ਮੋਦੀ ਨੇ ਮੰਨਿਆ:ਅਸੀਂ ਹਾਰੇ ਕਿਸਾਨ ਜਿੱਤੇ

ਮੋਦੀ ਨੇ ਮੰਨਿਆ:ਅਸੀਂ ਹਾਰੇ ਕਿਸਾਨ ਜਿੱਤੇ

 ਹੁਣ ਸਿਆਸੀ ਘਮਸਾਨ ਕਿਹੋ ਜਿਹਾ ਹੋਊ?

ਕੀ ਮੁਰਦਾ ਭਾਜਪਾ ਵਿੱਚ ਨਵੀਂ ਜਾਨ ਆਈ ?

ਕੀ ਮਾਰਲ ਡਿਪਲੋਮੇਸੀ ਦੀ ਨਵੀਂ ਪ੍ਰਭਾਤ?,

ਕਰਮਜੀਤ ਸਿੰਘ ਚੰਡੀਗੜ੍ਹ

9915091063

ਅੰਮ੍ਰਿਤਸਰ ਟਾਈਮਜ਼

 ਹੈਰਾਨੀਜਨਕ ਕਾਰਨਾਮਾ? ਗਜ਼ਬ ਦੀ ਚਾਲ? ਗਹਿਰਾ ਵਾਰ? ਕਮਾਲੋ ਕਮਾਲ?ਵੱਡੀ ਰਾਜਨੀਤਕ ਚਾਲ?

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਦੀ ਪ੍ਰਤੀਕਿਰਿਆ ਵਿੱਚ  ਦਿੱਤੇ ਗਏ ਉਪਰੋਕਤ ਸ਼ਬਦਾਂ ਜਾਂ ਟਿੱਪਣੀਆਂ ਵਿੱਚੋਂ ਤੁਸੀਂ ਕਿਸ ਟਿੱਪਣੀ ਨਾਲ ਖਲੋਂਦੇ ਹੋ? ਜਾਂ ਕੋਈ ਵੱਖਰੀ ਗੱਲ ਕਰਨਾ ਚਾਹੁੰਦੇ ਹੋ? ਐਲਾਨ ਲਈ ਆਖਿਰਕਾਰ ਗੁਰੂ ਨਾਨਕ ਸਾਹਿਬ ਦੇ  ਪ੍ਰਕਾਸ਼ ਉਤਸਵ ਨੂੰ ਹੀ ਕਿਉਂ ਚੁਣਿਆ ਗਿਆ? ਇੱਕ ਗੱਲ ਤਾਂ ਸਪਸ਼ਟ ਹੈ ਕਿ ਇਸ "ਸਦਾਚਾਰਕ ਕੂਟਨੀਤੀ" ਵਿੱਚ ਇੱਕੋ ਤੀਰ ਨਾਲ ਕਈ ਸ਼ਿਕਾਰ ਮਾਰ ਲਏ ਗਏ ਹਨ।ਕਿਸੇ ਨੂੰ ਵੀ ਇਹ ਸਮਝ ਨਹੀਂ   ਆ ਰਿਹਾ ਕਿ ਦੁਸ਼ਮਣ ਨੂੰ ਵਧਾਈ ਦਿੱਤੀ ਜਾਵੇ ਤਾਂ ਕਿਵੇਂ ਦਿੱਤੀ ਜਾਵੇ?  ਸੱਤ ਸੌ ਤੋਂ ਉੱਪਰ ਕਿਸਾਨਾਂ ਨੇ ਇਸ ਇਤਿਹਾਸਕ ਸੰਘਰਸ਼ ਵਿਚ ਆਪਣੀ ਕੁਰਬਾਨੀ ਦਿੱਤੀ ਹੈ। ਕੀ ਇਸ ਐਲਾਨ ਵਿੱਚ ਨਰਿੰਦਰ ਮੋਦੀ ਇਕ ਤਰ੍ਹਾਂ ਨਾਲ ਅਸਿੱਧੇ ਰੂਪ ਵਿੱਚ ਆਪਣੀ ਹਾਰ ਮੰਨ ਰਹੇ ਹਨ?  ਰਾਜਨੀਤਕ ਵਿਗਿਆਨ ਦੇ ਮਾਹਿਰ, ਕਿਸਾਨ ਆਗੂ ਅਤੇ ਕਹਿੰਦੇ ਕਹਾਉਂਦੇ ਵਿਦਵਾਨਾਂ ਤੇ ਸਿਆਸਤਦਾਨਾਂ ਨੂੰ ਵੀ ਇਹ ਪਤਾ ਨਹੀਂ ਲੱਗਦਾ ਕਿ ਇਸ ਐਲਾਨ ਲਈ ਕਿਹੋ ਜਿਹੀ ਢੁੱਕਵੀਂ ਸ਼ਬਦਾਵਲੀ ਵਰਤੀ ਜਾਵੇ ਕਿ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਬਚੀ ਰਹੇ। ਕੀ ਸੱਚਮੁੱਚ ਇਹ ਮੋਦੀ ਦੀ ਜਿੱਤ ਦਾ ਐਲਾਨ ਹੈ? ਜਾਂ ਕੀ ਹਾਰ ਜਿੱਤ ਦੇ ਲਫ਼ਜ਼ ਇਸ ਘਟਨਾ ਦੀ ਵਿਆਖਿਆ ਨਾਲ ਪੂਰਾ ਇਨਸਾਫ਼ ਨਹੀਂ ਕਰਦੇ? ਫਿਰ ਇਸ ਸਥਿਤੀ ਦੀ ਵਿਆਖਿਆ ਕਿਵੇਂ ਕੀਤੀ ਜਾਵੇ ਜਿਸ ਵਿੱਚ ਇਤਿਹਾਸ ਦੇ ਨਾਂਹ ਪੱਖੀ ਤੇ ਹਾਂ ਪੱਖੀ ਦੋਵੇਂ ਸਵਾਦ ਚੱਖੇ ਜਾ ਸਕਦੇ ਹੋਣ?

  ਇਹ ਉਸ ਤਰ੍ਹਾਂ ਦੀ ਗਜ਼ਬ ਦੀ ਚਾਲ ਹੈ ਜੋ ਸ਼ੈਕਸਪੀਅਰ ਦੇ ਮਹਾਨ ਨਾਟਕ "ਜੂਲੀਅਸ ਸੀਜ਼ਰ" ਨਾਲ ਮਿਲਦੀ ਜੁਲਦੀ ਜਾਪਦੀ ਹੈ,ਜਿਸ ਵਿੱਚ ਸੀਜ਼ਰ ਦੇ ਕਤਲ ਵਿਚ  ਕੂਟਨੀਤਕ ਚਾਲਾਂ ਦੇ ਮਾਹਰ ਅਤੇ ਜਰਨੈਲ ਐਂਥਨੀ,ਸੀਜ਼ਰ ਦੀ ਲਾਸ਼ ਨੂੰ ਆਪਣੇ ਹੱਥਾਂ ਨਾਲ ਚੁੱਕ ਕੇ ਇਹੋ ਜਿਹੀ ਜਜ਼ਬਾਤੀ ਤਕਰੀਰ ਕਰਦਾ ਹੈ ਕਿ ਜਿਤ ਦੇ ਐਨ ਕਰੀਬ ਪਹੁੰਚੇ ਅਤੇ ਰੋਮ ਦੀ ਸਲਤਨਤ ਦੇ ਸੱਚੇ ਸੁੱਚੇ ਅਤੇ ਹਰਮਨ ਪਿਆਰੇ ਇਨਸਾਨ ਬਰੂਟਸ ਨੂੰ ਥਾਏਂ ਹੀ ਚਿੱਤ ਕਰ ਦਿੰਦਾ ਹੈ ਅਤੇ ਇੰਜ ਲੜਾਈ ਦਾ ਸਾਰਾ ਪਾਸਾ ਹੀ ਪਲਟ ਜਾਂਦਾ ਹੈ। ਸਿਰਫ਼ ਜੰਗ ਦਾ ਪਾਸਾ ਹੀ ਨਹੀਂ  ਪਲਟਦਾ ਸਗੋਂ ਰਾਜਨੀਤਕ ਮਨੋਵਿਗਿਆਨੀਆਂ ਤੇ  ਕੂਟਨੀਤੀ ਦੇ ਮਾਹਰਾਂ ਲਈ ਕਈ ਸਵਾਲ ਖੜ੍ਹੇ ਕਰ ਦਿੰਦਾ ਹੈ ਜੋ ਅੱਜ ਤੱਕ ਵੀ ਕੀਤੇ ਜਾਂਦੇ ਹਨ। ਮੈਂ ਅੱਜਕੱਲ੍ਹ ਦੋ ਮਸ਼ਹੂਰ ਕਿਤਾਬਾਂ- modi's india (ਲੇਖਕ-Christophe jaffrelot) ਅਤੇ the Osama bin laden as I know (ਲੇਖਕ-peter l.bergen)ਪੜ ਰਿਹਾ ਹਾਂ। 600 ਤੋਂ ਉਪਰ ਪੰਨਿਆਂ ਵਿੱਚ ਫੈਲੀ "ਮੋਦੀ ਦਾ ਭਾਰਤ" ਵਿਚ ਸਾਰੀ ਕਿਤਾਬ ਮੋਦੀ ਦੇ ਖ਼ਿਲਾਫ਼ ਹੀ ਪ੍ਰਕਰਮਾ ਕਰਦੀ ਹੈ ਅਤੇ ਕਿਸੇ ਥਾਂ ਵੀ ਤੱਥਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦੀ। ਇਹ ਕਿਤਾਬ ਚਿਤਾਵਨੀ ਦੇ ਰਹੀ ਹੈ ਕਿ ਭਾਰਤ ਵਿੱਚ "ਐਥਨਿਕ ਡੈਮੋਕਰੇਸੀ" ਦਾ ਨਵਾਂ ਦੌਰ ਆ ਰਿਹਾ ਹੈ ਜਿਸ ਵਿਚ ਹੋਰਨਾਂ ਦੀ ਗੱਲ ਬਹੁਗਿਣਤੀ ਹਿੰਦੂਆਂ ਦੇ ਅਧੀਨ ਹੋ ਕੇ ਹੀ ਸੁਣੀ,ਮੰਨੀ ਤੇ ਵਿਚਾਰੀ ਜਾਵੇਗੀ। ਇਸ ਕਿਤਾਬ ਵਿੱਚ ਇੱਕ ਹੋਰ ਗੱਲ। ਮੋਦੀ ਦੀ ਉਲਟ-ਇਤਿਹਾਸਕ ਚੜ੍ਹਤ ਵਿੱਚ ਸਿਰ ਤੋਂ ਪੈਰਾਂ ਤਕ ਤਾਨਾਸ਼ਾਹੀ- ਤਾਨਾਸ਼ਾਹੀ ਰਾਜ ਕਰਦੀ ਹੈ- ਅਜਿਹੀ ਤਾਨਾਸ਼ਾਹੀ ਜਿਸ ਵਿੱਚ ਕਈ ਵਾਰ ਆਰਐੱਸਐੱਸ ਵੀ ਆਪਣੇ ਆਪ ਨੂੰ ਖੂੰਜੇ ਲੱਗੀ ਮਹਿਸੂਸ  ਕਰਨ ਲੱਗ ਜਾਂਦੀ ਹੈ। ਹੁਣ ਵੇਖਣਾ ਇਹ ਹੈ ਕਿ ਕੀ ਕਾਲੇ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਵਿਚ ਮੋਦੀ ਇਕ "ਦਿਆਲੂ ਤਾਨਾਸ਼ਾਹ" ਹੋ ਨਿੱਬੜਦਾ ਹੈ।

ਮਾਣ ਕਰਨ ਵਾਲਾ ਇਤਿਹਾਸਕ ਸੱਚ ਇਹ ਹੈ ਕਿ ਕਿਸਾਨ ਕੜਕਦੀਆਂ ਧੁੱਪਾਂ ਵਿਚ ਖਡ਼੍ਹੇ ਰਹੇ,ਤੇਜ਼ ਬਾਰਸ਼ਾਂ ਵੀ ਉਨ੍ਹਾਂ ਦੇ ਇਰਾਦੇ ਨੂੰ ਰੋਕ ਨਾ ਸਕੀਆਂ,ਲੂੰ ਕੰਡੇ ਖੜ੍ਹੇ ਕਰ ਦੇਣ ਵਾਲੀਆਂ ਸਿਆਲ ਦੀਆਂ ਠੰਢੀਆਂ ਰਾਤਾਂ ਵਿੱਚ ਵੀ ਉਹ ਅਡੋਲ ਰਹੇ। ਉਹ ਕਿਹੜੇ ਕੋਝੇ,ਬੇਹੂਦੀ ਕਿਸਮ ਦੇ ਮਜ਼ਾਕ,ਮਖੌਲ ਤੇ ਇਲਜ਼ਾਮ ਸਨ ਜੋ ਉਨ੍ਹਾਂ ਨੂੰ ਨਹੀਂ ਕੀਤੇ ਗਏ। ਕਦੇ ਅੱਤਵਾਦੀ, ਕਦੇ ਮਾਓਵਾਦੀ,ਕਦੇ ਖ਼ਾਲਿਸਤਾਨੀ,ਕਦੇ ਚੀਨ ਤੇ ਪਾਕਿਸਤਾਨ ਦੇ ਏਜੰਟ,ਕਦੇ ਅੰਦੋਲਨ ਪਰਜੀਵੀ,ਅਤੇ ਹੋਰ ਕਈ ਤਰ੍ਹਾਂ ਦੇ ਕੋਝੇ ਮਜ਼ਾਕ ਉਨ੍ਹਾਂ ਨੇ ਹੱਸ ਕੇ ਆਪਣੀ ਝੋਲੀ ਵਿੱਚ ਪਵਾਏ।ਪਰ ਸਿੱਧ ਕਰ ਦਿੱਤਾ ਕਿ ਕਿਸਾਨ ਰਾਜਨੀਤਕ ਤੇ ਸਦਾਚਾਰਕ ਤੌਰ ਤੇ ਹੁਣ ਉੱਭਰ ਰਹੀ ਤਾਕਤ ਹਨ।ਨਰਿੰਦਰ ਮੋਦੀ ਦੇ ਐਲਾਨ ਨੂੰ ਗੰਭੀਰਤਾ ਅਤੇ ਗਹਿਰਾਈ ਵਿੱਚ ਸੋਚਣ ਤੇ ਵਿਆਖਿਆ ਕਰਨ ਵਾਲੇ ਪੰਜ ਵਿਦਵਾਨਾਂ ਨਾਲ ਮੈਂ ਮੁਲਾਕਾਤ ਕੀਤੀ। ਇਹ ਸਾਰੇ ਵਿਦਵਾਨ ਪੰਜਾਬ ਦੀ ਰਾਜਨੀਤੀ, ਧਰਮ, ਇਤਿਹਾਸ ਅਤੇ ਸਭਿਆਚਾਰ  ਵਿੱਚ ਡੂੰਘੀ ਦਿਲਚਸਪੀ ਰੱਖਦੇ ਹਨ ਅਤੇ ਗਾਹੇ ਬਗਾਹੇ ਵੱਖ ਵੱਖ ਚੈਨਲਾਂ ਤੇ ਅਕਸਰ ਹੀ ਆਪਣੇ ਵਿਚਾਰ ਪ੍ਰਗਟ ਕਰਦੇ ਰਹਿੰਦੇ ਹਨ। ਇਨ੍ਹਾਂ ਵਿਚ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ,ਡਾਕਟਰ ਸੁਖਦਿਆਲ ਸਿੰਘ, ਡਾਕਟਰ ਜਮਸ਼ੇਦ ਅਲੀ ਖਾਨ, ਡਾਕਟਰ ਕੇਹਰ ਸਿੰਘ ਅਤੇ ਭਾਈ ਹਰਸਿਮਰਨ ਸਿੰਘ ਸ਼ਾਮਲ ਹਨ ।ਇਨ੍ਹਾਂ ਦੀਆਂ ਕੁਝ ਟਿੱਪਣੀਆਂ ਦਿਲਚਸਪ ਵੀ ਹਨ ਅਤੇ ਇਨ੍ਹਾਂ ਵਿੱਚ ਆਪਣੀ ਕਿਸਮ ਦੇ ਸੂਖਮ ਤਨਜ਼ ਤੇ ਮਖੌਲ ਦੇ ਅੰਸ਼ ਵੀ ਸ਼ਾਮਲ ਹਨ।   ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇਤਿਹਾਸ ਦੇ ਸਾਬਕਾ ਪ੍ਰੋਫੈਸਰ ਅਤੇ ਕਈ ਕਿਤਾਬਾਂ ਦੇ ਲੇਖਕ ਡਾ. ਸੁਖਦਿਆਲ ਸਿੰਘ ਮਹਿਸੂਸ ਕਰਦੇ ਹਨ ਕਿ ਇਸ ਐਲਾਨ ਨਾਲ ਸਿੱਖਾਂ ਦੀ ਚੜ੍ਹਦੀ ਕਲਾ ਹੋਈ ਹੈ, ਕਿਉਂਕਿ ਇਕ ਨਜ਼ਰੀਏ ਤੋਂ ਕਿਸਾਨ ਅੰਦੋਲਨ ਨੂੰ ਅੰਤਰਰਾਸ਼ਟਰੀ ਖੇਤਰਾਂ ਵਿਚ    ਮੁੱਖ ਤੌਰ ਤੇ ਸਿੱਖਾਂ ਦੀ ਤਹਿਰੀਕ ਹੀ ਸਮਝਿਆ ਜਾਂਦਾ ਹੈ।ਜਦੋਂ ਇਹ ਪੁੱਛਿਆ ਗਿਆ ਕਿ ਕੀ ਇਸ ਐਲਾਨ ਨਾਲ ਰਾਜਨੀਤਕ ਸਮੀਕਰਨ ਉਲਟੇ ਪੁਲਟੇ ਹੋ ਗਏ ਤਾਂ ਉਨ੍ਹਾਂ ਨੇ ਝਟ ਪਟ ਮੋੜਵਾਂ ਜਵਾਬ ਦਿੱਤਾ ਕਿ "ਉਲਟੇ ਪੁਲਟੇ ਨਹੀਂ ਹੋਏ ਸਗੋਂ ਉਲਟੇ ਪੁਲਟੇ ਕਰ ਦਿੱਤੇ ਗਏ ਹਨ"ਡਾਕਟਰ ਸਾਹਿਬ ਨੇ ਮੋਦੀ ਦੀ ਤਕਰੀਰ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਭਾਸ਼ਣ ਦਾ ਇੱਕ ਇੱਕ ਲਫ਼ਜ਼ ਬਕਾਇਦਾ ਤੋਲ ਮਿਣ ਕੇ ਤਿਆਰ ਕੀਤਾ ਗਿਆ ਜਾਪਦਾ ਹੈ।ਇਸ ਵਿੱਚ ਕੁਝ ਸੁਲਝੇ ਹੋਏ ਸਲਾਹਕਾਰਾਂ ਦਾ ਜ਼ਰੂਰ ਹੱਥ  ਹੋਵੇਗਾ। ਡਾਕਟਰ ਸਾਹਿਬ ਨੇ ਸੁਝਾਅ ਦਿੱਤਾ ਹੈ ਕਿ ਸਮੇਂ ਦੀ ਲੋੜ ਹੈ ਕਿ ਮੋਦੀ ਦੇ ਨੇਡ਼ੇ ਹੋ ਕੇ ਸਿੱਖਾਂ ਨੂੰ ਆਪਣੀਆਂ ਕੁਝ ਅਹਿਮ ਮੰਗਾਂ ਮਨਵਾਉਣ ਲਈ ਸਾਂਝੇ ਤੌਰ ਤੇ ਕਦਮ ਚੁੱਕਣੇ ਚਾਹੀਦੇ ਹਨ। ਪਰ ਸਿੱਖਾਂ  ਵਿਚ ਕੋਈ ਅਜਿਹਾ ਲੀਡਰ ਨਹੀਂ ਜੋ ਜਬੇ ਨਾਲ ਅਤੇ ਕਾਬਲੀਅਤ ਰੱਖਦਾ ਹੋਇਆ ਕੇਂਦਰ ਨਾਲ ਗੱਲ ਕਰ ਸਕਦਾ ਹੋਵੇ। ਇਹ ਸਿੱਖਾਂ ਦਾ ਬਹੁਤ ਵੱਡਾ ਦੁਖਾਂਤ ਹੈ।

  ਰਾਜਨੀਤਕ ਵਿਗਿਆਨ ਦੇ ਸਾਬਕਾ ਪ੍ਰੋਫੈਸਰ ਡਾਕਟਰ ਕੇਹਰ ਸਿੰਘ ਵੀ ਇਸ ਐਲਾਨ ਨੂੰ ਹਾਂ ਪੱਖੀ ਨਜ਼ਰੀਏ ਤੋਂ ਲੈ ਰਹੇ ਹਨ, ਹਾਲਾਂਕਿ ਉਨ੍ਹਾਂ ਦਾ ਖਿਆਲ ਇਹ ਹੈ ਕਿ ਇਸ ਵਿਚ ਭਾਵੇਂ ਸ਼ਰਧਾ ਨਹੀਂ ਪਰ ਗੁਰੂ ਨਾਨਕ ਸਿੰਘ  ਸਾਹਿਬ ਦੇ ਗੁਰਪੁਰਬ ਤੇ ਇਹੋ ਜਿਹੇ ਅਹਿਮ ਐਲਾਨ ਦਾ ਸਵਾਗਤ ਕਰਨਾ ਚਾਹੀਦਾ ਹੈ। ਜਦੋਂ ਇਹ ਸਵਾਲ ਕੀਤਾ ਗਿਆ ਕਿ ਕੀ ਇਸ ਐਲਾਨ ਨਾਲ ਪੰਜਾਬ ਵਿੱਚ ਖੂੰਜੇ ਲੱਗੀ ਭਾਜਪਾ ਵਿੱਚ  ਨਵੀਂ ਜਾਨ,ਨਵਾਂ ਜੋਸ਼ ਆ ਸਕਦਾ ਹੈ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਭਾਵੇਂ ਰਾਜਨੀਤੀ ਵਿਚ ਉਨ੍ਹਾਂ ਦੀ ਪੂਰੀ ਤਰ੍ਹਾਂ ਖੁੱਸ ਚੁੱਕੀ ਥਾਂ ਕਿਸੇ ਹੱਦ ਤੱਕ ਬਹਾਲ ਹੋਈ ਹੈ, ਪਰ ਉਹ ਪੰਜਾਬ ਦੀ "ਸਿਆਸਤ ਦੇ ਕੇਂਦਰ  ਦੇ ਕੇਂਦਰ ਵਿਚ ਅਜੇ ਵੀ ਨਹੀਂ ਹਨ"।ਡਾਕਟਰ  ਕੇਹਰ ਸਿੰਘ ਇਹ ਤੱਥ ਵੀ ਸਵੀਕਾਰ ਕਰਦੇ ਹਨ ਕਿ ਮੋਦੀ ਆਪਣੀ ਮਰਜ਼ੀ ਦੇ ਮਾਲਕ ਹਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੇ ਅਜੇ ਤਕ ਇਕ ਵੀ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ ਅਤੇ ਇਹ ਵੀ ਸੱਚਾਈ ਹੈ ਕਿ ਉਨ੍ਹਾਂ ਦਾ ਕੱਦ ਬੁੱਤ ਆਰਐੱਸਐੱਸ ਨਾਲੋਂ ਵੀ ਉੱਤੇ ਚਲਾ ਗਿਆ ਹੈ,ਭਾਵੇਂ ਆਰਐੱਸਐੱਸ ਉਨ੍ਹਾਂ ਦੀ ਸਮਰਥਕ ਹੀ ਹੈ।  ਉਨ੍ਹਾਂ ਕਿਹਾ ਕਿ ਇਸ ਐਲਾਨ ਵਿਚ ਕਿਸਾਨਾਂ ਦੀ ਇਖ਼ਲਾਕੀ ਜਿੱਤ ਹੋਈ ਹੈ ਅਤੇ ਸਰਕਾਰ ਦੀ ਇਖ਼ਲਾਕੀ ਹਾਰ।

 ਦੂਜੇ ਪਾਸੇ  ਡਾ ਜਮਸ਼ੇਦ ਅਲੀ ਖ਼ਾਨ ਜਿਨ੍ਹਾਂ ਨੇ ਅਕਾਲੀ ਰਾਜਨੀਤੀ ਉੱਤੇ ਇੱਕ ਕਿਤਾਬ ਵੀ ਲਿਖੀ ਹੈ,ਉਹ ਇਸ ਐਲਾਨ ਨੂੰ ਇਕ ਪਾਸੜ ਐਲਾਨ ਦੇ ਸ਼ਬਦਾਂ ਨਾਲ ਤੁਲਨਾ ਦਿੰਦੇ ਹਨ ਅਤੇ ਅਤੇ "ਇਹੋ ਜਿਹਾ ਐਲਾਨ ਵੀ ਇੱਕ ਤਰ੍ਹਾਂ ਨਾਲ ਤਾਨਾਸ਼ਾਹੀ ਦਾ ਹੀ ਰੂਪ ਹੁੰਦਾ ਹੈ"। ਜਦੋਂ ਉਨ੍ਹਾਂ ਨੂੰ ਤਾਨਾਸ਼ਾਹੀ ਸ਼ਬਦ ਦੀ ਵਿਆਖਿਆ ਕਰਨ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਰਿੰਦਰ ਮੋਦੀ ਨੇ ਕੋਈ ਵੀ ਅਜਿਹਾ ਜਮਹੂਰੀ ਅਮਲ ਨਹੀਂ ਅਪਨਾਇਆ ਜਿਸ ਵਿਚ ਕਿਸਾਨਾਂ ਨੂੰ ਭਰੋਸੇ ਵਿਚ ਲੈ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੋਵੇ ਅਤੇ ਫਿਰ ਫ਼ੈਸਲੇ ਦਾ ਐਲਾਨ  ਕੀਤਾ ਜਾਵੇ। ਇਹੋ ਜਿਹਾ ਜਮਹੂਰੀ ਅਮਲ ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਸ਼ਾਮਲ ਹੀ  ਨਹੀਂ।  ਉਨ੍ਹਾਂ ਕਿਹਾ ਕਿ ਇਹ ਐਲਾਨ  ਰਾਜਨੀਤਕ ਮਜਬੂਰੀ ਵੀ ਹੈ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਮੋਦੀ ਦੀ ਸਾਖ਼ ਡਿੱਗਦੀ ਜਾ ਰਹੀ ਸੀ  ਅਤੇ ਸਿੱਖ ਥਾਂ ਥਾਂ ਜਿੱਥੇ ਕਿਤੇ ਵੀ ਨਰਿੰਦਰ ਮੋਦੀ ਜਾਂਦੇ ਸਨ, ਉਨ੍ਹਾਂ ਵਿਰੁੱਧ ਜ਼ਬਰਦਸਤ ਰੋਸ ਵਿਖਾਵੇ ਕਰਦੇ ਸਨ।

  "ਇੰਡੀਆ ਕੁਮਿਟਸ ਸੁਇਸਾਈਡ" ਵਰਗੀ ਚਰਚਿਤ ਪੁਸਤਕ ਦੇ ਲੇਖਕ ਅਤੇ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ  ਇਸ ਐਲਾਨ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਵੇਖ ਰਹੇ ਹਨ। ਉਨ੍ਹਾਂ ਦਾ ਖਿਆਲ ਹੈ ਕਿ ਇਹ ਐਲਾਨ  "ਕੌਟੱਲਿਆ ਰਾਜਨੀਤੀ" ਦਾ ਹੀ ਹਿੱਸਾ ਹੈ ਜਿਸ ਵਿਚ ਮੰਜ਼ਿਲ ਤੇ ਪਹੁੰਚਣਾ ਹੀ ਮੁੱਖ ਨਿਸ਼ਾਨਾ ਹੁੰਦਾ ਹੈ,ਭਾਵੇਂ ਉਸ ਨਿਸ਼ਾਨੇ  ਨੂੰ ਹਾਸਲ ਕਰਨ ਲਈ ਢੰਗ ਤਰੀਕੇ ਕਿਹੋ ਜਿਹੇ ਵੀ ਹੋਣ। ਉਨ੍ਹਾਂ ਨੇ ਆਰਐੱਸਐੱਸ ਦੇ ਸਿਧਾਂਤਕਾਰ ਸਾਵਰਕਰ ਦੀ ਮਿਸਾਲ ਦਿੱਤੀ ਜੋ ਅੰਗਰੇਜ਼ ਹਕੂਮਤ ਤੋਂ ਮਾਫ਼ੀਆ ਵੀ ਮੰਗਦੇ ਰਹੇ ਹਨ,ਉਨ੍ਹਾਂ ਦੀ ਤਾਰੀਫ ਵੀ ਕਰਦੇ ਰਹੇ ਹਨ ਅਤੇ ਜੇਲ੍ਹ ਚੋਂ ਬਾਹਰ ਆ ਕੇ ਵਿਰੋਧ ਵੀ ਕਰਦੇ ਰਹੇ ਹਨ। ਇਹ ਕੁਟੱਲਿਆ ਰਾਜਨੀਤੀ ਦੀ ਹੀ ਢੁੱਕਵੀਂ ਮਿਸਾਲ ਹੈ।  ਡਾਕਟਰ ਢਿੱਲੋਂ ਮੁਤਾਬਕ ਮੋਦੀ ਨੂੰ ਇਹ ਖਬਰਾਂ ਮਿਲ ਰਹੀਆਂ ਸਨ ਕਿ ਯੂ.ਪੀ ਹੱਥੋਂ ਨਿਕਲ ਰਹੀ ਹੈ। ਉਥੇ ਅਖਿਲੇਸ਼ ਦਿਨ ਬਦਿਨ ਤਾਕਤਵਰ ਬਣਦਾ ਜਾ ਰਿਹਾ ਹੈ।ਮੋਦੀ ਨੂੰ ਇਹ ਡਰ ਲਗਾਤਾਰ ਖਾਈ ਜਾ ਰਿਹਾ ਸੀ ਕਿ ਜੇਕਰ ਯੂਪੀ  ਵਿੱਚ ਉਹ ਹਾਰ ਗਏ ਤਾਂ ਉਨ੍ਹਾਂ ਦਾ ਰਾਜਨੀਤਕ ਢਾਂਚਾ ਹੀ ਡਗਮਗਾ ਜਾਵੇਗਾ।

