ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਬੇਗਮਪੁਰਾ ਦਾ ਸੰਕਲਪ       

ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਬੇਗਮਪੁਰਾ ਦਾ ਸੰਕਲਪ       

ਰਾਜਨੀਤਕ ਹਸਤੀਆਂ ਦਾ ਮੇਲ ਮਿਲਾਪ ਆਦਿ ਦਾ ਡਰ ਬਣਿਆ ਰਹਿੰਦਾ

 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ 6 ਗੁਰੂ ਸਾਹਿਬਾਨ, 3 ਗੁਰਸਿੱਖਾਂ ਅਤੇ 11 ਭੱਟ ਸਾਹਿਬਾਨ ਦੀ ਬਾਣੀ ਦਰਜ ਹੈ ਉਥੇ 15 ਭਗਤ ਸਾਹਿਬਾਨ ਜੀ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ।ਇਨ੍ਹਾਂ ਭਗਤ ਸਾਹਿਬਾਨ ਵਿੱਚ ਭਗਤ ਰਵਿਦਾਸ ਜੀ ਵੀ ਸ਼ਾਮਲ ਹਨ ।ਇਨ੍ਹਾਂ ਦੇ 16 ਰਾਗਾਂ ਵਿਚ ਉੱਚਾਰਣ ਕੀਤੇ ਹੋਏ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਭਗਤ ਰਵਿਦਾਸ ਜੀ ਨੇ ਸੰਨ 1376 ਈ.ਵਿਚ ਪਿਤਾ ਬਾਬਾ ਸੰਤੋਖ ਦਾਸ ਜੀ ਦੇ ਘਰ ਅਤੇ ਮਾਤਾ ਕਲਸਾਂ ਦੇਵੀ ਜੀ ਦੀ ਕੁੱਖੋਂ ਵਾਰਾਣਸੀ/ਕਾਸ਼ੀ ਵਿੱਚ ਜਨਮ ਲਿਆ। ਭਗਤ ਰਵਿਦਾਸ  ਜੀ ਦੀ ਸਾਰੀ ਬਾਣੀ ਦਾ ਆਸ਼ਯ ਗੁਰਬਾਣੀ ਨਾਲ ਇੰਨ-ਬਿੰਨ ਮੇਲ ਖਾਂਦਾ ਹੈ। ਇਸੇ ਕਰਕੇ ਇਸ ਪਵਿੱਤਰ ਬਾਣੀ ਨੂੰ ਗੁਰਬਾਣੀ ਦੇ ਤੁੱਲਯ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ ਗਿਆ ਹੈ। ਗੁਰੂ ਸਾਹਿਬਾਨ ਨੇ ਭਗਤ ਰਵਿਦਾਸ ਜੀ ਦੀ ਉਪਮਾ ਆਪਣੀ ਬਾਣੀ ਵਿੱਚ ਵੀ ਕੀਤੀ ਹੈ। ਸ੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ:

ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ॥ ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 733)

ਨਾਮਾ ਜੈਦਉ ਕੰਬੀਰੁ ਤ੍ਰਿਲੋਚਨ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ॥

            (ਸ੍ਰੀ ਗੁਰੂ ਗ੍ਰੰਥ ਸਾਹਿਬ,ਪੰਨਾ 835)                

  ਗੁਰੂ ਅਰਜਨ ਦੇਵ ਜੀ ਭਗਤ ਜੀ ਪਰਥਾਏ ਉਪਮਾ ਕਰਦੇ ਫ਼ਰਮਾਉਂਦੇ ਹਨ :  

          ਰਵਿਦਾਸ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ 

ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥

(ਸ੍ਰੀ ਗੁਰੂ ਗ੍ਰੰਥ ਸਾਹਿਬ,ਪੰਨਾ 487)      

ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ॥

(ਸ੍ਰੀ ਗੁਰੂ ਗ੍ਰੰਥ ਸਾਹਿਬ,ਪੰਨਾ 1207)  

 ਭਟ ਬਾਣੀ ਵਿੱਚ ਵੀ ਦਰਜ ਹੈ :   

 ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥

(ਸ੍ਰੀ ਗੁਰੂ ਗ੍ਰੰਥ ਸਾਹਿਬ,ਪੰਨਾ 1390)      

 ਭਗਤ ਰਵਿਦਾਸ ਜੀ  ਦੀ ਵਡਿਆਈ ਕਰਦਿਆਂ ਭਾਈ ਗੁਰਦਾਸ ਜੀ ਆਪਣੀ 10 ਵੀਂ  ਵਾਰ ਦੀ 17 ਵੀੰ ਪਉੜੀ ਵਿੱਚ ਲਿਖਦੇ ਹਨ:  

 ਭਗਤੁ ਭਗਤੁ ਜਗ ਵਜਿਆ ਚਹੁੰ ਚਕਾਂ ਦੇ ਵਿਚਿ ਚਮਿਰੇਟਾ॥ 

          ਪਾਣ‍ਾ ਗੰਢੇੈ ਰਾਹ ਵਿਚਿ ਕੁਲਾ ਧਰਮ ਢੋਇ ਢੋਰ  ਸਮੇਟਾ॥    

 ਸ੍ਰੀ ਸਰਬਲੋਹ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਹੈ ਕਿ: 

ਭਗਤਿ ਕਬੀਰ ਰਵਿਦਾਸ ਨਾਮਦੇਵ ਅਨਨਯ ਸੇਵ ਪਦ ਪਾਏ॥(3762)   

 ਭਗਤ ਰਵਿਦਾਸ ਜੀ ਦਾ ਇਸ਼ਟ ਇੱਕ ਅਕਾਲ ਪੁਰਖ ਹੈ ਜੋ ਕਿ ਉਨ੍ਹਾਂ ਦੀ ਬਾਣੀ ਤੋਂ ਭਲੀ-ਭਾਂਤ ਸਪਸ਼ਟ ਹੁੰਦਾ ਹੈ। ਉਹ ਕਿਸੇ ਠਾਕੁਰ ਦੀ ਪੂਜਾ ਅਰਥਾਤ ਕਰਮ-ਕਾਂਡ ਵਿੱਚ ਰੁਚਿਤ ਨਹੀਂ ਸਨ।ਉਹ ਤਾਂ ਕੇਵਲ ਅਕਾਲ ਪੁਰਖ ਦਾ ਨਾਮ ਜਪਦੇ ਸਨ; ਜੋ ਉਨ੍ਹਾਂ ਦੀ ਬਾਣੀ ਵਿੱਚੋਂ ਸਪਸ਼ਟ ਹੋ ਜਾਂਦਾ ਹੈ। ਆਪਣੀ ਕਿਰਤ ਕਰਕੇ ਆਪਣਾ ਜੀਵਨ ਗੁਜ਼ਾਰਦੇ ਸਨ ਅਤੇ ਆਪਣੀ ਦਸਾਂ ਨਹੁੰਆਂ ਦੀ ਪਵਿੱਤਰ ਕਮਾਈ ਵਿੱਚੋਂ ਲੋੜਵੰਦਾਂ ਨੂੰ ਵੰਡ ਕੇ ਅਤੇ ਆਏ-ਗਏ ਸੰਤਾਂ-ਮਹਾਂਪੁਰਸ਼ਾਂ ਦੀ ਸੇਵਾ ਕਰਕੇ ਕਿਰਤ ਨੂੰ ਸਫ਼ਲ ਬਣਾਉਂਦੇ ਸਨ। ਉਨ੍ਹਾਂ ਨੇ ਸਾਰੀ ਉਮਰ ਨਾਮ ਜਪਿਆ, ਕਿਰਤ ਕੀਤੀ ਅਤੇ ਵੰਡ ਕੇ ਛਕਿਆ। ਪ੍ਰੋਫੈਸਰ  ਸਾਹਿਬ ਸਿੰਘ ਅਨੁਸਾਰ ਬਨਾਰਸ ਵਿੱਚ ਜਿੱਥੇ ਇਕ ਪਾਸੇ ਉੱਚੀ ਜਾਤਿ ਦੇ ਵਿਦਵਾਨ ਲੋਕ ਮੰਦਿਰਾਂ ਵਿੱਚ ਜਾ ਜਾ ਕੇ ਮੂਰਤੀਆਂ ਪੂਜਣ; ਦੂਜੇ ਪਾਸੇ ਇੱਕ ਬੜੀ ਨੀਵੀਂ ਜਾਤ ਦਾ ਕੰਗਾਲ ਤੇ  ਗ਼ਰੀਬ ਰਵਿਦਾਸ ਇਕ ਪ੍ਰਮਾਤਮਾ ਦੇ ਸਿਮਰਨ ਦਾ ਹੋਕਾ ਦੇਵੇ, ਇਹ ਇੱਕ ਅਜੀਬ ਜਿਹੀ ਖੇਡ ਬਨਾਰਸ ਵਿਚ ਹੋ ਰਹੀ ਸੀ। ਭਗਤ ਜੀ ਕਹਿੰਦੇ ਹਨ ਕਿ ਮੈਂ ਲੋਕਾਂ ਵਾਂਗ ਦਿਨ-ਰਾਤ  ਸਰੀਰ ਦੇ ਆਹਰ ਵਿੱਚ ਹੀ ਨਹੀਂ ਰਹਿੰਦਾ; ਮੈਂ ਪ੍ਰਭੂ ਦਾ ਨਾਮ ਸਿਮਰਨਾ ਆਪਣਾ ਮੁੱਖ ਧਰਮ ਬਣਾਇਆ ਹੈ। ਤਾਂਹੀ ਮੈਨੂੰ ਮੌਤ ਦਾ,ਸਰੀਰ ਦੇ ਨਾਸ਼ ਹੋਣ ਦਾ, ਡਰ ਨਹੀਂ ਰਿਹਾ। ਸਰੋਤ :(ਭਗਤ ਬਾਣੀ ਸਟੀਕ ਹਿੱਸਾ ਦੂਜਾ, ਪੰਨੇ 38-39)         

ਭਗਤ ਰਵਿਦਾਸ ਜੀ ਆਪਣੀ ਆਤਮਿਕ ਅਵਸਥਾ ਦਾ ਜ਼ਿਕਰ ਗਉੜੀ ਰਾਗ ਵਿੱਚ ਉਚਾਰਣ ਕੀਤੇ ਸ਼ਬਦ 'ਬੇਗਮਪੁਰਾ ਸਹਰ ਕੋ ਨਾਉ' ਵਿੱਚ ਬਾਖ਼ੂਬੀ ਕਰਦੇ ਹਨ। ਇਹ  ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 345 ਤੇ ਦਰਜ ਹੈ। ਇਸ ਸ਼ਬਦ ਵਿੱਚ ਭਗਤ ਜੀ ਨੇ ਆਪਣੀ ਆਤਮਿਕ ਅਵਸਥਾ ਦੇ ਜ਼ਿਕਰ ਦੇ ਨਾਲ-ਨਾਲ ਹੋਰਾਂ ਨੂੰ ਵੀ ਇਸ ਅਵਸਥਾ ਨੂੰ ਮਾਨਣ ਅਤੇ ਬੇਗਮਪੁਰਾ ਦੇ ਵਾਸੀ ਬਣਨ ਦਾ ਉਪਦੇਸ਼ ਦਿੱਤਾ ਹੈ। ਭਗਤ ਜੀ ਦੀ ਇਹ ਆਤਮਕ ਅਵਸਥਾ 'ਜੀਵਨ ਮੁਕਤਿ' ਆਤਮਿਕ ਅਵਸਥਾ ਹੈ।ਭਗਤ ਜੀ ਇਸ ਜੀਵਨ ਤੋਂ ਬਾਅਦ ਪ੍ਰਾਪਤ ਹੋਣ ਵਾਲੀ ਸਵਰਗ-ਨਰਕ ਦੀ ਵਿਚਾਰਧਾਰਾ ਨੂੰ ਛੱਡ ਕੇ ਜਿਊਂਦੇ-ਜੀਅ ਆਤਮਕ ਆਨੰਦ ਪ੍ਰਦਾਨ ਕਰਨ ਵਾਲੀ ਵਿਚਾਰਧਾਰਾ ਦੇ ਅਨੁਸਾਰੀ ਸਨ ਅਤੇ ਉਨ੍ਹਾਂ ਨੇ ਇਸ ਆਤਮਕ ਅਵਸਥਾ ਦੇ ਅਨੰਦ ਨੂੰ ਬਾਖ਼ੂਬੀ ਮਾਣਿਆ। ਸਮਾਜ ਵਿੱਚ ਰਹਿੰਦਿਆਂ ਭਾਵੇਂ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਗ਼ਰੀਬੀ ਵਿੱਚ ਗੁਜ਼ਾਰਿਆ ਪਰ ਆਤਮਕ ਤੌਰ ਤੇ ਉਨ੍ਹਾਂ ਵਰਗਾ ਅਮੀਰ ਕੋਈ ਨਹੀਂ ਸੀ। ਸਮਾਜ ਭਾਵੇਂ ਉਨ੍ਹਾਂ ਨੂੰ ਅਖੌਤੀ ਨੀਵੀਂ ਜਾਤਿ ਦਾ ਮੰਨਦਾ ਸੀ ਪਰ ਉਨ੍ਹਾਂ ਨੇ ਤਾਂ ਨਾਮ ਜਪ ਕੇ ਆਪਣਾ ਜੀਵਨ ਸਫਲ ਬਣਾ ਲਿਆ ਸੀ। ਇਸ ਅਵਸਥਾ ਵਿੱਚ ਉਨ੍ਹਾਂ ਨੂੰ ਨੀਵੀਂ ਜਾਤਿ, ਉੱਚਿ ਜਾਤਿ ਦਾ ਕੋਈ ਡਰ ਜਾਂ ਅਭਿਮਾਨ ਨਹੀਂ ਪੋਹ ਸਕਦਾ ਸੀ। ਉਹ ਗ਼ਮ ਤੋਂ ਰਹਿਤ ਸ਼ਹਿਰ ਭਾਵ ਆਤਮਿਕ ਅਵਸਥਾ ਦੇ ਵਾਸੀ ਬਣ ਗਏ ਸਨ। ਜਿੱਥੇ ਨਾ ਕੋਈ ਦੁੱਖ, ਨਾ ਕੋਈ ਚਿੰਤਾ, ਨਾ ਕਿਸੇ ਤਰ੍ਹਾਂ ਦੀ ਕੋਈ ਘਬਰਾਹਟ ਮੌਜੂਦ ਸੀ। ਜਦੋਂ ਕਿ ਸਮਾਜਕ ਪੱਧਰ ਤੇ ਦੁੱਖ, ਚਿੰਤਾ, ਘਬਰਾਹਟ ਮਨੁੱਖ ਦਾ ਪਿੱਛਾ ਨਹੀਂ ਛੱਡਦੇ। ਪਰ ਭਗਤ ਜੀ ਨਿਰਲੇਪ ਸਨ। ਬੇਗਮਪੁਰਾ ਵਿੱਚ ਵੱਸਦਿਆਂ ਨਾ ਕਿਸੇ ਦੁਨਿਆਵੀ ਜਾਇਦਾਦ ਦੀ ਲੋੜ ਹੁੰਦੀ ਹੈ ਅਤੇ ਜੋ ਜਾਇਦਾਦ (ਰੱਬੀ ਨਾਮ ਦਾ ਖ਼ਜ਼ਾਨਾ) ਹੁੰਦੀ ਹੈ ਉਸ ਨੂੰ ਕੋਈ ਟੈਕਸ ਲਗਣ ਦਾ ਡਰ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਪਾਪ ਕਰਮ ਦਾ ਡਰ ਹੁੰਦਾ ਹੈ। ਕਿਉਂਕਿ ਇਹ ਅਵਸਥਾ ਪਾਪ ਕਰਮਾਂ ਨੂੰ ਮੇਟ ਕੇ ਹੀ ਪ੍ਰਾਪਤ ਹੁੰਦੀ ਹੈ ਤੇ ਇਸ ਦੀ ਪ੍ਰਾਪਤੀ ਦਾ ਸਾਧਨ ਅਤੇ ਪਾਪ ਕਰਮਾਂ ਨੂੰ ਮੇਟਣ ਦਾ ਸਭ ਤੋਂ ਵੱਡਾ ਸਰੋਤ ਅਕਾਲ ਪੁਰਖ ਦਾ ਨਾਮ ਹੀ ਹੁੰਦਾ ਹੈ। ਇਹੀ ਨਾਮ ਭਗਤ ਜੀ ਨੇ ਜਾਪਿਆ ਅਤੇ ਆਪਣੇ ਆਪ ਨੂੰ ਬੇਗਮਪੁਰਾ ਦਾ ਵਾਸੀ ਬਣਾ ਲਿਆ। ਭਗਤ ਜੀ ਕਹਿੰਦੇ ਹਨ ਕਿ ਬੇਗਮਪੁਰਾ ਸ਼ਹਿਰ (ਆਤਮਕ ਅਵਸਥਾ )ਦਾ ਪਾਤਸ਼ਾਹ ਆਪ ਅਕਾਲ ਪੁਰਖ ਹੈ ਜੋ ਸਦੀਵੀ ਰਹਿਣ ਵਾਲਾ ਹੈ ਤੇ ਉਸ ਦੀਆਂ ਨਜ਼ਰਾਂ ਵਿੱਚ ਸਭ ਬਰਾਬਰ ਹਨ।ਕੋਈ ਉੱਚਾ-ਨੀਵਾਂ ਨਹੀਂ। ਉੱਥੇ ਦਰਜਾਬੰਦੀ ਨਹੀਂ ਹੁੰਦੀ।  ਉੱਥੋਂ ਦੇ ਵਸਨੀਕ ਵੱਡੇ ਧਨਾਢ ਤੇ ਰੱਜੇ ਹੋਏ (ਪ੍ਰਭੂ ਨਾਮ ਨਾਲ )ਬੰਦੇ ਹਨ ਜੋ ਦੁਨਿਆਵੀ ਪਦਾਰਥਾਂ ਦੀ ਭੁੱਖ ਤੋਂ ਉੱਚੇ ਉੱਠ ਕੇ ਮੇਰ-ਤੇਰ ਤੋਂ ਨਿਰਲੇਪ ਹੋ ਕੇ  ਵਿਚਰਦੇ ਹਨ।ਉਸ ਸ਼ਹਿਰ ਵਿੱਚ ਕਿਸੇ ਨੂੰ ਕੋਈ ਘਾਟਾ ਨਹੀਂ ਪੈਂਦਾ ਅਰਥਾਤ ਪ੍ਰਭੂ ਨਾਮ ਜਪਣ ਨਾਲ ਕੋਈ ਘਾਟ ਨਹੀਂ ਰਹਿੰਦੀ। ਉਹ ਪ੍ਰਭੂ ਦੇ ਮਹਿਲ ਦੇ ਭੇਤੀ ਹੁੰਦੇ ਹਨ ਤੇ ਉਨ੍ਹਾਂ ਨੂੰ ਪ੍ਰਭੂ ਦੇ ਮਹਿਲ ਵਿੱਚ ਆਉਣ ਜਾਣ ਤੋਂ ਕੋਈ ਰੋਕ ਨਹੀਂ ਸਕਦਾ। ਭਗਤ ਜੀ ਦੁਨਿਆਵੀ ਰਾਜ ਨਾਲ ਤੁਲਨਾ ਕੇ ਬੇਗਮਪੁਰਾ ਸ਼ਹਿਰ ਦੇ ਆਨੰਦ ਦਾ ਜ਼ਿਕਰ ਕਰ ਰਹੇ ਹਨ। ਭਗਤ ਜੀ ਫਰਮਾਉਂਦੇ ਹਨ ਕਿ ਜਿਹੜਾ ਉਸ ਸ਼ਹਿਰ ਦਾ ਵਾਸੀ ਬਣ ਗਿਆ ਹੈ ਉਹ ਹੀ ਸਾਡਾ ਨਜ਼ਦੀਕੀ ਹੈ; ਉਹ ਹੀ ਸਾਡਾ ਮਿੱਤਰ ਹੈ। ਭਗਤ ਜੀ ਆਤਮਕ ਅਨੰਦ ਦੀ ਅਵਸਥਾ ਵਿਚ ਵਿਚਰਨ ਵਾਲਿਆਂ ਨੂੰ ਹੀ ਅਸਲ ਬੇਗਮਪੁਰਾ ਸ਼ਹਿਰ ਦੇ ਵਾਸੀ ਅਤੇ ਆਪਣੇ ਮਿੱਤਰ, ਸਤਸੰਗੀ ਸਵੀਕਾਰ  ਕਰਦੇ ਹਨ:

ਬੇਗਮਪੁਰਾ ਸਹਰ ਕੋ ਨਾਉ॥

 ਦੂਖੁ ਅੰਦੋਹੁ ਨਹੀ ਤਿਹਿ ਠਾਉ॥

 ਨਾ ਤਸਵੀਸ ਖਿਰਾਜੁ ਨ ਮਾਲ॥

ਖਉਫੁ ਨ ਖਤਾ ਨ ਤਰਸੁ ਜਵਾਲੁ॥੧॥

ਅਬ ਮੋਹਿ ਖੂਬ ਵਤਨ ਗਹ ਪਾਈ॥

  ਊਹਾਂ ਖੈਰਿ ਸਦਾ ਮੇਰੇ ਭਾਈ॥ ਰਹਾਉ॥

 ਕਾਇਮੁ ਦਾਇਮੁ ਸਦਾ ਪਾਤਿਸਾਹੀ॥  

 ਦੋਮ ਨ ਸੇਮ ਏਕ ਸੋ ਆਹੀ॥

ਆਬਾਦਾਨੁ ਸਦਾ ਮਸਹੂਰ॥

  ਊਹਾਂ ਗਨੀ ਬਸਹਿ ਮਾਮੂਰ॥੨॥

   ਤਿਉ ਤਿਉ ਸੈਲ ਕਰਹਿ ਜਿਉ ਭਾਵੈ॥

ਮਹਰਮ ਮਹਲ ਨਾ ਕੋ ਅਟਕਾਵੈ॥ ਕਹਿ ਰਵਿਦਾਸ ਖਲਾਸ ਚਮਾਰਾ॥

 ਜੋ ਹਮ ਸਹਰੀ ਸੋ ਮੀਤੁ ਹਮਾਰਾ॥੩॥

ਜਦੋਂ ਕਿ ਜਿਸ ਸਮਾਜ ਵਿੱਚ ਅਸੀਂ ਰਹਿ ਰਹੇ ਹੁੰਦੇ ਹਾਂ  ਥੇ ਗ਼ਮ, ਦੁੱਖ, ਚਿੰਤਾ,ਘਬਰਾਹਟ, ਜਾਇਦਾਦ ਨੂੰ ਟੈਕਸ ਦਾ ਡਰ, ਪਾਪ ਕਰਮਾਂ ਦੇ ਵਾਪਰਨ ਦਾ ਖਦਸ਼ਾ, ਗਿਰਾਵਟ, ਰਾਜ ਸੱਤਾ ਦਾ ਬਦਲਣਾ, ਸਮਾਜਿਕ ਦਰਜਾਬੰਦੀ, ਗ਼ਰੀਬ ਅਮੀਰ ਦਾ ਪਾੜਾ, ਵਿਤਕਰਾ, ਦੁਨਿਆਵੀ ਪਦਾਰਥਾਂ ਦੀ ਭੁੱਖ, ਰਾਜਨੀਤਕ ਹਸਤੀਆਂ ਦਾ ਮੇਲ ਮਿਲਾਪ ਆਦਿ ਦਾ ਡਰ ਬਣਿਆ ਰਹਿੰਦਾ ਹੈ ਪਰ ਆਤਮਿਕ ਅਵਸਥਾ ਵਿੱਚ ਜਿੱਥੇ ਭਗਤ ਜੀ ਬੇਗਮਪੁਰਾ ਵਿਚ ਵਿਚਰ ਰਹੇ ਹਨ ਉੱਥੇ ਕੇਵਲ ਅਨੰਦ ਹੀ ਅਨੰਦ ਹੈ। ਡਰ ਹੈ ਹੀ ਨਹੀਂ।

 

      ਡਾ. ਦਿਲਵਰ ਸਿੰਘ