ਜਰੂਰੀ ਹੈ ਮਾਵਾਂ ਦਾ ਬੱਚਿਆਂ ਨਾਲ ਦੋਸਤਾਨਾ ਵਿਹਾਰ 

ਜਰੂਰੀ ਹੈ ਮਾਵਾਂ ਦਾ ਬੱਚਿਆਂ ਨਾਲ ਦੋਸਤਾਨਾ ਵਿਹਾਰ 

ਬੱਚਿਆਂ ਨੂੰ ਸਖਤਾਈ  ਦੀ ਨਹੀਂ ਬਲਕਿ ਸਨੇਹ ਅਤੇ ਅਪਣੱਤ ਦੀ ਜਰੂਰਤ ਹੁੰਦੀ ਹੈ।

ਹਰ ਬੱਚਾ ਆਪਣੀ ਮਾਂ ਦੇ ਸਭ ਤੋਂ ਵੱਧ ਕਰੀਬ ਹੁੰਦਾ ਹੈ। ਮਾਂ ਦੀ ਅਥਾਹ ਮਮਤਾ , ਸਨੇਹ ਮਾਂ ਦੇ ਰਿਸ਼ਤੇ ਨੂੰ ਦੁਨੀਆਂ ਦਾ ਸਭ ਤੋਂ ਪਿਆਰਾ ਰਿਸ਼ਤਾ ਹੋਣ ਦਾ ਦਰਜਾ ਦਿੰਦਾ ਹੈ। ਜੇਕਰ ਮਾਂ ਅਤੇ ਧੀ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਮਾਂ ਧੀ ਦਾ ਰਿਸ਼ਤਾ ਇਸ ਜੱਗ ਦਾ ਬਹੁਤ ਹੀ ਪਿਆਰਾ ਅਤੇ ਸਨੇਹ ਭਰਿਆ ਰਿਸ਼ਤਾ ਹੈ। 'ਮਾਵਾਂ ਤੇ ਧੀਆਂ ਦੋਵੇਂ ਰਲ ਬੈਠੀਆਂ ਨੀ ਮਾਏਂ' ਵਰਗੇ ਗੀਤ ਮਾਂ ਧੀ ਦੇ ਰਿਸ਼ਤੇ ਦੇ ਨਿੱਘ ਦਾ ਅਹਿਸਾਸ ਕਰਵਾਉਂਦੇ ਹਨ। ਪੇਕੇ ਹੋਣ ਜਾਂ ਸਹੁਰੇ ਧੀਆਂ ਹਮੇਸ਼ਾ ਆਪਣੀਆਂ ਮਾਵਾਂ ਕੋਲੋਂ ਢਿੱਡ ਫਰੋਲਦੀਆਂ  ਹਨ ਅਤੇ ਮਾਵਾਂ ਧੀਆਂ ਕੋਲ। ਪਰ ਕਈ ਵਾਰ ਐਦਾਂ ਵੀ ਹੁੰਦਾ ਹੈ ਕਿ ਮਾਂ ਧੀ ਦੋਹਾਂ ਵਿੱਚ ਇੱਕ ਝਕ  ਹੁੰਦੀ ਹੈ, ਜਿਸ ਕਰਕੇ ਧੀ ਕਈ ਵਾਰ ਆਪਣੀ ਮਾਤਾ ਨਾਲ ਕਈ ਗੱਲਾਂ ਸਾਂਝੀਆਂ ਕਰਨ ਤੋਂ ਝਕਦੀ ਰਹਿੰਦੀ ਹੈ ਅਤੇ ਇਸੇ ਕਾਰਨ ਕਈ ਵਾਰ ਕਈ ਮੁਸ਼ਕਿਲਾਂ ਵਿੱਚ ਫਸ ਜਾਂਦੀ ਹੈ। ਇੱਥੇ ਮਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਬੇਟੀਆਂ ਦੀਆਂ ਸਹੇਲੀਆਂ ਬਣ ਜਾਵਣ। ਇਸ ਨਾਲ ਬੇਟੀ ਤੁਹਾਡੇ ਕੋਲੋਂ ਕੋਈ ਵੀ ਗੱਲ ਨਹੀਂ ਛੁਪਾਏਗੀ ਅਤੇ ਹਰ ਗੱਲ ਬੇਝਿਜਕ ਹੋਕੇ ਤੁਹਾਡੇ ਨਾਲ ਸਾਂਝੀ ਕਰੇਗੀ। ਇਹੀ ਅੱਜ ਦੇ ਬੱਚਿਆਂ ਦੀ ਸਭ ਤੋਂ ਵੱਡੀ ਮੰਗ ਹੈ। ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਬੱਚੇ ਜਾਂ ਬੱਚੀ ਦਾ ਅਫੇਅਰ ਹੈਂ ਤਾਂ ਉਸ ਦੀ ਜਾਸੂਸੀ ਨਾ ਕਰਨੀ ਸ਼ੁਰੂ ਕਰ ਦਿਓ, ਉਹਨਾਂ ਨੂੰ ਵਿਸ਼ਵਾਸ ਵਿੱਚ ਲੈਕੇ ਉਨ੍ਹਾਂ ਨਾਲ ਗੱਲ ਕਰੋ। ਪੂਰੀ ਗੱਲ ਜਾਣ ਕੇ ਉਹਨਾਂ ਨੂੰ ਚੰਗੇ ਬੁਰੇ ਦਾ ਅੰਤਰ ਸਮਝਾਉ ਅਤੇ ਸਹੀ ਰਾਹ ਦਸੇਰਾ ਬਣੋ। ਦੋਸਤਾਨਾ ਹੋਣ ਦਾ ਮਤਲਬ ਇਹ ਨਹੀਂ ਕਿ ਜ਼ਰਾ ਵੀ ਸ਼ਖਤ ਨਾ ਹੋਵੋ, ਹਾਂ ਪਰ ਇਹ ਜਰੂਰੀ ਹੈ ਕਿ ਤੁਹਾਡਾ ਹਰ ਵਿਵਹਾਰ ਆਪਣੀ ਸੀਮਾ ਵਿੱਚ ਹੋਵੇ। ਆਪਣੇ ਬੱਚਿਆਂ ਦੀ ਤਾਰੀਫ਼ ਕਰਨੀ ਕਦੇ ਨਾ ਭੁੱਲੋ, ਖਾਸ ਕਰ ਛੋਟੇ ਬੱਚਿਆਂ ਦੀ। ਇਸ ਨਾਲ ਉਹਨਾਂ ਦਾ ਹੌਸਲਾਂ ਵੱਧਦਾ ਹੈ ਅਤੇ ਆਤਮ ਵਿਸ਼ਵਾਸ ਵੀ। ਮਹਿਮਾਨਾਂ ਸਾਹਮਣੇ ਜਾਂ ਕਿਸੇ ਅਣਜਾਣ ਸਾਹਮਣੇ ਬੱਚਿਆਂ ਨੂੰ ਝਿੜਕਣ ਤੋਂ ਗੁਰੇਜ਼ ਕੀਤਾ ਜਾਵੇ। ਬੱਚਿਆਂ ਨਾਲ ਜੇਕਰ ਕੋਈ ਮਨ ਮੁਟਾਵ ਹੈਂ ਤਾਂ ਉਸਨੂੰ ਤਰੁੰਤ ਦੂਰ ਕੀਤਾ ਜਾਵੇ ਤਾਂ ਜੋ ਬੱਚਾ ਮਾਨਸਿਕ ਤੌਰ ਉੱਪਰ ਪ੍ਰੇਸ਼ਾਨ ਨਾ ਹੋਵੇ। ਜੇਕਰ ਬੱਚਾ ਕੁਝ ਉਤਸੁਕਤਾ ਨਾਲ ਦੱਸਣਾ ਚਾਹੁੰਦਾ ਹੈ ਤਾਂ ਉਸਨੂੰ ਅਣਸੁਣਿਆਂ ਬਿਲਕੁਲ ਨਾ ਕੀਤਾ ਜਾਵੇ। ਖਾਸ ਕਰ ਜਦੋਂ ਬੱਚਾ ਕਿਸ਼ੋਰ  ਅਵਸਥਾ ਵਿੱਚ ਹੋਵੇ। ਬੱਚਿਆਂ ਨਾਲ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਵਿਵਹਾਰ ਕਰੋ। ਇੱਥੇ ਇੱਕ ਗੱਲ ਹੋਰ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਬੱਚਿਆਂ ਉਪਰ ਕਦੇ ਵੀ ਆਪਣੀਆਂ ਇੱਛਾਵਾਂ ਨਾ ਥੋਪੋ । ਉਹਨਾਂ ਨੂੰ ਜੋ ਪਸੰਦ ਹੈ ਉਹ ਕਰਨ ਦਿੱਤਾ ਜਾਵੇ ਖਾਸ ਕਰ ਪੜਾਈ ਦੇ ਵਿਸ਼ੇ ਚੁਣਨ ਵਿੱਚ। ਅਕਸਰ ਬਹੁਤਾਂਤ ਮਾਤਾ ਪਿਤਾ ਆਪਣੇ ਬੱਚਿਆਂ ਪ੍ਰਤੀ ਉਹੀ ਵਿਵਹਾਰ ਰੱਖਦੇ ਹਨ ਜੋ ਉਹਨਾਂ ਦੇ ਮਾਤਾ ਪਿਤਾ ਦਾ ਸੀ। ਪ੍ਰੰਤੂ ਸਮੇਂ ਨਾਲ ਬਦਲਣਾ ਸਮੇਂ ਦੀ ਮੰਗ ਹੁੰਦੀ ਹੈ। ਬੱਚਿਆਂ ਅਤੇ ਮਾਤਾ ਪਿਤਾ ਦੀ ਸੋਚ ਵਿੱਚ ਫਰਕ ਹੁੰਦਾ ਹੈ। ਜਿਸ ਕਰਕੇ ਕਈ ਵਾਰ ਇੱਕ ਦੂਸਰੇ ਦੀਆਂ ਗੱਲਾਂ ਅਨੁਸਾਰ ਆਪਣੇ ਆਪ ਨੂੰ ਢਾਲਣ ਵਿੱਚ ਮੁਸ਼ਕਿਲ ਹੁੰਦੀ ਹੈ। 