  ਖ਼ਾਲਸਾ ਤਰਜ਼-ਏ-ਜ਼ਿੰਦਗੀ ਨਾਲ ਜੁੜੀਆਂ ਅੱਧੀ ਦਰਜਨ ਪੁਸਤਕਾਂ ਦੇ ਲੇਖਕ ਭਾਈ ਹਰਸਿਮਰਨ ਸਿੰਘ ਇਸ ਐਲਾਨ ਨੂੰ ਰਾਜਨੀਤਕ ਉੱਚਿਤਤਾ ਅਤੇ  ਰਾਜਨੀਤਕ ਮਜਬੂਰੀ ਨਾਲ ਤੁਲਨਾ ਦਿੰਦੇ ਹਨ,ਪਰ ਉਨ੍ਹਾਂ ਨੇ ਨਾਲ ਹੀ ਇਹ ਸਾਵਧਾਨ ਵੀ ਕੀਤਾ ਕਿ ਜਦੋਂ ਤਕ ਖੇਤੀ ਜਿਣਸਾਂ ਲਈ ਘੱਟੋ ਘੱਟ ਮੁੱਲ ਨੂੰ ਲਾਗੂ ਕਰਾਉਣ ਲਈ  ਕਾਨੂੰਨੀ ਸ਼ਕਲ ਨਹੀਂ ਦਿੱਤੀ ਜਾਂਦੀ, ਉਦੋਂ ਤਕ ਤਿੰਨ ਕਾਨੂੰਨਾਂ ਦੀ ਵਾਪਸੀ ਅਧੂਰੀ ਜਿੱਤ ਹੀ ਸਮਝੀ ਜਾਵੇਗੀ।ਉਨ੍ਹਾਂ ਕਿਹਾ ਕਿ ਜਦੋਂ ਤੱਕ ਪਾਰਲੀਮੈਂਟ ਵਿਚ ਤਿੰਨਾਂ ਕਾਨੂੰਨਾਂ ਨੂੰ ਵਾਪਸ ਕਰਨ ਬਾਰੇ ਐਲਾਨ ਨਹੀਂ ਹੁੰਦਾ,ਉਦੋਂ ਤੱਕ ਕਿਸਾਨਾਂ ਨੂੰ ਵਾਪਸ ਨਹੀਂ  ਨਹੀਂ ਆਉਣਾ ਚਾਹੀਦਾ।ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਮੋਦੀ ਕੋਈ ਵਖਰੀ ਖੇਡ ਵੀ ਖੇਡ ਰਿਹਾ ਹੋਵੇ ਜਿਸ ਦਾ ਅਜੇ ਕਿਸੇ ਨੂੰ ਵੀ ਨਹੀਂ ਪਤਾ।

