ਬਾਤਾਂ ਦੇਸ ਪੰਜਾਬ ਦੀਆਂ

ਬਾਤਾਂ ਦੇਸ ਪੰਜਾਬ ਦੀਆਂ

ਚੋਣਾਂ ਦੇ ਝਰੋਖੇ ਚੋਂ ਅਤੀਤ ਦੇ ਪਰਛਾਵੇਂ

ਪੰਜਾਬ ਆਪਣੇ ਕੁਦਰਤੀ ਵਸੀਲਿਆਂ, ਅਧਿਆਤਮਿਕਤਾ, ਜੁਝਾਰੂਪਣ ਅਤੇ ਖੁਲ੍ਹਦਿਲੀ ਕਰਕੇ ਜਾਣਿਆ ਜਾਂਦਾ ਹੈ। ਹੀਣਤਾ ਅਤੇ ਬੇਇਖਲਾਕੀ ਨੂੰ ਇਹ ਧਰਤੀ ਝੱਲਦੀ ਨਹੀਂ। ਆਰੀਆਂ ਦੇ ਉੱਤਰ ਭਾਰਤ ਵੱਲ ਖਿਸਕਣ ਪਿੱਛੋਂ ਪੰਜਾਬ ਦੇ ਲੋਕ ਹਮੇਸ਼ਾ ਦੋਹਰੇ ਸੰਕਟ ਦਾ ਟਾਕਰਾ ਕਰਦੇ ਰਹੇ ਹਨ। ਲਹਿੰਦੇ ਪਾਸਿਓਂ ਯੂਨਾਨ, ਤੁਰਕ, ਮੰਗੋਲ ਅਤੇ ਅਫਗਾਨ ਹੱਲੇ ਹੁੰਦੇ ਰਹੇ ਅਤੇ ਚੜ੍ਹਦੇ ਪਾਸਿਓਂ ਬ੍ਰਾਹਮਣੀ ਵਰਣ-ਆਸ਼ਰਮ ਪ੍ਰਬੰਧ ਵੱਲੋਂ ਨਫਰਤ ਮਿਲਦੀ ਰਹੀ। ਲਹਿੰਦੇ ਵਾਲਿਆਂ ਲਈ ਪੰਜਾਬ, ਦਿੱਲੀ ਦੇ ਰਾਹ ਦਾ ਰੋੜਾ ਅਤੇ ਵਰਣ-ਵਿਵਸਥਾ ਤੋਂ ਆਕੀ ਹੋਣ ਕਰਕੇ ਬਾਹ੍ਰਣਵਾਦ ਲਈ ਵਰਣ-ਸ਼ੰਕਰ ਦਾ ਦੋਸ਼ੀ ਰਿਹਾ। ਇਹ ਧਰਤੀ ਬੋਧੀ, ਜੋਗੀ ਅਤੇ ਨਾਥ ਆਦਿ ਗੈਰ-ਬ੍ਰਾਹਮਣ ਫਿਰਕਿਆਂ ਦੀ ਆਖਿਰੀ ਪਨਾਹ ਰਹੀ। ਇੱਥੇ ਇਹ ਫਿਰਕੇ ਸੁਤੰਤਰ ਰਹੇ ਜਾਂ ਖਤਮ ਹੋ ਗਏ ਪਰ ਗੋਰਖਪੁਰ ਦੇ ਮਠਾਧੀਸ਼ ਵਾਂਗ ਹਿੰਦੁਤਵਾ ਦੇ ਪ੍ਰਚਾਰਕ ਨਹੀਂ ਬਣੇ।

ਮੌਜੂਦਾ ਭਾਰਤ ਇੱਕ ਡੂੰਗੇ ਸੰਕਟ ਵਿੱਚ ਫਸਿਆ ਹੋਇਆ ਹੈ। ਹਜਾਰ ਸਾਲ ਦੀ ਗੁਲਾਮੀ ਪਿੱਛੋਂ ਮਿਲੀ ਆਜਾਦੀ ਵਿੱਚ ਵੀ ਬ੍ਰਾਹਮਣਵਾਦੀ ਸਿਮਰਿਤੀ ਕਾਨੂੰਨ ਲਾਗੂ ਨਾ ਹੋਣ ਕਰਕੇ ਪਰੰਪਰਾਵਾਦੀ ਹਿੰਦੂ ਦੁਖੀ ਹੈ। ਸੈਕੂਲਰ ਲੋਕ ਵਧ ਰਹੀ ਫਿਰਕਾਪ੍ਰਤੀ ਤੋਂ ਪਰੇਸ਼ਾਨ ਹਨ। ਮੁਸਲਮਾਨ ਦੁਖੀ ਹੈ ਕਿਉਂਕਿ ਸਦੀਆਂ ਪਹਿਲਾਂ ਮੁਗਲ ਹਾਕਮਾਂ ਦੀਆਂ ਵਧੀਕੀਆਂ ਦਾ ਬਦਲਾ ਉਨ੍ਹਾਂ ਤੋਂ ਲਿਆ ਜਾ ਰਿਹੈ। ਲਗਭਗ ਇੱਕ ਸਦੀ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਨੇ ਸਾਈਮਨ ਕਮੀਸ਼ਨ ਨੂੰ ਲਿਖੀ ਚਿੱਠੀ ਵਿੱਚ ਅਜਿਹੀਆਂ ਸੰਭਾਵਨਾਵਾਂ ਵੱਲ ਇਸ਼ਾਰਾ ਕੀਤਾ ਸੀ। ਪੂਰਨ ਸਿੰਘ ਦੀ ਰਚਨਾ ‘ਸਪਿਰਟ ਆਫ ਦਾ ਸਿੱਖ’ ਅਨੁਸਾਰ ਵੈਦਿਕ ਪਰੰਪਰਾ ਆਪਣੇ ਆਤਮਿਕ ਸੋਮੇ ਤੋਂ ਟੁੱਟ ਰਹੀ ਹੈ। ਇਸ ਖੱਪੇ ਨੂੰ ਕਰਮਕਾਂਡ ਅਤੇ ਫਿਰਕਾਪ੍ਰਸਤੀ ਨਾਲ ਭਰਿਆ ਜਾ ਰਿਹਾ ਹੈ। ਭਾਰਤੀ ਸੰਵਿਧਾਨ ਆਜਾਦੀ ਤੇ ਬਰਾਬਰਤਾ ਦੀ ਗੱਲ ਕਰਦੈ ਅਤੇ ਬ੍ਰਾਹਮਣਵਾਦੀ ਪਰੰਪਰਾ ਚਾਰ ਵਰਣਾਂ ਦੀ। ‘ਪਾਰਾਸ਼ਰ ਪ੍ਰਸ਼ਨ’ ਵਿੱਚ ਸਿਰਦਾਰ ਕਪੂਰ ਸਿੰਘ ਨੇ ਲਿਖਐ ਕਿ ਬ੍ਰਾਹਮਣ, ਦਲਿਤਾਂ ਦੀ ਬਰਾਬਰਤਾ ਦੀ ਵਕਾਲਤ ਕਰਕੇ ਮਹਾਤਮਾ ਗਾਂਧੀ ਨਾਲ ਨਫਰਤ ਕਰਦਾ ਹੈ। ਸੱਤਰ ਸਾਲਾਂ ਬਾਅਦ ਭਗਵੀਂ ਪਾਰਟੀ ਦੀ ਸਰਕਾਰ ਬੇਸ਼ੱਕ ਰਾਮ ਮੰਦਿਰ ਬਣਾ ਰਹੀ ਹੈ ਪਰ ਉਹ ਵੀ ਸਮ੍ਰਿਤੀ ਮਰਿਯਾਦਾ ਨੂੰ ਲਾਗੂ ਨਹੀਂ ਕਰ ਸਕੇਗੀ। ਭਾਜਪਾ ਨੇ ਸਿਆਸੀ ਲਾਭ ਹਿਤ ਨਕਲੀ ਸ਼ੰਕਰਾਚਾਰਿਆ, ਸਾਧੂ ਸਮਾਜ ਅਤੇ ਗੈਰ-ਪਰੰਪਰਾਗਤ ਢਾਂਚੇ ਵਾਲੀਆਂ ਨਵੀਆਂ ਸੰਸਥਾਵਾਂ ਬਣਾ ਕੇ ਵੈਦਿਕ ਪਰੰਪਰਾ ਦਾ ਫਾਇਦਾ ਘੱਟ ਅਤੇ ਨੁਕਸਾਨ ਵਧੀਕ ਕੀਤਾ ਹੈ। ਇਸ ਲਈ ਪਰੰਪਰਾਵਾਦੀ ਸ਼ੰਕਰਾਚਾਰਿਆ ਉਸ ਤੋਂ ਵੀ ਨਾਖੁਸ਼ ਹਨ।  

ਬੇਸ਼ੱਕ ਵਰਣ-ਆਸ਼ਰਮ ਨੂੰ ਵੇਦ ਨਾਲੋਂ ਛੇਕੜਲੇ ਵੈਦਿਕ ਸਾਹਿਤ ਖਾਸਕਰ ਸਮ੍ਰਿਤੀ ਦੀ ਉਪਜ ਮੰਨਣਾ ਵਧੇਰੇ ਠੀਕ ਹੈ। ਰਿਗ ਵੇਦ ਅੰਦਰ ਵਰਣ-ਵਿਵਸਥਾ ਦਾ ਬੀਜ ਮੰਨਿਆ ਜਾਂਦਾ ਪੁਰੁਸ਼ ਸੂਕਤ ਵਾਲਾ ਅਧਿਆਇ ਬਾਅਦ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਬਾਵਜੂਦ ਇਹ ਮੰਨਣਾ ਹੀ ਪੈਣਾ ਹੈ ਕਿ ਬ੍ਰਾਹਮਣਵਾਦ ਨੇ ਵਰਣ ਪ੍ਰਬੰਧ ਨੂੰ ਵੇਦ ਦਾ ਸਿਧਾਂਤ ਪ੍ਰਵਾਨ ਕਰਵਾ ਲਿਆ ਹੈ। ਵੇਦ ਨਿਰਦੇਸ਼ਿਤ ਵਰਣ-ਵਿਵਸਥਾ ਨੂੰ ਕੋਈ ਸਿਆਸੀ, ਸਮਾਜ ਸੇਵੀ ਜਾਂ ਦਾਰਸ਼ਨਿਕ ਆਗੂ ਰੱਦ ਨਹੀਂ ਕਰ ਸਕਦਾ। ਤੌਰੇਤ ਅਤੇ ਇੰਜੀਲ ਦੇ ਸੰਬੰਧ ਵਾਂਗ ਧਰਮ ਗ੍ਰੰਥ ਦੇ ਨਾਂ ’ਤੇ ਪ੍ਰਵਾਨ ਚੜ੍ਹੇ ਆਦੇਸ਼ ਅਤੇ ਮਰਿਆਦਾ ਨੂੰ ਧਰਮ ਗ੍ਰੰਥ ਹੀ ਸੋਧ ਸਕਦਾ ਹੈ। ਭਾਰਤ ਨੂੰ ਇਸ ਸੰਕਟ ਚੋਂ ਕੱਢਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਇੱਕੋ-ਇੱਕ ਵਸੀਲਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਵੱਖ-ਵੱਖ ਖੇਤਰ-ਸਮਾਜ-ਧਾਰਮਿਕ ਪਿਛੋਕੜ ਨਾਲ ਸੰਬੰਧਤ ਭਗਤਾਂ ਤੇ ਸੂਫੀਆਂ ਦੀ ਬਾਣੀ ਦੇ ਸਤਿਕਾਰ ਦੀ ਰਾਖੀ ਲਈ ਸਿਰ-ਧੜ ਦੀ ਬਾਜੀ ਲਾਉਣ ਵਾਲਾ ਪੰਜਾਬ ਅਸਲ ਵਾਰਸ ਬਣ ਕੇ ਉੱਭਰਿਆ ਹੈ। ਬਾਬਰ ਨੂੰ ਜਾਬਰ ਕਹਿਣ ਤੋਂ ਸਰਬੰਸਦਾਨ ਤੱਕ ਗੁਰੂ ਸਾਹਿਬਾਨ ਦੇ ਰੂਪ ਵਿੱਚ ਪੰਜਾਬ ਸਮੁਚੇ ਭਾਰਤ ਲਈ ਲੋਕ-ਪਰਲੋਕ ਦਾ ਨਾਇਕ ਰਿਹਾ ਹੈ। ਇਹ ਨਾਇਕਤਵ ਅਠਾਵਰੀਂ ਸਦੀ ਵਿੱਚ ਵੀ ਕਾਇਮ ਰਿਹਾ। ਇਸ ਸਮੇਂ ਗੁਰਮਤਿ ਸਿਧਾਂਤ ਅਤੇ ਗੁਰਇਤਿਹਾਸ ਦੀਆਂ ਸ੍ਰੀ ਗੁਰਬਿਲਾਸ ਪਾਤਿਸ਼ਾਹੀ ਦਸਵੀਂ ਆਦਿ ਰਚਨਾਵਾਂ ਪੂਰੇ ਉੱਤਰੀ ਭਾਰਤ ਵਿੱਚ ਪ੍ਰਵਾਨ ਚੜ੍ਹ ਰਹੀਆਂ ਸਨ। ਗੁਰਮੁਖੀ ਲਿੱਪੀ ਕਰਕੇ ਇਨ੍ਹਾਂ ਗ੍ਰੰਥਾਂ ਦਾ ਪਾਠੀ ਪਰਪੱਕ ਗੁਰਸਿੱਖ ਹੁੰਦਾ ਪਰ ਬ੍ਰਜ ਭਾਸ਼ਾ ਹੋਣ ਕਰਕੇ ਇਹ ਗ੍ਰੰਥ ਪੰਜਾਬ ਤੋਂ ਬਿਹਾਰ-ਬੰਗਾਲ ਤੱਕ ਸਮਝੇ ਜਾਂਦੇ ਸਨ। ਇਸ ਪੂਰੇ ਖਿੱਤੇ ਵਿੱਚ ਉਦਾਸੀ ਅਤੇ ਨਿਰਮਲ ਸਿੱਖ ਸੰਪ੍ਰਦਾਵਾਂ ਦੇ ਅਖਾੜੇ ਹੁਣ ਵੀ ਮੌਜੂਦ ਹਨ। ਭਗਤ ਸਾਹਿਬਾਨ ਨੇ ਵੈਦਿਕ ਪਰੰਪਰਾ ਦੇ ਅੰਧ-ਵਿਸ਼ਵਾਸ ਤੇ ਕਰਮਕਾਂਡ ਰੂਪੀ ਛਾਛ ਨੂੰ ਪਾਸੇ ਕਰਕੇ ਇੱਕ ਰੱਬ ਅਤੇ ਸਾਂਝੀਵਾਲਤਾ ਦਾ ਮੱਖਣ ਨਿਤਾਰਿਆ। ਗੁਰੂ ਸਾਹਿਬਾਨ ਵੱਲੋਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸਥਾਪਨਾ ਰਾਹੀਂ ਧਰਮ ਜੰਗਲ-ਗੁਫਾ ਵਿੱਚੋਂ ਨਿਕਲ ਕੇ ਅਮਲੀ ਜੀਵਨ ਦਾ ਹਿੱਸਾ ਬਣਨ ਲੱਗਾ ਸੀ। ਬਰਤਾਨਵੀ ਉਪਨਿਵੇਸ਼ ਦੇ ਤਾਕਤਵਰ ਹੋਣ ਨਾਲ ਬਹੁਤ ਵੱਡੀਆਂ ਤਬਦੀਲੀਆਂ ਵਾਪਰੀਆਂ। ਪੰਜਾਬ ਵਿੱਚੋਂ ਉੱਠ ਰਹੇ ਸਿੱਖ ਇਨਕਲਾਬ ਨੂੰ ਅੰਗੇ੍ਰਜ ਵਾਚ ਰਹੇ ਸਨ। ਬਾਬਾ ਬੰਦਾ ਸਿੰਘ ਵੱਲੋਂ ਖਾਲਸਾ ਰਾਜ ਦੀ ਸਥਾਪਨਾ, ਸ਼ਹਾਦਤਾਂ ਅਤੇ ਮਿਸਲਾਂ ਦਾ ਜਥੇਬੰਧਕ ਪ੍ਰਬੰਧ ਉਨ੍ਹਾਂ ਵੇਖ ਲਿਆ ਸੀ। ਇਸ ਇਨਕਲਾਬੀ ਵਿਸ਼ਵਾਸ ਦੀ ਥਾਂ ਉਨ੍ਹਾਂ ਦੀ ਰੁਚੀ ਕਲਾਸੀਕਲ ਸੰਸਕ੍ਰਿਤ, ਮਿਥਿਹਾਸ ਅਤੇ ਟੌਟਮ-ਟੈਬ ਜਿਹੇ ਆਦਿਮ ਵਿਸ਼ਵਾਸਾਂ ਵਿੱਚ ਵਧੇਰੇ ਸੀ। ਸ਼ਾਇਦ ਇਹ ਉਨ੍ਹਾਂ ਦੇ ਰਾਜਸੀ ਹਿਤਾਂ ਲਈ ਵਧੇਰੇ ਸੁਰੱਖਿਅਤ ਨੀਤੀ ਵੀ ਸੀ। ਰਾਜਪੂਤ, ਮਰਾਠੇ ਅਤੇ ਜਾਟਾਂ ਨੂੰ ਛੱਡ ਕੇ ਹੋਰ ਸਮੁਚੇ ਹਿੰਦੂ ਸਮਾਜ ਨੂੰ ਰਾਜਨੀਤੀ ਅਤੇ ਕੌਮੀਅਤ ਵਿੱਚ ਕੋਈ ਰੁਚੀ ਨਹੀਂ ਸੀ। ਮੁਸਲਮਾਨ ਅਤੇ ਸਿੱਖਾਂ ਅੰਦਰ ਕਦੀ ਵੀ ਕੌਮੀ ਜਜਬਾ ਦੁਬਾਰਾ ਫੁੱਟ ਸਕਦਾ ਸੀ।  ਉਨ੍ਹਾਂ ਦਾ ਹਰੇਕ ਬੰਦਾ ਜੰਗ ਲੜ ਸਕਦਾ ਅਤੇ ਅੰਗ੍ਰੇਜੀ ਰਾਜ ਲਈ ਚੁਣੌਤੀ ਖੜੀ ਕਰ ਸਕਦਾ ਸੀ। ਸ਼ਾਇਦ ਇਸੇ ਕਰਕੇ ਬਤਰਾਨਵੀ ਅਕਾਦਮਿਕ ਅਦਾਰਿਆਂ ਅੰਦਰੋਂ ਵੈਦਿਕ ਪੁਨਰ-ਜਾਗਰਣ ਦੀਆਂ ਲਹਿਰਾਂ ਉੱਠਣ ਲੱਗੀਆਂ। ਕਾਫੀ ਪਛੜ ਕੇ ਇਨ੍ਹਾਂ ਸ਼ਰਤਾਂ ’ਤੇ ਹੀ ਮੁਲਸਮਾਨ ਅਤੇ ਸਿੱਖ ਸੁਧਾਰ ਲਹਿਰਾਂ ਵੀ ਚੱਲੀਆਂ। ਖਾਲਸਾ ਰਾਜ ਦੇ ਖਾਤਮੇ ਅਤੇ ਰਿਆਸਤੀ ਸਿੱਖ ਸਰਦਾਰਾਂ ਦੇ ਸ਼ਖ਼ਸੀ ਨਿਘਾਰ ਨੇ ਇਸ ਪੂਰੇ ਖਿੱਤੇ ਉੱਪਰ ਸਿੱਖ ਪੰਥ ਦੀ ਦਿੱਬਤਾ ਅਤੇ ਅਜਿੱਤ ਹੋਣ ਦੀ ਛਾਪ ਨੂੰ ਢਾਹ ਲਾਈ। ਅੰਗੇ੍ਰਜੀ ਰਾਜ ਦੌਰਾਨ ਵੀ ਪੰਜਾਬ ਅਤੇ ਭਾਰਤ ਦੇ ਸਰੋਕਾਰ ਸਾਂਝੇ ਸਨ। ਪੰਜਾਬ ਨੇ ਲਾਮਿਸਾਲ ਕੁਰਬਾਨੀਆਂ ਵੀ ਦਿੱਤੀਆਂ ਪਰ ਪੰਜਾਬ ਹੁਣ ਭਾਰਤ ਲਈ ਪਹਿਲਾਂ ਵਾਲਾ ਨਾਇਕ ਨਹੀਂ ਸਗੋਂ ਇੱਕ ਜੁਝਾਰੂ ਅੰਗ ਬਣ ਰਿਹਾ ਸੀ।

ਇਸ ਤਬਦੀਲੀ ਦੇ ਨੂੰ ਸਿੰਘ ਸਭਾ ਲਹਿਰ ਪਛਾਣਿਆ ਜੋ ਅੱਗੇ ਚੱਲ ਕੇ ਗੁਰਦੁਆਰਾ ਸੁਧਾਰ ਲਹਿਰ ਦਾ ਆਧਾਰ ਬਣੀ। ਮਹਾਤਮਾ ਗਾਂਧੀ ਨੇ ਭਾਰਤ ਨੂੰ ਇੱਕ ਕੌਮੀਅਤ ਬਨਾਉਣ ਖਾਤਰ ਹੋਰ ਪਛਾਣਾਂ ਵਾਂਗ ਪੰਜਾਬ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ। ਉਹ ਗੁਰਦੁਆਰਾ ਸੁਧਾਰ ਲਹਿਰ ਵਿੱਚ ਸ਼ਰਤਾਂ ਸਹਿਤ ਸ਼ਾਮਲ ਹੋਇਆ ਅਤੇ ਉਸ ਨੇ ਸਿੱਖ ਸਿਆਸਤ ਨੂੰ ਰਾਸ਼ਟਰੀ ਸਿਆਸਤ ਦੇ ਰਾਹੇ ਪਾਇਆ। ਹਿੰਦੀ-ਹਿੰਦੁਸਤਾਨ ਦੇ ਮੁਦਈ ਸ਼ਹੀਦ ਭਗਤ ਸਿੰਘ ਨੂੰ ਕਰਤਾਰ ਸਿੰਘ ਸਰਾਭਾ ਵਰਗੇ ਲਾਮਿਸਾਲ ਯੋਧਿਆਂ ਦੇ ਮੁਕਾਬਲੇ ਵਧ ਉਭਾਰਿਆ ਗਿਆ ਜੋ ਸਿੱਖੀ ਸਰੂਪ ਅਤੇ ਪੰਜਾਬ ਦੀ ਮੌਲਿਕਤਾ ਦੇ ਵਧੀਕ ਨੇੜੇ ਸਨ। ਮੁਲਕ ਆਜਾਦ ਹੋਇਆ। ਕਾਂਗਰਸ ਨੇ ਖੇਤਰੀ ਧਿਰਾਂ ਨੂੰ ਵਿਰੋਧੀ ਖੇਮੇ ਵਿੱਚ ਧੱਕ ਦਿੱਤਾ। ਪੰਜਾਬ ਨੂੰ ਉਸ ਦੀ ‘ਅਸਲ ਥਾਂ’ ਦੱਸਣ ਦੀ ਕਵਾਇਦ ਸ਼ੁਰੂ ਹੋਈ। ਕਾਂਗਰਸੀ ਰਾਸ਼ਟਰਵਾਦ ਨੇ ਹੌਲੀ-ਹੌਲੀ ਬ੍ਰਾਹਮਣਵਾਦ ਵੱਲ ਝੁਕਣਾ ਸ਼ੁਰੂ ਕਰ ਦਿੱਤਾ ਪਰ ਉਸ ਨੂੰ ਦਿਸਦੇ ਰੂਪ ਵਿੱਚ ਆਪਣੇ ਧਰਮ-ਨਿਰਪੇਖ ਅਕਸ ਨੂੰ ਬਚਾਈ ਰੱਖਣ ਦੀ ਵੀ ਚਿੰਤਾ ਸੀ। ਧਰਮ-ਨਿਰਪੇਖ ਰਾਸ਼ਟਰਵਾਦ ਅਤੇ ਬ੍ਰਾਹਮਣਵਾਦ ਦੇ ਟਾਕਰੇ ਸਦਕਾ ਵਧੀ ਬੇਚੈਨੀ ਨੂੰ ਜਨਸੰਘ ਨੇ ਵੱਟਣਾ ਸ਼ੁਰੂ ਕਰ ਦਿੱਤਾ, ਜਿਸ ਵਿੱਚੋਂ ਨੱਬਵਿਆਂ ਦੌਰਾਨ ਹਿੰਦੁਤਵਾ ਦਾ ਸਿਆਸੀ ਉਭਾਰ ਹੋਇਆ।

ਸੂਬਿਆਂ ਨੂੰ ਵੱਧ ਹੱਕ ਦੇਣ ਦੀ ਮੰਗ ਨਾਲ ‘ਧਰਮ ਜੁੱਧ ਮੋਰਚਾ’ ਸ਼ੁਰੂ ਹੋਇਆ। ਕੇਂਦਰ ਨੇ ਇਸ ਮੋਰਚੇ ਨੂੰ ਫਿਰਕੂ ਰੰਗਤ ਦੇ ਕੇ ਪੰਜਾਬ ਨੂੰ ਹਾਸ਼ਿਏ ’ਤੇ ਧੱਕਿਆ ਅਤੇ ਜਬਰ ਚੱਕਰ ਸ਼ੁਰੂ ਕਰ ਦਿੱਤਾ। ਸ੍ਰੀ ਦਰਬਾਰ ਸਾਹਿਬ ਉੱਪਰ ਤੀਜਾ ਘੱਲੂਘਾਰਾ ਵਾਪਰਿਆ। ਕੁਝ ਵਰ੍ਹੇ ਪਹਿਲਾਂ ਸੱਤਰ ਹਜਾਰ ਪਾਕਿਸਤਾਨੀ ਸਿਪਾਹੀਆਂ ਦੇ ਹਥਿਆਰ ਸੁਟਵਾਉਣ ਵਾਲੀ ਭਾਰਤੀ ਫੌਜ ਦੀਆਂ ਮੁੱਠੀ-ਭਰ ਬੇਵਤਨੇ ਸਿੱਖਾਂ ਸਾਹਮਣੇ ਤਰੇਲੀਆਂ ਛੁੱਟਦੀਆਂ ਦੁਨੀਆਂ ਨੇ ਵੇਖੀਆਂ। ਸਾਕਾ ਨੀਲਾ ਤਾਰਾ ਸਿੱਖ ਗਗਨ ਮੰਡਲ ਦਾ ਧ੍ਰੂ ਤਾਰਾ ਹੋ ਨਿੱਬੜਿਆ।

ਖਾੜਕੂ ਲਹਿਰ ਵਿੱਚ ਕੁੱਝ ਮੌਕਿਆਂ ’ਤੇ ਖਾੜਕੂਆਂ ਦੇ ਅਸਲੇ ਨੇ ਸਿੱਖ ਯੋਧਿਆਂ ਵਾਲੀ ਮਰਿਯਾਦਾ ਨੂੰ ਉਲੰਘਿਆ। ਯੋਧਿਆਂ ਦੇ ਨਾਂ ’ਤੇ ਬਹੁਤੇ ਕਾਰੇ ਸਰਕਾਰੀ ਕਾਲੀਆਂ ਬਿੱਲੀਆਂ ਵੱਲੋਂ ਕੀਤੇ ਗਏ। ਸਮੁਚੇ ਰੂਪ ਵਿੱਚ ਇਸ ਲਹਿਰ ਦਾ ਕਿਰਦਾਰ ਸਿੱਖੀ ਆਦਰਸ਼ਨ ਨੂੰ ਹੀ ਪ੍ਰਣਾਇਆ ਰਿਹਾ। ਸਰਦਾਰ ਸ਼ਾਮ ਸਿੰਘ ਅਟਾਰੀ ਅਤੇ ਸਿੱਖ ਫੌਜ ਦੇ ਬਰਤਾਨਵੀ ਕੰਪਨੀ ਨਾਲ ਜੰਗ ਬਾਰੇ ਸਿਰਦਾਰ ਕਪੂਰ ਸਿੰਘ ਦੀ ਟਿੱਪਣੀ ਮੁੱਲਵਾਨ ਹੈ। ਲਾਹੌਰ ਦਾ ਸ਼ਾਹੀ ਪਰਿਵਾਰ ਅਤੇ ਦਰਬਾਰੀ ਭਰੋਸੇਯੋਗਤਾ ਗਵਾ ਚੁਕੇ ਸਨ। ਫੌਜ ਜਾਣਦੀ ਸੀ ਹਾਰ ਹੋਣੀ ਤੈਅ ਹੈ ਪਰ ਉਨ੍ਹਾਂ ਨੇ ਸ਼ਹਾਦਤ ਦੇ ਕੇ ਆਪਣੀ ਸੁਚੀ ਵਤਨਪ੍ਰਸਤੀ, ਸਵੈਮਾਣ ਅਤੇ ਅਕੀਦਤ ਨੂੰ ਇਤਿਹਾਸ ਦੇ ਪੰਨਿਆਂ ’ਤੇ ਦਰਜ ਕਰ ਦਿੱਤਾ। ਇਸ ਪਵਿੱਤਰਤਾ ਨੇ ਪੰਜਾਬ ਨੂੰ ਅਤਿ-ਨਿਰਾਸ਼ਾ ਦੇ ਦੌਰ ਵਿੱਚ ਮੁੜ ਉੱਠ ਖਲੋਣ ਦੀ ਪੇ੍ਰਰਨਾ ਦਿੰਦੇ ਰਹਿਣਾ ਹੈ। ਖਾੜਕੂ ਲਹਿਰ ਬਿਨਾ ਕਿਸੇ ਮੁਲਕ ਦੀ ਹਿਮਾਇਤ, ਆਰਥਿਕ ਵਸੀਲੇ ਅਤੇ ਸਿਆਸੀ ਜਥੇਬੰਦੀ ਵੱਡੇ ਨਿਸ਼ਾਨੇ ਫੁੰਡਦੀ ਹੋਈ ਸਿੱਖ ਅਵਚੇਤਨ ਵਿੱਚ ਸਮਾ ਗਈ।

ਆਰੀਆ ਸਮਾਜ ਦੇ ਵੈਦਿਕ ਪੁਨਰ-ਜਾਗਰਨ ਅਤੇ ਮਹਾਤਮਾ ਗਾਂਧੀ ਤੇ ਭਗਤ ਸਿੰਘ ਦੇ ਰਾਸ਼ਟਰਵਾਦੀ ਬਿਰਤਾਂਤ ਦੇ ਸਮਾਨਾਂਤਰ ਭਾਈ ਕਾਨ੍ਹ ਸਿੰਘ ਨਾਭਾ ਦੀ ਰਚਨਾ ‘ਹਮ ਹਿੰਦੂ ਨਹੀਂ’ ਵੱਖਰਾ ਬਿਰਤਾਂਤ ਸਿਰਜ ਰਹੀ ਸੀ। ਭਾਈ ਵੀਰ ਸਿੰਘ ਰਾਸ਼ਟਰੀ ਆਜਾਦੀ ਲਹਿਰ ਤੋਂ ਉਪਰਾਮ ਰਹੇ ਅਤੇ ਪ੍ਰੋਫ਼ੈਸਰ ਪੂਰਨ ਸਿੰਘ ਨੇ ਪੰਜਾਬ ਨੂੰ ਮੁੜ ਘਰ ਆਉਣ ਦੇ ਸੱਦੇ ਦਿੱਤੇ। ਜਸਬੀਰ ਸਿੰਘ ਆਹਲੂਵਾਲੀਆ ਠੀਕ ਹੀ ‘ਹਮ ਹਿੰਦੂ ਨਹੀਂ’ ਨੂੰ ਸਿੰਘ ਸਭਾ ਲਹਿਰ ਦਾ ਕੇਂਦਰੀ ਨੁਕਤਾ ਦਸਦਾ ਹੈ। ਇਸੇ ਟਕਰਾਅ ਨੇ ਪੰਜਾਬੀ, ਪੰਜਾਬ ਅਤੇ ਸਿੱਖੀ ਦੀ ਮੁਖਾਲਫਤ ਤੋਂ ਹੁੰਦੀਆਂ ਹੋਇਆਂ ਸਾਕਾ ਨੀਲਾ ਤਾਰਾ ਦਾ ਆਧਾਰ ਤਿਆਰ ਕੀਤਾ।

ਸਰਕਾਰੀ ਪ੍ਰਾਪੇਗੰਡੇ ਦੇ ਬਾਵਜੂਦ ਸਾਕੇ ਦਾ ਸੱਚ ਸਾਹਮਣੇ ਆਉਣ ਲੱਗਾ। ਧਰਮਜੁੱਧ ਮੋਰਚੇ ਦੀਆਂ ਕਈ ਮੰਗਾਂ ਸਮੇਂ ਦੀ ਚਾਲ ਨਾਲ ਆਪਣੇ-ਆਪ ਪ੍ਰਵਾਨ ਹੋ ਰਹੀਆਂ ਹਨ। ਕੇਂਦਰਵਾਦੀ ਸਿਆਸੀ ਪਾਰਟੀਆਂ ਨੇ ਵੀ ਭਾਰਤ ਦੇ ਬਹੁ-ਕੌਮੀ ਖਾਸੇ ਨੂੰ ਪ੍ਰਵਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਧਰਮ-ਜੁਧ ਮੋਰਚੇ ਦੀ ਵਾਜਬੀਅਤ ਦਾ ਪ੍ਰਮਾਣ ਹੈ। ਅੱਧੀ ਸਦੀ ਹਿੰਦੀ ਦੀ ਵਕਾਲਤ ਕਰਨ ਪਿੱਛੋਂ ਜਨਸੰਘੀਆਂ (ਪੰਜਾਬ ਭਾਜਪਾ) ਨੇ ਮੰਨਿਆ ਕਿ ਪੰਜਾਬੀ ਸਾਡੀ ਮਾਂਬੋਲੀ ਹੈ। ਸੰਤ ਜਰਨੈਲ ਸਿੰਘ ਦੇ ਬਿੰਬ ਨੇ ਪੰਜਾਬ ਦੇ ਮਨ ਅੰਦਰ ਭਗਤ ਸਿੰਘ ਨਾਲੋਂ ਵੱਡੀ ਥਾਂ ਬਣਾਈ ਹੈ। ਇਹ ਪੰਜਾਬ ਦੀ ਰਾਸ਼ਟਰਵਾਦੀ ਯਾਤਰਾ ਤੋਂ ਮੁੜ ਘਰ ਵਾਪਸੀ ਵਾਂਗ ਹੈ। ਕਿਸਾਨੀ ਮੋਰਚੇ ਰਾਹੀਂ ਸਾਰਾ ਸੰਸਾਰ ਪੰਜਾਬ ਦੀ ਚੜ੍ਹਦੀਕਲਾ ਦਾ ਗਵਾਹ ਬਣਿਆ ਹੈ। ਪੱਤਰਕਾਰ ਰਵੀਸ਼ ਕੁਮਾਰ ਦੀ ਟਿੱਪਣੀ ਅਨੁਸਾਰ ‘ਸੰਤਾਲੀ, ਚੁਰਾਸੀ ਝੱਲ ਕੇ ਵੀ ਪੰਜਾਬ ਅੰਦਰ ‘ਹੋਰਾਂ’ ਪ੍ਰਤੀ ਡਰ ਅਤੇ ਨਫਰਤ ਦੀ ਭਾਵਨਾ ਪੈਦਾ ਨਹੀਂ ਹੋਈ।’ ਸਿੱਖਾਂ ਵੱਲੋਂ ਕੁਦਰਤੀ ਆਫਤ, ਜੰਗ, ਮਹਾਂਮਾਰੀ ਅਤੇ ਦੰਗਿਆਂ ਵਿੱਚ ਫਸੇ ਲੱਖਾਂ ਲੋਕਾਂ ਦੀ ਬਿਨਾਂ ਵਿਤਕਰੇ ਕੀਤੀ ਸੇਵਾ ਦੀ ਤਸਦੀਕ ਵਜੋਂ ਸੱਤ ਸਮੁੰਦਰੋਂ ਪਾਰ ਤੱਕ ਕੇਸਰੀ ਨਿਸ਼ਾਨ ਸਾਹਿਬ ਝੂਲੇ ਹਨ।

