ਅਕਸ਼ੈ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ’ ਦਾ ਕਿਸਾਨਾਂ ਵੱਲੋਂ ਵਿਰੋਧ

 ਅਕਸ਼ੈ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ’ ਦਾ ਕਿਸਾਨਾਂ ਵੱਲੋਂ ਵਿਰੋਧ

ਫ਼ਿਲਮ ਬੰਦ ਕਰਵਾਈ; ਕਿਸਾਨ ਵਿਰੋਧੀ  ਅਦਾਕਾਰਾਂ ਦਾ ਵਿਰੋਧ ਜਾਰੀ ਰੱਖਣ ਦਾ ਐਲਾਨ

ਅੰਮ੍ਰਿਤਸਰ ਟਾਈਮਜ਼

ਮਾਨਸਾ: ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਨਾ ਉਠਾਉਣ ਦੇ ਰੋਸ ਵਜੋਂ ਕਿਸਾਨਾਂ ਨੇ ਵੱਖ-ਵੱਖ ਥਾਵਾਂ ’ਤੇ ਫਿਲਮ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ’ ਦਾ ਵਿਰੋਧ ਕੀਤਾ। ਮਾਨਸਾ ਦੇ ਗ੍ਰੈਂਡ ਮਾਲ ਵਿੱਚ ਕਿਸਾਨਾਂ ਨੇ ਫ਼ਿਲਮ ਬੰਦ ਕਰਵਾ ਕੇ ਪੋਸਟਰ ਪਾੜੇ ਅਤੇ ਅਦਾਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਫਿਲਮ ਅਦਾਕਾਰ ਸੰਨੀ ਦਿਓਲ, ਅਕਸ਼ੈ ਕੁਮਾਰ ਅਤੇ ਕੰਗਨਾ ਰਣੌਤ ਖੇਤੀ ਕਾਨੂੰਨਾਂ ਦੀ ਹਮਾਇਤ ਕਰਦੇ ਹਨ। ਇਨ੍ਹਾਂ ਨੇ ਕਦੇ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ, ਜਿਸ ਕਰ ਕੇ ਕਿਸਾਨਾਂ ਦਾ ਫ਼ੈਸਲਾ ਹੈ ਕਿ ਉਹ ਇਨ੍ਹਾਂ ਅਦਾਕਾਰਾਂ ਦੀਆਂ ਫਿਲਮਾਂ ਸੂਬੇ ਦੇ ਸਿਨੇਮਾ ਘਰਾਂ ’ਚ ਨਹੀਂ ਚੱਲਣ ਦੇਣਗੇ। ਜਿਸ ਮਗਰੋਂ ਮਾਲ ਮਾਲਕਾਂ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਸਿਨੇਮਾ ਘਰ ਵਿੱਚ ਫ਼ਿਲਮ ਨਹੀਂ ਚਲਾਉਣਗੇ।  ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਿਨੇਮਾ ਘਰ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਤੇ ਡੀਐੱਸਪੀ ਦੀ ਪਹਿਲ ਕਦਮੀ ਨਾਲ ਸਿਨੇਮਾ ਮਾਲਕ ਫਿਲਮ ਹਟਾਉਣ ਤੇ ਪੋਸਟਰ ਉਤਾਰਨ ਲਈ ਰਾਜ਼ੀ ਹੋ ਗਏ। ਇਸ ਦੌਰਾਨ ਨੀਲਮ ਨੋਵਾ ਸਿਨੇਮਾ ਦੇ ਮੈਨੇਜਰ ਰਾਜ ਕੁਮਾਰ ਨੇ ਕਿਹਾ ਕਿ ਹੁਣ ਇਹ ਫਿਲਮ ਨਹੀਂ ਚਲਾਈ ਜਾਵੇਗੀ।  ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ  ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਟਿਆਲਾ ਅਕਸ਼ੈ ਕੁਮਾਰ ਦੀ ਸੂਰਿਆਵੰਸ਼ੀ ਫਿਲਮ ਦਾ ਵਿਰੋਧ ਕਰਦਿਆਂ, ਬੰਦ ਕਰਵਾ  ਦਿੱਤੀ  ਗਈ।  

ਅਕਸ਼ੈ ਕੁਮਾਰ ਦੀ ਫ਼ਿਲਮ ਖ਼ਿਲਾਫ਼ ਨਾਅਰੇਬਾਜ਼ੀ

ਭਾਰਤੀ ਕਿਸਾਨ ਯੂਨੀਅਨ ਵੱਲੋਂ ਜਲਾਲਾਬਾਦ ਵਿਚ ਅਕਸ਼ੈ ਕੁਮਾਰ ਦੀ ਫ਼ਿਲਮ ਸੂਰੀਆਵੰਸ਼ੀ ਦਾ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਇਥੇ ਸਿਨੇਮਾ ਵਿੱਚ ਲੱਗੀ ਅਕਸ਼ੈ ਕੁਮਾਰ ਦੀ ਫ਼ਿਲਮ ਦੇ ਪੋਸਟਰ ਪਾੜ ਦਿੱਤੇ ਅਤੇ ਅਦਾਕਾਰ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਾਏ।