ਰੂਸੀ ਫ਼ੌਜ ਮਾਨਸਿਕ ਤੌਰ ਤੇ ਯੂਕਰੇਨ ਵਾਸੀਆਂ ਤੋਂ ਜੰਗ ਹਾਰੀ 

ਰੂਸੀ ਫ਼ੌਜ ਮਾਨਸਿਕ ਤੌਰ ਤੇ ਯੂਕਰੇਨ ਵਾਸੀਆਂ ਤੋਂ ਜੰਗ ਹਾਰੀ 

'ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ'

ਅੱਜ ਦੁਨੀਆਂ ਦੀਆਂ ਨਜ਼ਰਾਂ ਰੂਸ ਅਤੇ ਯੁਕਰੇਨ ਦਰਮਿਆਨ ਹੋ ਰਹੀ ਅਸਾਵੀਂ ਜੰਗ ਉੱਪਰ ਲੱਗੀਆਂ ਹੋਈਆਂ ਹਨ ।ਅਸਾਵੀਂ ਜੰਗ ਇਸ ਕਰ ਕੇ ਕਿਉਂਕਿ  ਕਿ ਰੂਸ ਦਾ ਯੁਕਰੇਨ ਨਾਲ ਕੋਈ ਮੁਕਾਬਲਾ ਨਹੀਂ ਹੈ।ਯੁਕਰੇਨ ਖੇਤਰਫਲ,ਵਸੋਂ, ਫ਼ੌਜਾਂ ਦੀ ਗਿਣਤੀ ਤੇ ਫ਼ੌਜੀ ਸਾਜੋ ਸਮਾਨ ਪੱਖੋਂ ਰੂਸ ਦੇ ਮੁਕਾਬਲੇ ਕਮਜ਼ੋਰ ਹੈ।ਪਰ ਇਸ ਅਸਾਵੀਂ ਜੰਗ ਵਿੱਚ ਜਿਸ ਤਰਾਂ ਯੁਕਰੇਨ ਵਾਸੀਆਂ ਵੱਲੋਂ ਆਪਣੀ ਹੋਂਦ ਨੂੰ ਬਚਾਉਣ ਲਈ ਹੰਕਾਰੀ ਧਿਰ ਰੂਸ ਦਾ ਮੁਕਾਬਲਾ ਕਰਿਆ ਜਾ ਰਿਹਾ ਹੈ।ਉਸ ਜਜ਼ਬੇ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ।ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਹਰ ਦੇਸ਼ ਨੇ ਆਪਣੀਆਂ ਸਰਹੱਦਾਂ ਅਤੇ ਦੇਸ਼ ਵਾਸੀਆਂ ਦੀ ਹਿਫ਼ਾਜ਼ਤ ਲਈ ਫ਼ੌਜਾਂ ਦਾ ਗਠਨ ਕੀਤਾ ਹੋਇਆ ਹੈ ਤੇ ਫ਼ੌਜਾਂ ਦਾ ਕੰਮ ਹੀ ਜੰਗੇ ਮੈਦਾਨ ਵਿੱਚ ਜੂਝਣਾ ਹੁੰਦਾ ਹੈ।

ਪਰ ਰੂਸ ਤੇ ਯੁਕਰੇਨ ਦੀ ਜੰਗ ਹੋਰਨਾਂ ਸੰਸਾਰ ਜੰਗਾਂ ਤੋਂ ਵਿਲੱਖਣ ਹੈ ਕਿਉਂਕਿ ਇਸ ਜੰਗ ਵਿੱਚ ਯੁਕਰੇਨ ਵਾਸੀ (ਜਿਨ੍ਹਾਂ ਵਿੱਚ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਵਰਗ) ਖ਼ੁਦ ਆਪਣੇ ਮੁਲਕ ਦੀ ਹਿਫ਼ਾਜ਼ਤ ਕਰਨ ਲਈ ਹੱਥਾਂ ਵਿੱਚ ਹਥਿਆਰਾਂ ਫੜ ਰੂਸੀ ਫ਼ੌਜ ਦਾ ਟਾਕਰਾ ਕਰ ਰਹੇ ਹਨ। ਜਿਸ ਵਿਚ ਪਹਿਲੀ ਸੱਭ ਤੋਂ ਪਹਿਲੀ ਉਦਾਰਨ ਵਿਟਾਲੀ ਕਲਿਟਸਕੋ ਹੈ, ਜਿਸ ਨੇ ਇਨ੍ਹਾਂ ਸ਼ਬਦਾਂ ਨੂੰ ਸੱਚ ਕਰ ਦਿਤਾ ਕਿ ਜਿਸ ਨੂੰ ਕੌਮ ਨਾਲ ਪਿਆਰ ਹੋਵੇ ਤਾਂ  ਉਹ ਆਪਣਾ ਆਪਾ ਵੀ ਵਾਰ ਜਾਂਦਾ ਹੈ।

ਇਸ ਸਮੇਂ  ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਆਪਣੇ ਦੇਸ਼ ਦੀ ਰੱਖਿਆ ਲਈ ਲੜਾਈ ਦੇ ਮੋਰਚੇ 'ਤੇ ਨਾਇਕ ਦੀ ਭੂਮਿਕਾ ਨਿਭਾ ਰਹੇ ਹਨ।ਵਿਟਾਲੀ ਕਲਿਟਸਕੋ ਇੱਕ ਸਾਬਕਾ ਮੁੱਕੇਬਾਜ਼ੀ ਚੈਂਪੀਅਨ ਅਤੇ ਇੱਕ ਕਰੋੜਪਤੀ ਹੈ, ਉਹ ਪ੍ਰਾਈਵੇਟ ਜੈੱਟ ਦੁਆਰਾ ਯੂਕਰੇਨ ਤੋਂ ਭੱਜ ਸਕਦਾ ਸੀ, ਕਿਤੇ ਹੋਰ ਖੁਸ਼ਹਾਲ ਜੀਵਨ ਬਤੀਤ ਕਰ ਸਕਦਾ ਸੀ, ਪਰ ਉਸਨੇ ਆਪਣੇ ਦੇਸ਼ ਲਈ ਲੜਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਸੰਸਾਰ ਭਰ ਦੇ ਸਿਆਸਤਦਾਨਾਂ ਲਈ ਇਕ ਮਿਸਾਲ ਕਾਇਮ ਕਰਦੇ ਹੋਏ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਜੋ ਰੂਸ ਤੇ ਪੁਤਿਨ ਤੋਂ ਯੂਕਰੇਨੀਅਨ ਮਾਤਭੂਮੀ ਦੀ ਰੱਖਿਆ ਕਰਨ ਲਈ ਮੈਦਾਨ ਵਿਚ ਆ ਗਏ ਹਨ ।ਬੇਸ਼ਕ ਇਸ ਸਮੇਂ ਯੂਕਰੇਨ ਰੂਸ ਨਾਲ ਇਕੱਲਾ ਯੁੱਧ ਕਰ ਰਿਹਾ ਹੈ ਪਰ ਇਸ ਦੇਸ਼ ਦੇ ਸੱਚੇ ਨੇਤਾਵਾਂ ਨੇ ਦਸ ਦਿਤਾ ਹੈ ਕਿ ਸਮਾਂ ਆਉਣ 'ਤੇ ਉਹ ਜੰਗ ਦੇ ਮੈਦਾਨ ਵਿੱਚ ਵੀ ਆ ਜਾਂਦੇ ਹਨ।

       

ਜਦੋਂ ਮੈਂ ਹੁਣ ਪ੍ਰਤੱਖ ਰੂਪ ਵਿੱਚ ਯੁਕਰੇਨ ਵਾਸੀਆਂ ਦਾ ਇਹ ਜਜ਼ਬਾ ਦੇਖ ਰਿਹਾ ਹਾਂ ਤਾਂ ਮੇਰੀ ਸੁਰਤ ਮੈਨੂੰ ਕੁੱਪ-ਰੇਹੜੀ ਦੇ ਉਸ ਮੈਦਾਨ ਵਿੱਚ ਲੈ ਗਈ ਜਿੱਥੇ ਵੱਡਾ ਘੱਲੂਘਾਰਾ ਵਾਪਰਿਆ ਸੀ। ਜਿੱਥੇ ਸਿੱਖਾਂ ਨੂੰ ਸਮੂਹਿਕ ਤੌਰ ਤੇ ਸ਼ਹੀਦ ਕਰ ਕੇ ਉਨ੍ਹਾਂ ਦਾ ਬੀਜ ਨਾਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਅਹਿਮਦਸ਼ਾਹ ਅਬਦਾਲੀ  ਅਫ਼ਗ਼ਾਨਿਸਤਾਨ ਤੋਂ ਭਾਰੀ ਸੈਨਾ ਲੈ ਕੇ ਮਰਹੱਟਿਆਂ ਵਾਂਗ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਤੁਰ ਪਿਆ ਸੀ।

ਇੰਨੀ ਵੱਡੀ ਤਾਦਾਦ ਵਿਚ ਦੁਸ਼ਮਣ ਦੀ ਫ਼ੌਜ ਚੜ੍ਹੀ ਆਉਂਦੀ ਦੇਖ ਉਸ ਸਮੇਂ ਸਿੱਖ ਘਬਰਾਏ ਨਹੀਂ ਬਲਕਿ ਉਨ੍ਹਾਂ ਨੇ ਇਸ ਬੇਜੋੜ ਯੁੱਧ ਵਿੱਚ ਸ੍ਰੀ  ਗੁਰੂ ਗੋਬਿੰਦ ਸਿੰਘ ਜੀ ਦਾ ਵਾਕ 'ਸਵਾ ਲੱਖ ਨਾਲ ਇੱਕ ਨੂੰ ਲੜਾਉਣ' ਨੂੰ ਸੱਚ ਕਰ ਵਿਖਾਇਆ।ਉਸ ਅਸਾਵੀਂ ਜੰਗ ਵਿੱਚ ਸਿੱਖ ਯੋਧਿਆਂ ਦੇ ਨਾਲ ਨਾਲ ਸਿੱਖ ਬੱਚਿਆਂ ਬਜ਼ੁਰਗਾਂ ਤੇ ਮਤਾਵਾਂ ਭੈਣ ਨੇ ਆਪਣੇ ਹੱਥ ਵਿੱਚ ਹਥਿਆਰ ਫੜ ਦੁਰਾਨੀ ਦੀ ਫ਼ੌਜ ਨਾਲ ਦੋ ਹੱਥ ਕੀਤੇ ਤੇ ਲਗਭਗ ਤੀਹ ਤੋਂ ਪੈਂਤੀ ਹਜ਼ਾਰ ਸਿੱਖ ਇਸ ਲੜਾਈ ਵਿਚ ਸ਼ਹੀਦੀ ਪਾ ਗਏ। ਕੋਈ ਵੀ ਸਿੱਖ ਅਜਿਹਾ ਨਹੀਂ ਸੀ ਬਚਿਆ ਜਿਸ ਦੇ ਸਰੀਰ ਤੇ  ਕੋਈ ਜ਼ਖਮ ਨਾ ਹੋਵੇ ।ਹਰ ਸਿੰਘ ਨੇ ਆਪਣਾ ਪੂਰਾ ਤਾਣ ਲਾ ਕੇ ਇਹ ਯੁੱਧ ਲੜਿਆ ਅਤੇ ਸਿੰਘਾਂ ਤੇ ਕਾਬੂ ਨਾ ਪੈਂਦਾ ਵੇਖ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਪੱਲੇ ਨਮੋਸ਼ੀ ਪਾਕੇ ਵਾਪਿਸ ਮੁੜਨਾ ਪਿਆ।  ਨਤੀਜਾ ਰੂਸ ਤੇ ਯੁਕਰੇਨ ਵਿਚਕਾਰ ਹੋ ਰਹੀ ਜੰਗ ਦਾ ਵੀਂ ਇਹੀ ਨਿਕਲਣਾ ਹੈ ।ਰੂਸ ਨੂੰ ਜੰਗ ਜਿੱਤੇ ਬਿਨਾਂ ਮੁੜਨਾ ਪੈਣਾ ।ਕਿਉਂਕਿ ਜਦੋਂ ਕਿਸੇ ਕੌਮ ਦੇ ਬੱਚੇ ਬਜ਼ੁਰਗ ਮੌਤ ਅੱਗੇ ਹਿੱਕਾਂ ਢਾਹ ਕੇ ਮੌਤ ਦਾ ਖ਼ੌਫ਼ ਭੁੱਲ ਜਾਣ ਉਸ ਕੌਮ ਦਾ ਬੀਜ ਕਦੇ ਨਾਸ ਨਹੀਂ ਹੁੰਦਾ ਅਤੇ ਨਾ ਹੀ ਅਜਿਹੀਆਂ ਕੌਮਾਂ  ਮਾਨਸਿਕ ਤੌਰ ਜਿੱਤੀਆਂ ਜਾ ਸਕਦੀਆਂ ਹਨ

 ਮੇਰੀ ਸੋਚ ਮੁਤਾਬਿਕ ਤਾਂ ਰੂਸ ਇਹ ਜੰਗ ਹਾਰ ਚੁੱਕਾ ਹੈ ਕਿਉਂ ਕਿ ਜਿਸ ਹੰਕਾਰੀ ਰਵੱਈਏ ਦੇ ਕਵਚ ਨਾਲ ਰੂਸ ਯੁਕਰੇਨ ਨੂੰ ਜਿੱਤਣ ਤੁਰਿਆ ਸੀ ਉਹ ਤਾਂ ਪਹਿਲੇ ਸੱਟੇ ਹੀ ਯੁਕਰੇਨ ਵਾਸੀਆਂ ਦੇ ਆਤਮ ਵਿਸ਼ਵਾਸ ਨੇ ਚਕਨਾਚੂਰ ਕਰ ਕੇ ਰੱਖ ਦਿੱਤਾ ਹੈ।ਗੱਲ ਜਿੱਤ ਹਾਰ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਜੰਗੇ ਮੈਦਾਨ ਵਿੱਚ ਜੂਝ ਕੇ ਮਰਨਾ ਨਾ ਕਿ ਡਰਪੋਕ ਬਣ ਦੁਸ਼ਮਣ ਅੱਗੇ ਡਰ ਕੇ ਹਥਿਆਰ ਸੁੱਟ ਦੇਣੇ।ਇਸ ਲਈ ਰੂਸ ਤੇ ਯੁਕਰੇਨ ਦੇ ਯੁੱਧ ਦਾ ਨਤੀਜਾ ਕੁੱਝ ਵੀ ਹੋਵੇ ਪਰ ਯੁਕਰੇਨ ਵਾਸੀਆਂ ਵੱਲੋਂ ਰਣ ਭੂਮੀ ਅੰਦਰ ਜੂਝ ਕੇ ਮਰਨ ਦੇ ਸੰਕਲਪ ਨੇ ਇੱਕ ਵਾਰ ਤਾਂ ਰੂਸ ਨੂੰ ਹਰਾ ਦਿੱਤਾ ਹੈ। ਜੰਗ ਲੱਗਣਾ ਹੀ ਮਨੁੱਖਤਾ ਉੱਪਰ ਭੱਦਾ ਕਲੰਕ ਹੈ।ਜੰਗ ਕਦੇ ਹੋਣੀ ਹੀ ਨਹੀਂ ਚਾਹੀਦੀ ਪਰ ਜੇ ਹੁਣ ਹਾਕਮਾਂ ਦੀ ਹਉਮੈਂ ਕਰ ਕੇ ਜੰਗ ਸ਼ੁਰੂ ਹੋ ਗਈ ਤਾਂ ਆਉ ਉਸ ਡਾਢੇ ਰੱਬ ਅੱਗੇ ਅਰਦਾਸ ਕਰੀਏ ਕਿ ਏ ਜੰਗ ਜਲਦੀ ਸਮਾਪਤ ਹੋਵੇ ਤਾਂ ਕਿ ਸੁਹਾਗਣਾਂ ਦੇ ਸੁਹਾਗ ਤੇ ਮਾਪਿਆਂ ਦੇ ਘਰਾਂ ਚਿਰਾਗ਼ ਬੁਝਣ ਤੋਂ ਬਚ ਜਾਣ।

     

   ਗਗਨਦੀਪ ਸਿੰਘ ਸਰਾਂ

    98145 10030