ਪੰਜਾਬ ਵਿਕ ਰਿਹੈ ਜ਼ਹਿਰੀਲਾ ਗੁੜ 

ਪੰਜਾਬ ਵਿਕ ਰਿਹੈ ਜ਼ਹਿਰੀਲਾ ਗੁੜ 

ਗੁਰਤੇਜ ਸਿੰਘ ਚੌਹਾਨ

 ਅੱਜਕਲ੍ਹ ਖੰਡ ਛੱਡ ਕੇ ਗੁੜ ਦੀ ਵਰਤੋਂ ਦਾ ਰਿਵਾਜ ਆਮ ਲੋਕਾਂ ਵਿਚ ਕਾਫੀ ਪ੍ਰਚੱਲਿਤ ਹੋ ਗਿਆ ਹੈ ਤੇ ਕੁਝ ਦਹਾਕੇ ਪਹਿਲਾਂ ਤਾਂ ਹਰ ਕਿਸਾਨ ਆਪਣਾ ਗੰਨਾ ਬੀਜਦਾ ਸੀ ਤੇ ਗੁੜ ਤਿਆਰ ਕਰਦਾ ਸੀ। ਪਸ਼ੂਆਂ ਅੱਗੇ ਵੀ ਗੁੜ ਦੀਆਂ ਭੇਲੀਆਂ ਖਾਣ ਨੂੰ ਪਈਆਂ ਰਹਿੰਦੀਆਂ ਸਨ। ਵਾਢੀ ਕਰਕੇ ਆਏ ਵਾਢਿਆਂ ਨੂੰ ਸ਼ਾਮ ਨੂੰ ਰੋਟੀ ਨਾਲ ਗੁੜ ਦੀ ਡਲੀ ਦਿੱਤੀ ਜਾਂਦੀ ਸੀ ਪਰ ਹੌਲੀ-ਹੌਲੀ ਅਸੀਂ ਸਭ ਕੁਝ ਰੈਡੀਮੇਡ 'ਤੇ ਨਿਰਭਰ ਕਰ ਲਿਆ।  ਲੋਕਾਂ ਵਿਚ ਇਹ ਆਮ ਧਾਰਨਾ ਹੈ ਕਿ ਸ਼ੂਗਰ ਰੋਗ ਦਾ ਮਰੀਜ਼ ਗੁੜ ਖਾ ਸਕਦਾ ਹੈ ਪਰ ਲੋਕਾਂ ਨੂੰ ਇਹ ਪਤਾ ਨਹੀਂ ਕਿ ਅੱਜਕਲ੍ਹ ਬਾਜ਼ਾਰ ਵਿਚ ਵਿਕਣ ਵਾਲਾ ਗੁੜ, ਗੁੜ ਹੈ ਜਾਂ ਮਿੱਠਾ ਜ਼ਹਿਰ। ਗੰਨੇ ਤੋਂ ਗੁੜ ਤਿਆਰ ਕਰਨ ਵਾਲੇ ਵਪਾਰਕ ਲੋਕ ਪਹਿਲਾਂ ਵਾਂਗ ਗੰਨੇ ਦੇ ਰਸ ਦੀ ਭਿੰਡੀ ਵਰਤ ਕੇ ਸਫ਼ਾਈ ਨਹੀਂ ਕਰਦੇ ਅਤੇ ਅੱਜਕਲ੍ਹ ਕਈ ਤਰ੍ਹਾਂ ਦੇ ਕੈਮੀਕਲ ਵਰਤ ਕੇ ਗੁੜ ਤਿਆਰ ਕੀਤਾ ਜਾਂਦਾ ਹੈ। ਗੁੜ ਦੀ ਮੈਲ ਵੀ ਪੂਰੀ ਨਹੀਂ ਉਤਾਰੀ ਜਾਂਦੀ, ਕਿਉਂਕਿ ਪੂਰੀ ਮੈਲ ਉਤਾਰਨ ਨਾਲ ਪ੍ਰਤੀ ਕੁਇੰਟਲ 2 ਕਿੱਲੋ ਗੁੜ ਘੱਟ ਬਣਦਾ ਹੈ ਅਤੇ ਵਪਾਰੀ ਇਹ ਘਾਟਾ ਸਹਿਣ ਨਹੀਂ ਕਰਨਾ ਚਾਹੁੰਦਾ। ਦੂਸਰਾ ਆਰਗੈਨਿਕ ਫ਼ਸਲਾਂ ਤਿਆਰ ਕਰਨ ਦੇ ਨਾਂਅ 'ਤੇ ਵੀ ਵੱਡੀ ਠੱਗੀ ਕੀਤੀ ਜਾ ਰਹੀ ਹੈ ਜਦੋਂ ਕਿ ਆਰਗੈਨਿਕ ਚੀਜ਼ ਤਿਆਰ ਕਰਕੇ ਵਪਾਰਕ ਤੌਰ 'ਤੇ ਵੇਚਣ ਵਿਚ ਉੁਸ ਵਿਚੋਂ ਕੋਈ ਕਮਾਈ ਨਹੀਂ ਕੀਤੀ ਜਾ ਸਕਦੀ। ਗੰਨੇ ਤੋਂ ਗੁੜ ਅਜੇ ਸਰਦੀਆਂ ਵਿਚ ਤਿਆਰ ਕੀਤਾ ਜਾਣਾ ਹੈ ਪਰ ਉੱਤਰ ਪ੍ਰਦੇਸ਼ ਵਿਚ ਸਤੰਬਰ ਤੋਂ ਹੀ ਸੜਕ ਕਿਨਾਰੇ ਲੱਗੇ ਘੁਲਾੜਿਆਂ ਦੀਆਂ ਚਿਮਨੀਆਂ ਵਿਚੋਂ ਧੂੰਆਂ ਨਿਕਲਦਾ ਵੇਖਿਆ ਗਿਆ ਹੈ ਪਰ ਇਨ੍ਹਾਂ ਦੇ ਨੇੜੇ-ਤੇੜੇ ਨਾ ਕਿਤੇ ਗੰਨਾ ਨਜ਼ਰ ਆਉਂਦਾ ਹੈ ਅਤੇ ਨਾ ਪੀੜੇ ਗੰਨੇ ਤੋਂ ਬਣੀ ਪੱਛੀ। ਇਨ੍ਹਾਂ ਘੁਲਾੜਿਆਂ 'ਤੇ ਗੁੜ ਪੈਕ ਕਰਨ ਲਈ 'ਸਪੈਸ਼ਲ' ਗੁੜ ਲਿਖੇ ਡੱਬਿਆਂ ਦੇ ਢੇਰ ਲੱਗੇ ਹੋਏ ਹਨ ਪਰ ਜਿਹੜਾ ਗੁੜ ਬਣ ਕੇ ਇਨ੍ਹਾਂ ਡੱਬਿਆਂ ਵਿਚ ਪੈਕ ਹੁੰਦਾ ਹੈ ਉਸ ਦੀ ਅਸਲੀਅਤ ਇਹ ਹੈ ਕਿ ਉੱਥੇ ਇਕ ਪਾਸੇ ਗ਼ੈਰ-ਮਿਆਰੀ ਖੰਡ ਦੀਆਂ ਬੋਰੀਆਂ ਦੇ ਢੇਰ ਅਤੇ ਇਕ ਪਾਸੇ ਪਿਘਲੇ ਪੁਰਾਣੇ ਗੁੜ ਦੇ ਗੱਟੇ ਪਏ ਹਨ ਅਤੇ ਨਾਲ ਹੀ ਪੀਪਿਆਂ ਵਿਚ ਕੋਈ ਕੈਮੀਕਲ ਪਿਆ ਹੈ। ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਇਹ ਗੁੜ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਇਸ ਨੂੰ ਲੁਭਾਉਣੀ ਪੈਕਿੰਗ ਵਿਚ ਬੰਦ ਕਰਕੇ ਤਿਉਹਾਰਾਂ 'ਤੇ ਵਿਕਰੀ ਲਈ ਦਿੱਲੀ, ਪੰਜਾਬ, ਹਰਿਆਣਾ ਆਦਿ ਥਾਵਾਂ 'ਤੇ ਭੇਜਿਆ ਜਾਂਦਾ ਹੈ ਜਿਸ ਨੂੰ ਅਸੀਂ ਚਾਹ ਕੇ ਖ਼ਰੀਦਦੇ ਹਾਂ ਅਤੇ ਵਧੀਆ ਮਿੱਠੇ ਦੇ ਨਾਂਅ 'ਤੇ ਇਹ ਜ਼ਹਿਰ ਖ਼ਰੀਦ ਕੇ ਆਪਣੇ ਸਰੀਰ ਨੂੰ ਰੋਗੀ ਬਣਾ ਰਹੇ ਹਾਂ। ਇਹ ਜ਼ਹਿਰ ਖਾਣ ਤੋਂ ਬਚਣ ਲਈ ਘੱਟੋ-ਘੱਟ ਹਰ ਕਿਸਾਨ ਨੂੰ ਆਪਣਾ ਗੁੜ ਤਿਆਰ ਕਰਨ ਲਈ ਪਹਿਲੇ ਸਮਿਆਂ ਅਨੁਸਾਰ ਅਤੇ ਲੋੜ ਅਨੁਸਾਰ ਗੰਨਾ ਬੀਜਣਾ ਚਾਹੀਦਾ ਹੈ ਅਤੇ ਸਬਜ਼ੀ ਵੀ ਲਾਉਣੀ ਚਾਹੀਦੀ ਹੈ। ਇਸ ਤਰ੍ਹਾਂ ਕਰਕੇ ਤੁਸੀਂ ਅੱਧੀਆਂ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਹੋ।