ਗੁਰਮਤਿ, ਰਾਮ, ਰਾਮ ਚੰਦਰ ਤੇ ਰਾਮਾਇਣ

ਗੁਰਮਤਿ, ਰਾਮ, ਰਾਮ ਚੰਦਰ ਤੇ ਰਾਮਾਇਣ

ਸਿਖ ਚੇਤਨਾ                                   

   ਪੰਜਾਬ ਅੰਦਰ ਝੂਠੇ ਪੁਲਿਸ ਮੁਕਾਬਲਿਆਂ ਵਿਚ ਹਜਾਰਾਂ ਸਿਖ ਨੌਜਵਾਨਾਂ ਨੂੰ ਕਤਲ ਕਰ ਕੇ ਮਾਰ ਖਪਾਉਣ ਵਾਲੇ ਪੁਲਿਸ ਅਫਸਰਾਂ ਦੇ ਅਦਾਲਤਾਂ ਵਿਚ ਮੁਕਦਮੇ ਲੜਨ ਵਾਲੇ ਅਤੇ ਕੇ ਪੀ ਐਸ ਗਿਲ ਦੇ ਯਾਰ ਰਹੇ ਸੁਪਰੀਮ ਕੋਰਟ ਦੇ ਵਕੀਲ ਕੇ ਟੀ ਐਸ ਤੁਲਸੀ ਨੇ ਇੰਦਰਾਂ ਗਾਂਧੀ ਰਾਸ਼ਟਰੀ ਕਲਾ ਕੇਂਦਰ ਵਲੋਂ ਛਾਪੀ ਅਤੇ ਆਪਣੀ ਸਵਰਗਵਾਸੀ ਮਾਂ ਵਲੋਂ ਲਿਖੀ ਗਈ ‘ਦ ਰਾਮਾਇਣ ਆਫ ਗੁਰੂ ਗੋਬਿੰਦ ਸਿੰਘ’ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭੇਟ ਕਰਕੇ ਇਕ ਨਵੀਂ ਚਰਚਾ ਛੇੜ ਦਿਤੀ ਹੈ। ਅਯੋਧਿਆ ਵਿਚ ਰਾਮ ਮੰਦਿਰ ਦਾ ਨੀਂਹ ਪਥਰ ਰਖਣ ਵੇਲੇ ਵੀ ਇਹ ਚਰਚਾ ਛਿੜੀ ਸੀ। ਅਜਿਹੀਆਂ ਚਰਚਾਵਾਂ ਛਿੜਨ ਦੇ ਬੁਨਿਆਦੀ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਸ. ਪ੍ਰੀਤਮ ਸਿੰਘ ਰੁਪਾਲ ਨੇ ਲਿਖਿਆ ਹੈ : ‘‘ਅਸੀਂ ਭਾਰਤੀ ਸਟੇਟ ਵਿਚ ਬਹੁਗਿਣਤੀ ਤੋਂ ਵਾਹਵਾ ਖਟਣ ਜਾਂ ਸਰਕਾਰੇ ਦਰਬਾਰੇ ਪਹੁੰਚ ਬਣਾਉਣ ਲਈ ਆਪਣੇ ਸ਼ਾਨਾਮਤੇ ਵਿਰਸੇ ਅਤੇ ਇਤਿਹਾਸ ਨੂੰ ਵਡੇ ਮਿਥਿਹਾਸਕ ਅਤੇ ਵੈਦਿਕ ਪਰਛਾਵੇਂ ਵਿਚ ਤੋਰਨ ਦਾ ਯਤਨ ਕਰਦੇ ਹਾਂ।’’ ਭਾਰਤੀ ਸਟੇਟ ਵਿਚ ਬਹੁਗਿਣਤੀ ਤੋਂ ਵਾਹਵਾ ਖਟਣ ਜਾਂ ਸਰਕਾਰੇ ਦਰਬਾਰੇ ਪਹੁੰਚ ਬਣਾਉਣ ਲਈ ਹੀ ਕੇ ਟੀ ਐਸ ਤੁਲਸੀ ਵਰਗੇ ਵਿਕਾਊ ਭੇਖਧਾਰੀ ਲੋਕ ਸ਼ਾਨਾਮਤੇ ਸਿਖ ਵਿਰਸੇ ਅਤੇ ਇਤਿਹਾਸ ਨੂੰ ਵਡੇ ਮਿਥਿਹਾਸਕ ਅਤੇ ਵੈਦਿਕ ਪਰਛਾਵੇਂ ਵਿਚ ਤੋਰਨ ਦਾ ਯਤਨ ਕਰਦੇ ਹਨ, ਤਾਂ ਕਿ ਮਨੂੰਵਾਦੀ ਬ੍ਰਾਹਮਣੀ ਸਰਕਾਰ ਕੋਲੋ ਕਿਸੇ ਅਹੁਦੇ ਦੇ ਰੂਪ ਵਿਚ ਕੁਝ ਟੁਕਰ ਪ੍ਰਾਪਤ ਕਰ ਸਕਣ। ਕਾਤਲ ਪੁਲਿਸ ਅਫਸਰਾਂ ਦੇ ਅਦਾਲਤਾਂ ਵਿਚ ਕੇਸ ਲੜਨ ਦੇ ਇਵਜਾਨੇ ਵਜੋਂ ਪਹਿਲਾਂ ਉਸ ਨੂੰ ਕਾਂਗਰਸ ਪਾਰਟੀ ਨੇ ਰਾਜ ਸਭਾ ਦਾ ਮੈਂਬਰ ਬਣਾਇਆ ਸੀ, ਹੁਣ ਉਹ ਆਪਣੀ ਇਸ ਰਾਮ ਭਗਤੀ ਦੀ ਕੀਮਤ ਮੋਦੀ ਸਰਕਾਰ ਕੋਲੋ ਵਸੂਲਣ ਦੀ ਆਸ ਕਰਦਾ ਹੈ। ਯਕੀਨਨ ਸਿਖ ਜਗਤ ਦਾ ਵਡਾ ਹਿਸਾ ਅਜਿਹੇ ਟੁਕਰਬੋਚਾਂ ਦੀ ਨਿਖੇਧੀ ਕਰਦਾ ਹੈ ਪਰ ਮੋਦੀ ਮੀਡੀਆ ਇਸ ਨਿਖੇਧੀ ਨੂੰ ਅਣਗੌਲਿਆਂ ਕਰ ਕੇ ਬਹੁਗਿਣਤੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੀਆਂ ਖਬਰਾਂ ਨੂੰ ਧੜਾਧੜ ਛਾਪਦਾ ਹੈ। ਅਯੋਧਿਆ ਵਿਚ ਰਾਮ ਮੰਦਿਰ ਦੀ ਨੀਂਹ ਰਖਣ ਵੇਲੇ ਵੀ ਨਰੇਂਦਰ ਮੋਦੀ ਨੇੇ ਆਪਣੀ ਤਕਰੀਰ ਵਿਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਮਾਇਣ ਲਿਖੇ ਜਾਣ ਦਾ ਹਵਾਲਾ ਦਿਤਾ ਸੀ। ਉਦੋਂ ਵੀ ਬਹੁਤੇ ਸਿਖ ਵਿਦਵਾਨਾਂ ਨੇ ਇਸ ਹਵਾਲੇ ਨੂੰ ਝੂਠਾ ਕਰਾਰ ਦਿਤਾ ਸੀ।ਉਦੋਂ ਵੀ ਸਿਖ ਮਨਾਂ ਵਿਚ ਵਡੀ ਪਧਰ ਉਤੇ ਗੁਰਮਤਿ ਅਤੇ ਸ੍ਰੀ ਰਾਮ ਚੰਦਰ ਦੇ ਰਿਸ਼ਤੇ ਬਾਰੇ ਸੁਆਲ ਪੈਦਾ ਹੋਇਆ ਸੀ ਅਤੇ ਹੁਣ ਵੀ ਸਿਖ ਮਨਾਂ ਵਿਚ ਇਹੀ ਸੁਆਲ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜਿਹੜੇ ਰਾਮ ਦਾ ਵਾਰ ਵਾਰ ਜ਼ਿਕਰ ਕੀਤਾ ਗਿਆ ਹੈ ਅਤੇ ਕੁਝ ਬ੍ਰਾਹਮਣੀ ਵਿਦਵਾਨ ਜਿਸਦਾ ਹਵਾਲਾ ਅਕਸਰ ਦੇਂਦੇ ਹਨ, ਉਹ ਇਸ ਬ੍ਰਹਿਮੰਡ ਦੇ ਕਣ-ਕਣ ਵਿਚ ਰਮਿਆ ਹੋਇਆ ਰਾਮ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਕ ਥਾਂ ਨਹੀਂ ਬਲਕਿ ਅਨੇਕ ਥਾਂ ਦਰਜ ਹੈ  

ਰਮਤ ਰਾਮੁ ਸਭ ਰਹਿਓ ਸਮਾਇ॥ (ਪੰਨਾ 865)।

ਰਾਮ ਰਮਤ ਸੰਤਨ ਸੁਖੁ ਮਾਨਾ (ਪੰਨਾ 743)।

ਰਾਮ ਰਮਤ ਹਰਿ ਹਰਿ ਸੁਖੁ ਪਾਇਆ। (ਪੰਨਾ 1348)।

ਰਮਤ ਰਾਮ ਘਟ ਘਟ ਆਧਾਰ। (ਪੰਨਾ 897)

ਦਸ਼ਰਥ ਪੁਤਰ ਰਾਮ ਚੰਦ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਵਿਚ ਬੜਾ ਸਪਸ਼ਟ ਦਰਜ ਹੈ  

ਰੋਵੈ ਰਾਮੁ ਨਿਕਾਲਾ ਭਇਆ॥

ਸੀਤਾ ਲਖਮਣੁ ਵਿਛੁੜਿ ਗਇਆ॥ (ਪੰਨਾ 954)।

ਰਾਮਚੰਦਿ ਮਾਰਿਓ ਅਹਿ ਰਾਵਣੁ॥ (ਪੰਨਾ 942)

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਰੇਕ ਕਿਸਮ ਦੇ ਬ੍ਰਾਹਮਣਵਾਦੀ ਕਰਮਕਾਂਡ, ਭੇਖ, ਵਿਖਾਵੇ, ਪਾਖੰਡ ਅਤੇ ਮਨੂੰਵਾਦੀ ਧਾਰਨਾਵਾਂ ਦੇ ਉਲਟ ਹੈ। ਗੁਰਮਤਿ ਅਵਤਾਰਵਾਦ ਦਾ ਬੜੇ ਸਪਸ਼ਟ ਰੂਪ ਵਿਚ ਖੰਡਨ ਕਰਦੀ ਹੈ।

ਗੁਰੂ ਨਾਨਕ ਸਾਹਿਬ ਸਾਰੇ ਹਿੰਦੂ ਤੀਰਥ ਅਸਥਾਨਾਂ ਉਤੇੇ ਧਰਮ ਦੇ ਆਪੇ ਬਣੇ ਆਗੂਆਂ ਨੂੰ ਇਹ ਨਸੀਹਤ ਕਰਨ ਗਏ ਸਨ ਕਿ ਰਬ ਦੇ ਨਾਮ ਉਤੇ ਝੂਠ ਬੋਲ ਕੇ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਨਾ ਕਰੋ। ਇਕ ਪਾਸੇ ਆਰ ਐਸ ਐਸ ਅਤੇ ਮੋਦੀ ਸਰਕਾਰ ਵਲੋਂ ਗੁਰੂਆਂ ਨਾਲ ਨੇੜਤਾ ਦਾ ਪਾਖੰਡ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਗੁਰੂ ਸਾਹਿਬ ਦੀਆਂ ਹਿੰਦੂ ਤੀਰਥ ਅਸਥਾਨਾਂ ਦੀਆਂ ਕੀਤੀਆ ਇਤਿਹਾਸਕ ਫੇਰੀਆਂ ਦੀਆਂ ਯਾਦਾਂ ਨੂੰ ਸੁਚੇਤ ਰੂਪ ਵਿਚ ਖਤਮ ਕੀਤਾ ਜਾ ਰਿਹਾ ਹੈ। ਹਰਿਦੁਆਰ ਵਿਚ ਗੁਰਦਆਰਾ ਗਿਆਨ ਗੋਦੜੀ ਸਾਹਿਬ ਅਤੇ ਜਗਨਨਾਥ ਪੁਰੀ ਵਿਚ ਮੰਗੂ ਕੇ ਮਠ ਨੂੰ ਢਾਹੁਣ ਦੀ ਕੀਤੀ ਕਾਰਵਾਈ ਇਸ ਦੀ ਸਪਸ਼ਟ ਮਿਸਾਲ ਹੈ। ਸਿਖ ਜਗਤ ਵਲੋਂ ਤਗੜਾ ਵਿਰੋਧ ਕਰਨ ਦੇ ਬਾਵਜੂਦ ਇਹ ਗੁਰੂ ਅਸਥਾਨ ਢਾਹ ਦਿਤੇ ਗਏ ਹਨ। ਇਸ ਤੋਂ ਪਹਿਲਾਂ ਕੁਰੁਕਸ਼ੇਤਰ ਵਿਚ ਬ੍ਰਹਮ ਸਰੋਵਰ ਬਣਾਉਣ ਵੇਲੇ ਸੂਰਜ ਕੁੰਡ ਦੇ ਨੇੜੇੇ ਗੁਰੂ ਨਾਨਕ ਸਾਹਿਬ ਦੀ ਕੁਰਕੁਸ਼ੇਤਰ ਫੇਰੀ ਦੀ ਯਾਦ ਵਿਚ ਬਣੇ ਇਤਿਹਾਸਕ ਅਸਥਾਨ ਨੂੰ ਢਾਹ ਦਿਤਾ ਗਿਆ ਸੀ।ਅਸਲ ਵਿਚ ਆਰ ਐਸ ਐਸ ਦੀ ਮਨੂੰਵਾਦੀ ਸੋਚ ਦੀ ਧਾਰਨੀ ਮੋੋਦੀ ਸਰਕਾਰ ਨਹੀਂ ਚਾਹੁੰਦੀ ਕਿ ਬ੍ਰਾਹਮਣੀ ਸੋਚ ਦੇ ਗੜ੍ਹਾਂ ਵਿਚ, ਉਹਨਾਂ ਦੀ ਸੋਚ ਨੂੰ ਚੁਣੌਤੀ ਦੇਂਦੀਆਂ ਗੁਰੂ ਸਾਹਿਬ ਦੀਆਂ ਇਤਿਹਾਸਕ ਯਾਦਾਂ ਕਾਇਮ ਰਹਿਣ ਤਾਂ ਕਿ ਆਉਣ ਵਾਲੀਆ ਪੀੜ੍ਹੀਆਂ ਇਹਨਾਂ ਯਾਦਾਂ ਤੋਂ ਪ੍ਰੇਰਨਾ ਲੈ ਕੇ ਕਿਤੇ ਬ੍ਰਾਹਮਣੀ ਕਰਮਕਾਂਡ ਦਾ ਤਿਆਗ ਨਾ ਕਰ ਦੇਣ।ਗੁਰੂ ਇਤਿਹਾਸ ਦਸਦਾ ਹੈ ਕਿ ਤਿੰਨੇ ਵਡੇ ਹਿੰਦੂ ਤੀਰਥ ਅਸਥਾਨਾਂ ਉਤੇ ਪਹੁੰਚ ਕੇ ਗੁਰੂ ਨਾਨਕ ਸਾਹਿਬ ਨੇ ਤਿੰਨ ਬ੍ਰਾਹਮਣੀ ਭਰਮਾਂ ਦਾ ਖੰਡਨ ਕੀਤਾ। ਸੂਰਜ ਗ੍ਰਹਿਣ ਵਾਲੇ ਦਿਨ ਕੁਰੁਕਸ਼ੇਤਰ ਪਹੁੰਚ ਕੇ ਗੁਰੂ ਸਾਹਿਬ ਨੇ ਮਾਸ ਰਿੰਿਨਆ ਅਤੇ ਇਸ ਬ੍ਰਾਹਮਣੀ ਭਰਮ ਦਾ ਖੰਡਨ ਕੀਤਾ ਕਿ ਸੂਰਜ ਗ੍ਰਹਿਣ ਵਾਲੇ ਦਿਨ ਮਾਸ ਰਿੰਨਣ ਨਾਲ ਪਾਪ ਲਗਦਾ ਹੈ। ਹਰਿਦੁਆਰ ਪਹੁੰਚ ਕੇ ਗੁਰੂ ਸਾਹਿਬ ਲੋਕਾਂ ਵਲੋਂ ਸੁਟੇ ਜਾ ਰਹੇ ਪਾਣੀ ਦੀ ਉਲਟ ਦਿਸ਼ਾਂ ਵਲ ਪਾਣੀ ਸੁਟਣ ਲਗ ਪਏ ਅਤੇ ਲੋਕਾਂ ਵਲੋਂ ਪੁਛਣ ਉਤੇ ਉਹਨਾਂ ਨੇ ਜੁਆਬ ਦਿਤਾ ਕਿ ਕਰਤਾਰਪੁਰ ਮੇਰੇ ਖੇਤ ਸੁਕ ਰਹੇ ਹਨ, ਇਸ ਲਈ ਮੈਂ ਉਸ ਦਿਸ਼ਾ ਵਲ ਪਾਣੀ ਸੁਟ ਰਿਹਾ ਹਾਂ। ਜਦੋਂ ਲੋਕਾਂ ਨੇ ਕਿਹਾ ਕਿ ਇਹ ਕਿਵੇਂ ਸੰਭਵ ਹੈ? ਤਾਂ ਗੁਰੂ ਸਾਹਿਬ ਦਾ ਜੁਆਬ ਸੀ ਕਿ ਜੇ ਮੇਰਾ ਪਾਣੀ ਇਸ ਧਰਤੀ ਉਤੇ ਮੌਜੂਦ ਮੇਰੇ ਖੇਤਾਂ ਵਿਚ ਨਹੀਂ ਪਹੁੰਚ ਸਕਦਾ, ਤਾਂ ਤੁਹਾਡਾ ਪਾਣੀ ਸਵਰਗਾਂ ਵਿਚ ਤੁਹਾਡੇ ਪਿਤਰਾਂ ਕੋਲ ਕਿਵੇਂ ਪਹੁੰਚੇਗਾ?    

ਜਗਨਨਾਥ ਪੁਰੀ ਪਹੁੰਚ ਕੇ ਜਦੋਂ ਗੁਰੂ ਸਾਹਿਬ ਨੇ ਉਥੇ ਬ੍ਰਾਹਮਣਾਂ ਨੂੰ ਆਰਤੀ ਦਾ ਆਡੰਬਰ ਕਰਦੇ ਵੇਖਿਆ ਤਾਂ ਉਹਨਾਂ ਨੇ ਉਸ ਅਦੁਤੀ ਆਰਤੀ ਦੀ ਰਚਨਾ ਕੀਤੀ, ਜਿਸ ਆਰਤੀ ਦੀ ਸਿਫਤ ਰਵਿੰਦਰ ਨਾਥ ਟੈਗੋਰ ਨੇ ਵੀ ਕੀਤੀ ਹੈ। ਇਹ ਆਰਤੀ ਗੁਰੂ ਸਾਹਿਬ ਦੇ ਆਤਮਿਕ ਤੇ ਅਨੁਭਵੀ ਗਿਆਨ ਦੀ ਸਿਖਰ ਹੈ। ਗੁਰੂ ਸਾਹਿਬ ਨੇ ਆਮ ਸ਼ਰਧਾਲੂਆਂ ਤੇ ਮੰਦਰ ਦੇ ਪੁਜਾਰੀਆਂ ਨੂੰ ਇਸ ਅਦੁਤੀ ਆਰਤੀ ਰਾਹੀਂ ਇਹ ਆਤਮਿਕ ਗਿਆਨ ਦਿਤਾ ਕਿ ਰਬੀ ਹਸਤੀ ਦੀ ਆਰਤੀ ਕਰਨ ਦਾ ਕਰਮਕਾਂਡ ਬੰਦ ਕਰੋ। ਇਹ ਆਰਤੀ ਤਾਂ ਨਿਤ ਦਿਨ ਹਰ ਵੇਲੇ ਹੋ ਰਹੀ ਹੈ।

ਗੁਰੂ ਸਾਹਿਬ ਦੀ ਉਚਾਰੀ ਆਰਤੀ ਵਿਚ ਅਸੀਮ ਅਤੇ ਸਦੀਵੀ ਕੁਦਰਤ ਆਪਣੇ ਜੀਵੰਤ ਰੂਪ ਵਿਚ ਪ੍ਰਗਟ ਹੋ ਰਹੀ ਹੈ :

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥

ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥ ੧॥

ਕੈਸੀ ਆਰਤੀ ਹੋਇ॥ ਭਵ ਖੰਡਨਾ ਤੇਰੀ ਆਰਤੀ॥

ਅਨਹਤਾ ਸਬਦ ਵਾਜੰਤ ਭੇਰੀ॥ ੧॥ ਰਹਾਉ॥

ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੁੋਹੀ॥

ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ॥ ੨॥

ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥

ਗੁਰ ਸਾਖੀ ਜੋਤਿ ਪਰਗਟੁ ਹੋਇ॥ ਜੋ ਤਿਸੁ ਭਾਵੈ ਸੁ ਆਰਤੀ ਹੋਇ॥ ੩॥

ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੁੋ ਮੋਹਿ ਆਹੀ ਪਿਆਸਾ॥

ਕਿ੍ਰਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ॥ (13)

ਭਾਵ ਇਹ ਅੰਤਹੀਣ ਦਿ੍ਰਸ਼ਟਗੋਚਰ ਹੁੰਦਾ ਆਕਾਸ਼ ਇਕ ਥਾਲ ਦੀ ਨਿਆੲੀਂ ਹੈ। ਸੂਰਜ ਅਤੇ ਚੰਦਰਮਾ ਮਾਨੋ ਇਸ ਥਾਲ ਵਿਚ ਜਗਦੇ ਹੋਏ ਦੀਵੇ ਹਨ। ਸਮੁਚੇ ਆਕਾਸ਼ ਵਿਚ ਚਮਕਦੇ ਅਣਗਿਣਤ ਤਾਰੇ ਇਸ ਥਾਲ ਵਿਚ ਪਏ ਮੋਤੀਆਂ ਵਾਂਗ ਹਨ। ਚੰਦਨ ਦੇ ਬੂਟਿਆਂ ਨਾਲ ਭਰੇ ਮਲਿਆ ਪਹਾੜ ਵਲੋਂ ਆ ਰਹੀ ਹਵਾ ਜਿਵੇਂ ਚਾਰਚੁਫੇਰੇ ਧੂਫ ਦੀ ਸੁਗੰਧੀ ਬਿਖੇਰ ਰਹੀ ਹੈ। ਸਾਰੇ ਪਾਸੇ ਝੁਲ ਰਹੀ ਹਵਾ ਜਿਵੇਂ ਚੌਰ ਕਰ ਰਹੀ ਹੈ। ਸਮੁਚੀ ਧਰਤੀ ਉਤੇ ਫੈਲੀ ਅਤੇ ਖਿੜੀ ਹੋਈ ਬਨਸਪਤੀ ਇਸ ਥਾਲ ਵਿਚ ਪਏ ਫੁਲਾਂ ਦੀ ਨਿਆੲੀਂ ਹੈ। ਜਨਮ-ਮਰਨ ਤੋਂ ਰਹਿਤ ਸਾਰੇ ਡਰਾਂ ਦਾ ਨਾਸ ਕਰਨ ਵਾਲੇ ਹੇ ਕਰਤਾ! ਤੇਰੀ ਕਿਹੋ ਜਿਹੀ ਸੁੰਦਰ ਆਰਤੀ ਹੋ ਰਹੀ ਹੈ। ਜਿਉਂਦੇ ਲੋਕਾਂ ਦੇ ਮੂੰਹਾਂ ਵਿਚੋਂ ਸਾਮੂਹਿਕ ਰੂਪ ਵਿਚ ਨਿਕਲ ਰਹੀਆਂ ਸਦਾ ਥਿਰ ਰਹਿਣ ਵਾਲੇ ਸਬਦ ਦੀਆਂ ਆਵਾਜ਼ਾਂ ਜਿਵੇਂ ਨਗਾਰਿਆਂ ਅਤੇ ਭੇਰੀਆਂ ਦੀ ਧੁੰਨ ਵਜਾ ਰਹੀਆਂ ਹੋਣ। ਰਹਾਉ। ਹਜ਼ਾਰਾਂ ਮਨੁਖਾਂ ਦੀਆਂ ਅਖਾਂ ਜਿਵੇਂ ਤੇਰੀਆਂ ਅਖਾਂ ਹੋਣ। ਉਹਨਾਂ ਹਜ਼ਾਰਾਂ ਅਖਾਂ ਵਿਚ ਪ੍ਰਗਟ ਹੋ ਰਹੇ ਹਜ਼ਾਰਾਂ ਸਾਕਾਰ ਰੂਪ ਜਿਵੇਂ ਤੇਰੇ ਸਾਕਾਰ ਰੂਪ ਹੋਣ। ਹਜ਼ਾਰਾਂ ਚਲਦੇ-ਫਿਰਦੇ ਮਨੁਖਾਂ ਦੇ ਪੈਰ ਜਿਵੇਂ ਤੇਰੇ ਪੈਰ ਹੋਣ। ਉਹਨਾਂ ਹਜ਼ਾਰਾਂ ਮਨੁਖਾਂ ਦੇ ਸੁਗੰਧੀਆਂ ਲੈਣ ਵਾਲੇ ਨਕ ਜਿਵੇਂ ਤੇਰੇ ਨਕ ਹੋਣ। ਉਹਨਾਂ ਹਜ਼ਾਰਾਂ ਮਨੁਖਾਂ ਦੇ ਮਨਾਂ ਵਿਚ ਇਕੋ ਹੀ ਆਤਮਿਕ ਗਿਆਨ ਦੀ ਰੋਸ਼ਨੀ ਵਾਸ ਕਰਦੀ ਹੈ। ਆਤਮਿਕ ਗਿਆਨ ਦੀ ਇਸ ਰੋਸ਼ਨੀ ਨਾਲ ਸਾਰਿਆਂ ਦੇ ਆਤਮ ਵਿਚ ਚਾਨਣ ਹੋ ਰਿਹਾ ਹੈ। ਗੁਰੂ ਦੀ ਮਿਹਰ ਨਾਲ ਉਹਨਾਂ ਦੇ ਆਤਮ ਅੰਦਰ ਆਤਮਿਕ ਗਿਆਨ ਦੀ ਇਹ ਰੋਸ਼ਨੀ ਪ੍ਰਗਟ ਹੋ ਰਹੀ ਹੈ। ਬ੍ਰਹਮੰਡੀ ਕੁਦਰਤ ਦੇ ਕਣ ਕਣ ਵਿਚੋਂ ਪ੍ਰਗਟ ਹੋ ਰਹੇ ਕਰਤਾ! ਜੋ ਤੈਨੂੰ ਭਾਉਂਦਾ ਹੈ, ਉਹ ਸਾਰਾ ਕੁਝ ਨਿਰੰਤਰ ਹੋ ਰਹੀ ਇਸ ਆਰਤੀ ਦਾ ਹੀ ਪ੍ਰਗਟ ਰੂਪ ਹੈ। ਇਕ ਭੌਰੇ ਦੀ ਨਿਆਈ ਦਿਨ-ਰਾਤ ਮੇਰੇ ਮਨ ਵਿਚ ਸਿਰਫ ਤੈਨੂੰ ਹੀ ਮਿਲਣ ਦੀ ਤਾਂਘ ਹੈ। ਮਿਹਰ ਕਰ! ਜਿਵੇਂ ਮਛੀ ਨੂੰ ਜਲ ਮਿਲ ਜਾਂਦਾ ਹੈ, ਉਸੇ ਤਰ੍ਹਾਂ ਮੇਰੇ ਆਤਮ ਵਿਚ ਤੇਰੇ ਸਚ-ਨਾਮ ਦਾ ਵਾਸ ਹੋ ਜਾਏ। ਭਾਵ ਮੇਰੀ ਚੇਤਨਾ ਅਤੇ ਮੇਰੇ ਮਨ ਵਿਚ ਤੇਰੀ ਸਦੀਵੀ ਹੋਂਦ ਦਾ ਅਹਿਸਾਸ ਹੋ ਜਾਏ।

ਯਕੀਨਨ ਸਿਖ ਪੰਥ ਦੀ ਬਦਕਿਸਮਤੀ ਇਹ ਹੈ ਕਿ ਜਿਸ ਬ੍ਰਾਹਮਣੀ ਭਰਮਜਾਲ ਤੇ ਕਰਮਕਾਂਡ ਤੋਂ ਗੁਰੂ ਸਾਹਿਬ ਨੇ ਸਿਖਾਂ ਨੂੰ ਮੁਕਤੀ ਦਿਵਾਈ ਸੀ, ਅੱਜ ਬਹੁਗਿਣਤੀ ਸਿਖ ਫਿਰ ਉਸੇ ਭਰਮਜਾਲ ਅਤੇ ਕਰਮਕਾਂਡ ਵਿਚ ਫਸ ਗਏ ਹਨ। ਅੱਜ ਗੁਰਦੁਆਰਿਆਂ ਵਿਚ ਆਰਤੀ ਦੇ ਨਾਂ ਉਤੇ ਅਨੇਕ ਅਜਿਹੇ ਬ੍ਰਾਹਮਣੀ ਕਰਮਕਾਂਡ ਕੀਤੇ ਜਾ ਰਹੇ ਹਨ। ਬਹੁਗਿਣਤੀ ਸਿਖ ਅੱਜ ਵੀ ਨਰਕ-ਸਵਰਗ ਅਤੇ ਵਾਰ-ਵਾਰ ਜੰਮਣ-ਮਰਣ ਦੇ ਭਰਮਜਾਲ ਵਿਚ ਫਸੇ ਹੋਏ ਹਨ। ਅੱਜ ਸਿਖ ਵਿਖਾਵੇ ਦੇ ਗੁਲਾਮ ਬਣਦੇ ਜਾ ਰਹੇ ਹਨ। ਗੁਰਮਤਿ ਤੋਂ ਟੁਟ ਕੇ ਸਿਖ ਮੁੜ ਮੂਰਤੀ-ਮਾਇਆ ਪੂਜ ਬ੍ਰਾਹਮਣੀ ਧਾਰਾ ਵਿਚ ਹੀ ਰੁੜਦੇ ਜਾ ਰਹੇ ਹਨ। ਸਿਖਾਂ ਦੀ ਇਸੇ ਸਿਧਾਂਤਕ ਕਮਜੋਰੀ ਦਾ ਫਾਇਦਾ ਆਰ ਐਸ ਐਸ ਅਤੇ ਮੋਦੀ ਸਰਕਾਰ ਉਠਾ ਰਹੀ ਹੈ। ਗੁਰਮਤਿ ਦੇ ਆਤਮਿਕ ਗਿਆਨ ਦੀ ਤਾਕਤ ਤੋਂ ਅਣਜਾਣ ਅਤੇ ਅਵੇਸਲੇ ਹੋਣਾ ਹੀ ਇਸ ਦਾ ਮੁਖ ਕਾਰਨ ਹੈ। ਯਕੀਨਨ ਗੁਰਮਤਿ ਦੇ ਆਤਮਿਕ ਗਿਆਨ ਦੀ ਤਾਕਤ ਤੋਂ ਡਰੀ ਹੋਈ ਆਰ ਐਸ ਐਸ ਤੇ ਮੋਦੀ ਸਰਕਾਰ ਅਜਿਹੀਆਂ ਰਾਜਸੀ ਚਾਲਾਂ ਚਲ ਕੇ ਗੁਰੂ ਸਾਹਿਬ ਦੇ ਮਹਾਨ ਆਤਮਿਕ ਗਿਆਨ ਨੂੰ ਪ੍ਰਗਟ ਹੋਣੋ ਰੋਕ ਰਹੀ ਹੈ।ਅੱਜ ਸੰਸਾਰ ਭਰ ਦਾ ਮਨੁਖੀ ਸਮਾਜ ਬੜੇ ਵਡੇ ਸੰਕਟ ਵਿਚੋਂ ਲੰਘ ਰਿਹਾ ਹੈ। ਮਨੁਖਤਾ ਇਕ ਵਾਰ ਫਿਰ ਉਸ ਦੁਰਾਹੇ ਉਤੇ ਆ ਖੜੀ ਹੈ, ਜਿਥੇ ਇਕ ਪਾਸੇ ਸਪਸ਼ਟ ਤਬਾਹੀ ਨਜਰ ਆ ਰਹੀ ਹੈ ਪਰ ਦੂਜੇ ਪਾਸੇ ਕੋਈ ਮੁਕਤੀ ਦਾ ਰਾਹ ਨਹੀਂ ਦਿਸ ਰਿਹਾ। ਮੂਰਤੀ ਤੇ ਮਾਇਆ ਪੂਜ ਬ੍ਰਾਹਮਣੀ ਮੋਦੀ ਧਾਰਾ ਦਿਨੋ-ਦਿਨ ਮਨੁਖਤਾ ਨੂੰ ਤਬਾਹੀ ਵਲ ਧਕ ਰਹੀ ਹੈ। ਮਨੂੰੂਵਾਦੀ ਬ੍ਰਾਹਮਣੀ ਧਾਰਾ ਅਤਿ ਦੀ ਭੋਗਵਾਦੀ ਕਲਪਨਾ ਵਿਚ ਜੀਅ ਰਹੀ ਹੈ। ਜਦੋਂ ਕਿ ਗੁਰਮਤਿ ਮਨੁਖ ਨੂੰ ਆਪਣੀਆ ਕੁਦਰਤੀ ਲੋੜਾਂ ਦੀ ਕੀਤੀ ਸੁਚੇਤ ਪਛਾਣ ਦੇ ਆਧਾਰ ਉਤੇ ਸਬਰ-ਸੰਤੋਖ ਤੇ ਦਇਆ ਦੇੇ ਧਰਮ ਦਾ ਪਾਲਣ ਕਰ ਕੇ ਜਿਉਣ ਲਈ ਪ੍ਰੇਰਦੀ ਹੈ। ਇਸ ਧਰਮ ਦੀ ਅੱਜ ਮਨੁਖਤਾ ਨੂੰ ਬੜੀ ਵਡੀ ਲੋੜ ਹੈ।

 

ਗੁਰਬਚਨ ਸਿੰਘ ਦੇਸ ਪੰਜਾਬ