੋਂ ਕੁਝ ਦੂਰੀ ਉੱਪਰ 72 ਏਕੜ ਭੂਮੀ ਵਿਚ ਫੈਲਿਆ 'ਰਾਵ ਜੋਧਾ ਡੈਜ਼ਰਟ ਰਾਕ ਪਾਰਕ' ਹੈ। ਇਸ ਦਾ ਉਦੇਸ਼ ਇਸ ਚਟਾਨੀ ਤੇ ਰੇਤਲੇ ਖੇਤਰ ਦੀਆਂ ਕੁਦਰਤੀ ਹਾਲਤਾਂ ਨੂੰ ਬਹਾਲ ਕਰਨਾ ਹੈ।

ਜੋਧਪੁਰ ਦਾ ਇਕ ਹੋਰ ਸੁੰਦਰ ਤੇ ਪ੍ਰਮੁੱਖ ਸੈਲਾਨੀ ਕੇਂਦਰ ਉਮੈਦ ਭਵਨ ਪੈਲਸ ਹੈ। 'ਉਮੈਦ ਭਵਨ ਪੈਲਸ' ਕਿਲ੍ਹਾ ਮਹਿਰਾਨਗੜ੍ਹ ਤੋਂ ਲਗਪਗ 3 ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਇਸ ਮਹੱਲ ਦਾ ਨਾਂਅ ਮਹਾਰਾਜਾ ਉਮੈਦ ਸਿੰਘ ਦੇ ਨਾਂਅ 'ਤੇ ਰੱਖਿਆ ਗਿਆ ਹੈ। ਚਿੱਤਰ ਨਾਮੀ ਪਹਾੜੀ 'ਤੇ ਸਥਿਤ ਹੋਣ ਕਾਰਨ ਇਸ ਮਹੱਲ ਨੂੰ 'ਚਿੱਤਰ ਪੈਲਸ' ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਮਹੱਲ ਦਾ ਯੋਜਨਾਕਾਰ ਹੈਨਰੀ ਵਾਨ ਲੰਚਸਟਰ ਸੀ ਅਤੇ ਇਹ ਭਾਰਤੀ, ਅਰਬੀ ਅਤੇ ਪੱਛਮੀ ਭਵਨ ਨਿਰਮਾਣ ਕਲਾ ਦਾ ਸੁਮੇਲ ਹੈ। ਇਹ ਮਹੱਲ 26 ਏਕੜ ਵਿਚ ਫੈਲਿਆ ਹੋਇਆ ਹੈ ਅਤੇ ਇਸ ਦੇ ਨਜ਼ਦੀਕ 15 ਏਕੜ ਵਿਚ ਫੈਲੇ ਬਾਗ਼-ਬਗੀਚੇ ਹਨ। ਉਮੈਦ ਪੈਲਸ ਦੇ ਨਿਰਮਾਣ ਵਿਚ ਲਾਲ ਬਾਲੂਆਂ ਪੱਥਰ ਅਤੇ ਸੰਗਮਰਮਰ ਵਰਤਿਆ ਗਿਆ ਹੈ। ਮੌਜੂਦਾ ਸਮੇਂ ਮਹੱਲ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਇਸ ਦੇ ਇਕ ਹਿੱਸੇ ਨੂੰ ਲਗਜ਼ਰੀ ਹੋਟਲ ਦੇ ਰੂਪ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦਾ ਦੂਸਰਾ ਹਿੱਸਾ ਸ਼ਾਹੀ ਪਰਿਵਾਰ ਦਾ ਨਿਵਾਸ ਸਥਾਨ ਹੈ ਅਤੇ ਇਸ ਦੇ ਤੀਸਰੇ ਹਿੱਸੇ ਨੂੰ ਅਜਾਇਬ ਘਰ ਦੇ ਰੂਪ ਵਿਚ ਆਮ ਲੋਕਾਂ ਲਈ ਖੁੱਲ੍ਹਾ ਰੱਖਿਆ ਗਿਆ ਹੈ। ਅਜਾਇਬ ਘਰ ਦਾ ਹਾਲ ਬਣਤਰ ਪੱਖੋਂ ਕਾਫ਼ੀ ਸੁੰਦਰ ਤੇ ਕਲਾਤਮਿਕ ਹੈ। ਹਾਲ ਦੇ ਨਜ਼ਦੀਕ ਦੇ ਕਮਰਿਆਂ ਵਿਚ ਸ਼ਾਹੀ ਪਰਿਵਾਰ ਦੇ ਪੁਰਾਤਨ ਬਰਤਨਾਂ, ਵੱਖ-ਵੱਖ ਤਰ੍ਹਾਂ ਦੇ ਘੰਟਿਆਂ, ਫਰਨੀਚਰਾਂ, ਵਸਤਰਾਂ ਅਤੇ ਦੂਸਰੀਆਂ ਵਸਤਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਮਹਾਰਾਜਾ ਸਰਦਾਰ ਸਿੰਘ ਦੇ ਸ਼ਾਸਨ ਕਾਲ ਵਿਚ 1910 ਵਿਚ ਜੋਧਪੁਰ ਸ਼ਹਿਰ ਵਿਚ ਬਣਿਆ ਘੰਟਾ ਘਰ ਵੀ ਇੱਥੋਂ ਦਾ ਇਕ ਹੋਰ ਪ੍ਰਮੁੱਖ ਵਿਰਾਸਤੀ ਸਥਾਨ ਹੈ। ਜੋਧਪੁਰ ਆਏ ਸੈਲਾਨੀ ਇੱਥੇ ਵੀ ਜ਼ਰੂਰ ਆਉਂਦੇ ਹਨ।