ਬੱਚਿਆਂ ਨੂੰ ਸਖਤਾਈ  ਦੀ ਨਹੀਂ ਬਲਕਿ ਸਨੇਹ ਅਤੇ ਅਪਣੱਤ ਦੀ ਜਰੂਰਤ ਹੁੰਦੀ ਹੈ। ਬੱਚਿਆਂ  ਨਾਲ ਦੋਸਤਾਨਾ ਵਿਹਾਰ ਬੱਚਿਆਂ ਨੂੰ ਤੁਹਾਡੇ ਹੋਰ ਨਜ਼ਦੀਕ ਲੈਕੇ ਆਵੇਗਾ, ਤੁਸੀਂ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਜਾਵੋਗੇ ਅਤੇ ਤੁਹਾਡੇ ਨਾਲ ਨਾਲ ਬੱਚੇ ਵੀ ਤਨਾਣਮੁਕਤ ਰਹਿਣਗੇ। ਪਰਿਵਾਰ ਵਿੱਚ ਹਮੇਸ਼ਾ ਖੁਸ਼ੀ ਦਾ ਮਾਹੋਲ ਬਣਿਆ ਰਹੇਗਾ ਅਤੇ ਹਰ ਕੋਈ ਆਪਣੀ ਜਗ੍ਹਾ ਉੱਪਰ ਅਰਾਮਦਾਇਕ ਅਤੇ ਸਹਿਜ ਭਰੀ ਜਿੰਦਗੀ ਜੀਵੇਗਾ। 

 

ਹਰਕੀਰਤ ਕੌਰ

9779118066