ਅੰਗਰੇਜ਼ੀ ਵਿਸ਼ੇ ਦੇ ਪ੍ਰੋਫ਼ੈਸਰ ਰਹੇ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਸਰਦਾਰ ਬਾਵਾ ਸਿੰਘ ਦੀਆਂ ਕੁਝ ਟਿੱਪਣੀਆਂ ਤਾਂ ਬਹੁਤ ਹੀ ਦਿਲਚਸਪ ਲਗੀਆਂ। ਉਨ੍ਹਾਂ ਮੁਤਾਬਕ "ਵੋਟ ਦੀ ਚੋਟ ਬੜਾ ਕਾਰਗਰ  ਹਥਿਆਰ  ਹੁੰਦਾ ਹੈ। ਮੋਦੀ ਨੂੰ ਕਿਸਾਨਾਂ ਨਾਲ ਘੱਟ ਅਤੇ ਖੁੱਸ ਰਹੀ ਸਿਆਸਤ ਦੀ ਵੱਡੀ ਚਿੰਤਾ ਸੀ। ਜੇ ਸਿਆਸਤਦਾਨ ਦੀ ਸਿਆਸਤ ਨਾ ਹਿਲੇ ਤਾਂ ਸਿਆਸਤਦਾਨ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ।ਪਰ ਹੁਣ ਹਿੱਲ  ਰਹੀ ਸੀ। ਉਹ ਹੁਣ ਫਸਿਆ  ਪਿਆ ਸੀ ਅਤੇ ਕੋਈ ਰਾਹ ਲੱਭ ਰਿਹਾ ਸੀ।ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਉਸ ਨੂੰ ਲੱਭ ਗਿਆ ਜਿੱਥੇ ਉਹ ਕਈ ਸੰਦੇਸ਼ ਦੇ ਸਕਦਾ ਸੀ। ਜਦੋਂ ਸਰਦਾਰ ਬਾਵਾ ਸਿੰਘ ਨੂੰ ਇਹ ਪੁੱਛਿਆ ਗਿਆ ਕਿ ਕੀ ਪੰਜਾਬ ਵਿਚ ਹੁਣ ਨਵੀਂ ਰਾਜਨੀਤਕ ਹਿਲਜੁਲ ਹੋ ਸਕਦੀ ਹੈ ,ਉਨ੍ਹਾਂ ਦਾ ਜਵਾਬ ਸੀ "ਸ਼ਤ ਪ੍ਰਤੀਸ਼ਤ"। ਉਨ੍ਹਾਂ ਕਿਹਾ ਕਿ ਹੁਣ ਸ਼ਹਿਰੀ ਵੋਟ ਦਾ ਕੋਈ ਭਰੋਸਾ ਨਹੀਂ ਕਿੱਧਰ ਜਾਵੇਗੀ।ਹੋ ਸਕਦੈ ਕਿਸੇ "ਹੋਰ ਪਾਸੇ" ਚਲੇ ਜਾਵੇ।ਸ਼ਹਿਰੀ ਵੋਟਾਂ ਦਾ ਮਤਲਬ ਹਿੰਦੂ ਵੋਟਾਂ  ਹੀ ਸਨ ਭਾਵੇਂ ਉਹ ਖੁੱਲ ਕੇ ਇਹ ਨਹੀਂ ਸਨ ਕਹਿ ਰਹੇ। ਕਿਸਾਨ ਜਥੇਬੰਦੀਆਂ ਵਿਚ ਮਤਭੇਦ ਤਿੱਖੇ ਹੋ ਸਕਦੇ ਹਨ ਪਰ ਇਹ ਵੀ ਪਤਾ ਨਹੀਂ ਕਿ ਕਿਸਾਨ ਰਾਜਨੀਤੀ ਵਿੱਚ ਸਿੱਧੇ ਤੌਰ ਤੇ ਆਉਣਗੇ ਜਾਂ ਅਸਿੱਧੇ ਰੂਪ ਵਿੱਚ। ਉਹ ਉਦਾਸ ਹੋ ਕੇ ਕਹਿ ਰਹੇ ਸਨ ਕਿ ਹੁਣ ਉਦਾਰਵਾਦ ਦਾ ਦੌਰ ਖ਼ਤਮ ਹੋ ਚੁੱਕਾ ਹੈ।ਸੰਵਿਧਾਨ ਮੁਤਾਬਕ ਸਰਕਾਰ ਨਹੀਂ ਚਲਿਆ ਕਰੇਗੀ।  ਡੋਵਾਲ ਦਾ ਤਾਜ਼ਾ ਬਿਆਨ ਪੜ੍ਹੋ  ਜਦੋਂ ਉਹ ਇਹ ਕਹਿੰਦਾ ਹੈ ਕਿ ਸਿਵਲ ਸੁਸਾਇਟੀ ਫ਼ੈਸਲੇ ਨਹੀਂ ਕਰੇਗੀ।ਫ਼ੈਸਲੇ ਤਾਂ ਕਿਸੇ ਹੋਰ ਥਾਂ ਤੇ ਹੋਣਗੇ।