ਭ੍ਰਿਸ਼ਟਾਚਾਰ ਵਿਰੋਧੀ ਲਹਿਰ ’ਚੋਂ ਉੱਭਰੇ ਸ੍ਰੀ ਅਰਵਿੰਦ ਕੇਜਰੀਵਾਲ ਦਾ ਕਾਂਗਰਸ ਅਤੇ ਹਿੰਦੁਤਵਾ ਜਮਾਤਾਂ ਤੋਂ ਵੱਖਰਾ ਸਿਆਸੀ ਦਲ ਕਾਇਮ ਕਰਨਾ ਪੰਜਾਬੀਆਂ ਨੂੰ ਆਪਣੇ ਵੱਲ ਖਿੱਚਦਾ ਹੈ। ਕੇਜਰੀਵਾਲ ਦਾ ਰਾਸ਼ਟਰਵਾਦ ਅਤੇ ਸੁਧਾਰਵਾਦ ਮਹਾਤਮਾ ਗਾਂਧੀ ਦੇ ਅਹਿੰਸਕ ਸੁਤੰਤਰਤਾ ਸੰਗਰਾਮ ਨਾਲ ਮੇਲ ਖਾਂਦਾ ਹੈ। ਰਾਜਮੋਹਨ ਗਾਂਧੀ (ਪੰਜਾਬ: ਔਰੰਗਜੇਬ ਤੋਂ ਮਾਉਂਟਬੇਟਨ ਤੱਕ) ਅਨੁਸਾਰ ਮਹਾਤਮਾ ਗਾਂਧੀ ਪੰਜਾਬ ਨੂੰ ਅਤੇ ਪੰਜਾਬ ਮਹਾਤਮਾ ਗਾਂਧੀ ਨੂੰ ਸਮਝ ਨਹੀਂ ਸੀ ਸਕਿਆ। ਕੇਜਰੀਵਾਲ ਮਹਾਤਮਾ ਗਾਂਧੀ ਦੀ ਥਾਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਵੱਧ ਵਰਤਦਾ ਹੈ।

ਚਲੰਤ ਚੋਣਾਂ ਦੇ ਸਿਆਸੀ ਮਨੋਰਥ-ਪੱਤਰਾਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਸਿਆਸੀ ਜਮਾਤ ਕੋਲ ਪੰਜਾਬ ਦੇ ਬਾਣੀ, ਪਾਣੀ ਅਤੇ ਹਾਣੀ ਦੇ ਮਸਲੇ ਦਾ ਠੋਸ ਹੱਲ ਨਹੀਂ ਹੈ। ਪਿਛਲੀ ਅੱਧੀ ਸਦੀ ਤੋਂ ਪੰਜਾਬ ਨਾਲ ਹੋਏ ਵਿਤਕਰੇ ਅਤੇ ਕੁਦਰਤੀ ਵਸੀਲਿਆਂ (ਪਾਣੀ) ਦੀ ਲੁੱਟ ਦੇ ਨਤੀਜੇ ਵਜੋਂ ਪੰਜਾਬ ਕਰਜੇ ਦੀ ਪੰਡ ਅਤੇ ਰੋਗਾਂ ਦੀ ਮਾਰ ਹੇਠ ਆ ਚੁਕਿਆ ਹੈ। ਸਿੱਖਿਆ ਤੇ ਸਿਹਤ ਸੰਸਥਾਵਾਂ ਤਬਾਹੀ ਕੰਢੇ ਹਨ। ਬੇਰੁਜਗਾਰੀ, ਭ੍ਰਸ਼ਟਾਚਾਰ, ਨਸ਼ਾ ਅਤੇ ਗੈਂਗਵਾਰ ਵਧ ਰਹੇ ਹਨ। ਨੌਜਵਾਨੀ ਵਿਦੇਸ਼ ਜਾ ਰਹੀ ਹੈ ਜਿਸ ਨਾਲ ਹੋਰ ਕਈ ਗੰਭੀਰ ਆਰਥਕ, ਸਮਾਜਕ ਅਤੇ ਸੱਭਿਆਚਾਰਕ ਮਸਲੇ ਪੇਸ਼ ਆਉਣੇ ਹਨ। ਪੇਂਡੂ ਤੇ ਜੱਟ ਹੀ ਨਹੀਂ ਸਗੋਂ ਸ਼ਹਿਰੀ ਹਿੰਦੂ ਮੱਧਵਰਗੀ ਨੌਜਵਾਨ ਵੀ ਵਿਦੇਸ਼ ਜਾਣ ਲਈ ਮਜਬੂਰ ਹੈ।  

ਤਮਾਮ ਪਾਰਟੀਆਂ ਵੱਲੋਂ ਸਜਾ ਪੂਰੀ ਕਰ ਚੁਕੇ ਸਿੱਖ ਕੈਦੀਆਂ ਦੀ ਰਿਹਾਈ ਪ੍ਰਤੀ ਹਾਂਵਾਚੀ ਰਵੱਈਏ ਦੇ ਉਲਟ ਪ੍ਰੋਫੈਸਰ ਭੁੱਲਰ ਦੀ ਰਿਹਾਈ ਵਿੱਚ ਕੇਜਰੀਵਾਲ ਅੜਿੱਕਾ ਬਣਿਆ ਹੈ। ਉਹ ਨਾ ਹੀ ‘ਆਪ’ ਦੀ ਪੰਜਾਬ ਇਕਾਈ ਪੰਜਾਬੀਆਂ ਵਾਂਗ ਸੋਚਣ ਨਹੀਂ ਦਿੰਦਾ ਹੈ ਅਤੇ ਨਾ ਹੀ ਪੰਜਾਬੀ ਚਿਹਰਾ ਉੱਭਰਨ ਦਿੰਦਾ ਹੈ। ਪੰਜਾਬ ਵਿੱਚ ਖਲੋ ਕੇ ਦਰਿਆਈ ਪਾਣੀਆਂ ’ਤੇ ਦਿੱਲੀ ਦਾ ਹੱਕ ਦੱਸਿਆ ਜਾ ਰਿਹੈ ਅਤੇ ਇਸ਼ਤਿਹਾਰ ਹਿੰਦੀ ਵਿੱਚ ਲੱਗ ਰਹੇ ਹਨ।  

ਸੁਹਿਰਦ ਲੋਕਾਂ ਵੱਲੋਂ ‘ਆਪ’ ਦੀ ਪੰਜਾਬ ਪਹੁੰਚ ਬਾਰੇ ਕੀਤੇ ਸਵਾਲਾਂ ਨੂੰ ਸਿਰਫ ਪਾਰਟੀਬਾਜੀ ਆਖ ਕੇ ਚੁੱਪ ਕਰਾਇਆ ਜਾ ਰਿਹਾ ਹੈ। ਪੰਜਾਬ ਦੇ ਮੋਰਚਿਆਂ ਦੌਰਾਨ ਭਾਰਤ ਦੇ ਹੱਕ ਵਿੱਚ ਭੁਗਤਣ ਵਾਲੇ ਸਾਰੇ ਪੰਜਾਬੀ ਬੇਈਮਾਨ ਜਾਂ ਸਿੱਖ ਵਿਰੋਧੀ ਨਹੀਂ ਸਨ। ਵੱਡਾ ਹਿੱਸਾ ਵਾਇਆ ਭਗਤ ਸਿੰਘ ਹਿੰਦੀ-ਹਿੰਦੁਸਤਾਨ ਦੇ ਰਾਸ਼ਟਰਵਾਦੀ ਮਾਇਆ ਜਾਲ ਵਿੱਚ ਕੀਲਿਆ ਹੋਇਆ ਵੀ ਸੀ। ਆਪ ਵੱਲੋਂ ਪੰਜਾਬ ਨੂੰ ਕੀਲੇ ਜਾਣ ਦੇ ਆਹਰ ਹੋ ਰਹੇ ਹਨ। ਕੀਲੇ ਹੋਏ ਲੋਕ ਵਧੀਕ ਆਤਮਘਾਤੀ ਹੁੰਦੇ ਹਨ। ਪੰਜਾਬ ਸੰਬੰਧੀ ਆਪ ਦੀ ਪਹੁੰਚ ਸਿਰਫ ਵੋਟ-ਸਿਆਸਤ ਦਾ ਮਸਲਾ ਨਹੀਂ ਹੈ। ਇਹ ਪਹੁੰਚ ਆਰ.ਐਸ.ਐਸ. ਅਤੇ ਭਾਜਪਾ ਦੇ ਮੁਕਾਬਲੇ ਧਰਮ-ਨਿਰਪੇਖ ਜਾਪਦਿਆਂ ਵੀ ਉਨ੍ਹਾਂ ਨਾਲੋਂ ਵਧੀਕ ਖਤਰਨਾਕ ਹੈ। ਪੰਜਾਬ ਨੇ ਹਿੰਦੁਤਵਾ ਸਿਆਸਤ ਨੂੰ ਕਦੇ ਆਪਣੇ ਮਨ-ਮਸਤਕ ਦਾ ਭਾਗ ਬਣਨ ਹੀ ਨਹੀਂ ਦਿੱਤਾ ਪਰ ‘ਆਪ’ ਦੀ ਨੀਤੀ ਅਦਿੱਖ ਹਥਿਆਰ ਵਾਂਗ ਪੰਜਾਬੀਆਂ ਦੇ ਸੀਨੇ ਅੰਦਰ ਧਸ ਰਹੀ ਹੈ। ਮਹਾਤਮਾ ਗਾਂਧੀ ਤੋਂ ਇੰਦਰਾ ਗਾਂਧੀ ਤੱਕ ਦੇ ਸਫਰ ਚੋਂ ਸਬਕ ਲੈਂਦਿਆਂ ਪੰਜਾਬ ਅੰਦਰ ਮੁੜ ਦੁਫੇੜ ਬੀਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਸੰਕਟ ਦੇ ਮੂੰਹ ਆਏ ਭਾਰਤੀ ਰਾਟਰਵਾਦ ਵਿੱਚੋਂ ਪੰਜਾਬ ਕੀ ਹਾਸਲ ਕਰੇਗਾ? ਇਹ ਵੱਡਾ ਸਵਾਲ ਹੈ। ਪੰਜਾਬ ਦੀ ਮੌਲਕਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੰਨ-ਸੁਵੰਨਤਾ, ਆਜਾਦੀ ਅਤੇ ਬਰਾਬਰਤਾ ਦੇ ਸਿਧਾਂਤ ਵਿੱਚ ਹੈ ਜਿਸ ਰਾਹੀਂ ਸਦੀਆਂ ਤੋਂ ਚੱਲੇ ਆਉਂਦੇ ਜਾਤਿ, ਵਰਗ ਅਤੇ ਫਿਰਕੇ ਦੇ ਪਾੜੇ ਨੂੰ ਮੇਟਿਆ ਜਾ ਸਕਦਾ ਹੈ। ਇਸ ਮੌਲਕਤਾ ਅੰਦਰ ਸਮੁਚੇ ਵਿਸ਼ਵ ਲਈ ਦਇਆ, ਸੰਤੋਖ ਅਤੇ ਸੇਵਾ ਜਿਹੀਆਂ ਵੱਡੀਆਂ ਬਖ਼ਸ਼ਿਸ਼ਾਂ ਮੌਜੂਦ ਹਨ। ਪੰਜਾਬ ਨੂੰ ਹੋਰ ਸਾਂਚਿਆਂ ਵਿੱਚ ਫਸਾਉਣ ਦੀ ਕੋਸ਼ਿਸ਼ ਕਰਨਾ ਇੱਕ ਉਪਕਾਰੀ ਅਤੇ ਮੌਲਿਕ ਤਰਜੇ-ਜਿੰਦਗੀ ਨੂੰ ਖਤਮ ਕਰਨਾ ਹੈ, ਜੋ ਮਨੁੱਖਤਾ ਅਤੇ ਕੁਦਰਤ ਦੇ ਖਿਲਾਫ ਵੱਡਾ ਅਪਰਾਧ ਹੋਵੇਗਾ।

       ਹਰਦੇਵ ਸਿੰਘ